੧੫ ਅਪ੍ਰੈਲ ਨੂੰ ਜੰਗ ਵਿਚ ਜੂਝੇ
-ਡਾ. ਗੁਰਪ੍ਰੀਤ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਭੱਟਾਂ ਦੇ ੧੨੩ ਸਵੱਈਆਂ ਵਿੱਚੋਂ ੮ ਸਵੱਈਏ ਭੱਟ ਕੀਰਤ ਜੀ ਦੇ ਉਚਾਰਨ ਕੀਤੇ ਹੋਏ ਹਨ। ਇਨ੍ਹਾਂ ਅੱਠਾਂ ਸਵੱਈਆਂ ਵਿੱਚੋਂ ਚਾਰਾਂ ਵਿਚ, ਭੱਟ ਕੀਰਤ ਜੀ ਨੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਸਿਫ਼ਤ ਸਾਲਾਹ ਕੀਤੀ ਹੈ ਅਤੇ ਚਾਰਾਂ ਸਵੱਈਆਂ ਵਿਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਣ ਗਾਇਣ ਕੀਤੇ ਹਨ। ਭੱਟ ਭਿਖਾ ਦੇ ਕੋੜਮੇ ਵਾਲੇ ਭੱਟ ਨਾਮਵਰ ਵਿਦਵਾਨ ਸਨ ਅਤੇ ਉਹ ਪੂਰੇ ਸਤਿਗੁਰੂ ਦੀ ਭਾਲ ਵਿਚ ਪੂਰਾ ਸਾਲ ਡੇਰਿਆਂ, ਸੰਪਰਦਾਵਾਂ, ਵਿੱਦਿਅਕ ਕੇਂਦਰਾਂ ਅਤੇ ਤੀਰਥਾਂ ‘ਤੇ ਭਟਕਦੇ ਸਨ। ਉਨ੍ਹਾਂ ਭੱਟਾਂ ਦੇ ਅੰਤਰ-ਆਤਮੇ ਦੀ ਇਹ ਭਟਕਣਾ ਉਦੋਂ ਸ਼ਾਂਤ ਹੋਈ ਜਦੋਂ ਉਹ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਆਏ। ਭਾਈ ਕੀਰਤ ਭੱਟ ਭਾਈ ਭਿਖਾ ਭੱਟ ਦੇ ਸਪੁੱਤਰ, ਭਾਈ ਰਈਆ ਦੇ ਪੋਤੇ ਅਤੇ ਭਾਈ ਨਰਸੀ ਦੇ ਪੜਪੋਤੇ ਸਨ। ਆਪ ਕੌਸ਼ਿਸ਼-ਗੌੜ ਬ੍ਰਾਹਮਣ ਪਰਵਾਰ ਨਾਲ ਸੰਬੰਧ ਰਖਦੇ ਸਨ। ਆਪ ਉਨ੍ਹੀਂ ਦਿਨੀਂ ਸੁਲਤਾਨਪੁਰ ਲੋਧੀ ਦੇ ਵਾਸੀ ਸਨ। ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਫੌਜ ਬਣਾਈ ਤਾਂ ਆਪ ਨੇ ਵੀ ਫ਼ੌਜੀ ਸਿਖਲਾਈ ਹਾਸਲ ਕੀਤੀ। ੧੫ ਅਪ੍ਰੈਲ, ੧੬੩੪ ਈ. ਦੇ ਦਿਨ ਜਿਸ ਵੇਲੇ ਸ੍ਰੀ ਗੁਰੂ ‘ਹਰਿਗੋਬਿੰਦ ਸਾਹਿਬ ਆਪਣੀ ਬੇਟੀ ਬੀਬੀ ਵੀਰੋ ਦੇ ਵਿਆਹ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਸਨ, ਤਾਂ ਮੁਰਤਜਾ ਖ਼ਾਨ ਨੇ ਗੁਰੂ ਦਾ ਚੱਕ (ਸ੍ਰੀ ਅੰਮ੍ਰਿਤਸਰ) ’ਤੇ ਹਮਲਾ ਕਰ ਦਿੱਤਾ। ਇਸ ਮੌਕੇ ਭਾਈ ਕੀਰਤ ਭੱਟ ਜੀ ਵੀ ਦਿਲੋ-ਜਾਨ ਜੂਝ ਕੇ ਲੜੇ ਅਤੇ ਕਈ ਮੁਗ਼ਲ ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰਿਆ। ਇਸ ਜੰਗ ਵਿਚ ਭੱਟ ਕੀਰਤ ਜੀ ਵੀ ਸ਼ਹੀਦ ਹੋ ਗਏ ਸਨ। ਭੱਟ ਕੀਰਤ ਜੀ ਦਾ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ ਉਚਾਰਨ ਕੀਤਾ ਗਿਆ ਇਕ ਸਵੱਈਆ ਇਸ ਤਰ੍ਹਾਂ ਹੈ:
ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ॥
ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ॥
ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ॥
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੪੦੬)
ਭੱਟ ਵਹੀਆਂ ਵਿਚ ਭੱਟ ਕੀਰਤ ਜੀ ਦੀ ਸ਼ਹੀਦੀ ਦਾ ਹਵਾਲਾ ਇੰਝ ਮਿਲਦਾ ਹੈ:
“ਗੈਲੋਂ ਕੀਰਤ ਬੇਟਾ ਭਿਖੇ ਕਾ ਪੋਤਾ ਰਈਏ ਕਾ, ਪੜਪੋਤਾ ਨਰਸੀ ਕਾ, ਕੌਸ਼ਿਸ਼ ਗੋਤ੍ਰ ਬ੍ਰਾਹਮਣ ਮਾਰਾ ਗਿਆ।” (ਭੱਟ ਵਹੀ ਮੁਲਤਾਨੀ ਸਿੰਧੀ)
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਇਸ ਸ਼ਹੀਦ ਭੱਟ ਬਾਰੇ ਪਾਠਕ ਜਨ ਬਹੁਤ ਘੱਟ ਜਾਣਕਾਰੀ ਰੱਖਦੇ ਹਨ।
