
ਇਹੁ ਮਨੁ ਕਰਮਾ ਇਹੁ ਮਨੁ ਧਰਮਾ॥ ਇਹੁ ਮਨੁ ਪੰਚ ਤਤੁ ਤੇ ਜਨਮਾ॥ (ਅੰਗ ੪੧੫)
‘ਮਨ’ ਸੰਬੰਧੀ ਆਮ ਤੌਰ ‘ਤੇ ਸਮਾਜ ਵਿਚ ਘੱਟ ਹੀ ਵਿਚਾਰ ਗੋਸ਼ਟੀ ਹੁੰਦੀ ਹੈ, ਜਦ ਕਿ ਮਾਨਵਤਾ ਦੀ ਜੀਵਨ ਜਾਚ ਵਿਚ ਮੁੱਖ ਸੂਤਰ ਮਨ ਹੀ ਹੈ। ਮਨ ਤੋਂ ਹੀ ਮਨੁੱਖ ਸ਼ਬਦ ਹੋਂਦ ਵਿਚ ਆਇਆ ਮੰਨਿਆ ਜਾਂਦਾ ਹੈ ਅਤੇ ਪਸ਼ੂ ਦੀ ਪਰਿਭਾਸ਼ਾ ਮਨ ਪੱਖੋਂ ਪਛੜੇਪਨ ਤੋਂ ਲਈ ਜਾਂਦੀ ਹੈ।
ਗਿ. ਸੰਤ ਸਿੰਘ ਮਸਕੀਨ ਜੀ ਇਸ ਨੂੰ ਸਰਲ ਭਾਸ਼ਾ ਵਿਚ ਸਮਝਾਉਂਦੇ ਹਨ : ਅਕਾਲ ਪੁਰਖ ਦੇ ਦੋ ਰੂਪ ਹਨ—ਨਿਰਗੁਣ ਤੇ ਸਰਗੁਣ। ਨਿਰਗੁਣ ਸੂਖਮ ਤੇ ਸਰਗੁਣ ਅਸਥੂਲ ਹੈ। ਇਸੇ ਤਰ੍ਹਾਂ ਸਾਡੇ ਵੀ ਦੋ ਵਜੂਦ ਹਨ- ਤਨ ਤੇ ਮਨ। ਤਨ ਅਸਥੂਲ ਹੈ ਤੇ ਮਨ ਸੂਖਮ ਹੈ। ਤਨ ਦੀਆਂ ਲੋੜਾਂ ਅਸਥੂਲ ਹਨ ਤੇ ਮਨ ਦੀਆਂ ਸੂਖਮ ਹਨ।
ਸ. ਸਰਦੂਲ ਸਿੰਘ ਕਵੀਸ਼ਰ ਅਨੁਸਾਰ ਲੱਗਭਗ ਸਭ ਆਰੀਅਨ ਭਾਖਾਵਾਂ ਵਿਚ ਹਿਰਦੇ ਤੇ ਮਨ ਨੂੰ ਇੱਕੋ ਅਰਥਾਂ ਵਿਚ ਵਰਤਿਆ ਗਿਆ ਹੈ। ਵੇਦਾਂਤ ਅਨੁਸਾਰ ਭਿੰਨ-ਭੇਦ ਪਰਖਣ-ਪਛਾਣਨ ਦੀ ਸ਼ਕਤੀ ਦਾ ਨਾਂ ਮਨ ਹੈ। ਇਸ ਦਾ ਸੰਬੰਧ ਚੇਤਨਤਾ ਤੇ ਗਿਆਨ-ਸੂਚਨਾ ਨਾਲ ਹੈ ਤੇ ਹਰਖ-ਸੋਗ ਇਸ ਦੇ ਗੁਣ ਹਨ। ਯੋਗ ਫ਼ਲਸਫ਼ੇ ਦੇ ਵੀ ਮਨ ਬਾਰੇ ਇਹੋ ਵਿਚਾਰ ਸਨ। ਹਿੰਦੂ ਫਿਲਾਸਫੀ ਵਿਚ ਆਤਮਾ ਤੇ ਮਨ ਨੂੰ ਸਦਾ ਦੋ ਵੱਖੋ ਵੱਖਰੀਆਂ ਵਸਤਾਂ ਸਮਝਿਆ ਗਿਆ ਹੈ। ਬੋਧੀ ਖਿਆਲ ਕਰਦੇ ਸਨ ਕਿ ਪ੍ਰਸਿੱਧ ਪੰਜ ਇੰਦਿਆਂ ਤੋਂ ਛੁੱਟ ਮਨ ਛੇਵੀਂ ਇੰਦ੍ਰਿਯ ਹੈ। ਮੌਜੂਦਾ ਮਾਨਸਿਕ ਵਿੱਦਿਆ ਮਨੁੱਖੀ ਮਨ ਤੇ ਆਤਮਾ ਨੂੰ ਇੱਕੋ ਕੁਝ ਗਿਣਦੀ ਹੈ, ਉਨ੍ਹਾਂ ਨੂੰ ਇਕ ਦੂਜੇ ਤੋਂ ਭਿੰਨ-ਭਿੰਨ ਦੋ ਵਸਤਾਂ ਨਹੀਂ ਗਿਣਦੀ, ਤਿਵੇਂ ਹੀ ਗੁਰੂ ਸਾਹਿਬ ਨੇ ਵੀ ਮਨੁੱਖੀ ਮਨ ਤੇ ਆਤਮਾ ਨੂੰ ਇੱਕੋ ਗਿਣਿਆਂ ਹੈ।
ਹੁਣ ਜੇਕਰ ਪਹਿਲਾਂ ਗੁਰਬਾਣੀ ਦੀ ਦ੍ਰਿਸ਼ਟੀ ਤੋਂ ਮਨ ਦੇ ਵਜੂਦ ਬਾਰੇ ਜਾਣੀਏ ਤਾਂ ਉਪਰੋਕਤ ਪੰਕਤੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਰਾਗ ਆਸਾ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੁਭਾਇਮਾਨ ਹਨ। ਫਰੀਦਕੋਟੀਏ ਟੀਕੇ ਵਿਚ ਇਸ ਦੇ ਅਰਥ ਬਹੁਤ ਹੀ ਸਰਲ ਤੇ ਸਪੱਸ਼ਟ ਹਨ, “ਇਹੀ ਮਨ ਕਰਮਕਾਂਡੀਓਂ ਸੇ ਮਿਲ ਕਰ ਕਰਮੋਂ ਕਾ ਕਰਨੇ ਵਾਲਾ ਹੋ ਬੈਠਤਾ ਹੈ, ਇਹੀ ਮਨ ਧਰਮੀ ਹੋ ਜਾਤਾ ਹੈ ਵਾਸਤਵ ਤੇ ਯਹ ਮਨ ਪੰਚ ਤੱਤੋਂ ਸੇ ਉਪਜਾ ਹੈ। ਤਾਂਤੇ ਇਨ ਤਤੋਂ ਕੇ ਸੁਭਾਵ ਸਭ ਇਸ ਮੇਂ ਬਨੇ ਰਹਤੇ ਹੈਂ।”
ਸਤਿਗੁਰਾਂ ਨੇ ਇਸ ਮਨ ਦੀ ਹੋਂਦ ਸੰਬੰਧੀ ਇਸ ਦਾ ਅਕਾਰ ਪੰਜ ਤੱਤਾਂ ਦੇ ਸਰੀਰਕ ਵਜੂਦ ਨੂੰ ਮੰਨਿਆਂ ਕਿ ਜਿਵੇਂ ਪੰਜ ਤੱਤਾਂ ਦੇ ਮੇਲ ਤੋਂ ਤਨ ਬਣਿਆਂ ਅਤੇ ਫਿਰ ਇਸ ਅਸਥੂਲ ਤਨ ਵਿਚ ਸੂਖਮ ਰੂਪ ਵਿਚ ਮਨ ਦੀ ਹੋਂਦ ਹੈ ਇਸ ਪ੍ਰਕਾਰ ਮਨ ਸਾਡੇ ਖ਼ਿਆਲਾ, ਫੁਰਨਿਆਂ ਤੇ ਵਿਚਾਰਾਂ ਦਾ ਵਜੂਦ ਹੈ।
‘ਸਮ-ਅਰਥ ਕੋਸ਼ ਵਿਚ ਮਨ ਲਈ ਉਡਨ ਪੰਖੇਰੂ, ਅਧਿਆਤਮ, ਆਤਮ, ਹਿਰਦਾ, ਚਿਤ, ਜੀਉ, ਜੀਅੜਾ, ਦਿਲ, ਨਫਸ, ਮਨਸ, ਮਨੂਆ ਆਦਿ ਸ਼ਬਦ ਵੀ ਦਿੱਤੇ ਗਏ ਹਨ। ‘ਗੁਰਮਤ ਮਾਰਤੰਡਾ ਵਿਚ ਮਨ ਸੰਬੰਧੀ ਇਉਂ ਲਿਖਿਆ ਹੈ, ਵਿਦਵਾਨਾਂ ਨੇ ਅੰਤਹਕਰਣ (ਭੀਤਰੀ ਇੰਦ੍ਰਯ) ਦੇ ਚਾਰ ਭੇਦ ਕਲਪੇ ਹਨ।
1. ਮਨ (ਸੰਕਲਪ ਵਿਕਲਪ ਰੂਪ ਵਿੱਤ੍ਰ) (ਸੰਕਲਪ-ਪ੍ਰਤੱਖ ਗਿਆਨ ‘ਤੇ ਅਧਾਰਿਤ ਹੁੰਦਾ ਹੈ ਅਤੇ ਵਿਕਲਪ-ਗੈਰ ਹਾਜ਼ਰ ਵਸਤੂ ਦਾ ਗਿਆਨ ਭਾਵ ਕਲਪਨਾ ਸ਼ਕਤੀ ਹੈ)।
2. ਬੁੱਧਿ (ਵਿਵੇਕ ਨਾਲ ਨਿਸ਼ਚਯ ਕਰਨ ਵਾਲੀ ਸ਼ਕਤੀ) ।
3. ਚਿਤ (ਜਿਸ ਤੋਂ ਬਾਤਾਂ ਦਾ ਚੇਤਾ ਹੁੰਦਾ ਹੈ)।
4. ਅਹੰਕਾਰ (ਜਿਸ ਤੋਂ ਸੰਸਾਰ ਦੇ ਪਦਾਰਥਾਂ ਨਾਲ ਆਪਣਾ ਸੰਬੰਧ ਪ੍ਰਤੀਤ ਹੁੰਦਾ ਹੈ)।
ਹੁਣ ਪੰਜ ਤੱਤ ਤੇ ਜਨਮਾਂ ਦੀ ਸੰਖੇਪ ਵਿਆਖਿਆ ਕਰੀਏ ਤਾਂ ਪੰਜ ਤੱਤ ਜੋ ਤਨ ਦੇ ਵਜੂਦ ਦਾ ਆਧਾਰ ਹਨ ਉਹ ਹਨ- ਪ੍ਰਿਥਵੀ, ਜਲ, ਅਗਨ, ਪਵਨ ਤੇ ਅਕਾਸ਼। ਸਰਲ ਭਾਸ਼ਾ ਵਿਚ ਪ੍ਰਿਥਵੀ ਭਾਵ ਧਰਤੀ ਦਾ ਤੱਤ ਨਿਮਰਤਾ ਤੇ ਸਹਿਣਸ਼ੀਲਤਾ ਲਈ ਪ੍ਰੇਰਕ ਸ਼ਕਤੀ ਹੈ। ਜਲ ਤੋਂ ਪਵਿੱਤਰਤਾ ਲੈਣੀ ਹੈ। ਅਗਨੀ ਤੋਂ ਬੀਰ-ਰਸ, ਗੈਰਤ। ਪਵਨ ਦਾ ਸੁਭਾਉ ਗਤੀਸ਼ੀਲ ਤੇ ਚਲਦੇ ਰਹਿਣਾ ਹੈ। ਅਕਾਸ਼ ਦਾ ਸੁਭਾਉ ਵਿਆਪਕ ਦ੍ਰਿਸ਼ਟੀ ਹੈ। ਪੰਜ ਤੱਤਾਂ ਦੇ ਸੁਮੇਲ ਵਿਚ ਬਹੁਤ ਵੱਡਾ ਸੰਦੇਸ਼ ਵੀ ਹੈ।
ਸ. ਗੁਰਬਖਸ਼ ਸਿੰਘ ਕੇਸਰੀ ਜੀ ਨੇ ‘ਸੰਖਿਆ ਕੋਸ਼ ਵਿਚ ਪੰਜ ਤੱਤਾਂ ਦਾ ਹੋਰ ਵੀ ਵਿਸਥਾਰ ਦਿੱਤਾ ਹੈ :
1. ਪ੍ਰਿਥਵੀ ਦੇ ਗੁਣ :- ਹੱਡ, ਮਾਸ, ਨਖ ਤੁਚਾ, ਰੋਮ।
2. ਜਲ ਦੇ ਗੁਣ :- ਵੀਰਯ, ਲਹੂ, ਮਿੱਜ, ਮਲ, ਮੂਤ੍ਰ।
3. ਅਗਨੀ ਦੇ ਗੁਣ :- ਨੀਂਦ, ਭੁੱਖ, ਪਿਆਸ, ਪਸੀਨਾ, ਆਲਸ।
4. ਪਵਨ ਦੇ ਗੁਣ :- ਧਾਰਣ (ਫੜਨਾ), ਚਾਲਨ (ਧਕੇਲਨਾ), ਫੈਂਕਨਾ, ਸਮੇਟਨਾ, ਫੈਲਾਉਣਾ।
5. ਅਕਾਸ਼ ਦੇ ਗੁਣ :- ਕਾਮ, ਕ੍ਰੋਧ, ਲੱਜਾ, ਮੋਹ, ਲੋਭ ਆਦਿ।
ਤੱਤ ਲਈ ਸ਼ਬਦ ਭੂਤ ਵੀ ਵਰਤਿਆ ਗਿਆ ਹੈ, ਜਿਵੇਂ ਪੰਜ ਭੂਤਕ ਸਰੀਰ ਪ੍ਰਚਲਿਤ ਸ਼ਬਦ ਹੈ। ਦਸਮ ਪਾਤਸ਼ਾਹ ਨਮਸਤੰ ਅਭੂਤੇ (ਤੱਤ ਰਹਿਤ ਪ੍ਰਭੂ ਨੂੰ ਨਮਸਕਾਰ) ਸ਼ਬਦ ‘ਜਾਪੁ ਸਾਹਿਬ’ ਵਿਚ ਉਚਾਰਦੇ ਹਨ। ਇਸ ਲਈ ਅਸਥੂਲ ਰੂਪ ਵਿਚ ਪੰਜ ਤੱਤਾਂ ਦਾ ਵਜੂਦ ਤਨ ਹੈ, ਉਥੇ ਫੁਰਨਿਆਂ ਜਾਂ ਖ਼ਿਆਲਾਂ ਦਾ ਸੂਖਮ ਰੂਪ ਮਨ ਹੈ। ਗੁਰੂ ਨਾਨਕ ਪਾਤਸ਼ਾਹ ਜੀ ਸਿਧ ਗੋਸਟਿ ਵਿਚ ਫਰਮਾਉਂਦੇ ਹਨ:
ਤਨੁ ਹਟੜੀ ਇਹੁ ਮਨੁ ਵਣਜਾਰਾ॥
(ਅੰਗ ੯੪੨)
ਭਾਵ – ਤਨ ਤਾਂ ਇਕ ਹੱਟ ਦੇ ਸਮਾਨ ਹੈ ਪਰ ਇਸ ਵਿਚ ਵਣਜ ਵਿਹਾਰ ਮਨ ਹੀ ਕਰਦਾ ਹੈ।
ਡਾ. ਜਸਵੰਤ ਸਿੰਘ ਨੇਕੀ ਵੀ ਲਿਖਦੇ ਹਨ ਕਿ ਭਾਰਤੀ ਮਨੋਵਿਗਿਆਨ ਅਨੁਸਾਰ ਸਾਡਾ ਮਨ ਗਿਆਨ ਇੰਦਰੀਆਂ ਰਾਹੀਂ ਬਾਹਰ ਜਾਂਦਾ ਹੈ ਤੇ ਪਦਾਰਥਾਂ ਨਾਲ ਉਨ੍ਹਾਂ ਦੇ ਸੰਪਰਕ ਤੋਂ ਪੈਦਾ ਹੋਇਆ ਮਾਨਸਿਕ ਬਿੰਬ ਸਾਨੂੰ ਉਨ੍ਹਾਂ ਪਦਾਰਥਾਂ ਨਾਲ ਜਾਣੂ ਕਰਵਾਉਂਦਾ ਹੈ।”
ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਜ ਗਿਆਨ ਇੰਦਰੀਆਂ ਨੂੰ ਮਨ ਦਾ ਸਲਾਹਕਾਰ ਫ਼ਰਮਾਇਆ ਹੈ :
ਕਾਇਆ ਨਗਰੀ ਇਹੁ ਮਨੁ ਰਾਜਾ ਪੰਚ ਵਸਹਿ ਵੀਚਾਰੀ॥
(ਅੰਗ ੯੦੭)
ਸਾਡੇ ਪੰਜ ਗਿਆਨ ਇੰਦਰੇ ਹਨ- ਨੱਕ, ਕੰਨ, ਅੱਖਾਂ, ਰਸਨਾ ਤੁਚਾ (ਚਮੜੀ)। ਨੱਕ ਦਾ ਗਿਆਨ ਸੁੰਘਣਾ ਭਾਵ ਗੰਧ ਹੈ। ਕੰਨਾਂ ਦਾ ਕਾਰਜ ਸੁਣਨਾ ਭਾਵ ਸ਼ਬਦ। ਅੱਖਾਂ ਦਾ ਕਾਰਜ ਦੇਖਣਾ ਭਾਵ ਰੂਪ। ਰਸਨਾ (ਜੀਭ) ਦਾ ਕਾਰਜ ਚਖਣਾ ਭਾਵ ਰਸ। ਤੁਚਾ (ਚਮੜੀ) ਦਾ ਕਾਰਜ ਸਪਰਸ਼ ਹੈ, ਜਿਸ ਤੋਂ ਠੰਡੇ ਤੱਤੇ ਦਾ ਗਿਆਨ ਹੁੰਦਾ ਹੈ।
ਤੱਤਸਾਰ ਵਜੋਂ ਮਨ ਦੀ ਹੋਂਦ ਪੰਜ ਤੱਤਾਂ ਦੇ ਪੁਤਲੇ ਤਨ ‘ਤੇ ਅਧਾਰਿਤ ਹੈ। ਮਨ ਪਾਸ ਗਿਆਨ-ਪੰਜ ਗਿਆਨ ਇੰਦਰੀਆਂ ਦਾ ਹੈ ਜੋ ਅੱਗੋਂ ਕਰਮ ਇੰਦਰੀਆਂ (ਹੱਥ, ਪੈਰ, ਮੂੰਹ, ਗੁੱਦਾ, ਲਿੰਗ) ਨੂੰ ਤੋਰਦਾ ਹੈ। ਇਸ ਲਈ ਫੁਰਨਿਆਂ ਜਾਂ ਖ਼ਿਆਲਾਂ ਦਾ ਜੋ ਪੁਲੰਦਾ ਹੈ ਉਹ ਮਨ ਹੈ, ਪਰ ਸੂਖਮ ਹੈ।
ਡਾ. ਇੰਦਰਜੀਤ ਸਿੰਘ ਗੋਗੋਆਣੀ