135 views 25 secs 0 comments

ਮਨ ਦੇ ਰੋਗ ਤੇ ਇਲਾਜ

ਲੇਖ
May 06, 2025
ਮਨ ਦੇ ਰੋਗ ਤੇ ਇਲਾਜ

ਡਾ. ਇੰਦਰਜੀਤ ਸਿੰਘ ਗੋਗੋਆਣੀ

ਮਨੁ ਜੋਗੀ ਮਨੁ ਭੋਗੀਆ ਮਨੁ ਮੂਰਖੁ ਗਾਵਾਰੁ॥
ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ॥
ਪੰਚ ਮਾਰਿ ਸੁਖੁ ਪਾਇਆ ਐਸਾ ਬ੍ਰਹਮੁ ਵੀਚਾਰੁ॥੨॥ (ਅੰਗ 1330)

ਗੁਰਮਤਿ ਦ੍ਰਿਸ਼ਟੀ ਤੋਂ ਹਥਲਾ ਵਿਸ਼ਾ ਮਨ ਦੇ ਰੋਗ ਤੇ ਇਲਾਜ ਹੈ। ਭਾਰਤੀ ਸੱਭਿਆਚਾਰ ਵਿਚ ਮਨ ਦੇ ਰੋਗਾਂ ਨੂੰ ਬੁੱਝਣ ਦੀ ਬਜਾਇ ਅੰਧ-ਵਿਸ਼ਵਾਸ ਤੇ ਭਰਮ-ਪਖੰਡਾਂ ਦਾ ਆਸਰਾ ਲਿਆ ਜਾਂਦਾ ਹੈ। ਪ੍ਰਚਲਿਤ ਅੰਧ-ਵਿਸ਼ਵਾਸ ਲੋਕ ਮਨਾਂ ਵਿਚ ਪੱਕਾ ਘਰ ਬਣਾ ਕੇ ਬੈਠੇ ਹਨ। ਇਸੇ ਲਈ ਫੂਕਾਂ-ਫਾਂਡੇ, ਕਬਰਾਂ ਮੜੀਆਂ ਮੁਰਦਿਆਂ ਦੀ ਪੂਜਾ, ਧਾਗੇ-ਤਵੀਤ, ਧੌਲੀਧਾਰ, ਟੇਵੇ-ਪੱਤਰੀਆਂ, ਭੂਤਾਂ-ਪ੍ਰੇਤਾਂ ਦਾ ਚਿੰਬੜਨਾ, ਦਿਨਾਂ-ਦਿਹਾਰਾਂ ਦੀਆਂ ਵਿਚਾਰਾਂ ਜਠੇਰਿਆਂ ਨੂੰ ਦੁੱਧ, ਖੀਰ, ਸ਼ਰਾਬ ਦੇ ਚੜਾਵੇ ਅਤੇ ਬੇਅੰਤ ਪੀਰਾਂ-ਫਕੀਰਾਂ ਦੀਆਂ ਥਾਂਵਾਂ ਉੱਤੇ ਭੀੜ ਹੀ ਭੀੜ ਨਜ਼ਰ ਆਵੇਗੀ। ਇਨ੍ਹਾਂ ਦਾ ਡੂੰਘਾ ਅਧਿਐਨ ਕਰੀਏ ਤਾਂ ਇਹ ਸਭ ਮਨੋਰੋਗੀਆਂ ਦੀ ਭੀੜ ਹੈ। ਮੁਰਦੇ ਦੀ ਕਬਰ ਉੱਤੇ ਭਾਵੇਂ ਕੋਈ ਖੀਰ ਚੜਾਉਣ ਜਾ ਰਿਹਾ ਹੈ ਤੇ ਭਾਵੇਂ ਸ਼ਰਾਬ ਲਈ ਜਾਂਦਾ ਹੈ ਦੋਵੇਂ ਹੀ ਮਾਨਸਿਕ ਰੋਗੀ ਹਨ।

ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਅਸੀਂ ਤਨ ਦੇ ਰੋਗਾਂ ਬਾਰੇ ਫਿਰ ਵੀ ਕੁਝ ਸੁਚੇਤ ਹਾਂ ਪਰ ਮਨ ਦੇ ਰੋਗਾਂ ਬਾਰੇ ਜ਼ਿਆਦਾਤਰ ਲੋਕ ਬੇਖਬਰ ਹਨ। ਇਹ ਵੀ ਸੱਚ ਹੈ ਕਿ ਤਨ ਦੇ ਰੋਗਾਂ ਦਾ ਇਲਾਜ ਵੱਡੀ ਗਿਣਤੀ ਵੱਲੋਂ ਅੰਧ-ਵਿਸ਼ਵਾਸਾਂ ‘ਚ ਫਸ ਕੇ ਕਰਵਾਇਆ ਜਾ ਰਿਹਾ ਹੈ। ਕਾਰਨ ਇਹ ਕਿ ਮਨ ਫੁਰਨਿਆਂ ਭਾਵ ਵਿਚਾਰਾਂ ਦਾ ਵਜੂਦ ਹੈ ਤੇ ਵਿਚਾਰਾਂ ਨੂੰ ਆਲਾ-ਦੁਆਲਾ ਪ੍ਰਭਾਵਿਤ ਕਰਦਾ ਹੈ ਅਤੇ ਜਦੋਂ ਚਾਰ-ਚੁਫੇਰੇ ਹੀ ਭਰਮਾਂ-ਪਖੰਡਾਂ ਦੀਆਂ ਅਫ਼ਵਾਹਾਂ ਹੋਣ ਤਾਂ ਕਮਜ਼ੋਰ ਮਨ ਪ੍ਰਭਾਵਿਤ ਹੋ ਜਾਂਦੇ ਹਨ। ਬਾਕੀ ਟੀ. ਵੀ. ਉੱਪਰ ਬਹੁਤੇ ਚੈਨਲਾਂ ‘ਤੇ ਅੰਧ-ਵਿਸ਼ਵਾਸ ਫੈਲਾਉਣ ਵਾਲੇ ਵਿਉਪਾਰੀ ਕਾਬਜ਼ ਹੋ ਗਏ ਹਨ। ਪੰਜਾਬ ਦੀ ਬਦਕਿਸਮਤੀ ਦੇਖੋ ਕਿ ਜੋ ਗੁਰਾਂ ਦੇ ਨਾਉਂ ‘ਤੇ ਜਿਉਂਦਾ ਹੈ,ਫਿਰ ਵੀ ਇੱਥੇ ਦੇਹਧਾਰੀ ਗੁਰੂ-ਡੰਮੂ ਤੋਂ ਲੈ ਕੇ ਪਖੰਡ ਕਰਮ ਦਾ ਜਾਲ ਵਿਛ ਗਿਆ ਹੈ। ਕੁਝ ਨਾਮਵਰ ਪੰਜਾਬੀ ਗਾਇਕ ਕਬਰਾਂ-ਮੜੀਆਂ ਦੇ ਸਥਾਨਾਂ ਉੱਪਰ ਪੂਜਕ ਬਣ ਗਏ ਅਤੇ ਰਹਿਮਤ ਪੀਰਾਂ-ਫਕੀਰਾਂ ਦੀ ਆਦਿ ਡਾਇਲਾਗ ਨੇ ਵੇਖਾ ਵੇਖੀ ਬੌਧਿਕ ਕੰਗਾਲੀ ਲਈ ਹੋਰ ਬਲਦੀ ਉੱਤੇ ਤੇਲ ਪਾ ਦਿੱਤਾ।

ਇਹ ਵੀ ਹਕੀਕਤ ਹੈ ਕਿ ਇਸ ਸਦੀ ਵਿਚ ਸੰਸਾਰ ਭਰ ਵਿਚ ਮਨੋਰੋਗੀਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਕਾਰਨ ਹੋਰ ਹਨ ਜਿਵੇਂ ਪਦਾਰਥਵਾਦੀ ਦੌੜ ਮਹਿੰਗਾਈ ਭ੍ਰਿਸ਼ਟ-ਤੰਤਰ ਅਸ਼ਲੀਲਤਾ ਰਿਸ਼ਤਿਆਂ ਦੀ ਟੁੱਟ ਭੱਜ, ਅਸ਼ਾਂਤ ਸੋਚਾਂ, ਬੇਲੋੜੀਆਂ ਇੱਛਾਵਾਂ, ਸਬਰ ਸਬੂਰੀ ਦੀ ਘਾਟ ਆਦਿ ਸਭ ਬਹੁ-ਗਿਣਤੀ ਨੂੰ ਮਨੋਰੋਗੀ ਬਣਾ ਰਹੀਆਂ ਹਨ ਅਤੇ ਆਤਮ-ਹੱਤਿਆਵਾਂ, ਗੁੱਸਾ, ਤਲਾਕ, ਲੁੱਟ-ਖਸੁੱਟ, ਕਤਲ ਓ-ਗਾਰਤ, ਅਸ਼ਾਂਤੀ, ਅੱਤਵਾਦ ਸਾੜ-ਫੂਕ ਤੇ ਦੁਰਘਟਨਾਵਾਂ ਵਧ ਰਹੀਆਂ ਹਨ। ਸਤਿਗੁਰਾਂ ਦਾ ਫਰਮਾਨ ਹੈ

ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ॥ ਆਪਿ ਬੀਜਿ ਆਪੇ ਹੀ ਖਾਵਣਾ ਕਹਣਾ ਕਿਛੂ ਨ ਜਾਇ॥੭॥ (ਅੰਗ 755)

ਤੱਤਸਾਰ ਵਜੋਂ ਸਮੂਹ ਸਿੱਖ ਸਮਾਜ ਨੂੰ ਜਾਗ੍ਰਿਤ ਹੋਣ ਦੀ ਵੱਡੀ ਲੋੜ ਹੈ। ਗੁਰੂ ਸਾਹਿਬਾਨ ਨੇ ਭਾਰਤੀ ਸੱਭਿਆਚਾਰ ਵਿਚ ਜੋ ਸਿੱਖ ਸੱਭਿਆਚਾਰ ਸਿਰਜਿਆ ਉਸ ਵਿਚ ਫੋਕਟ ਕਰਮ-ਕਾਡਾਂ ਨੂੰ ਰੱਦ ਕੀਤਾ ਗਿਆ ਹੈ। ਸਾਡੇ ਪਾਸ ਮਨੋਰੋਗਾਂ ਦਾ ਇਲਾਜ ਹੈ, ਪਰ ਸਾਡੇ ਸਮਾਜ ਦੀ ਬਦਕਿਸਮਤੀ ਹੈ ਕਿ ਇੱਥੇ ਰੋਗਾਂ ਦਾ ਇਲਾਜ ਨਹੀਂ ਹੁੰਦਾ ਸਗੋਂ ਲੱਛਣਾਂ ਦਾ ਇਲਾਜ ਕੀਤਾ ਜਾਂਦਾ ਹੈ। ਮਨੋਰੋਗੀਆ ਦੇ ਕਾਰਨ ਹੋਰ ਹਨ ਪਰ ਸਮਝਿਆ ਕੁਝ ਹੋਰ ਜਾਂਦਾ ਹੈ। ਇਸੇ ਲਈ ਵਕਤੀ ਤੋਰ ‘ਤੇ ਇਕ-ਦੋ ਦਿਨ ਲਈ ਉਹ ਫੂਕਾਂ-ਫਾਂਡਿਆਂ ਜਾ ਧਾਗਿਆਂ-ਤਵੀਤਾਂ ਨਾਲ ਠੀਕ ਹੁੰਦੇ ਹਨ ਪਰ ਫਿਰ ਪਰਨਾਲਾ ਉਥੇ ਦਾ ਉਥੇ ਹੀ ਹੁੰਦਾ ਹੈ। ਇਸੇ ਕਰਕੇ ਹਰ ਪਖੰਡ-ਕਰਮੀ ਪਾਸ ਭੀੜ ਹੈ ਕਿਉਂਕਿ ਠੀਕ ਤਾਂ ਹੁੰਦਾ ਕੋਈ ਨਹੀਂ ਪਰ ਦਰ-ਦਰ ਭਟਕ ਰਹੇ ਹਨ। ਹਰ ਮਨੋਰੋਗੀ ਦੇ ਕਾਰਨ ਵੱਖੋ-ਵੱਖਰੇ ਹੁੰਦੇ ਹਨ, ਜੋ ਸਮਝਣ ਦੀ ਵੱਡੀ ਲੋੜ ਹੈ।

ਹਰ ਮਨੁੱਖ ਦਾ ਇਕ ਆਪਣਾ ਸੰਸਾਰ ਹੈ ਤੇ ਉਸ ਦੇ ਮਨ ਨੂੰ ਇੱਛਾਵਾਂ ਲੋੜਾਂ-ਥੋੜਾ ਘਟਨਾਵਾਂ ਜਾਂ ਖ਼ੁਸ਼ੀਆਂ-ਗਮੀਆਂ ਨੇ ਕਿਵੇਂ ਪ੍ਰਭਾਵਿਤ ਕੀਤਾ ਹੈ। ਇਹ ਜਾਣਨਾ ਸਮਝਣਾ ਤੇ ਬੁੱਝਣਾ ਜ਼ਰੂਰੀ ਹੈ।

ਮਨੋਰੋਗਾਂ ਦੇ ਇਲਾਜ ਦੀ ਗੱਲ ਕਰਨ ਤੋਂ ਪਹਿਲਾ ਇਸ ਲੇਖ ਦੇ ਅਰੰਭ ਵਿਚ ਦਿੱਤੀਆ ਸ਼ਬਦ ਦੀਆਂ ਪੰਕਤੀਆਂ ਨੂੰ ਸਮਝਣਾ ਜ਼ਰੂਰੀ ਹੈ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀਆਂ ਹੋਈਆਂ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੁਭਾਇਮਾਨ ਹਨ। ਇਸ ਵਿਚ ਪ੍ਰਸ਼ਨ ਵੀ ਹੈ ਤੇ ਉੱਤਰ ਵੀ ਹੈ। ਮਨ ਕੀ ਹੈ? ਸਤਿਗੁਰੂ ਜੀ ਸਮਝਾਉਂਦੇ ਹਨ ਕਿ ਕਦੀ ਇਹ ਮਨ ਭਾਵ ਮਨੁੱਖ ਦੇ ਫੁਰਨੇ ਦੁਨੀਆਂ ਤੋਂ ਉਦਾਸ ਜੋਗੀ ਕਦੀ ਦੁਨੀਆਂ ਦੇ ਭੋਗਾਂ ਵਿਚ ਪਰਵਿਰਤ ਹੁੰਦਾ ਕਦੀ ਮਨ ਮੂਰਖ ਤੇ ਗਵਾਰ ਹੈ।
ਕਦੀ ਮਾਇਆ ਦੀ ਖੁਮਾਰੀ ਵਿਚ ਦਾਤਾ ਬਣਦਾ ਹੈ ਤੇ ਕਦੀ ਮੰਗਤਾ ਬਣ ਜਾਂਦਾ ਹੈ ਪਰ ਜਿੰਨਾ ਚਿਰ ਮਨ ਦੇ ਸਿਰ ਉੱਪਰ ਗੁਰੂ-ਕਰਤਾਰ ਦਾ ਕੁੰਡਾ ਨਾ ਹੋਵੇ ਤਦ ਤੱਕ ਇਹੋ ਕੁਝ ਕਰਦਾ ਹੈ ਫਿਰ ਜਦ ਗੁਰੂ ਰਾਖਾ ਬਣਦਾ ਹੈ ਤਾਂ ਰੱਬੀ ਸਿਫਤ-ਸਲਾਹ ਕਰ ਕੇ ਪੰਜ ਚੋਰਾ (ਕਾਮ ਕ੍ਰੋਧ ਲੋਭ ਮੋਹ ਹੰਕਾਰ) ਨੂੰ ਮਾਰ ਕੇ ਆਤਮਿਕ ਅਨੰਦ ਮਾਣਦਾ ਹੈ।

ਸਿੱਖ ਦ੍ਰਿਸ਼ਟੀ ਤੋਂ ਗੱਲ ਕਰੀਏ ਤਾਂ ਸੱਚੀ ਕਿਰਤ ਕਰਨ ਵਾਲਾ ਮਨੁੱਖ ਜੋ ਨਾਮ ਵੀ ਜਪਦਾ ਵੰਡ ਕੇ ਛਕਦਾ ਸਦਾ ਉੱਦਮਸ਼ੀਲ ਰਹਿੰਦਾ ਤੇ ਗੁਰੂ ਭਰੋਸਾ ਵੀ ਹੈ. ਭਾਵ ਗੁਰਮਤਿ ਜੀਵਨ-ਜਾਚ ਵਾਲਾ ਮਨੋਰੋਗਾਂ ਤੋਂ ਮੁਕਤ ਰਹੇਗਾ। ਅਸੀਂ ਬਾਣੀ-ਬਾਣੇ ਦੇ ਧਾਰਨੀ ਬਣੀਏ। ਇਸ ਦੇ ਨਾਲ ਬਿਬੇਕੀ ਹੋਈਏ (ਬਹੁਤੇ ਅਖੌਤੀ ਤਰਕੀ ਭਾਵ ਸ਼ੰਕਾਵਾਦੀ ਮਾਨਸਿਕ ਰੋਗੀ ਨਾ ਬਣੀਏ) ਆਪਣੇ ਮਨ ਦੇ ਫੁਰਨਿਆਂ ਨੂੰ ਆਸ਼ਾਵਾਦ ਚੜ੍ਹਦੀ-ਕਲਾ ਤੇ ਸਬਰ ਸਿਦਕ ਦੀ ਪੱਟੀ ਵੀ ਪੜਾਈਏ। ਦੁਈ-ਦਵੈਤ, ਹਉਮੈ, ਈਰਖਾ ਆਦਿ ਸਭ ਦਾ ਇਲਾਜ ਸਰਬੱਤ ਦੇ ਭਲੇ ਦੀ ਭਾਵਨਾ ਹੈ। ਨਿੱਤਨੇਮ ਸਾਡੀ ਰੂਹ ਦੀ ਖੁਰਾਕ ਹੈ। ਨਿੱਤਨੇਮ ਤੇ ਅਰਦਾਸ ਨੇ ਮਿਲ ਕੇ ਆਤਮਿਕ ਸ਼ਕਤੀ ਬਣਨਾ ਹੈ। ਅੰਮ੍ਰਿਤ ਵੇਲਾ ਨਾਮ ਅੰਮ੍ਰਿਤ ਖੰਡੇ ਦਾ ਅੰਮ੍ਰਿਤ, ਸ੍ਰੀ ਅੰਮ੍ਰਿਤਸਰ ਦੇ ਇਸ਼ਨਾਨ, ਸਭ ਅੰਮ੍ਰਿਤਮਈ ਜੀਵਨ ਦੀ ਘਾੜਤ ਦਾ ਆਧਾਰ ਹਨ। ਸਤਿਗੁਰਾਂ ਦਾ ਫ਼ਰਮਾਨ ਹੈ. “ਇਹੁ ਮਨੁ ਸਕਤੀ ਇਹੁ ਮਨੁ ਸੀਉ” ਭਾਵ ਇਹ ਮਨ ਹੀ ਸ਼ਕਤੀਸ਼ਾਲੀ ਹੈ ਤੇ ਮਨ ਹੀ ਸੀਉ (ਕਲਿਆਣਕਾਰੀ) ਹੈ। ਲੋੜ ਹੈ ਮਨਮਤਿ ਤਿਆਗ ਕੇ ਗੁਰਮਤਿ ਧਾਰਨ ਕਰਨ ਦੀ। ਚੰਗੀ ਖੁਰਾਕ ਨਾਲ ਸ਼ਕਤੀ, ਦੀਵੇ ਨਾਲ ਪ੍ਰਕਾਸ਼, ਗਿਆਨ ਨਾਲ ਆਤਮ-ਵਿਸ਼ਵਾਸ ਤੇ ਬਾਣੀ-ਬਾਣੇ ਨਾਲ ਸਵੈ-ਮਾਣ ਸੁੱਤੇ-ਸਿੱਧ ਪ੍ਰਗਟ ਹੋ ਜਾਂਦਾ ਹੈ। ਸਤਿਗੁਰਾਂ ਨੇ ਸੰਸਾਰ ਨੂੰ ਤੱਤ ਗਿਆਨ ਬਖ਼ਸ਼ਿਆ ਹੈ ਕਿ ਜਦ ਭਰਮ ਦਾ ਆਂਡਾ ਫੁੱਟਦਾ ਹੈ, ਤਾਂ ਮਨ ਪ੍ਰਕਾਸਮਈ ਹੋ ਜਾਂਦਾ ਹੈ। ਜੋ ਬੇੜੀਆਂ ਮਨ-ਬੁੱਧੀ ਨੂੰ ਪਈਆਂ ਹਨ, ਇਨਾਂ ਤੋਂ ਖਲਾਸੀ ਗੁਰੂ ਗਿਆਨ ਤੋਂ ਬਗੈਰ ਨਹੀਂ ਹੋਣੀ। ਜਦ ਹਿਰਦੇ ਵਿਚ ਸ਼ਬਦ ਪ੍ਰਕਾਸ਼ ਹੋਇਆ ਤਾਂ ਗੁਰੂ ਨੇ ਸਭ ਬੰਧਨਾਂ ਤੋਂ ਖਲਾਸੀ ਕਰ ਦਿੱਤੀ।

ਆਓ ‘ ਪੰਚਮ ਪਾਤਸ਼ਾਹ ਜੀ ਦੇ ਦੈਵੀ ਬਚਨ ਸਦਾ ਹਿਰਦਿਆਂ ‘ਚ ਵਸਾਈਏ

ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ॥
ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ॥੧॥ (ਅੰਗ 1002)