
– ਗਿਆਨੀ ਗੁਰਜੀਤ ਸਿੰਘ ਪਟਿਆਲਾ
(ਮੁੱਖ ਸੰਪਾਦਕ)
ਪ੍ਰੇਮੀ ਪ੍ਰੇਮਿਕਾਵਾਂ ਦੀ ਦੁਨੀਆਂ ਦੇ ਵਿੱਚ ਮਜਨੂੰ ਦਾ ਨਾਮ ਬਹੁਤ ਪ੍ਰਸਿੱਧ ਹੈ, ਲੈਲਾ ਤੇ ਮਜਨੂੰ ਦੇ ਪ੍ਰੇਮ ਦੀ ਵਾਰਤਾ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਪੜੀ-ਸੁਣੀ ਜਾਂਦੀ ਹੈ। ਸਿੱਖ ਜਗਤ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਤੇ ਦਸਵੇਂ ਪਾਤਸ਼ਾਹ ਦੇ ਅਨਿਨ ਸਿੱਖ ਭਾਈ ਨੰਦ ਲਾਲ ਜੀ ਆਪਣੀਆਂ ਗ਼ਜ਼ਲਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਕਰਦੇ ਹਨ। ਲੈਲਾ ਤੇ ਮਜਨੂੰ ਦੀ ਆਸ਼ਕੀ ਚਹੁ ਚੱਕਾਂ ਦੇ ਵਿੱਚ ਜਾਣੀ ਗਈ।
ਲੇਲਾ ਮਜਨੂੰ ਆਸਕੀ ਚਹੁ ਚਕੀ ਜਾਤੀ ( ਵਾਰ 27 ਪਉੜੀ 1 )
ਭਾਈ ਨੰਦ ਲਾਲ ਜੀ ਆਪਣੀਆਂ ਗਜ਼ਲਾਂ ਦੇ ਵਿੱਚ ਜ਼ਿਕਰ ਕਰਦੇ ਹਨ ਕਿ ਕਿਸੇ ਨੇ ਮੈਨੂੰ ਮਜਨੂੰ ਦੀ ਵਾਰਤਾ ਸੁਣਾਈ ਤੇ ਅੱਗੋਂ ਲੇਲੀ ਦਾ ਹਾਲ ਸੁਣਾਉਣ ਲੱਗਿਆ ਸੀ ਕਿ ਮੈਂ ਉਸਨੂੰ ਰੋਕ ਦਿੱਤਾ, ਸੁਣਾਉਣ ਵਾਲੇ ਨੇ ਪੁੱਛਿਆ ਤੁਸੀਂ ਮੈਨੂੰ ਲੇਲੀ ਦਾ ਹਾਲ ਹਿੱਸਾ ਸੁਣਾਉਣ ਤੋਂ ਕਿਉਂ ਰੋਕਿਆ, ਤਾਂ ਭਾਈ ਸਾਹਿਬ ਆਖਦੇ ਨੇ ਕਿ ਮੈਂ ਉਸ ਨੂੰ ਜਵਾਬ ਦਿੱਤਾ ਕਿ ਮਜਨੂੰ ਦੀ ਵਾਰਤਾ ਨੇ ਮੈਨੂੰ ਪਹਿਲਾਂ ਹੀ ਦੀਵਾਨਾ ਬਣਾ ਦਿੱਤਾ
ਮਗੋ ਅਜ ਹਾਲਿ ਲੈਲਾ, ਬਾ -ਦਿਲਿ ਸੋਰੀਦਾ -ਇ ਗੋਯਾ
ਕਿ ਸਰਹਿ ਕਿੱਸਾ -ਇ-ਮਜਨੂੰ, ਮਰਾ ਦੀਵਾਨਾ ਮੇ ਸਾ਼ਜਦ।
ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਵਿੱਚ ਮਜਨੂੰ ਨੂੰ ਅਰਬੀ ਦਾ ਸ਼ਬਦ ਦੱਸਦੇ ਨੇ ਤੇ ਅਰਥ ਜਨੂੰਨ (ਸਿਰੜ ) ਗ੍ਰਸਿਤ ਪਾਗਲ ਕਰਦੇ ਨੇ, ਮਜਨੂੰ ਦਾ ਪਹਿਲਾ ਨਾਮ ਕੈਸ਼ ਸੀ, ਜੋ ਸਨ 724 ਦੇ ਵਿੱਚ ਖਲੀਫਾ ਹਾਸ਼ਮ ਦੀ ਅਮਾਲਦਾਰੀ ਦੇ ਵਿੱਚ ਹੋਇਆ। ਕੈਸ਼ ਦੇ ਉੱਪਰ ਇੱਕ ਅਮੀਰ ਦੀ ਬੇਟੀ ਲੈਲੀ ਆਸ਼ਿਕ ਹੋ ਗਈ, ਦੋਹਾਂ ਦਾ ਆਪਸ ਦੇ ਵਿੱਚ ਬੜਾ ਪ੍ਰੇਮ ਸੀ। ਲੈਲੀ ਦੇ ਪਿਤਾ ਨੂੰ ਜਦ ਪਤਾ ਚੱਲਿਆ ਤਾਂ ਉਹਨਾਂ ਨੇ ਦੋਨਾਂ ਦਾ ਮਿਲਣਾ ਬੰਦ ਕਰਵਾ ਦਿੱਤਾ ਤੇ ਲੈਲੀ ਦਾ ਵਿਆਹ ਕਿਸੇ ਵੱਡੇ ਅਮੀਰ ਨਾਲ ਕੀਤਾ, ਇਹ ਸੁਣ ਕੇ ਕੈਸ਼ ਦੀਵਾਨਾ ਹੋ ਗਿਆ। ਉਸ ਦੇ ਉੱਪਰ ਲੈਲੀ ਦੀ ਮੁਹੱਬਤ ਦਾ ਜਨੂੰਨ ਸੀ ਇਸ ਕਰਕੇ ਉਸਦਾ ਨਾਮ ਮਜਨੂੰ ਪਿਆ
ਮਜਨੂੰ = ਮੁਹੱਬਤ ਦਾ ਜਨੂੰਨ
ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਮਜਨੂੰ ਦੀ ਇੱਕ ਵਾਰਤਾ ਦਾ ਜ਼ਿਕਰ ਕਰਦੇ ਹਨ ਕਿ ਇੱਕ ਵਾਰ ਲੈਲੀ ਦਾ ਕੁੱਤਾ ਕਿਧਰੇ ਮਜਨੂੰ ਨੂੰ ਬਾਜ਼ਾਰ ਦੇ ਵਿੱਚ ਦਿਸ ਪਿਆ ਉਹਨੇ ਬੜਾ ਪਿਆਰ ਕੀਤਾ, ਇਥੋਂ ਤੱਕ ਕਿ ਉਸ ਕੁੱਤੇ ਦੇ ਪੈਰ ‘ਤੇ ਸਿਰ ਰੱਖ ਦਿੱਤਾ, ਕੁੱਤੇ ਦੇ ਪੈਰੀ ਪੈਣ ਲੱਗਾ, ਇਹ ਦੇਖ ਕੇ ਸਾਰੇ ਲੋਕ ਖਿੜ ਖਿੜਾ ਕੇ ਹੱਸੇ-
ਲੈਲੀ ਦੀ ਦਰਗਾਹ ਦਾ ਕੁਤਾ ਮਜਨੂੰ ਦੇਖਿ ਲੁਭਾਣਾ
ਕੁੱਤੇ ਦੀ ਪੈਰੀ ਪਵੈ ਹੜਿ ਹੜਿ ਹਸੈ ਲੋਕ ਵਿਡਾਣਾ ( ਵਾਰ 37ਵੀਂ ਪਉੜੀ 31 )
ਮਜਨੂੰ ਦਾ ਲੈਲੀ ਦੇ ਨਾਲ ਪ੍ਰੇਮ ਹੈ।ਉਹਦੇ ਕੁੱਤੇ ਨੂੰ ਵੀ ਪ੍ਰੇਮ ਕਰਦਾ, ਜਿਹੜੇ ਮਨੁੱਖਾਂ ਦਾ ਗੁਰੂ ਦੇ ਨਾਲ ਪ੍ਰੇਮ ਹੁੰਦਾ ਉਹ ਗੁਰੂ ਦੇ ਸਿੱਖਾਂ ਨੂੰ,ਗੁਰੂ ਦੀਆਂ ਨਿਸ਼ਾਨੀਆਂ ਸਭ ਨੂੰ ਪ੍ਰੇਮ ਕਰਦੇ, ਸਾਰਿਆਂ ਤੋਂ ਕੁਰਬਾਨ ਜਾਂਦੇ ਨੇ।