ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਮਨੁੱਖੀ ਸਰੀਰ ਦੀ ਉਤਪਤੀ ਮਾਤਾ ਦੇ ਰਕਤ (ਖੂਨ) ਅਤੇ ਪਿਤਾ ਦੇ ਵੀਰਜ਼ ਤੋਂ ਹੁੰਦੀ ਹੈ। ਮਨੁੱਖੀ ਸਰੀਰ ਦੀ ਬਣਤਰ ਕੁਦਰਤੀ ਪੰਜ ਤੱਤਾਂ ਤੋਂ ਹੋਈ ਹੈ । ਵਾਯੂ, ਅੱਗ, ਪਾਣੀ, ਧਰਤੀ ਅਤੇ ਅਕਾਸ਼-ਪੰਜ ਤੱਤਾਂ ਤੋਂ ਅੱਗੇ ਪੰਝੀ ਗੁਣ ਧਾਰਨ ਕਰਨ ਦੀ ਗੱਲ ਵੀ ਆਉਂਦੀ ਹੈ:
ਪਉਣ ਪਾਣੀ ਬੈਸੰਤਰੋ ਚਉਥੀ ਧਰਤੀ ਸੰਗਿ ਮਿਲਾਈ ।
ਪੰਚਮਿ ਵਿਚਿ ਆਕਾਸ ਕਰਿ ਕਰਤਾ ਛਟਮੁ ਅਦਿਸਟੁ ਸਮਾਈ ।
ਪੰਚ ਤਤ ਪੰਚੀਸ ਗੁਨਿ ਸਤ੍ਰ ਮਿਤ੍ਰ ਮਿਲਿ ਦੇਹਿ ਬਣਾਈ।
ਖਾਣੀ ਬਾਣੀ ਚਲਿਤੁ ਕਰਿ ਆਵਾ ਗਉਣੁ ਚਰਿਤ੍ਰ ਦਿਖਾਈ ।
ਚਉਰਾਸੀਹ ਲਖ ਜੋਨਿ ਉਪਾਈ ।੧।੨।
(ਵਾਰ ੧. ਪਉੜੀ ੨, ਭਾਈ ਗੁਰਦਾਸ ਜੀ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖੀ ਸਰੀਰ ਦੀ ਬਣਤਰ ਬਾਰੇ ਵਿਸਥਾਰ ਵਿੱਚ ਉਲੇਖ ਮਿਲਦਾ ਹੈ, ਰਾਗ ਮਾਰੂ ਵਿੱਚ ਗੁਰੂ ਸਾਹਿਬ ਨੇ ਦੱਸਿਆ ਹੈ ਕਿ ਮਨੁੱਖ ਦੀ ਉਤਪਤੀ ਮਾਤਾ ਪਿਤਾ ਦੇ ਸੰਯੋਗ ਨਾਲ ਹੋਈ-
ਪੰਚ ਤਤੁ ਮਿਲਿ ਕਾਇਆ ਕੀਨ੍ਹੈ ਤਤੁ ਕਹਾ ਤੇ ਕੀਨੁ ਰੇ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੮੭੦)
ਵਾਯੂ, ਅੱਗ, ਪਾਣੀ, ਧਰਤੀ ਦਾ ਮੇਲ ਕਰ ਦਿੱਤਾ ਅਤੇ ਪੰਜਵਾਂ ਅਕਾਸ਼, ਛੇਵਾਂ ਆਪ ਕਰਤਾ ਗੁਪਤ ਰੂਪ ਵਿੱਚ ਹਿਰਦੇ ਵਿੱਚ ਬੈਠ ਗਿਆ। ਭਾਰਤੀ ਦਰਸ਼ਨ ਅਨੁਸਾਰ ਵੀ ਮਨੁੱਖ ਦੇ ਸਰੀਰ ਨੂੰ ਪੰਜ ਭੂਤਕ ਮੰਨਿਆ ਗਿਆ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਗ ਗਉੜੀ ਵਿੱਚ ਮਨੁੱਖੀ ਹੋਂਦ ਅਤੇ ਬਣਤਰ ਬਾਰੇ ਲਿਖਿਆ ਹੈ:
ਪਉਣੈ ਪਾਣੀ ਅਗਨੀ ਕਾ ਮੇਲੁ ॥
ਚੰਚਲ ਚਪਲ ਬੁਧਿ ਕਾ ਖੇਲੁ ॥
ਨਉ ਦਰਵਾਜੇ ਦਸਵਾ ਦੁਆਰੁ ॥
ਬੁਝੁ ਰੇ ਗਿਆਨੀ ਏਹੁ ਬੀਚਾਰੁ ॥੧॥
ਕਥਤਾ ਬਕਤਾ ਸੁਨਤਾ ਸੋਈ ॥
ਆਪੁ ਬੀਚਾਰੇ ਸੁ ਗਿਆਨੀ ਹੋਈ ॥੧॥ ਰਹਾਉ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੧੫੨)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਨੇ ਆਤਮਿਕ ਜੀਵਨ ਦੀ ਸੋਝੀ ਦਿੰਦਿਆਂ ਕਿਹਾ ਹੈ ਕਿ ਮਨੁੱਖੀ ਸਰੀਰ ਹਵਾ, ਪਾਣੀ ਅਤੇ ਅਗਨੀ ਆਦਿਕ ਤੱਤਾਂ ਦੇ ਮੇਲ ਤੋਂ ਬਣਿਆ ਹੈ, ਜੋ ਚੰਚਲ ਮਨ ਅਤੇ ਅਸਥਿਰ ਬੁੱਧੀ ਕਾਰਨ ਹੋਂਦ ਵਿੱਚ ਆਉਂਦਾ ਹੈ, ਇਸ ਸਰੀਰ ਦੀਆਂ ਸਾਰੀਆਂ ਗਤੀ-ਵਿਧੀਆਂ ਅਤੇ ਬਾਹਰੀ ਜਗਤ ਨਾਲ ਸੰਬੰਧ, ਨੌਂ ਦਰਵਾਜ਼ਿਆਂ ਰਾਹੀਂ ਹੁੰਦਾ ਹੈ। ਇਕ ਮਨ ਹੀ ਹੈ, ਜਿਸ ਰਾਹੀਂ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਹੋ ਸਕਦੀ ਹੈ, ਕਿ ਉਹ ਪਰਮਾਤਮਾ ਹੀ ਹਰੇਕ ਜੀਵ ਵਿੱਚ ਵਿਆਪਕ ਹੋ ਕੇ ਆਤਮਿਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ। ਪੰਜ ਤੱਤਾਂ ਤੋਂ ਬਣੇ ਇਸ ਸਰੀਰ ਵਿੱਚ ਸਵਾਸ ਚਲਦਾ ਹੀ ਰਹਿੰਦਾ ਹੈ। ਗਿਆਨਵਾਨ ਮਨੁੱਖ ਇਸ ਗੱਲ ਨੂੰ ਸਮਝ ਸਕਦਾ ਹੈ, ਕਿ ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦੇ ਅੰਦਰੋਂ ਸਿਰਫ਼ ਆਪਾ-ਭਾਵ ਦੀ ਮੌਤ ਹੁੰਦੀ ਹੈ। ਗੁਰੂ ਦੀ ਪ੍ਰਾਪਤੀ ਨਾਲ ਮਨੁੱਖ ਅੰਦਰੋਂ ਮਾਇਆ ਦਾ ਹੰਕਾਰ ਮਰ ਜਾਂਦਾ ਹੈ, ਪਰ ਆਤਮਾ ਨਹੀਂ ਮਰਦੀ ਜੋ ਸਭ ਦੀ ਸੰਭਾਲ ਕਰਨ ਵਾਲੇ ਪਰਮਾਤਮਾ ਦੀ ਅੰਸ਼ ਹੈ। ਭਾਈ ਗੁਰਦਾਸ ਨੇ ਪੰਦਰ੍ਹਵੀਂ ਵਾਰ ਵਿੱਚ ਵੀ ਇਸੇ ਦਾ ਵਿਸਥਾਰ ਕੀਤਾ ਹੈ, ਕਿ ਪਰਮਾਤਮਾ ਨੇ ਵਿਅਕਤੀ ਦੀ ਹੋਂਦ ਮਾਂ ਦੇ ਰਕਤ ਤੇ ਪਿਤਾ ਦੇ ਵੀਰਜ ਤੋਂ ਕੀਤੀ; ਉਸ ਨੇ ਮਾਂ ਦੇ ਗਰਭ ਕੁੰਡ ਵਿੱਚ ਰੱਖੇ ਪੁਤਲੇ ਵਿੱਚ ਚੇਤਨ ਸੱਤਾ ਪਾ ਕੇ ਛੇ ਮਹੀਨਿਆਂ ਵਿੱਚ ਸੁੰਦਰ ਸਰੀਰ ਬਣਾ ਕੇ ਮਨੁੱਖੀ ਲੋੜਾਂ ਦੀ ਪੂਰਤੀ ਲਈ ਅੱਖ, ਕੰਨ, ਨੱਕ, ਪੈਰ, ਹੱਥ, ਜੀਭ, ਦੰਦ ਅਤੇ ਵਾਲ ਆਦਿ ਦੀ ਰਚਨਾ ਕੀਤੀ;
ਰਕਤੁ ਬਿੰਦ ਕਰਿ ਨਿੰਮਿਆ ਚਿੱਤ੍ਰ ਚਲਿੱਤ੍ਰ ਬਚਿੱਤ੍ਰ ਬਣਾਯਾ।
ਗਰਭ ਕੁੰਡ ਵਿਚ ਰੱਖਿਆ ਜੀਉ ਪਾਇ ਤਨੁ ਸਾਜਿ ਸੁਹਾਯਾ।
ਮੂੰਹ ਅੱਖੀਂ ਦੇ ਨੱਕ ਕੰਨ ਹੱਥ ਪੈਰ ਦੰਦ ਵਾਲ ਗਣਾਇਆ। ਦਿਸਟਿ ਸਬਦ ਗਤਿ ਸੁਰਤਿ ਲਿਵ ਰਾਗ ਰੰਗ ਰਸ ਪਰਸ ਲੁਭਾਯਾ ।
ਉਤਮੁ ਕੁਲੁ ਉਤਮੁ ਜਨਮੁ ਰੋਮ ਰੋਮ ਗੁਣ ਅੰਗ ਸਬਾਯਾ ।
ਬਾਲ ਬੁਧਿ ਮੁਹਿ ਦੁਧਿ ਦੇ ਕਰਿ ਮਲ ਮੂਤ੍ਰ ਸੂਤ੍ਰ ਵਿਚਿ ਆਯਾ। ਹੋਇ ਸਿਆਣਾ ਸਮਝਿਆ ਕਰਤਾ ਛਡਿ ਕੀਤੇ ਲਪਟਾਇਯਾ ॥ ਗੁਰ ਪੂਰੇ ਵਿਣੁ ਮੋਹਿਆ ਮਾਯਾ ॥ ੧੫ ॥ ੧੮ ॥
(ਵਾਰ ੧੫ ਪਉੜੀ ੧੮. ਭਾਈ ਗੁਰਦਾਸ ਜੀ)
ਇਹ ਪਰਮਾਤਮਾ ਦਾ ਹੀ ਇਕ ਸੁੰਦਰ ਅਤੇ ਅਸਚਰਜ ਖੇਲ ਹੈ, ਕਿ ਜਿਵੇਂ ਉਸ ਨੇ ਇਹ ਮਨੁੱਖਾ ਸਰੀਰ ਬਣਾਇਆ। ਪਹਿਲਾਂ ਮਾਤਾ ਦੇ ਪੇਟ ਵਿੱਚ ਰੱਖਿਆ ਅਤੇ ਜੀਉ (ਜਾਨ) ਪਾ ਕੇ ਤਨ ਨੂੰ ਸਾਜ ਕੇ ਸ਼ੋਭਨੀਕ ਕੀਤਾ। ਮੂੰਹ, ਅੱਖਾਂ, ਨੱਕ, ਕੰਨ, ਹੱਥ, ਪੈਰ, ਦੰਦ ਅਤੇ ਵਾਲ ਆਦਿ ਸਾਰੇ ਅੰਗ ਇੰਦਰੇ ਪੂਰੇ ਕਰ ਦਿੱਤੇ। ਪਰਮਾਤਮਾ ਨੇ ਕਿਵੇਂ ਅਤੇ ਕਿਸ ਤਰੀਕੇ ਨਾਲ ਜੀਵ ਨੂੰ ਜੀਵਨ ਦੇ ਕੇ ਹੋਂਦ ਵਿੱਚ ਲਿਆਂਦਾ ਤੇ ਫਿਰ ਅੱਖਾਂ ਨੂੰ ਦੇਖਣ ਦੀ ਸ਼ਕਤੀ, ਕੰਨਾਂ ਨੂੰ ਸੁਣਨ ਦੀ ਸ਼ਕਤੀ, ਅੰਗਾਂ ਨੂੰ ਹਿਲਣ-ਜੁਲਣ ਦੀ ਸ਼ਕਤੀ ਤੇ ਸੁਰਤ ਨੂੰ ਸਮਝਣ ਤੇ ਅਨੁਭਵ ਕਰਨ ਦੀ ਸ਼ਕਤੀ ਦਿੱਤੀ, ਜਿਸ ਨਾਲ ਪਰਮਾਤਮਾ ਦਾ ਧਿਆਨ ਕੀਤਾ ਜਾ ਸਕਦਾ ਹੈ। ਭਾਈ ਗੁਰਦਾਸ ਜੀ ਨੇ ਮਨੁੱਖ ਦੀ ਵਿਵਹਾਰਿਕ ਪ੍ਰਸਥਿਤੀ ਦਾ ਉਲੇਖ ਕਰਦੇ ਹੋਏ ਕਿਹਾ ਹੈ ਕਿ, ਇਨ੍ਹਾਂ ਰੱਬੀ ਸ਼ਕਤੀਆਂ ਨੂੰ ਪ੍ਰਾਪਤ ਕਰਕੇ ਵੀ ਮਨੁੱਖ ਪਰਮਾਤਮਾ ਦੀ ਸਿਫ਼ਤ ਸਲਾਹ ਨਾ ਕਰ ਕੇ ਮਾਇਆ ਦੇ ਕਾਰਨ ਪੰਜ ਵਿਕਾਰਾਂ ਵਿੱਚ ਗ੍ਰਸਤ ਹੋ ਜਾਂਦਾ ਹੈ।
ਗਿਆਨ ਇੰਦਰੀਆਂ ਦੇ ਬਾਹਰੀ ਵਿਸ਼ਿਆਂ ਨਾਲ ਸੰਪਰਕ ਕਾਰਨ, ਜਿਸ ਮਨ ਨੂੰ ਸੇਵਾ ਤੇ ਸਿਮਰਨ ਵੱਲ ਲਾਉਣਾ ਸੀ, ਉਹ ਵਿਕਾਰਾਂ ਵੱਲ ਝੁਕ ਗਿਆ। ਇਸ ਤਰ੍ਹਾਂ ਜੀਭ ਸੁਆਦਾਂ ਦੇ ਰਸ ਵਿੱਚ, ਅੱਖਾਂ ਰੂਪ ਦੇਖਣ ਵਿੱਚ ਕੰਨ ਰਾਗਾਂ ਦੇ ਮੋਹ ਵਿੱਚ ਅਤੇ ਮਨ ਨੂੰ ਕਾਮ ਨੇ ਸਪਰਸ਼ਤਾ ਦੇ ਔਗੁਣਾਂ ਵਿੱਚ ਲਗਾ ਦਿੱਤਾ । ਸਭ ਜੀਵਾਂ ਵਿਚੋਂ ਉੱਤਮ ਦੇਹੀ, ਮਨੁੱਖ ਦੀ ਹੈ ਤੇ ਉਪਰੋਕਤ ਪਰਮਾਤਮਾ ਦੀਆਂ ਦਾਤਾਂ ਵਾਲਾ ਮਨੁੱਖੀ ਜੀਵਨ ਹੀ ਉੱਤਮ ਹੈ, ਜਿਸ ਦੀ ਹੋਂਦ ਤੇ ਪਾਲਣਾ ਪਰਮਾਤਮਾ ਦੇ ਕਾਰਨ ਹੈ ਪਰੰਤੂ ਜਦੋਂ ਮਨੁੱਖ ਆਪਣੇ ਆਪ ਨੂੰ ਸ਼ਕਤੀਸ਼ਾਲੀ ਮੰਨਣ ਲਗ ਪੈਂਦਾ ਹੈ, ਤਾਂ ਆਪਣੇ ਕਰਨਹਾਰ ਕਰਤੇ ਨੂੰ ਛੱਡ ਕੇ ਪਰਮਾਤਮਾ ਦੀਆਂ ਵਸਤੂਆਂ ਦੇ ਰਸਾਂ ਵਿੱਚ ਲਿਪਟ ਜਾਂਦਾ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਮਾਇਆ ਦੇ ਮੋਹ ਤੋਂ ਮੁਕਤ ਹੋਣਾ ਸੰਭਵ ਨਹੀਂ ਹੈ।
ਮਨੁੱਖੀ ਸਰੀਰ ਦੀ ਬਣਤਰ ਦੇ ਦੋ ਪ੍ਰਮੁੱਖ ਭਾਗ-ਸਰੀਰ ਅਤੇ ਆਤਮਾ ਹਨ। ਇਨ੍ਹਾਂ ਵਿਚਲਾ ਬਿੰਦੂ ਮਨ ਹੈ, ਜਿਸ ਨੂੰ ਕਈ ਵਿਦਵਾਨਾਂ ਨੇ ਹਨ੍ਹੇਰੇ ਅਤੇ ਚਾਨਣ ਦੇ ਰੂਪ ਵਿੱਚ ਬਿਆਨ ਕੀਤਾ ਹੈ। ਜਦੋਂ ਹਨੇਰੇ ਤੋਂ ਚਾਨਣ ਵਿੱਚ ਜਾਣਾ ਹੋਵੇ ਤਾਂ ਜਿਸ ਕੇਂਦਰ ਤੇ ਹਨੇਰਾ ਖ਼ਤਮ ਹੁੰਦਾ ਹੈ ਅਤੇ ਚਾਨਣ ਸ਼ੁਰੂ ਹੁੰਦਾ ਹੈ, ਉਸ ਵਿਚਲੇ ਕੇਂਦਰ ਨੂੰ ਮਨ ਸਮਝਿਆ ਜਾ ਸਕਦਾ ਹੈ। ਆਤਮਾ ਅਤੇ ਸਰੀਰ ਦੇ ਵਿਚਲਾ ਕੇਂਦਰ ਮਨ ਹੈ। ਸਰੀਰ ਮਨੁੱਖੀ ਹੋਂਦ ਦਾ ਪਹਿਲਾਂ ਅਤੇ ਬਾਹਰੀ ਪੱਖ ਹੈ, ਜੋ ਪੰਜ ਤੱਤਾਂ ਦਾ ਪੁਤਲਾ ਹੈ। ਇਹ ਮਨੁੱਖ ਦੀ ਬਾਹਰੀ ਪਹਿਚਾਣ ਹੈ। ਇਸ ਦੀ ਬਨਾਵਟ ਵਿੱਚ ਪੰਜ ਤੱਤ-ਹਵਾ, ਪਾਣੀ, ਅੱਗ, ਧਰਤੀ ਅਤੇ ਅਕਾਸ਼ ਮੌਜੂਦ ਹਨ। ਭਾਈ ਗੁਰਦਾਸ ਨੇ ਵੀ ਪੰਜ ਤੱਤਾਂ ਦੀ ਕਾਇਆ ਦਾ ਜ਼ਿਕਰ ਆਪਣੀਆਂ ਵਾਰਾਂ ਵਿੱਚ ਕੀਤਾ ਹੈ । ਆਤਮਾ ਮਨੁੱਖੀ ਸਰੀਰ ਦਾ ਅੰਦਰੂਨੀ ਪੱਖ ਹੈ। ਆਤਮਾ ਬ੍ਰਹਮ ਦੀ ਜੋਤ ਹੈ, ਜੋ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦੀ, ਇਹ ਮਨੁੱਖ ਦਾ ਅਸਲ ਤੱਤ ਹੈ। ਮਨ ਦਾ ਅੰਤਿਮ ਸਿਰਾ ਆਤਮਾ ਨਾਲ ਜਾ ਮਿਲਦਾ ਹੈ, ਜਿਥੇ ਸਰੀਰ ਮੁੱਕਦਾ ਹੈ, ਉਥੋਂ ਮਨ ਸ਼ੁਰੂ ਹੁੰਦਾ ਹੈ, ਜਿਥੇ ਮਨ ਮੁੱਕਦਾ ਹੈ ਉਥੋਂ ਆਤਮਾ ਸ਼ੁਰੂ ਹੁੰਦੀ ਹੈ। ਆਤਮਾ ਪਰਮਾਤਮਾ ਦਾ ਅੰਸ਼ ਹੈ, “ਕਹੁ ਕਬੀਰ ਇਹ ਰਾਮ ਕੀ ਅੰਸੁ” ਗੁਰਬਾਣੀ ਵਿੱਚ ਆਤਮਾ ਅਤੇ ਪਰਮਾਤਮਾ ਨੂੰ ਇਕ ਹੀ ਸੰਦਰਭ ਵਿੱਚ ਪੇਸ਼ ਕੀਤਾ ਗਿਆ ਹੈ। ਸਰੀਰ ਦੀ ਸੂਖ਼ਮ ਸ਼ਕਤੀ ਆਤਮਾ ਹੈ, “ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ” ਮਨੁੱਖ ਦਾ ਸਥੂਲ ਸਰੀਰ ਉਹ ਹੈ, ਜੋ ਸਾਨੂੰ ਪ੍ਰਤੱਖ ਨਜ਼ਰ ਆਉਂਦਾ ਹੈ; ਸੂਖ਼ਮ ਸਰੀਰ ਉਹ ਹੈ; ਜਿਸ ਦਾ ਅਸੀਂ ਅਨੁਭਵ ਕਰਦੇ ਹਾਂ। ਭਾਰਤੀ ਦਰਸ਼ਨ ਵਿੱਚ ਸੂਖ਼ਮ ਅਤੇ ਸਥੂਲ ਰੂਪਾਂ ਰਾਹੀਂ ਆਤਮਾ ਦਾ ਵਿਖਿਆਨ ਕੀਤਾ ਗਿਆ ਹੈ। ਮਨੁੱਖ ਦੀ ਆਪਣੀ ਹਸਤੀ ਉਸ ਦੀ ਆਤਮਾ ਹੈ, ਆਤਮਾ ਅਮਰ ਹੈ। ਡਾ. ਰਤਨ ਸਿੰਘ ਜੱਗੀ ਅਨੁਸਾਰ, ਸਰੀਰ ਵਿੱਚ ਨਾਮ ਰੂਪ ਨਾਮੀ ਪਰਮਾਤਮਾ ਨਿਵਾਸ ਕਰਦਾ ਹੈ। ਉਹ ਖ਼ੁਦ ਰਚੈਤਾ ਹੈ ਅਤੇ ਅਵਿਨਾਸ਼ੀ ਵੀ ਹੈ। ਪਰਮਾਤਮਾ ਦੀ ਜੋਤ ਸਾਰਿਆਂ ਅੰਦਰ ਵਿਦਮਾਨ ਹੈ।
ਹੁਣ ਮਨ ਦੇ ਅੰਦਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਪ੍ਰਮਾਤਮਾ ਨੇ ਇਸ ਦੇਹੀ ਦੇ ਅੰਦਰ ਪਾਇਆ ਕੀ ਹੈ?
ਇਸੁ ਕਾਇਆ ਅੰਦਰਿ ਵਸਤੁ ਅਸੰਖਾ ॥
ਗੁਰਮੁਖਿ ਸਾਚੁ ਮਿਲੈ ਤਾ ਵੇਖਾ ॥
ਨਉ ਦਰਵਾਜੇ ਦਸਵੈ ਮੁਕਤਾ
ਅਨਹਦ ਸਬਦੁ ਵਜਾਵਣਿਆ ॥੩॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੧੧੦)
ਪ੍ਰਮਾਤਮਾ ਨੇ ਇਸ ਮਨੁੱਖਾ ਦੇਹੀ ਦੇ ਅੰਦਰ ਅਨੇਕਾਂ ਵਸਤੂਆਂ ਪਾਈਆਂ ਹਨ। ਬੇਅੰਤ ਗੁਣਾਂ ਦਾ ਮਾਲਕ ਪ੍ਰਭੂ ਮਨੁੱਖ ਦੇ ਇਸ ਸਰੀਰ ਦੇ ਅੰਦਰ ਹੀ ਵੱਸਦਾ ਹੈ। ਗੁਰੂ ਦੇ ਸਨਮੁਖ ਰਹਿ ਕੇ ਜਦੋਂ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਤਾਂ ਆਪਣੇ ਅੰਦਰ ਵੱਸਦੇ ਪ੍ਰਭੂ ਦਾ ਦਰਸ਼ਨ ਕਰਦਾ ਹੈ, ਉਸ ਸਮੇਂ ਮਨੁੱਖ ਨੌਂ ਗੋਲਕਾਂ ਦੀਆਂ ਵਾਸ਼ਨਾਵਾਂ ਤੋਂ ਉੱਚਾ ਹੋ ਕੇ ਦਸਵੇਂ ਦੁਆਰ ਵਿਚ ਭਾਵ, ਵਿਚਾਰ ਮੰਡਲ ਵਿਚ ਪਹੁੰਚ ਕੇ ਵਿਕਾਰਾਂ ਵਲੋਂ ਆਜ਼ਾਦ ਹੋ ਜਾਂਦਾ ਹੈ ਤੇ ਆਪਣੇ ਅੰਦਰ ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਦਾ ਅਭਿਆਸ ਕਰਦਾ ਹੈ। “ਇਸੁ ਕਾਇਆ ਅੰਦਰਿ ਬਹੁਤੁ ਪਸਾਰਾ॥” ਇਸ ਮਨੁੱਖਾ ਸਰੀਰ ਵਿੱਚ ਪ੍ਰਮਾਤਮਾ ਨੇ ਬਹੁਤ ਸਾਰਾ ਪਸਾਰਾ ਪਸਾਰਿਆ ਹੋਇਆ ਹੈ। “ਇਹੁ ਸਰੀਰੁ ਸਭ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ॥ ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ॥”
ਇਹ ਸਰੀਰ ਸਾਰਾ ਮਨੁੱਖਾ ਨੂੰ ਧਰਮ ਕਮਾਉਣ ਦੀ ਸ੍ਰੇਸ਼ਟ ਥਾਂ ਪ੍ਰਮਾਤਮਾ ਨੇ ਦਿੱਤੀ ਹੈ, ਇਸ ਵਿਚ ਸੱਚੇ ਪ੍ਰਭੂ ਦੀ ਜੋਤਿ ਲੁਕਾਈ ਹੋਈ ਹੈ। ਇਸ ਅਨਮੋਲ ਸਰੀਰ ਵਿਚ ਦੈਵੀ ਗੁਣ-ਰੂਪ ਗੁੱਝੇ ਲਾਲ ਲੁਕੇ ਹੋਏ ਹਨ। ਸਤਿਗੁਰੂ ਦੇ ਸਨਮੁਖ ਹੋਇਆ ਕੋਈ ਵਿਰਲਾ ਸੇਵਕ ਇਹਨਾਂ ਨੂੰ ਪੁੱਟ ਕੇ ਭਾਵ, ਅੰਦਰ ਦੀ ਡੂੰਘੀ ਖੋਜ ਵਿਚਾਰ ਨਾਲ ਹੀ ਕੱਢ ਸਕਦਾ ਹੈ। ਜਦੋਂ ਕੋਈ ਪਿਆਰ ਨਾਲ ਭਿੱਜ ਸੇਵਾ ਸਿਮਰਨ ਕਰਕੇ ਉਹ ਸੇਵਕ ਇਹ ਲਾਲ ਲੱਭ ਲੈਂਦਾ ਹੈ। ਉਸ ਸਮੇਂ ਇਕ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਵਿਚ ਇਸ ਤਰ੍ਹਾਂ ਰਵਿਆ ਹੋਇਆ ਪਛਾਣਦਾ ਹੈ। ਉਹ ਸੇਵਕ ਫਿਰ ਸਾਰੇ ਸੰਸਾਰ ਵਿਚ ਇਕ ਹਰੀ ਨੂੰ ਹੀ ਵੇਖਦਾ ਹੈ।
ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ ॥ ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ ॥ ਕਾਇਆ ਕਾਮਣਿ ਸਦਾ ਸੁਹੇਲੀ ਗੁਰਮੁਖਿ ਨਾਮੁ ਸਮ੍ਹਾਲਾ ॥੨॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੭੫੪)
ਖੰਡਾਂ ਮੰਡਲਾਂ ਪਾਤਾਲਾਂ ਸਾਰੇ ਜਗਤ ਦਾ ਹਰੇਕ ਸੁਖ ਉਸ ਸਰੀਰ ਦੇ ਅੰਦਰ ਆ ਵੱਸਦਾ ਹੈ, ਜਿਸ ਸਰੀਰ ਵਿਚ ਜਗਤ ਦਾ ਜੀਵਨ ਉਹ ਦਾਤਾਰ-ਪ੍ਰਭੂ ਪਰਗਟ ਹੋ ਜਾਂਦਾ ਹੈ ਜੋ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਉਂਦਾ ਹੈ ਉਸ ਦੀ ਕਾਇਆ-ਇਸਤ੍ਰੀ ਸਦਾ ਸੁਖੀ ਰਹਿੰਦੀ ਹੈ।
ਕਾਇਆ ਅੰਦਰਿ ਆਪੇ ਵਸੈ ਅਲਖੁ ਨ ਲਖਿਆ ਜਾਈ ॥ ਮਨਮੁਖੁ ਮੁਗਧੁ ਬੂਝੈ ਨਾਹੀ ਬਾਹਰਿ ਭਾਲਣਿ ਜਾਈ ॥ ਸਤਿਗੁਰੁ ਸੇਵੇ ਸਦਾ ਸੁਖੁ ਪਾਏ ਸਤਿਗੁਰਿ ਅਲਖੁ ਦਿਤਾ ਲਖਾਈ ॥੩॥ ਕਾਇਆ ਅੰਦਰਿ ਰਤਨ ਪਦਾਰਥ ਭਗਤਿ ਭਰੇ ਭੰਡਾਰਾ ॥ ਇਸੁ ਕਾਇਆ ਅੰਦਰਿ ਨਉਖੰਡ ਪ੍ਰਿਥਮੀ ਹਾਟ ਪਟਣ ਬਾਜਾਰਾ॥ ਇਸੁ ਕਾਇਆ ਅੰਦਰਿ ਨਾਮੁ ਨਉ ਨਿਧਿ ਪਾਈਐ ਗੁਰ ਕੈ ਸਬਦਿ ਵੀਚਾਰਾ ॥੪॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੭੫੪)
ਇਸ ਸਰੀਰ ਵਿਚ ਪ੍ਰਭੂ ਆਪ ਹੀ ਵੱਸਦਾ ਹੈ, ਪਰ ਉਹ ਅਦ੍ਰਿਸ਼ਟ ਹੈ ਸਧਾਰਨ ਤੌਰ ‘ਤੇ ਵੇਖਿਆ ਨਹੀਂ ਜਾ ਸਕਦਾ ਅਤੇ ਨਾ ਹੀ ਉਸਨੂੰ ਬਿਆਨ ਕੀਤਾ ਜਾ ਸਕਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਇਹ ਰਹੱਸ ਨਹੀਂ ਸਮਝ ਪਾਉਂਦਾ, ਉਸ ਪ੍ਰਭੂ ਨੂੰ ਬਾਹਰ ਜੰਗਲ ਆਦਿਕ ਵਿਚ ਲੱਭਣ ਤੁਰ ਪੈਂਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਹੈ, ਉਹ ਸਦਾ ਆਤਮਿਕ ਆਨੰਦ ਮਾਣਦਾ ਹੈ ਕਿਉਂਕਿ ਜਿਹੜਾ ਵੀ ਮਨੁੱਖ ਗੁਰੂ ਦੀ ਸ਼ਰਨ ਆ ਪਿਆ ਗੁਰੂ ਨੇ ਉਸ ਨੂੰ ਅਦ੍ਰਿਸ਼ਟ ਪਰਮਾਤਮਾ ਉਸ ਦੇ ਅੰਦਰ ਵੱਸਦਾ ਵਿਖਾ ਦਿੱਤਾ। ਇਸ ਦੇਹੀ ਦੇ ਅੰਦਰ ਤਾਂ ਪਰਮਾਤਮਾ ਦੀ ਭਗਤੀ ਦੇ ਮਾਨੋ ਗੁਣਾਂ ਰੂਪੀ ਰਤਨ ਪਦਾਰਥ ਰੱਖੇ ਹੋਏ ਹਨ। ਇਹਨਾਂ ਰਤਨਾਂ ਪਦਾਰਥਾਂ ਦੇ ਖ਼ਜ਼ਾਨੇ ਇਸ ਮਨੁੱਖ ਸਰੀਰ ਵਿਚ ਭਰੇ ਪਏ ਹਨ। ਇਸ ਸਰੀਰ ਦੇ ਅੰਦਰ ਹੀ ਸਾਰੀ ਧਰਤੀ ਦੇ ਹੱਟ ਬਾਜ਼ਾਰ ਤੇ ਸ਼ਹਿਰ ਵੱਸ ਰਹੇ ਹਨ। ਗੁਰੂ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਅੰਦਰ ਹੀ ਨਾਮ ਧਨ ਵਿਹਾਝਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਇਸ ਸਰੀਰ ਦੇ ਵਿਚੋਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਮਾਨੋ ਧਰਤੀ ਦੇ ਨੌਂ ਹੀ ਖ਼ਜ਼ਾਨੇ ਹੈ।
ਕਾਇਆ ਅੰਦਰਿ ਤੋਲਿ ਤੁਲਾਵੈ ਆਪੇ ਤੋਲਣਹਾਰਾ ॥ ਇਹੁ ਮਨੁ ਰਤਨੁ ਜਵਾਹਰ ਮਾਣਕੁ ਤਿਸ ਕਾ ਮੋਲੁ ਅਫਾਰਾ ॥ ਮੋਲਿ ਕਿਤ ਹੀ ਨਾਮੁ ਪਾਈਐ ਨਾਹੀ ਨਾਮੁ ਪਾਈਐ ਗੁਰ ਬੀਚਾਰਾ ॥੫॥ ਗੁਰਮੁਖਿ ਹੋਵੈ ਸੁ ਕਾਇਆ ਖੋਜੈ ਹੋਰ ਸਭ ਭਰਮਿ ਭੁਲਾਈ ॥ ਜਿਸ ਨੋ ਦੇਇ ਸੋਈ ਜਨੁ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ॥ ਕਾਇਆ ਅੰਦਰਿ ਭਉ ਭਾਉ ਵਸੈ ਗੁਰ ਪਰਸਾਦੀ ਪਾਈ ॥੬ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੭੫੪)
ਇਸ ਮਨੁੱਖਾ ਸਰੀਰ ਵਿਚ ਨਾਮ-ਰਤਨ ਦੀ ਪਰਖ ਕਰਨ ਵਾਲਾ ਪ੍ਰਭੂ ਆਪ ਹੀ ਵੱਸਦਾ ਹੈ, ਉਹ ਆਪ ਪਰਖ ਕਰ ਕੇ ਨਾਮ-ਰਤਨ ਦੀ ਪਰਖ ਦਾ ਤਰੀਕਾ ਸਿਖਾਉਂਦਾ ਹੈ। ਜਿਸ ਮਨੁੱਖ ਨੂੰ ਇਹ ਤਰੀਕਾ ਦਿੰਦਾ ਹੈ। ਉਸ ਦਾ ਇਹ ਮਨ ਰਤਨ ਜਵਾਹਰ ਮੋਤੀ ਵਰਗਾ ਕੀਮਤੀ ਬਣ ਜਾਂਦਾ ਹੈ। ਇਤਨਾ ਕੀਮਤੀ ਬਣ ਜਾਂਦਾ ਹੈ ਕਿ ਕੋਈ ਵੀ ਉਸ ਦਾ ਮੁੱਲ ਨਹੀਂ ਪੈ ਸਕਦਾ। ਉਸ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਪਰਮਾਤਮਾ ਦਾ ਨਾਮ ਕਿਸੇ ਦੁਨਿਆਵੀ ਕੀਮਤ ਨਾਲ ਨਹੀਂ ਮਿਲ ਸਕਦਾ। ਸਤਿਗੁਰੂ ਦੀ ਬਾਣੀ ਦੀ ਵਿਚਾਰ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ। ਜੋ ਵੀ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਵਾਸਤੇ ਆਪਣੇ ਅੰਦਰ ਦੀ ਖੋਜ ਵਿਚ ਲੱਗ ਜਾਂਦਾ ਹੈ । ਬਾਕੀ ਦੀ ਲੁਕਾਈ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ। ਪਰਮਾਤਮਾ ਆਪ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ। ਕੋਈ ਵੀ ਮਨੁੱਖ ਗੁਰੂ ਦੀ ਸ਼ਰਨ ਤੋਂ ਬਿਨਾਂ ਹੋਰ ਕੋਈ ਸਿਆਣਪ ਨਹੀਂ ਕਰ ਸਕਦਾ ਜਿਸ ਨਾਲ ਨਾਮ ਪ੍ਰਾਪਤ ਕਰ ਸਕੇ। ਗੁਰੂ ਦੀ ਕਿਰਪਾ ਨਾਲ ਹੀ ਨਾਮ ਪ੍ਰਾਪਤ ਹੁੰਦਾ ਹੈ। ਜਿਸ ਨੂੰ ਪ੍ਰਾਪਤ ਹੁੰਦਾ ਹੈ ਉਸ ਦੇ ਸਰੀਰ ਵਿਚ ਪਰਮਾਤਮਾ ਦਾ ਡਰ-ਅਦਬ ਅਤੇ ਪਿਆਰ ਆ ਵੱਸਦਾ ਹੈ।
ਤਿਨਿ ਕਰਤੈ ਇਕੁ ਖੇਲੁ ਰਚਾਇਆ ॥ ਕਾਇਆ ਸਰੀਰੈ ਵਿਚਿ ਸਭੁ ਕਿਛੁ ਪਾਇਆ ॥ ਸਬਦਿ ਭੇਦਿ ਕੋਈ ਮਹਲੁ ਪਾਏ ਮਹਲੇ ਮਹਲਿ ਬੁਲਾਵਣਿਆ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੧੧੭)
ਉਸ ਕਰਤਾਰ ਨੇ ਇਹ ਜਗਤ ਇਕ ਤਮਾਸ਼ੇ ਦੀ ਤਰ੍ਹਾਂ ਰਚਿਆ ਹੋਇਆ ਹੈ। ਉਸ ਅਕਾਲ ਪੁਰਖ ਨੇ ਮਨੁੱਖਾ ਸਰੀਰ ਵਿਚ ਹਰੇਕ ਗੁਣ ਭਰ ਦਿੱਤਾ ਹੈ। ਜਿਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਆਪੇ ਦੀ ਖੋਜ ਕਰ ਕੇ ਪਰਮਾਤਮਾ ਦੀ ਹਜੂਰੀ ਹਾਸਿਲ ਕਰ ਲੈਂਦਾ ਹੈ। ਪਰਮਾਤਮਾ ਉਸ ਨੂੰ ਆਪਣੀ ਹਜ਼ੂਰੀ ਵਿਚ ਹੀ ਟਿਕਾਈ ਰੱਖਦਾ ਹੈ। ਇਸ ਦੇਹੀ ਦੇ ਪਸਾਰੇ ਨੂੰ ਗੁਰਬਾਣੀ ਦੇ ਅੰਦਰ ਵੱਖ-ਵੱਖ ਰੂਪਾਂ ਵਿੱਚ ਵੀ ਵਿਆਖਿਆ ਕੀਤੀ ਹੈ।
ਗਿ. ਗੁਰਮੁੱਖ ਸਿੰਘ ਖਾਲਸਾ ਐਮ.ਏ.
