ਬਰਾਬਰੀ, ਗੁਰਮਤਿ ਦੇ ਮੂਲ-ਮੁੱਦਿਆਂ ਵਿਚੋਂ ਇਕ ਅਹਿਮ ਮੁੱਦਾ ਹੈ, ਜਿਸ ਨੇ ਸੰਸਾਰ ਵਿਚੋਂ ਹਰ ਤਰ੍ਹਾਂ ਦੇ ਵੰਡ-ਵਿਤਕਰੇ ਖ਼ਤਮ ਕਰਕੇ ਇਕ ਆਦਰਸ਼ ਸਮਾਜ ਦੀ ਸਿਰਜਨਾ ਕਰਨੀ ਹੈ । ਅਜੋਕੇ ਸਮੇਂ ਭਾਵੇਂ ਦੁਨੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿਚ ਘਿਰੀ ਹੋਈ ਹੈ, ਪਰ ਮਨੁੱਖਤਾ ਵਿਚ ਪਈਆਂ ਵੰਡੀਆਂ ਦੀ ਸਮੱਸਿਆ ਹਮੇਸ਼ਾ ਹੀ ਇਕ ਵੱਡੀ ਸਮੱਸਿਆ ਰਹੀ ਹੈ ਤੇ ਅਜੇ ਵੀ ਵਿਕਰਾਲ ਰੂਪ ਵਿਚ ਮੂੰਹ ਅੱਡੀ ਖਲੋਤੀ ਹੈ। ਜੇਕਰ ਦੁਨੀਆਂ ਤੋਂ ਮਨੁੱਖੀ ਵੰਡੀਆਂ ਮਿਟਾਉਣੀਆਂ ਹਨ ਤਾਂ ਜ਼ਰੂਰੀ ਹੈ ਕਿ ਪਹਿਲਾਂ ਸਿੱਖ ਪੰਥ ਆਪਣੇ ਵਿਚੋਂ ਇਹ ਵੰਡੀਆਂ ਮਿਟਾਵੇ। ਆਓ ਵੇਖੀਏ ਕਿ ਗੁਰੂ ਸਾਹਿਬਾਨ ਨੇ ਮਨੁੱਖੀ ਬਰਾਬਰੀ ਅਤੇ ਇਨਸਾਫ ਦਾ ਪ੍ਰਤੀਕ ਖਾਲਸਾ ਸਾਜਣ ਲਈ, ਇਹ ਮਨੁੱਖੀ ਵੰਡੀਆਂ ਕਿਵੇਂ ਮਿਟਾਈਆਂ ਸਨ ?
ਜਿਸ ਧਰਤੀ ਉਪਰ ਖਾਲਸਾ ਸਾਜਿਆ ਗਿਆ, ਉਥੇ ਮਨੁੱਖੀ ਵੰਡੀਆਂ ਦਾ ਇਕ ਅਜਿਹਾ ਗੁੰਝਲਦਾਰ ਆਧਾਰ ਵੀ ਮੌਜੂਦ ਸੀ ਜੋ ਦੁਨੀਆਂ ਦੇ ਬਾਕੀ ਹਿੱਸਿਆਂ ਵਿਚ ਨਹੀਂ ਸੀ । ਮਨੁੱਖੀ ਵੰਡੀਆਂ ਦੇ ਇਸ ਅਖੌਤੀ ਧਾਰਮਕ ਆਧਾਰ (ਵਰਣ ਵਿਵਸਥਾ) ਦਾ ਵਿਸ਼ਲੇਸ਼ਣ ਗੁਰੂ ਸਾਹਿਬ ਨੇ ਇਸ ਤਰ੍ਹਾਂ ਕੀਤਾ :
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਤ ਬ੍ਰਾਹਮਣਹ ॥
ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥
(ਅੰਗ ੧੩੫੩)
ਇਨ੍ਹਾਂ ਵਰਣ ਵੰਡੀਆਂ ਦੀ ਜੇਕਰ ਵਿਆਖਿਆ ਕੀਤੀ ਜਾਵੇ ਤਾਂ ਇਕ ਵੱਡੀ ਕਿਤਾਬ ਲਿਖੀ ਜਾ ਸਕਦੀ ਹੈ । ਪਰ ਸੰਖੇਪ ਵਿਚ ਦੱਸਿਆ ਜਾ ਸਕਦਾ ਹੈ ਕਿ ਹਿੰਦੁਸਤਾਨ ਦੀ ਧਰਤੀ ‘ਤੇ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਦਾ ਨਾਮ ਦੇ ਕੇ ਸਮਾਜ ਵਿਚ ਪਾਈਆਂ ਗਈਆਂ ਚਾਰ ਪ੍ਰਮੁਖ ਵੰਡੀਆਂ ਦਾ ਕਾਰਨ ਇਹ ਦੱਸਿਆ ਗਿਆ ਸੀ ਕਿ ਬ੍ਰਾਹਮਣ ਬ੍ਰਹਮ ਦੇ ਮੂੰਹ ਵਿਚੋਂ ਪੈਦਾ ਹੋਏ ਹਨ ਇਸ ਲਈ ਸਰਵ ਉਤਮ ਹਨ, ਖੱਤਰੀ ਬ੍ਰਹਮ ਦੀਆਂ ਭੁਜਾਵਾਂ ਵਿਚੋਂ ਪੈਦਾ ਹੋਣ ਕਾਰਨ ਦੂਜੇ ਨੰਬਰ ‘ਤੇ ਹਨ, ਬ੍ਰਹਮਾ ਦੇ ਪੇਟ ਵਿਚੋਂ ਪੈਦਾ ਹੋਏ ਵੈਸ਼ ਦਾ ਨੰਬਰ ਤੀਜਾ ਹੈ ਅਤੇ ਸਭਤੋਂ ਨੀਵੇਂ ਸ਼ੂਦਰ ਹਨ ਜੋ ਬ੍ਰਹਮ ਦੇ ਪੈਰਾਂ ਤੋਂ ਪੈਦਾ ਹੋਏ ਹਨ । ਬ੍ਰਾਹਮਣ ਦੇ ਹਿੱਸੇ ਧਰਮ ਕਰਮ ਦਾ ਕੰਮ, ਖੱਤਰੀਆਂ ਦੇ ਹਿੱਸੇ ਸਮਾਜਕ ਰਾਖੀ, ਵੈਸ਼ ਦੇ ਹਿੱਸੇ ਵਣਜ ਵਪਾਰ, ਖੇਤੀਬਾੜੀ ਅਤੇ ਸੂਦਰ ਦੇ ਹਿੱਸੇ ਸਮਾਜ ਦੇ ਸਭ ਤੋਂ ਘਟੀਆ ਸਮਝੇ ਜਾਂਦੇ ਕੰਮਾਂ ਤੋਂ ਇਲਾਵਾ ਬਾਕੀ ਤਿੰਨਾਂ ਹੀ ਵਰਣਾਂ ਦੀ ਨਿਸ਼ਕਾਮ ਸੇਵਾ ਦੀ ਜ਼ਿੰਮੇਵਾਰੀ ਲਗਾਈ ਗਈ। ਇਸ ਵਿਤਕਰੇ ਭਰੀ ਵਰਣਵੰਡ ਦੀ ਉਲੰਘਣਾ ਨੂੰ ਰੱਬੀ ਹੁਕਮ ਦੀ ਉਲੰਘਣਾ ਦੱਸ ਕੇ ਇਸ ਵੰਡ ਨੂੰ ਪੱਕਾ ਕੀਤਾ ਗਿਆ । ਮਨੁੱਖੀ ਵੰਡੀਆਂ ਅਤੇ ਬੇਇਨਸਾਫੀ ਮਿਟਾਉਣ ਲਈ ਆਏ ਗੁਰੂ ਸਾਹਿਬਾਨ ਨੇ ਇਨ੍ਹਾਂ ਵੰਡੀਆਂ ਵਿਰੁੱਧ ਚੇਤਨਾ ਦੀਆਂ ਕਿਰਨਾਂ ਬਿਖੇਰਨੀਆਂ ਆਰੰਭੀਆਂ :
ਚਾਰੇ ਵਰਨ ਆਖੈ ਸਭੁ ਕੋਈ॥
ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥
( ਅੰਗ ੧੧੨੮)
– ਊਚ ਨੀਚ ਸਭ ਇਕ ਸਮਾਨਿ ਕੀਟ ਹਸਤੀ ਬਣਿਆ ॥
ਮੀਤ ਸਖਾ ਸੁਤ ਬੰਧਿਪੋ ਸਭਿ ਤਿਸ ਦੇ ਜਣਿਆ ॥
(ਅੰਗ ੩੧੯)
– ਏਕੁ ਪਿਤਾ ਏਕਸ ਕੇ ਹਮ ਬਾਰਿਕ,
(ਅੰਗ ੬੧੧)
ਇਨ੍ਹਾਂ ਗਿਆਨ ਦੀਆਂ ਰਿਸ਼ਮਾਂ ਨੇ ਜਿਹੜੇ ਸ਼ਰਧਾਲੂ ਮਨਾਂ ਵਿਚੋਂ ਹਨ੍ਹੇਰੇ ਦਾ ਨਾਸ਼ ਕੀਤਾ ਉਹ ‘ਗੁਰਸਿੱਖ ਬਣ ਗਏ ਤੇ ਗੁਰੂ ਸਾਹਿਬਾਨ ਗੁਰਸਿੱਖਾਂ ਦੇ ਕਾਫਲੇ ਨੂੰ ਸੇਧ ਬਖਸ਼ਿਸ਼ ਕਰਨ ਲੱਗੇ । ਜਦੋਂ ਇਸ ਕਾਫਲੇ ਦੀ ਦਸ਼ਾ ਹੀ ਇਹ ਬਣ ਗਈ :
ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ ॥ (ਅੰਗ ੧੧੯੮)
ਤਾਂ ਇਨ੍ਹਾਂ ਨੂੰ ਖਾਲਸੇ ਦਾ ਰੂਪ ਦੇ ਦਿੱਤਾ ਗਿਆ । ਖਾਲਸੇ ਦੀ ਸਥਾਪਨਾ ਉਪਰੰਤ ਘੜੇ ਗਏ ਹੇਠਾਂ ਦਿੱਤੇ ਗਏ ਇਸ ਮੁੱਢਲੇ ਨਿਯਮ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ
ਹੀ ਸੀ :
ਗੁਰੁ ਘਰ ਜਨਮ ਤੁਮਾਰੇ ਹੋਏ।
ਪਿੱਛਲੇ ਜਾਤਿ ਵਰਣ ਸਬ ਖੋਏ ।
ਚਾਰ ਵਰਣ ਕੇ ਏਕੋ ਭਾਈ । ਧਰਮ ਖਾਲਸਾ ਪਦਵੀ ਪਾਈ।
ਹਿੰਦੁ ਤੁਰਕ ਤੈ ਆਹਿ ਨਿਆਰਾ ।
ਸਿੰਘ ਮਜ਼੍ਹਬ ਅਬ ਤੁਮ ਨੇ ਧਾਰਾ।
(ਪੰਥ ਪ੍ਰਕਾਸ਼, ਐਡੀ: ਚੌਥੀ, ਕ੍ਰਿਤ ਗਿਆਨੀ ਗਿਆਨ ਸਿੰਘ, ਅਧਿ: ੨੬)
ਇਸ ਵਰਣ ਵੰਡ ਤੋਂ ਇਲਾਵਾ ਇਕ ਵੰਡ ਹੋਰ ਵੀ ਹੈ, ਜੋ ਕਿ ਸਾਰੀ ਦੁਨੀਆਂ ਲਈ ਹੀ ਇਕ ਸਮੱਸਿਆ ਹੈ । ਗੁਰੂ ਸਾਹਿਬਾਨ ਨੇ ਉਸ ਵੰਡ ਨੂੰ ਵੀ ਵਰਣ ਵੰਡ ਦੇ ਨਾਲ ਹੀ ਮਹਿਸੂਸ ਕਰ ਲਿਆ ਸੀ ਅਤੇ ਸਭ ਤੋਂ ਪਹਿਲਾਂ ਉਸ ਦਾ ਵਿਸ਼ਲੇਸ਼ਣ ਕੀਤਾ ਸੀ :
ਜਉ ਨਿਰਧਨੁ ਸਰਧਨ ਕੈ ਜਾਇ ॥
ਆਗੇ ਬੈਠਾ ਪੀਠਿ ਫਿਰਾਇ॥ ਜਉ ਸਰਧਨੁ ਨਿਰਧਨ ਕੈ ਜਾਇ ॥
ਦੀਆ ਆਦਰੁ ਲੀਆ ਬੁਲਾਇ ॥ (ਅੰਗ ੧੧੫੯)
ਇਸ ਵਿਤਕਰੇ ਭਰੀ ਵੰਡੀ ਨੂੰ ਅਸੀਂ ਅਮੀਰ-ਗਰੀਬ ਦੀ ਵੰਡੀ ਕਹਿੰਦੇ ਹਾਂ । ਇਥੇ ਗੁਰੂ ਸਾਹਿਬ ਨੇ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਕਿ ਕਿਤੇ ਗਰੀਬ ਦੀ ਗਰੀਬੀ ਦਾ ਕਾਰਨ, ਉਸ ਦਾ ਆਪਣਾ ਆਲਸ ਹੀ ਨਾ ਹੋਵੇ ? ਇਸ ਲਈ ਉਦਮ ਕਰਨ ਲਈ ਵਿਸ਼ੇਸ਼ ਹਦਾਇਤ ਦਿੱਤੀ ਗਈ:
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
(ਅੰਗ ੫੨੨)
ਪਰ ਜੇਕਰ ਗਰੀਬ ਦੀ ਗਰੀਬੀ ਦਾ ਕਾਰਨ ਉਸ ਦਾ ਆਲਸ ਨਹੀਂ, ਸਗੋਂ ਸਰਮਾਏਦਾਰ ਦੀ ਲੁੱਟ ਹੈ, ਤਾਂ ਗੁਰੂ ਨਾਨਕ ਸਾਹਿਬ ਸਰਮਾਏਦਾਰ ਨੂੰ ਤਾੜਨਾ ਕਰਦੇ ਹਨ ਕਿ ਉਹ ਮਨੁੱਖੀ ਖੂਨ ਪੀਣ ਵਾਲਾ ਦਰਿੰਦਾ ਹੈ :
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥
(ਅੰਗ ੧੪੦)
ਗੁਰੂ ਸਾਹਿਬਾਂ ਨੇ ਇਹ ਵੀ ਤਾੜਨਾ ਕੀਤੀ ਕਿ ਬਹੁਤਾ ਧਨ ਜੋੜ ਕੇ ਕਾਲ ਚੱਕਰ ਤੋਂ ਬਚਿਆ ਨਹੀਂ ਜਾ ਸਕਦਾ, ਉਹ ਅਮੀਰ ਨੂੰ ਵੀ ਉਸੇ ਹੀ ਤਰ੍ਹਾਂ ਮਾਰਦਾ ਹੈ ਜਿਵੇਂ ਗਰੀਬ (ਨਿਰਧਨ) ਨੂੰ :
ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ ॥
ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੁ ਬਡਾਨੀ ਰੇ ॥
(ਅੰਗ ੮੫੫)
ਅਤੇ ਮਰਨ ਉਪਰੰਤ ਨਿਬੇੜਾ ਧਨ ਦੌਲਤ ਦੇ ਆਧਾਰ ‘ਤੇ ਨਹੀਂ ਹੁੰਦਾ; ਉਥੇ ਨਾਮ ਧਨ ਦੀ ਪੂੰਜੀ ਦੀ ਲੋੜ ਹੈ ਅਤੇ ਇਹ ਪੂੰਜੀ ਜਮ੍ਹਾ ਕਰਨ ਲਈ ਗੁਰੂ ਦੀ ਲੋੜ । ਪਰ ਗੁਰੂ ਦੀ ਪਹਿਲੀ ਸ਼ਰਤ ਹੀ ਇਹ ਸੀ :
ਹਕੁ ਪਰਾਇਆ ਨਾਨਕਾ
ਉਸੁ ਸੂਅਰ ਉਸੁ ਗਾਇ ॥
ਗੁਰੁ ਪੀਰੁ ਹਾਮਾ ਤਾ ਭਰੇ
ਜਾ ਮੁਰਦਾਰੁ ਨ ਖਾਇ ॥
(ਅੰਗ ੧੪੧)
ਇਸ ਹਕੀਕਤ ਨੂੰ ਇਤਿਹਾਸ ਦੀਆਂ ਪਰਤਾਂ ਵਿਚੋਂ ਮਨਫੀ ਨਹੀਂ ਕੀਤਾ ਜਾ ਸਕਦਾ ਕਿ ਵਰਣ ਵੰਡ ਦੇ ਨਾਲ ਹੀ ਅਮੀਰ ਗਰੀਬ ਦੀ ਇਸ ਦੂਸਰੀ ਵੰਡ ਦਾ ਵਿਤਕਰਾ ਵੀ ਗੁਰਸਿੱਖਾਂ ਅੰਦਰੋਂ ਕੱਢ ਦਿੱਤਾ ਗਿਆ ਸੀ। ਇਹੀ ਕਾਰਨ ਹੈ ਕਿ ਅਗਿਆਨਤਾ ਦੀ ਪੱਟੀ ਅੱਖਾਂ ‘ਤੇ ਬੰਨ੍ਹੀ ਲੋਕਾਈ ਜਦੋਂ ਸਿੱਖ ਵਿਚਾਰਧਾਰਾ ਦੀ ਰੋਸ਼ਨੀ ਦੇ ਬਾਵਜੂਦ ਇਸ ਹਕੀਕੀ ਕੁਮਾਰਗ ‘ਤੇ ਭਟਕਦੀ ਠੇਡੇ ਖਾ ਰਹੀ ਸੀ :
ਨਿਰਧਨ ਆਦਰੁ ਕੋਈ ਨ ਦੇਇ ॥
ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ ॥
(ਅੰਗ ੧੧੫੯)
ਤਾਂ ਉਦੋਂ ਗੁਰਮਤਿ ਵਿਚਾਰਧਾਰਾ ਦੀ ਰੌਸ਼ਨੀ ਵਿਚ ਸਜਾਏ ਗਏ ਖਾਲਸਾ ਪੰਥ ਵਿਚਲੇ ਹਰ ਸਿੱਖ ਲਈ ਇਹ ਨਿਯਮ ਘੜਿਆ ਜਾ ਰਿਹਾ ਸੀ :
ਨਿਰਧਨ ਦੇਖਿ ਨ ਪਾਸਿ ਬਹਾਵਹਿ ।
ਸੋ ਤਨਖਾਹੀ ਮੂਲ ਕਹਾਵਹਿ ॥੪॥
(ਤਨਖਾਹਨਾਮਾ ਭਾਈ ਨੰਦ ਲਾਲ)
ਕੇਵਲ ਇਥੇ ਹੀ ਬਸ ਨਹੀਂ, ਸਗੋਂ ਸਮੇਂ ਦੇ ਚੱਕਰ ਨਾਲ ਮਜ਼ਬੂਤ ਹੋ ਚੁਕੀ ਇਸ ਵੰਡ ਦੀ ਦੂਰੀ ਘਟਾਉਣ ਲਈ ਧਨਵਾਨ ਸਿੱਖਾਂ ਨੂੰ ਹਦਾਇਤ ਸੀ :
(ੳ) ਆਪ ਸਿੰਘ ਜੋ ਰਾਜਾ ਹੋਈ ।
ਨਿਰਧਨ ਸਿੰਘਨ ਪਾਲੈ ਸੋਈ ॥੪੦॥
ਨਿਰਧਨ ਖਾਲਸੇ ਨੇਹੁ ਲਗਾਵੈ ।
ਧਨ ‘ਬਾਜ਼ੀ ਦੇ ਪ੍ਰੀਤਿ ਬਢਾਵੈ ।
(ਰਹਿਤਨਾਮਾ ਭਾਈ ਦੇਸਾ ਸਿੰਘ)
(ਅ) ਹੋਂਦੇ ਬਲ ਅਰਥੀ ਸਿਖ ਗਰੀਬ ਦੀ ਗੌਰ ਨਾ ਕਰੈ
ਸੋ ਪੱਕਾ ਤਨਖਾਹੀਆ।
(ਤਨਖਾਹਨਾਮਾ ਭਾਈ ਚਉਪਾ ਸਿੰਘ)
ਕਿਤੇ ਅਜਿਹੇ ਸਿਧਾਂਤਾਂ ਦੀ ਮੌਜੂਦਗੀ ਵਿਚ, ਨਿਰਧਨ ਸਿੱਖ ਆਲਸੀ ਨਾ ਹੋ ਜਾਣ, ਇਸ ਲਈ ਇਹ ਸਿਧਾਂਤ ਉਨ੍ਹਾਂ ਨੂੰ ਯਾਦ ਕਰਵਾਉਂਦਾ ਸੀ :
(ੲ) ਖੇਤੀ ਵਣਿਜ ਵ ਸਿਲਪ ਬਣਾਵੈ। ਔਰ ਟਹਿਲ ਜੋ ਮਨ ਮੋ ਭਾਵੈ ।
ਦਿੜ੍ਹ ਹੁਈ ਸੋਇ ਕਾਰ ਕਮਾਵੈ।
ਚੋਰੀ ਡਾਕੇ ਕਬਹਿ ਨ ਜਾਵੈ ੨੪॥
(ਰਹਿਤਨਾਮਾ ਭਾਈ ਦੇਸਾ ਸਿੰਘ)
ਇਸ ਉਪਰੰਤ ਖਾਲਸੇ ਵੱਲੋਂ ਲੜੇ ਗਏ ਧਰਮ ਯੁੱਧ ਦੇ ਸਿੱਟੇ ਵਜੋਂ ਹੀ ਲੋਕਾਂ ਨੂੰ ਇਕ
ਅਜਿਹੇ ਇਨਸਾਫ ਪਸੰਦ ਹਲੇਮੀ ਰਾਜ ਵਿਚ ਸਾਹ ਲੈਣ ਦਾ ਮੌਕਾ ਮਿਲਿਆ ਜਿਥੇ ਕਿਰਤੀ ਨੂੰ ਉਸ ਦੀ ਮਿਹਨਤ ਦਾ ਪੂਰਾ ਹੱਕ ਦਿੱਤਾ ਗਿਆ ਅਤੇ ਜਿਥੇ ਕਿਸੇ ਨੂੰ ‘ਨੀਚ-ਨੀਚ’ ਕਹਿ ਕੇ ਦੁਰਕਾਰਿਆ ਨਹੀਂ ਸੀ ਜਾਂਦਾ । ਕੀ ਅਜਿਹਾ ਕ੍ਰਿਸ਼ਮਾ ਗੁਰੂ ਗ੍ਰੰਥ ਸਾਹਿਬ ਵਿਚਲੇ ਮਨੁੱਖੀ ਬਰਾਬਰੀ ਦੇ ਸਿਧਾਂਤ ਨੂੰ ਅਪਣਾਏ ਬਿਨਾਂ ਸੰਭਵ ਸੀ ?
ਜੇਕਰ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੇ ਸਿੱਖ ਕਹਾਉਣ ਵਾਲੇ ਲੋਕ, ਆਪਣੇ ਅਜੋਕੇ ਸਿੱਖ ਪੰਥ ਦੀ ਤੁਲਨਾ ਅਠਾਰਵੀਂ ਸਦੀ ਵਾਲੇ ਖਾਲਸਾ ਪੰਥ ਨਾਲ ਕਰਨ ਤਾਂ ਉਹ ਇਕ ਹੋਰ ਸਵਾਲ ਦੇ ਰੂ-ਬ-ਰੂ ਹੋਣਗੇ; ਕਿ ਅਠਾਰਵੀਂ ਸਦੀ ਵਿਚ ਸਿੱਖ ਪੰਥ ਨੇ ਅਜਿਹੀਆਂ ਸਖ਼ਤ ਰੁਕਾਵਟਾਂ ਨੂੰ ਪਾਰ ਕਰਕੇ ਇਨਕਲਾਬ ਲਿਆਂਦਾ ਸੀ ਜਿਸ ਦੀਆਂ ਦਸਵਾਂ ਹਿੱਸਾ ਰੁਕਾਵਟਾਂ ਵੀ ਅੱਜ ਪਾਰ ਕਰਨ ਤੋਂ ਅਸਮਰਥ ਹੈ; ਇਸ ਦਾ ਇਕੋ ਇਕ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਮੂਲ ਵਿਚਾਰਧਾਰਾ ਨਾਲੋਂ ਟੁੱਟ ਜਾਣਾ ਹੈ । ਜੇਕਰ ਅਸੀਂ ਸਿੱਖ ਪੰਥ ਨੂੰ ਜਿਊਂਦਾ-ਜਾਗਦਾ ਵੇਖਣ ਦੇ ਚਾਹਵਾਨ ਹਾਂ ਤਾਂ ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ, ਕਿ ‘ਸਿੱਖ ਪੰਥ ਕੇਵਲ ਤੇ ਕੇਵਲ ਉਨ੍ਹਾਂ ਸੰਤ-ਸਿਪਾਹੀਆਂ ਦਾ ਕਾਫਲਾ ਹੀ ਅਖਵਾ ਸਕਦਾ ਹੈ, ਜਿਸ ਵਿਚ ਨਾ ਤਾਂ ਕੋਈ ਜੱਟ-ਮਜ੍ਹਬੀ ਦੀ ਵੰਡੀ ਹੋਵੇਗੀ ਅਤੇ ਨਾ ਹੀ ਅਮੀਰ-ਗਰੀਬ ਦੀ ।
ਤੇ ਇਸ ਲਈ ਕਰਨ ਯੋਗ ਕੰਮ ਇਹ ਹੈ ਕਿ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਅਖਵਾਉਣ ਦਾ ਚਾਹਵਾਨ ਹਰ ਮਨੁੱਖ, ਆਪਣੀਆਂ ਅੱਖਾਂ ਤੋਂ ਅਗਿਆਨਤਾ ਦੀ ਪੱਟੀ ਲਾਹ ਕੇ ਗੁਰੂ ਗ੍ਰੰਥ ਸਾਹਿਬ ਵਿਚਲੀ ਚੇਤਨਾ ਲਈ ਆਪਣੇ ਦਿਮਾਗ ਦੇ ਦਰਵਾਜ਼ੇ ਖੋਲ੍ਹ ਦੇਵੇ। ਇਸ ਪਿੱਛੋਂ ਸਿੱਖ ਪੰਥ ਨੇ ਇਸ ਚੇਤਨਾ ਰਾਹੀਂ ਸਮੁੱਚੀ ਦੁਨੀਆਂ ਤੋਂ ਅਗਿਆਨਤਾ ਦਾ ਹਨ੍ਹੇਰਾ ਮਿਟਾਉਣ ਦੇ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਨੂੰ ਹੱਥ ਵਿਚ ਲੈਣਾ ਹੈ ।
ਸ. ਬਲਜੀਤ ਸਿੰਘ ਖਾਲਸਾ
