
-ਸ. ਸੁਖਦੇਵ ਸਿੰਘ ਸ਼ਾਂਤ
ਇਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਕੁਝ ਸਿੰਘਾਂ ਨੇ ਬੇਨਤੀ ਕੀਤੀ, “ਮਹਾਰਾਜ ਜੇਕਰ ਆਪ ਜੀ ਦੀ ਆਗਿਆ ਹੋਵੇ ਤਾਂ ਅਸੀਂ ਨਾਲ ਦੇ ਪਿੰਡ ਵਿਚ ਇਕ ਨਾਟ-ਮੰਡਲੀ ਦਾ ਪ੍ਰੋਗਰਾਮ ਦੇਖ ਆਈਏ।”
ਗੁਰੂ ਜੀ ਨੇ ਆਗਿਆ ਦੇ ਦਿੱਤੀ। ਸਿੰਘ ਬਹੁਤ ਖੁਸ਼ ਹੋਏ। ਨਿੱਤ ਦੇ ਸੰਘਰਸ਼ ਭਰੇ ਜੀਵਨ ਵਿਚ ਕੁਝ ਮਨੋਰੰਜਨ ਕਰਨ ਦਾ ਉਨ੍ਹਾਂ ਦੇ ਦਿਲ ਵਿਚ ਮੰਤਵ ਸੀ। ਕੁਝ ਸਿੰਘ ਤਾਂ ਚਲੇ ਗਏ ਪਰ ਬਾਕੀ ਦੇ ਗੁਰੂ ਜੀ ਪਾਸ ਹੀ ਠਹਿਰ ਗਏ। ਚਾਰੇ ਪਾਸਿਆਂ ਤੋਂ ਵਿਰੋਧੀ ਫੌਜ ਦਾ ਖ਼ਤਰਾ ਮੌਜੂਦ ਸੀ। ਇਸ ਲਈ ਬਹੁਤ ਸਾਰੇ ਸਿੰਘਾਂ ਨੇ ਗੁਰੂ ਜੀ ਦੇ ਕੋਲ ਰਹਿਣਾ ਹੀ ਜ਼ਰੂਰੀ ਸਮਝਿਆ। ਤਮਾਸ਼ਾ ਦੇਖਣ ਗਏ ਸਿੰਘ ਦੇਰ ਰਾਤ ਤਕ ਉਸ ਪਿੰਡ ਵਿਚ ਰਹੇ ਅਤੇ ਅੱਧੀ ਰਾਤ ਨੂੰ ਵਾਪਸ ਆਏ।
ਸਵੇਰ ਹੋਈ। ਗੁਰੂ ਜੀ ਨੇ ਭਰੀ ਸੰਗਤ ਵਿਚ ਫੁਰਮਾਇਆ, “ਜਿਹੜੇ ਸਿੰਘ ਰਾਤ ਗੈਰ-ਹਾਜ਼ਰ ਸਨ ਉਹ ਹਾਜ਼ਰ। ਜਿਹੜੇ ਸਿੰਘ ਮੇਰੇ ਕੋਲ ਹਾਜ਼ਰ ਸਨ, ਉਹ ਗੈਰ-ਹਾਜ਼ਰ। ਇਸ ਅਨੋਖੇ ਫ਼ਰਮਾਨ ਨੂੰ ਸੁਣ ਕੇ ਸਾਰੀ ਸੰਗਤ ਹੈਰਾਨ ਹੋ ਗਈ।
ਗੁਰੂ ਜੀ ਨੇ ਸੰਗਤ ਦੀ ਹੈਰਾਨੀ ਨੂੰ ਦੂਰ ਕਰਦਿਆਂ ਆਖਿਆ, “ਜਿਹੜੇ ਸਿੰਘ ਨਾਟ-ਮੰਡਲੀ ਦਾ ਤਮਾਸ਼ਾ ਦੇਖਣ ਗਏ ਸਨ ਉਹ ਤਮਾਸ਼ਾ ਦੇਖਦੇ ਹੋਏ ਵੀ ਮੇਰੇ ਕੋਲ ਸਨ। ਉਹ ਉਥੇ ਬੈਠੇ ਸਾਰਾ ਸਮਾਂ ਪਛਤਾਉਂਦੇ ਰਹੇ ਕਿ ਉਨ੍ਹਾਂ ਨੂੰ ਅਜਿਹੇ ਖ਼ਤਰੇ ਦੇ ਸਮੇਂ ਇਸ ਤਰ੍ਹਾਂ ਨਹੀਂ ਸੀ ਆਉਣਾ ਚਾਹੀਦਾ। ਜਿਹੜੇ ਸਿੰਘ ਮੇਰੇ ਕੋਲ ਸਨ, ਉਹ ਇਸ ਗੱਲ ਲਈ ਪਛਤਾਉਂਦੇ ਰਹੇ ਕਿ ਚੰਗਾ ਹੁੰਦਾ ਉਹ ਤਮਾਸ਼ਾ ਦੇਖ ਹੀ ਆਉਂਦੇ ਕਿਉਂਕਿ ਰਾਤ ਕੋਈ ਖ਼ਤਰੇ ਵਾਲੀ ਗੱਲ ਤਾਂ ਹੋਈ ਨਹੀਂ।”
ਹਾਜ਼ਰੀ ਤਾਂ ਮਨ ਦੀ ਹੁੰਦੀ ਹੈ। ਤਮਾਸ਼ਾ ਦੇਖਣ ਗਏ ਸਿੰਘਾਂ ਦੇ ਤਨ ਭਾਵੇਂ ਦੂਜੇ ਪਿੰਡ ਵਿਚ ਸਨ ਪਰ ਉਨ੍ਹਾਂ ਦੇ ਮਨ ਗੁਰੂ ਜੀ ਦੇ ਪਾਸ ਸਨ। ਤਮਾਸ਼ਾ ਦੇਖਣ ਨਾ ਗਏ ਸਿੰਘਾਂ ਦੇ ਮਨ ਤਮਾਸ਼ੇ ਵਿਚ ਸਨ। ਸਾਨੂੰ ਪੜ੍ਹਨ, ਖੇਡਣ ਅਤੇ ਹੋਰ ਕੰਮ ਕਰਦੇ ਸਮੇਂ ਤਨ ਅਤੇ ਮਨ ਦੋਹਾਂ ਨੂੰ ਹਾਜ਼ਰ ਰੱਖਣਾ ਚਾਹੀਦਾ ਹੈ।