27 views 2 secs 0 comments

ਮਨ ਦਾ ਭੋਜਨ

ਲੇਖ
September 24, 2025

ਕਥਾ ਕੀਰਤਨ ਤਨ ਦਾ ਭੋਜਨ ਨਹੀਂ ਹੈ। ਜੇ ਐਸਾ ਹੁੰਦਾ ਕਿ ਕੀਰਤਨ ਨਾਲ ਹੀ ਪੇਟ ਭਰਦਾ ਜਾਂ ਕਥਾ ਨਾਲ ਹੀ ਪੇਟ ਭਰਦਾ ਤਾਂ ਫਿਰ ਰੋਟੀ ਖਾਣ ਦੀ ਲੋੜ ਹੀ ਨਹੀਂ ਸੀ। ਕਥਾ ਕੀਰਤਨ ਮਨ ਦਾ ਭੋਜਨ ਹੈ। ਇਹ ਮਨ ਲਈ ਹਨ। ਮੈਂ ਅਰਜ਼ ਕਰਾਂ, ਜਿਵੇਂ ਗੰਦਾ ਪਾਣੀ ਪੀ ਕੇ ਵੀ ਪਿਆਸ ਬੁਝ ਸਕਦੀ ਹੈ। ਗੰਦੇ ਨਾਵਲ ਪੜ੍ਹ ਕੇ ਵੀ ਮਨ ਨੂੰ ਰਸ ਦਿੱਤਾ ਸਕਦਾ ਹੈ, ਪਰ ਸੁਖਮਨੀ ਸਾਹਿਬ ਪੜ੍ਹ ਕੇ ਵੀ ਅਨੰਦ ਮਾਣਿਆ ਜਾ ਸਕਦਾ ਹੈ। ਗੰਦੀਆਂ ਫ਼ਿਲਮਾਂ ਵੇਖ ਕੇ ਮਨ ਪ੍ਰਚਾਇਆ ਜਾ ਸਕਦੈ ਪਰ ਸਤਿਸੰਗ ਦੇ ਦਰਸ਼ਨ ਕਰ ਕੇ ਵੀ ਮਨ ਨੂੰ ਪ੍ਰਚਾਇਆ ਜਾ ਸਕਦੈ। ਬਿਖੈ ਨਾਦ ਸੁਣ ਕੇ ਵੀ ਮਨ ਨੂੰ ਤ੍ਰਿਪਤ ਕੀਤਾ ਜਾ ਸਕਦੈ। ਗੁਰਮਤਿ ਸੰਗੀਤ ਸੁਣ ਕੇ ਵੀ ਮਨ ਨੂੰ ਤ੍ਰਿਪਤ ਕੀਤਾ ਜਾ ਸਕਦੈ। ਪਰ ਯਾਦ ਰੱਖਣਾ, ਗੰਦਾ ਪਾਣੀ ਪੀਆਂਗੇ ਤਾਂ ਇਹ ਤਨ ਰੋਗੀ ਹੋਵੇਗਾ। ਗੰਦੇ ਵਿਚਾਰ ਪੜ੍ਹਾਂਗੇ, ਸੁਣਾਂਗੇ ਤਾਂ ਮਨ ਰੋਗੀ ਹੋਵੇਗਾ ਅਤੇ ਲਾਜ਼ਮੀ ਹੋਵੇਗਾ। ਇਸ ਸਦੀ ਵਿਚ ਮਨ ਨੂੰ ਇਤਨਾ ਗੰਦਾ ਭੋਜਨ ਮਿਲ ਰਿਹੈ ਕਿ ਸਾਰੀ ਦੁਨੀਆਂ ਵਿਚ ਮਾਨਸਿਕ ਰੋਗ ਵੱਧਦੇ ਜਾ ਰਹੇ ਨੇ। ਗੰਦੇ ਦ੍ਰਿਸ਼ ਦੇਖਣ ਨੂੰ, ਗੰਦੀਆਂ ਗੱਲਾਂ ਪੜ੍ਹਨ ਨੂੰ ਤੇ ਸੁਣਨ ਨੂੰ। ਅੱਜ ਜਿਤਨਾ ਗੰਦਾ ਲਿਟਰੇਚਰ ਮਾਰਕੀਟ ਵਿਚ ਹੈ, ਪਹਿਲੇ ਨਹੀਂ ਸੀ ਕਦੇ।

ਸਫ਼ਰ ਕਰਦਿਆਂ ਮੈਂ ਦੇਖਦਾਂ ਕਿ ਹਰ ਇਕ ਦੇ ਹੱਥ ਵਿਚ ਕੋਈ ਫ਼ਿਲਮੀ ਮੈਗਜ਼ੀਨ ਹੈ ਜਾਂ ਜਿਨਸੀਆਤ ਨਾਲ ਭਰੀਆਂ ਹੋਈਆਂ ਕਹਾਣੀਆਂ ਨੇ ਜਾਂ ਗੰਦੇ ਨਾਵਲ ਨੇ।

ਨਾਵਲ ਕਿਸੇ ਸ਼ਰੀਫ਼ ਆਦਮੀ ਦੇ ਦੁਆਲੇ ਨਹੀਂ ਲਿਖਿਆ ਜਾ ਸਕਦਾ, ਡਾਕੂ ਦੇ ਆਲੇ-ਦੁਆਲੇ ਲਿਖਿਆ ਜਾਏਗਾ। ਦੁਰਾਚਾਰੀ ਦੇ ਆਲੇ-ਦੁਆਲੇ ਲਿਖਿਆ ਜਾਏਗਾ। ਕਿਸੇ ਜਾਸੂਸ ਦੇ ਬਾਰੇ ਲਿਖਿਆ ਜਾਏਗਾ। ਹੋਰ ਨਾਵਲ ਕਿਸ ਦੇ ਆਲੇ-ਦੁਆਲੇ ਲਿਖਿਆ ਜਾਏਗਾ? ਆਪ ਦੇ ਗਿਆਤ ਲਈ ਅਰਜ਼ ਕਰਾਂ-ਮਨੋਚਿੰਤਕ ਇਹ ਗੱਲ ਕਹਿੰਦੇ ਨੇ ਕਿ ਜੋ ਕਤਲ ਕਰ ਨਹੀਂ ਸਕਿਆ, ਉਹ ਕਤਲ ਦੀਆਂ ਕਹਾਣੀਆਂ ਪੜ੍ਹ ਕੇ ਰਸ ਲੈਂਦਾ ਪਿਆ ਹੈ। ਜੋ ਚੋਰੀ ਕਰ ਨਹੀਂ ਸਕਦਾ, ਉਹ ਚੋਰਾਂ ਦੀਆਂ ਗੱਲਾਂ ਪੜ੍ਹ ਸੁਣ ਕੇ ਅਨੰਦ ਲੈਂਦਾ ਹੈ। ਜੋ ਦੁਰਾਚਾਰ ਕਰ ਨਹੀਂ ਸਕਿਆ, ਉਹ ਨਾਵਲਾਂ ਵਿਚ ਦੁਰਾਚਾਰ ਪੜ੍ਹ ਕੇ ਰਸ ਪਿਆ ਲੈਂਦਾ ਹੈ। ਐਸਾ ਕੁਝ ਪੜ੍ਹਨਾ ਇਸ ਗੱਲ ਦਾ ਸਬੂਤ ਹੈ ਕਿ ਦੁਰਾਚਾਰ ਇਹ ਵੀ ਕਰਨਾ ਚਾਹੁੰਦਾ ਹੈ, ਪਰ ਹਿੰਮਤ ਕੋਈ ਨਹੀਂ ਹੈ, ਇਸ ਲਈ ਪੜ੍ਹ ਕੇ ਸੁਆਦ ਲੈਂਦਾ ਪਿਆ ਹੈ। ਬੱਸ ਇਤਨੀ ਗੱਲ ਹੈ। ਇਸ ਗ਼ਲਾਜ਼ਤ ਭਰੀ ਸੋਚ ਦੇ ਉਲਟ ਕੋਈ ਐਸਾ ਵੀ ਹੈ ਜੋ ਰੱਬ ਨੂੰ ਮਿਲਣਾ ਚਾਹੁੰਦਾ ਹੈ, ਪਰ ਸਿੱਧਾ ਮਿਲ ਨਹੀਂ ਸਕਦਾ, ਇਸ ਲਈ ਗੁਰੂ ਦੀ ਬਾਣੀ ਪਿਆ ਪੜ੍ਹਦਾ ਹੈ। ਹੱਥ ਵਿਚ ਸੁੰਦਰ ਗੁਟਕਾ ਹੈ ਜਾਂ ਕੀਰਤਨ ਸੁਣਦਾ ਪਿਆ ਹੈ ਕਿ ਕਿਸੇ ਤਰੀਕੇ ਨਾਲ ਪ੍ਰਭੂ ਮਿਲ ਜਾਏ, ਈਸ਼ਵਰ ਮਿਲ ਜਾਏ।

ਗਿਆਨੀ ਸੰਤ ਸਿੰਘ ਜੀ ਮਸਕੀਨ