4 views 14 secs 0 comments

ਭੱਟ ਸਾਹਿਬਾਨ ਦੀ ਨਜ਼ਰ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੀ ਸ਼ਖ਼ਸੀਅਤ

ਲੇਖ
October 12, 2025
ਭੱਟ ਸਾਹਿਬਾਨ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨਿੱਖੜਵਾਂ ਅੰਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਜਿੱਥੇ ੬ ਗੁਰੂ ਸਾਹਿਬਾਨ, ੧੫ ਭਗਤ ਸਾਹਿਬਾਨ ਅਤੇ  ਗੁਰਸਿੱਖਾਂ ਦੀ ਬਾਣੀ ਦਰਜ ਹੈ, ਉੱਥੇ ਹੀ ੧੧ ਭੱਟ ਸਾਹਿਬਾਨ ਦੀ ਬਾਣੀ ਨੂੰ ਵੀ ਗੁਰਬਾਣੀ ਦਾ ਦਰਜਾ ਪ੍ਰਾਪਤ ਹੋਇਆ ਹੈ। ਭੱਟ ਸਾਹਿਬਾਨ ਦੀ ਬਾਣੀ ਰਾਹੀਂ ਗੁਰ ਇਤਿਹਾਸ ਅਤੇ ਸਿਧਾਂਤ ਬਾਰੇ ਜਾਣਕਾਰੀ ਮਿਲਦੀ ਹੈ। ਗੁਰੂ ਸਾਹਿਬਾਨ ਨੇ ਗੁਰਬਾਣੀ ਵਿਚ ਕਿਧਰੇ ਵੀ ਆਪਣੇ ਨਿੱਜੀ ਜੀਵਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਗੁਰੂ ਸਾਹਿਬਾਨ ਦੇ ਬਾਰੇ ਸਾਨੂੰ ਜੋ ਜਾਣਕਾਰੀ ਮਿਲਦੀ ਹੈ ਉਸ ਵਿਚ ਭੱਟ ਸਾਹਿਬਾਨ ਦਾ ਮਹਾਨ ਯੋਗਦਾਨ ਹੈ ਅਤੇ ਇਨ੍ਹਾਂ ਵੱਲੋਂ ਗੁਰੂ ਸਾਹਿਬਾਨ ਦੇ ਪਰਵਾਰ ਜਾਂ ਕੁਲ ਬਾਰੇ ਜੋ ਜਾਣਕਾਰੀ ਮਿਲਦੀ ਹੈ ਉਹ ਪ੍ਰਮਾਣਿਕ ਸਬੂਤ ਹਨ। ਭੱਟ ਸਾਹਿਬਾਨ ਅਧਿਆਤਮਕ ਗਿਆਨ ਦੇ ਜਗਿਆਸੂ ਸਨ ਤੇ ਇੱਧਰ-ਉੱਧਰ ਭਟਕ ਰਹੇ ਸਨ। ਇਸ ਇੱਛਾ ਦੀ ਪੂਰਤੀ ਲਈ ਉਹ ਕਈ ਸਾਧੂ-ਸੰਤਾਂ ਤੇ ਰਿਸ਼ੀਆਂ-ਮੁਨੀਆਂ ਪਾਸ ਗਏ, ਪਰ ਉਨ੍ਹਾਂ ਦੀ ਕਿਤੋਂ ਵੀ ਤ੍ਰਿਪਤੀ ਨਹੀਂ ਹੋਈ।ਗੁਰੂ-ਦਰਬਾਰ ਵਿਚ ਆ ਕੇ ਉਨ੍ਹਾਂ ਦੀ ਜਗਿਆਸਾ ਪੂਰਨ ਹੋਈ ਅਤੇ ਇਸ ਖੁਸ਼ੀ ਵਿਚ ਉਨ੍ਹਾਂ ਪ੍ਰੇਮ ਤੇ ਸ਼ਰਧਾ ਵੱਸ ਪੰਜ ਗੁਰੂ ਸਾਹਿਬਾਨ ਦੀ ਉਸਤਤ ਵਿਚ ੧੨੩ ਸਵਈਏ ਉਚਾਰਨ ਕੀਤੇ। ਜਿਨ੍ਹਾਂ ਵਿੱਚੋਂ ੬੦ ਸਵਈਏ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤ ਵਿਚ ਉਚਾਰੇ ਗਏ ਹਨ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਭੱਟਾਂ ਨੂੰ ਉਸਤਤ ਪੜ੍ਹਨ ਵਾਲਾ ਕਵੀ, ਰਾਜ ਦਰਬਾਰ ਵਿਚ ਰਾਜੇ, ਯੋਧਿਆਂ ਦਾ ਯਸ਼ ਕਹਿਣ ਵਾਲਾ ਅਤੇ ਵੇਦ ਗਿਆਤਾ ਪੰਡਤ ਦੱਸਿਆ ਗਿਆ ਹੈ। ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਵਿਚ ਭੱਟ ਸਾਹਿਬਾਨ ਨੂੰ ਉਸਤਤ ਪਾਠ ਕਰਨ ਵਾਲੇ, ਬਹਾਦਰਾਂ ਤੇ ਰਾਜਿਆਂ ਦੀ ਮਹਿਮਾ ਗਾਉਣ ਵਾਲੇ ਵਿਦਵਾਨ ਬ੍ਰਾਹਮਣਾਂ ਦੇ ਰੂਪ ਵਿਚ ਬਿਆਨ ਕੀਤਾ ਗਿਆ ਹੈ।੧ ਸਿੱਖ ਰਵਾਇਤਾਂ ਮੁਤਾਬਿਕ ਭੱਟ ਉਹ ਕਵੀ ਸਨ, ਜਿਨ੍ਹਾਂ ਨੇ ਆਪਣੇ ਨਿੱਜੀ ਤਜਰਬੇ ਅਤੇ ਅਨੁਭਵ ਰਾਹੀਂ ਗੁਰੂ ਸਾਹਿਬਾਨ ਦੇ ਦੈਵੀ ਸਰੂਪ ਤੇ ਪਰਮ-ਜੋਤ ਦੀ ਮਹਿਮਾ ਗਾਇਨ ਕੀਤੀ ਹੈ।
‘ਸਵਈਏ ਮਹਲੇ ਚਉਥੇ ਕੇ ੪’ ਸਿਰਲੇਖ ਅਧੀਨ ਭੱਟ ਸਾਹਿਬਾਨ ਦੇ ਕੁੱਲ ੬੦ ਸਵਈਏ ਦਰਜ ਹਨ। ‘ਭੱਟ ਸਾਹਿਬਾਨ ਦੀ ਬਾਣੀ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਕਿਸੇ ਵੀ ਗੁਰੂ ਦੀ ਵਡਿਆਈ ਕਰਦੇ ਹੋਏ ਉਸ ਗੁਰੂ ਦੀ ਜੋਤ ਦਾ ਸਿਲਸਿਲਾ ਪਹਿਲੇ ਗੁਰੂ ਸਾਹਿਬਾਨ ਨਾਲ ਜੋੜਦੇ ਹਨ ਅਤੇ ਇਸ ਤਰ੍ਹਾਂ ਗੁਰੂ ਸਾਹਿਬਾਨ ਨੂੰ ਇੱਕੋ ਜੋਤ ਦਾ ਰੂਪ ਦੱਸਣ ਵਾਲੇ ਸਭ ਤੋਂ ਪਹਿਲੇ ਵਿਆਖਿਆਕਾਰਾਂ ਵਿਚ ਸ਼ਾਮਲ ਹੁੰਦੇ ਹਨ’।੨ ਸਭ ਤੋਂ ਪਹਿਲਾਂ ਭੱਟ ਕਲਸਹਾਰ ਅਕਾਲ ਪੁਰਖ ਦਾ ਮੰਗਲਾਚਰਨ ਕਰਨ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਨੂੰ ਬੇਨਤੀ ਕਰਦੇ ਹਨ ਕਿ ਕਰਤਾ ਪੁਰਖ ਦੇ ਗੁਣ ਗਾਉਂਦਿਆਂ ਮੇਰੇ ਮਨ ਵਿਚ ਖੇੜਾ ਬਣਿਆ ਰਹੇ। ਸਤਿਗੁਰੂ ਆਪਣੇ ਦਾਸ ਦੀ ਇਹ ਆਸ ਪੂਰੀ ਕਰੋ:
ਗੁਨ ਗਾਵਤ ਮਨਿ ਹੋਇ ਬਿਗਾਸਾ॥
ਸਤਿਗੁਰ ਪੂਰਿ ਜਨਹ ਕੀ ਆਸਾ॥ (ਪੰਨਾ ੧੩੯੬)
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਕਰਦੇ ਹੋਏ ਅਦ੍ਰਿਸ਼ਟ ਵਾਹਿਗੁਰੂ ਨੂੰ ਸੇਵ ਕੇ ਸਹਿਜ ਪਦ ਪ੍ਰਾਪਤ ਕਰ ਲਿਆ ਤੇ ਉਨ੍ਹਾਂ ਨੂੰ ਮਿਲਿਆਂ ਦਰਿਦ੍ਰ ਛੋਹ ਨਹੀਂ ਸਕਦਾ। ਨਾਮ ਰੂਪੀ ਸ਼ਬਦ ਦੀ ਬਰਕਤ ਸਦਕਾ ਸਤ ਪੁਰਸ਼ਾਂ ਨੂੰ ਨਿਰਭੈ ਪਦ ਬਖਸ਼ਿਸ ਕਰ ਕੇ ਭਵ-ਸਾਗਰ ਤੋਂ ਪਾਰ ਕਰ ਦਿੰਦੇ ਹਨ।੩ ਗੁਰੂ ਗਿਆਨ ਦੀ ਬਰਕਤ ਨਾਲ ਆਪ ਜੀ ਦਾ ਕਮਲ ਰੂਪੀ ਹਿਰਦਾ ਖਿੜ ਪਿਆ ਹੈ ਅਤੇ ਆਪ ਨੇ ਮਾਇਆ ਦੀ ਕਾਲਖ ਤੋਂ ਨਿਰਲੇਪ ਅਤੇ ਨਿਰਭਉ ਕਰਨ ਵਾਲੇ ਵਾਹਿਗੁਰੂ ਨੂੰ ਹਿਰਦੇ ਘਰ ਵਿੱਚੋਂ ਲੱਭ ਲਿਆ ਹੈ। ਜਿਸ ਨਾਮ ਵਿਚ ਲੱਗ ਕੇ ਆਦਿ ਤੋਂ ਹੋਏ ਭਗਤ ਜਨ ਤਰੇ ਹਨ, ਉਹ ਨਾਮ ਗੁਰੂ ਦੀ ਕਿਰਪਾ ਨਾਲ ਆਪ ਨੇ ਪਾ ਲਿਆ ਹੈ। ਨਾਮ ਦੇ ਸੋਮੇ ਸ੍ਰੀ ਗੁਰੂ ਰਾਮਦਾਸ ਜੀ ਨੇ ਜਗਿਆਸੂਆਂ ਦੇ ਸਰੋਵਰ ਰੂਪੀ ਖਾਲੀ ਹਿਰਦੇ ਅੰਮ੍ਰਿਤ ਨਾਮ ਨਾਲ ਭਰ ਦਿੱਤੇ ਹਨ:
 ਸੰਤੋਖ ਸਰੋਵਰਿ ਬਸੈ ਅਮਿਅ ਰਸੁ ਰਸਨ ਪ੍ਰਕਾਸੈ॥
ਮਿਲਤ ਸਾਂਤਿ ਉਪਜੈ ਦੁਰਤੁ ਦੂਰੰਤਰਿ ਨਾਸੈ॥
ਸੁਖ ਸਾਗਰੁ ਪਾਇਅਉ ਦਿੰਤੁ ਹਰਿ ਮਗਿ ਨ ਹੁਟੈ॥
ਸੰਜਮੁ ਸਤੁ ਸੰਤੋਖੁ ਸੀਲ ਸੰਨਾਹੁ ਮਫੁਟੈ॥
ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ ਜਗਿ ਜਸ ਤੂਰੁ ਬਜਾਇਅਉ॥
ਗੁਰ ਰਾਮਦਾਸ ਕਲ੍ਹੁਚਰੈ ਤੈ ਅਭੈ ਅਮਰ ਪਦੁ ਪਾਇਅਉ॥ (ਪੰਨਾ ੧੩੯੭)
ਆਪ ਜੀ ਦੀ ਰਸਨਾਂ ਤੋਂ ਅੰਮ੍ਰਿਤ-ਰਸ ਝਰਦਾ ਹੈ ਅਤੇ ਆਪ ਜੀ ਨੂੰ ਮਿਲਦਿਆਂ ਪਾਪ ਦੂਰ ਨੱਸ ਜਾਂਦੇ ਹਨ ਤੇ ਆਤਮਿਕ ਅਨੰਦ ਮਿਲਦਾ ਹੈ।
ਵਿਧਾਤੇ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਪ੍ਰਮਾਣਿਕ ਗੁਰੂ ਸਿਰਜਿਆ ਹੈ ਤੇ ਆਪ ਜੀ ਨੇ ਵਾਹਿਗੁਰੂ ਨਾਮ ਦੇ ਜਸ ਦਾ ਰਣਸਿੰਗਾ ਸੰਸਾਰ ਵਿਚ ਵਜਾਇਆ ਹੈ। ਗੁਰਮਤਿ ਮਾਤਾ ਦੇ ਸਮਾਨ ਅਤੇ ਸੰਤੋਖ ਪਿਤਾ ਸਮਾਨ ਹੈ। ਜੋਨਿ-ਰਹਿਤ ਅਤੇ ਪ੍ਰਕਾਸ਼ਮਾਨ ਬ੍ਰਹਮ ਗੁਰੂ ਜੀ ਦੇ ਹਿਰਦੇ ਵਿਚ ਸਮਾਇਆ ਹੈ, ਜਿਸ ਕਰ ਕੇ ਗੁਰੂ ਜੀ ਨੇ ਸਾਰੇ ਸੰਸਾਰ ਨੂੰ ਭਵ-ਸਾਗਰ ਤੋਂ ਤਾਰ ਦਿੱਤਾ ਹੈ। ਆਪ ਜੀ ਪਾਸ ਮਾਇਕੀ ਵਿਸ਼ਿਆਂ ਦੀ ਜ਼ਹਿਰ ਨੂੰ ਦੂਰ ਕਰਨ ਵਾਲੀ ਅੰਮ੍ਰਿਤ-ਬੂੰਦ ਹਰਿ ਦਾ ਨਾਮ ਹੈ। ਆਪ ਜੀ ਦੀ ਕਿਰਪਾ ਨਾਲ ਹੀ ਜਗਿਆਸੂ ਜੀਵਾਂ ਦੇ ਹਿਰਦੇ ਵਿਚ ਅਨਹਦ ਸ਼ਬਦ ਵੱਜ ਰਿਹਾ ਹੈ:
ਜਗਤ ਉਧਾਰਣੁ ਨਵ ਨਿਧਾਨੁ ਭਗਤਹ ਭਵ ਤਾਰਣੁ॥
ਅੰਮ੍ਰਿਤ ਬੂੰਦ ਹਰਿ ਨਾਮੁ ਬਿਸੁ ਕੀ ਬਿਖੈ ਨਿਵਾਰਣੁ॥
ਸਹਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ॥
ਗੁਰ ਪ੍ਰਸਾਦਿ ਪਾਈਅਹਿ ਧੰਨਿ ਤੇ ਜਨ ਬਡਭਾਗੇ॥
ਤੇ ਮੁਕਤੇ ਭਏ ਸਤਿਗੁਰ ਸਬਦਿ ਮਨਿ ਗੁਰ ਪਰਚਾ ਪਾਇਅਉ॥
ਗੁਰ ਰਾਮਦਾਸ ਕਲ੍ਹੁਚਰੈ ਤੈ ਸਬਦ ਨੀਸਾਨੁ ਬਜਾਇਅਉ॥       (ਪੰਨਾ ੧੩੯੬)
ਜਿਨ੍ਹਾਂ ਜੀਵਾਂ ਉੱਤੇ ਆਪ ਜੀ ਦੀ ਪ੍ਰਸੰਨਤਾ ਹੁੰਦੀ ਹੈ ਉਨ੍ਹਾਂ ਦੇ ਹਿਰਦੇ ਵਿਚ ਨਾਮ ਵੱਸ ਜਾਂਦਾ ਹੈ। ਉਹ ਜੀਵ ਸਮਦਰਸ਼ੀ ਬਣ ਜਾਂਦੇ ਹਨ, ਉਨ੍ਹਾਂ ਨੂੰ ਮਾਣ-ਅਪਮਾਨ ਵਿਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਗੁਰੂ-ਚਰਨਾਂ ਨਾਲ ਜੁੜ ਕੇ ਸੰਸਾਰਕ ਪਦਾਰਥ ਤੇ ਮੁਕਤੀ ਸੁਤੇ ਸਿੱਧ ਹੀ ਪ੍ਰਾਪਤ ਹੋ ਜਾਂਦੀ ਹੈ:
ਗੁਰੁ ਜਿਨੑ ਕਉ ਸੁਪ੍ਰਸੰਨੁ ਨਾਮੁ ਹਰਿ ਰਿਦੈ ਨਿਵਾਸੈ॥
ਜਿਨੑ ਕਉ ਗੁਰੁ ਸੁਪ੍ਰਸੰਨੁ ਦੁਰਤੁ ਦੂਰੰਤਰਿ ਨਾਸੈ॥
ਗੁਰੁ ਜਿਨੑ ਕਉ ਸੁਪ੍ਰਸੰਨੁ ਮਾਨੁ ਅਭਿਮਾਨੁ ਨਿਵਾਰੈ॥
ਜਿਨੑ ਕਉ ਗੁਰੁ ਸੁਪ੍ਰਸੰਨੁ ਸਬਦਿ ਲਗਿ ਭਵਜਲੁ ਤਾਰੈ॥
ਪਰਚਉ ਪ੍ਰਮਾਣੁ ਗੁਰ ਪਾਇਅਉ ਤਿਨ ਸਕਯਥਉ ਜਨਮੁ ਜਗਿ॥
ਸ੍ਰੀ ਗੁਰੂ ਸਰਣਿ ਭਜੁ ਕਲੵ ਕਬਿ ਭੁਗਤਿ ਮੁਕਤਿ ਸਭ ਗੁਰੂ ਲਗਿ॥ (ਪੰਨਾ ੧੩੯੮)
ਉਸ ਵਾਹਿਗੁਰੂ ਦੀ ਅਕੱਥ ਕਥਾ ਸੱਚਖੰਡ ਵਿਚ ਵਾਸਾ ਦੇਣ ਵਾਲੀ ਹੈ, ਪਰ ਜਿਸ ਨੂੰ ਦਾਤਾਰ ਦੇਵੇ ਉਹ ਹੀ ਇਸ ਨੂੰ ਪ੍ਰਾਪਤ ਕਰਦਾ ਹੈ। ਸ੍ਰੀ ਗੁਰੂ ਰਾਮਦਾਸ ਇਹ ਗਿਆਨ ਰਾਜ ਤੁਹਾਨੂੰ ਹੀ ਸੋਭਦਾ ਹੈ:
ਅਕਥ ਕਥਾ ਅਮਰਾ ਪੁਰੀ ਜਿਸੁ ਦੇਇ ਸੁ ਪਾਵੈ॥
ਇਹੁ ਜਨਕ ਰਾਜੁ ਗੁਰ ਰਾਮਦਾਸ ਤੁਝ ਹੀ ਬਣਿ ਆਵੈ॥        (ਪੰਨਾ ੧੩੯੮)
ਭੱਟ ਨਲ੍ਹ ਜੀ ਗੁਰੂ ਜੀ ਦੀ ਉਸਤਤ ਕਰਦੇ ਹੋਏ ਉਚਾਰਦੇ ਹਨ ਕਿ ਉਸ ਦੇ ਸਿਮਰਨ ਨਾਲ ਇਉਂ ਤਬਦੀਲ ਹੋ ਜਾਈਦਾ ਹੈ ਜਿਵੇਂ ਪਾਰਸ ਦੀ ਛੋਹ ਨਾਲ ਕੱਚ ਸੋਨਾ ਹੋ ਜਾਂਦਾ ਹੈ ਅਤੇ ਚੰਦਨ ਦੀ ਛੋਹ ਨਾਲ ਹੋਰ ਰੁੱਖ ਸੁਗੰਧਿਤ ਹੋ ਜਾਂਦੇ ਹਨ। ਉਸ ਗੁਰੂ ਦੇ ਦੁਆਰੇ ਨੂੰ ਦੇਖਣ ਨਾਲ ਕਾਮ, ਕ੍ਰੋਧ ਆਦਿ ਦੂਰ ਹੋ ਜਾਂਦੇ ਹਨ।੪ ਮੈਂ ਉਸ ਸਤਿਗੁਰੂ ਦੇ ਬਖ਼ਸ਼ੇ ਨਾਮ ਤੋਂ ਬਲਿਹਾਰੇ ਜਾਂਦਾ ਹਾਂ। ਸ੍ਰੀ ਗੁਰੂ ਰਾਮਦਾਸ ਜੀ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਸਦਾ ਅਟੱਲ ਨਾਮ ਬਖ਼ਸ਼ਿਆ ਹੈ, ਸਮਰੱਥ ਗੁਰੂ ਨੇ ਆਪ ਦੇ ਸਿਰ ’ਤੇ ਹੱਥ ਰੱਖਿਆ ਹੈ, ਹਰਿ ਨਾਮ ਦੇ ਕੇ ਅਟੱਲ ਪਦਵੀ ਦੇ ਕੇ ਮਾਲਕ ਬਣਾ ਦਿੱਤਾ ਹੈ।੫
ਜਗਿਆਸੂਆਂ ਨੂੰ ਜਗਤ ਦੇ ਗੁਰੂ, ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੀ ਹੀ ਆਸ-ਪਿਆਸ ਲੱਗੀ ਰਹਿੰਦੀ ਹੈ, ਜੋ ਪਾਰਸੁ ਹੈ, ਜਿਸ ਨੇ ਆਪਣੀ ਛੋਹ ਨਾਲ ਜਗਿਆਸੂਆਂ ਨੂੰ ਪਾਰਸ ਕਰ ਦਿੱਤਾ ਹੈ। ਪੁਰਾਣੇ ਮਿਥਿਹਾਸਿਕ ਹਵਾਲਿਆਂ ਦੇ ਪ੍ਰਮਾਣ ਦੇ ਕੇ ਭੱਟ ਨਲ੍ਹ ਕਹਿੰਦੇ ਹਨ ਕਿ ਜਿਵੇਂ ਹਰੀ ਨੇ ਪ੍ਰਹਿਲਾਦ, ਦਰੋਪਦੀ, ਸੁਦਾਮਾ, ਗਨਿਕਾ ਦੀ ਲਾਜ ਰੱਖੀ, ਇਵੇਂ ਕਲਜੁਗ ਵਿਚ ਗੁਰੂ ਮੇਰੀ ਲਾਜ ਰੱਖੇਗਾ।੬ ਸ੍ਰੀ ਗੁਰੂ ਅਮਰਦਾਸ ਜੀ ਨੇ ਰਾਜ, ਜੋਗ, ਗੁਰਤਾ ਦਾ ਤਖ਼ਤ ਸ੍ਰੀ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ ਕੀਤਾ, ਜੋ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੂੰ ਅਕਾਲ ਪੁਰਖ ਵੱਲੋਂ ਪ੍ਰਾਪਤ ਹੋਇਆ ਸੀ:
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥
ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖੵ ਜਨ ਕੀਅਉ ਪ੍ਰਗਾਸ॥
(ਪੰਨਾ ੧੪੦੧)
ਭੱਟ ਨਲ੍ਹ ਇਕ ਥਾਂ ਗੁਰੂ ਦੇ ਦਵਾਰੇ ਦਾ ਨਾਮ ਲੈ ਕੇ ਉਸ ਨੂੰ ਬੈਕੁੰਠ ਦੀ ਉਪਮਾ ਦੇਂਦਾ ਹੈ:
ਗੋਬਿੰਦ ਵਾਲੁ ਗੋਬਿੰਦ ਪੁਰੀ ਸਮ ਜਲੵਨ ਤੀਰਿ ਬਿਪਾਸ ਬਨਾਯਉ॥
ਗਯਉ ਦੁਖੁ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ॥
(ਪੰਨਾ ੧੪੦੦)
ਭੱਟ ਗਯੰਦ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰੂ ਥਾਪਣਾ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਅਤੇ ਫਿਰ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰੂ ਥਾਪਣਾ ਦਾ ਵਰਣਨ ਕੀਤਾ ਹੈ। ਸ੍ਰੀ ਗੁਰੂ ਰਾਮਦਾਸ ਜੀ ਸੰਸਾਰੀ ਜੀਵਾਂ ਨੂੰ ਤਾਰਨ ਵਾਲੇ ਹਨ ਤੇ ਉਨ੍ਹਾਂ ਦੀ ਲੀਲ੍ਹਾ ਸਮਝ ਤੋਂ ਪਰੇ ਹੈ।
ਭੱਟ ਮਥੁਰਾ ਜੀ ਅਨੁਸਾਰ ਜਿਸ ਵਾਹਿਗੁਰੂ ਨੇ ਕਈ ਪ੍ਰਕਾਰ ਦਾ ਸੰਸਾਰ ਪੈਦਾ ਕੀਤਾ ਹੋਇਆ ਹੈ, ਉਹ ਸਰਬ ਉਪਮਾ ਜੋਗ ਸੱਚੇ ਨਾਮ ਵਾਲਾ ਕਰਤਾ ਪੁਰਖ ਸ੍ਰੀ ਗੁਰੂ ਰਾਮਦਾਸ ਜੀ ਦੇ ਚਿੱਤ ਦੀ ਚਿਤਵਨੀ ਵਿਚ ਨਿਵਾਸ ਰੱਖਦਾ ਹੈ:
ਨਾਨਾ ਪ੍ਰਕਾਰ ਜਿਨਿ ਜਗੁ ਕੀਓ ਜਨੁ ਮਥੁਰਾ ਰਸਨਾ ਰਸੈ॥
ਸ੍ਰੀ ਸਤਿ ਨਾਮੁ ਕਰਤਾ ਪੁਰਖੁ ਗੁਰ ਰਾਮਦਾਸ ਚਿਤਹ ਬਸੈ॥      (ਪੰਨਾ ੧੪੦੪)
ਸ੍ਰੀ ਗੁਰੂ ਰਾਮਦਾਸ ਧਰਮ ਦਾ ਝੰਡਾ ਫਹਿਰਾਉਣ ਵਾਲੇ, ਧਰਮ ਦਾ ਪੰਥ ਚਲਾਉਣ ਵਾਲੇ, ਕਲਜੁਗੀ ਜੀਵਾਂ ਲਈ ਭਵ-ਸਾਗਰ ਪਾਰ ਕਰਾਉਣ ਵਾਲੇ ਹਨ। ਗੁਰੂ ਜੀ ਅੰਮ੍ਰਿਤ-ਸਰੋਵਰ ਸਮਾਨ ਹਨ। ਇਸ ਵਿਚ ਦਿਨ ਚੜ੍ਹਨ ਤੋਂ ਪਹਿਲਾਂ ਹੀ ਗੁਰੂ ਸ਼ਬਦ ਦੀਆਂ ਲਹਿਰਾਂ ਰੂਪਮਾਨ ਹੁੰਦੀਆਂ ਹਨ। ਗੁਰੂ ਗਹਿਰ ਗੰਭੀਰ, ਅਥਾਹ ਸਾਗਰ ਹੈ ਜੋ ਅਮੋਲਕ ਰਤਨਾਂ ਨਾਲ ਨੱਕਾ-ਨੱਕ ਭਰਿਆ ਰਹਿੰਦਾ ਹੈ:
ਨਿਰਮਲ ਨਾਮੁ ਸੁਧਾ ਪਰਪੂਰਨ ਸਬਦ ਤਰੰਗ ਪ੍ਰਗਟਿਤ ਦਿਨ ਆਗਰੁ॥
ਗਹਿਰ ਗੰਭੀਰੁ ਅਥਾਹ ਅਤਿ ਬਡ ਸੁਭਰੁ ਸਦਾ ਸਭ ਬਿਧਿ ਰਤਨਾਗਰੁ॥
(ਪੰਨਾ ੧੪੦੪)
ਜਿਸ ਪ੍ਰਭੂ ਦੇ ਮਿਲਾਪ ਵਾਸਤੇ ਜੋਗੀ, ਜਤੀ, ਸਿੱਧ, ਸਾਧਕ ਸੰਸਾਰ ਤੋਂ ਉਪਰਾਮ ਹੋਏ ਫਿਰਦੇ ਹਨ, ਸ੍ਰੀ ਗੁਰੂ ਅਮਰਦਾਸ ਜੀ ਨੇ ਕਿਰਪਾ ਕਰ ਕੇ ਨਾਮ ਦੀ ਵਡਿਆਈ ਸ੍ਰੀ ਗੁਰੂ ਰਾਮਦਾਸ ਜੀ ਨੂੰ ਦਿੱਤੀ। ਗੁਰੂ ਜੀ ਦੇ ਦਰਸ਼ਨ ਕਰ ਕੇ ਅਗਿਆਨਤਾ ਤੋਂ ਉਪਜਿਆ ਭਰਮ ਨਾਸ਼ ਹੋ ਜਾਂਦਾ ਹੈ। ਜਿਸ ਜਗਿਆਸੂ ਦੇ ਸਿਰ ’ਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਹੱਥ ਰੱਖ ਦਿੱਤਾ, ਉਹ ਕਿਸੇ ਦੀ ਪਰਵਾਹ ਨਹੀਂ ਰੱਖਦਾ।੭
ਭੱਟ ਬਲ੍ਹ ਪਹਿਲੇ ਤਿੰਨ ਗੁਰੂ ਸਾਹਿਬਾਨ ਦਾ ਜਸ ਗਾਇਣ ਕਰਦੇ ਹੋਇਆਂ ਕਹਿੰਦੇ ਹਨ ਕਿ ਸ੍ਰੀ ਗੁਰੂ ਰਾਮਦਾਸ ਜੀ ਤੁਹਾਡੀ ਸਾਰੇ ਸੰਸਾਰ ਵਿਚ ਜੈ-ਜੈ ਕਾਰ ਹੋ ਰਹੀ ਹੈ। ਆਪ ਜੀ ਨੇ ਪੂਰਬਲੇ ਭਗਤਾਂ ਦੀ ਕਮਾਈ ਨੂੰ ਫਲੀਭੂਤ ਕਰਨ ਹਿੱਤ ਅਵਤਾਰ ਧਾਰਨ ਕੀਤਾ। ਆਪ ਦਾ ਚਿੰਤਨ ਕਰਨ ਨਾਲ ਹਰਿ ਨਾਮ ਹਿਰਦੇ ਅੰਦਰ ਦਿਨ-ਬ-ਦਿਨ ਪ੍ਰਚੰਡ ਹੁੰਦਾ ਹੈ। ਅਜਿਹੇ ਗੁਣਾਂ ਵਾਲੇ ਗੁਰੂ ਨੂੰ ਸਤਿ-ਸੰਗਤ ਵਿਚ ਮਿਲ ਕੇ ਧੰਨ-ਧੰਨ ਕਰੀ ਜਾਓ, ਜਿਸ ਨਾਲ ਪ੍ਰਭੂ ਪਰਮੇਸ਼ਰ ਨੂੰ ਪਾ ਲਈਦਾ ਹੈ:
ਸੋਈ ਰਾਮਦਾਸੁ ਗੁਰੁ ਬਲੵ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ॥
ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ॥ (ਪੰਨਾ ੧੪੦੫)
ਭੱਟ ਕੀਰਤ ਜੀ ਅਨੁਸਾਰ ਅਸੀਂ ਸੰਸਾਰੀ ਜੀਵ ਔਗੁਣਾਂ ਨਾਲ ਭਰੇ ਪਏ ਹਾਂ, ਸਾਡੇ ਵਿਚ ਇਕ ਵੀ ਗੁਣ ਨਹੀਂ ਜੋ ਅੰਮ੍ਰਿਤ ਨੂੰ ਛੱਡ ਕੇ ਮਾਇਆ ਰੂਪੀ ਵਿਸ਼ਿਆਂ ਦੀ ਜ਼ਹਿਰ ਖਾ ਰਹੇ ਹਾਂ। ਅਸੀਂ ਸੁਣਿਆ ਹੈ ਕਿ ਸਤਿਗੁਰੂ ਦੀ ਸੰਗਤ ਇਕ ਉੱਤਮ ਰਸਤਾ ਹੈ ਜਿਸ ਨਾਲ ਜਮ ਦੀ ਤ੍ਰਾਸ ਮਿਟਾਈ ਜਾ ਸਕਦੀ ਹੈ। ਕੀਰਤ ਭੱਟ ਜੀ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਇਹੀ ਅਰਦਾਸ ਕਰਦੇ ਹਨ ਕਿ ਸ੍ਰੀ ਗੁਰੂ ਰਾਮਦਾਸ ਸਾਨੂੰ ਆਪਣੀ ਚਰਨ ਸ਼ਰਨ ਵਿਚ ਰੱਖੋ। ਜੋ ਜੀਵ ਆਪ ਜੀ ਦੇ ਚਰਨੀਂ ਆ ਲੱਗਦੇ ਹਨ ਉਨ੍ਹਾਂ ਨੂੰ ਵਿਕਾਰ ਤੇ ਜਮ ਪੋਹ ਨਹੀਂ ਸਕਦੇ:
ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ॥
ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ॥
ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ॥
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ॥
(ਪੰਨਾ ੧੪੦੬)
ਭੱਟ ਸਲ੍ਹ ਜੀ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤ ਕਰਦੇ ਹੋਇਆਂ ਕਹਿੰਦੇ ਹਨ ਕਿ ਸ੍ਰੀ ਗੁਰੂ ਰਾਮਦਾਸ ਜੀ ਆਪ ਜੀ ਦੇ ਸੀਸ ਉੱਤੇ ਛਤਰ ਝੁਲਦਾ ਹੈ, ਆਪ ਜੀ ਦਾ ਸਿੰਘਾਸਣ ਸਦਾ ਥਿਰ ਰਹਿਣ ਵਾਲਾ ਹੈ, ਆਪ ਜੀ ਰਾਜ-ਜੋਗ ਸੰਯੁਕਤ ਮਹਾਂ-ਬਲੀ ਹੋ। ਹੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ! ਤੁਸੀਂ ਰਾਜ ਕਰ ਕੇ ਅਟੱਲ ਹੋ ਅਤੇ ਅਜਿੱਤ ਦੈਵੀ ਦਲ ਵਾਲੇ ਹੋ:
ਸਿਰਿ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ॥
ਗੁਰ ਰਾਮਦਾਸ ਸਚੁ ਸਲੵ ਭਣਿ ਤੂ ਅਟਲੁ ਰਾਜਿ ਅਭਗੁ ਦਲਿ॥ (ਪੰਨਾ ੧੪੦੬)
ਭੱਟ ਸਾਹਿਬਾਨ ਨੇ ਸਵਈਆਂ ਵਿਚ ਸ੍ਰੀ ਗੁਰੂ ਰਾਮਦਾਸ ਜੀ ਨੂੰ ਸੱਚੇ ਸੇਵਕ, ਨਾਮ ਦੇ ਰਸੀਏ, ਸਮ-ਦ੍ਰਿਸ਼ਟ, ਗੂੜ੍ਹ ਮੱਤ ਵਾਲੇ, ਸੰਜਮੀ, ਸੰਤੋਖੀ ਤੇ ਸੀਲ ਸੁਭਾਅ ਵਾਲੇ, ਪੰਜ ਦੂਤ ਵੱਸ ਵਿਚ, ਦਾਨੀ ਤੇ ਮਹਾਂਬਲੀ ਇਨ੍ਹਾਂ ਗੁਣਾਂ ਦਾ ਵਰਣਨ ਕੀਤਾ ਹੈ। ਇਸ ਬਾਣੀ ਤੋਂ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ-ਕਾਲ ਵਿਚ ਹੀ ਗੁਰੂ ਸਾਹਿਬਾਨ ਦੀ ਵਡਿਆਈ ਦਾ ਡੰਕਾ ਦੂਰ ਦੂਰ ਤਕ ਵੱਜ ਚੁਕਾ ਸੀ। ਭੱਟ ਸਾਹਿਬਾਨ ਨੇ ਗੁਰੂ-ਜੋਤ ਦੀ ਨਿਰੰਤਰਤਾ ਦਾ ਸਿਧਾਂਤ ਪ੍ਰਵਾਨ ਕਰਦੇ ਹੋਏ ਦੱਸਿਆ ਹੈ ਕਿ ਗੁਰੂ ਸਾਹਿਬਾਨ ਵਿਚ ਅਕਾਲ ਪੁਰਖ ਦੀ ਸਾਖਿਆਤ ਜੋਤ ਜਗਮਗਾ ਰਹੀ ਹੈ। ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਦੇ ਮੁੱਖ ਵਿਸ਼ੇ ਜਿਹਾ ਕਿ ਪ੍ਰਭੂ-ਪਿਆਰ, ਸ਼ਰਧਾ, ਨਿਹਚਾ, ਸੇਵਾ, ਵਿਨੈ-ਭਾਵ ਅਤੇ ਗੁਰੂ ਦੀ ਮਿਹਰ ਦੀ ਲੋੜ ਆਦਿ ਇਹ ਸਭ ਭੱਟ ਸਾਹਿਬਾਨ ਦੇ ਸਵਈਆਂ ਦਾ ਆਧਾਰ ਰਹੇ ਹਨ।
-ਸ. ਹਰਵਿੰਦਰ ਸਿੰਘ