176 views 4 secs 0 comments

ਮਦੀਨਾ

ਲੇਖ
April 21, 2025

– ਗਿਆਨੀ ਗੁਰਜੀਤ ਸਿੰਘ ਪਟਿਆਲਾ 
(ਮੁੱਖ ਸੰਪਾਦਕ) 

ਮਦੀਨਾ ਸਾਊਦੀ ਅਰਬ ਦੇ ਵਿੱਚ ਸਥਿਤ ਇੱਕ ਮਹੱਤਵਪੂਰਨ ਧਾਰਮਿਕ  ਸ਼ਹਿਰ ਹੈ, ਇਸਲਾਮ ਵਿੱਚ ਮੱਕੇ ਤੋਂ ਬਾਅਦ ਦੂਜੇ ਸਭ ਤੋਂ ਪਵਿੱਤਰ ਸ਼ਹਿਰ ਵਜੋਂ ਇਸ ਨੂੰ ਮੰਨਿਆ ਜਾਂਦਾ  ਹੈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ’ ਅਕਾਲ ਉਸਤਤ ‘ ਤੇ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਮਦੀਨੇ ਦਾ ਨਾਮ ਮਕਾ ਦੇ ਨਾਲ ਹੀ ਆਉਂਦਾ ਹੈ:

-ਕੇਤੇ ਗੰਗ ਬਾਸੀ ਕੇਤੇ ਮਕਾ ਮਦੀਨਾ ਨਿਵਾਸੀ .ਕੇਤਕ ਉਦਾਸੀ ਕੇ ਭ੍ਰਮਾਏ ਹੀ ਫਿਰਤ ਹੈ ( ਅਕਾਲ ਉਸਤਤ )

-ਗੜ ਬਗਦਾਦੁ ਨਿਵਾਇ ਕੈ ਮਕਾ ਮਦੀਨਾ ਸਭੇ ਨਿਵਾਇਆ ( ਭਾਈ ਗੁਰਦਾਸ ਜੀ, ਵਾਰ 1, ਪਉੜੀ 37 )

ਮੱਕੇ ਤੇ ਮਦੀਨੇ ਦੇ ਵਿੱਚ ਆਪਸ ਦੀ ਦੂਰੀ 450 ਕਿਲੋਮੀਟਰ ਹੈ।
ਮਦੀਨੇ ਦਾ ਪੁਰਾਣਾ ਨਾਮ ਯਸ਼ਰਿਬ ਸੀ। ਹਜ਼ਰਤ ਮੁਹੰਮਦ ਸਾਹਿਬ ਨੇ ਜਦੋਂ ਮੱਕੇ ਵਿੱਚ ਮੂਰਤੀ ਪੂਜਾ ਦੇ ਵਿਰੁੱਧ ਜ਼ੋਰਦਾਰ ਪ੍ਰਚਾਰ ਕੀਤਾ ਤਾਂ ਮੱਕੇ ਵਾਸੀਆਂ ਮੁਹੰਮਦ ਸਾਹਿਬ ਦੇ ਇਸ ਪ੍ਰਚਾਰ ਦਾ ਬੜਾ ਵਿਰੋਧ ਕੀਤਾ। ਸੰਨ 622 ਈਸਵੀ ਨੂੰ ਹਜ਼ਰਤ ਮੁਹੰਮਦ ਸਾਹਿਬ ਨੇ ਮੱਕੇ ਨੂੰ ਛੱਡ ਕੇ ਯਸ਼ਰਿਬ ਵੱਲ ਨੂੰ ਪ੍ਰਸਥਾਨ ਕੀਤਾ।ਉਸੇ ਸਾਲ ਤੋਂ ਹੀ ਹਿਜਰੀ ਸੰਮਤ ਆਰੰਭ ਹੋਇਆ। ਯਸ਼ਰਿਬ ਪਹੁੰਚ ਕੇ ਉਹਨਾਂ ਨੇ ਆਪਣੇ ਲਈ ਘਰ, ਇੱਕ ਮਸਜਿਦ ਬਣਵਾਈ ਜਿਸ ਨੂੰ ਮਸਜਿਦ-ਉਲ-ਨਬੀ ਕਿਹਾ ਜਾਂਦਾ। ਅੱਠ ਸਾਲ ਇੱਥੇ ਰਹਿਣ ਤੋਂ ਬਾਅਦ ਸੰਨ 630 ਈਸਵੀ ਨੂੰ ਹਜ਼ਰਤ ਮੁਹੰਮਦ ਸਾਹਿਬ ਨੇ 10 ਹਜ਼ਾਰ ਮੁਸਲਮਾਨਾਂ ਨੂੰ ਲੈ ਕੇ ਮੱਕੇ ‘ਤੇ ਜਿੱਤ ਹਾਸਿਲ ਕੀਤੀ। ਸੰਨ 632 ਈਸਵੀ ਨੂੰ ਮੁਹੰਮਦ ਸਾਹਿਬ ਨੇ ਯਸ਼ਰਿਬ ਦੇ ਵਿੱਚ ਕੁਝ ਸਮਾਂ ਤਾਪ ਦੇ ਨਾਲ ਬਿਮਾਰ ਰਹਿ ਕੇ ਸਰੀਰ ਨੂੰ ਤਿਆਗਿਆ।


ਯਸ਼ਰਿਬ ਦੇ ਵਿੱਚ ਹੀ ਮੁਹੰਮਦ ਸਾਹਿਬ ਨੂੰ ਦਫਨਾਇਆ ਗਿਆ ਅਤੇ ਉਨਾਂ ਦੇ ਸਰੀਰ ਨੂੰ ਉਥੇ ਦਫਨਾਉਣ ਦੇ ਕਰਕੇ ਹੀ ਯਸ਼ਰਿਬ ਦਾ ਨਾਮ ਮਦੀਨਾ ਪਿਆ।
ਮਦੀਨਾ ਮੁਹੰਮਦ ਦਫਨ ਕੀਨਾ ਦਾ ਸੰਖੇਪ ਹੈ।