views 7 secs 0 comments

ਮਹਾਰਾਜਾ ਦਲੀਪ ਸਿੰਘ ਤੇ ਉਸ ਦੀ ਮਾਂ ਦੀ ਵਾਰਤਾਲਾਪ

ਲੇਖ
March 05, 2026

ਜਦ ਅੰਗਰੇਜ਼ਾਂ ਨੇ 1849 ਈ: ਵਿੱਚ ਖਾਲਸਾ ਰਾਜ ਸਮਾਪਤ ਕਰਕੇ ਛੋਟੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਤੇ ਉਸ ਦੀ ਮਾਂ ਮਹਾਰਾਣੀ ਜਿੰਦਾਂ ਨੂੰ ਨਿਪਾਲ ਵਿੱਚ ਨਜ਼ਰਬੰਦ ਕਰ ਦਿੱਤਾ ਤਾਂ ਦੋਨੋਂ ਮਾਂ ਪੁੱਤ ਇਕ ਦੂਜੇ ਨੂੰ ਦੇਖਣ ਤੋਂ ਤਰਸ ਗਏ । ਇਕ ਪਾਸੇ ਸ਼ਕਤੀਸ਼ਾਲੀ ਮਹਾਨ ਰਾਜ ਖੁੱਸਣ ਦਾ ਗ਼ਮ ਤੇ ਦੂਜੇ ਪਾਸੇ ਜੁਦਾਈ ਦਾ ਦੁੱਖ ਦੋਹਾਂ ਕੋਲੋਂ ਝੱਲਿਆ ਨਹੀਂ ਸੀ ਜਾ ਰਿਹਾ ਪਰ ਦੋਨੋਂ ਬੇਵੱਸ ਸਨ ।

ਇਵੇਂ ਹੀ ਜਿਵੇਂ ਕੋਈ ਪੰਛੀ ਜੰਦਰਾ ਲੱਗੇ ਪਿੰਜਰੇ ਵਿੱਚ ਡੱਕਿਆ ਬੇਵੱਸ ਹੁੰਦਾ ਹੈ ਮਹਾਰਾਣੀ ਆਪਣੇ ਬਾਲਕ ਪੁੱਤਰ ਦਲੀਪ ਸਿੰਘ ਨੂੰ ਯਾਦ ਕਰ ਕਰਕੇ ਸਾਰਾ-ਸਾਰਾ ਦਿਨ ਰੋਂਦੀ ਰਹਿੰਦੀ । ਇਹ ਕਰਮ ਕਈ ਸਾਲ ਲਗਾਤਾਰ ਚਲਦਾ ਰਿਹਾ ਜਿਸ ਕਾਰਨ ਉਸ ਦੀਆਂ ਅੱਖਾਂ ਦੀ ਜੋਤ ਜਾਂਦੀ ਰਹੀ । ਉਸ ਸਰਕਾਰ ਅੱਗੇ ਬੜੇ ਵਾਸਤੇ ਪਾਏ ਕਿ ਇਕ ਵਾਰੀ ਉਸ ਦਾ ਉਸ ਦੇ ਪੁੱਤਰ ਨਾਲ ਮੇਲ ਕਰਾ ਦੇਵੇ । ਅੰਗਰੇਜ਼ ਸਰਕਾਰ ਕਈ ਸ਼ਰਤਾਂ ‘ਤੇ ਇਵੇਂ ਕਰਨਾ ਮੰਨ ਗਈ ਪਰ ਨਿਪਾਲ ਸਰਕਾਰ ਨੇ ਕਿਹਾ ਕਿ ਜੇਕਰ ਮਹਾਰਾਣੀ ਇਕ ਵਾਰੀ ਨਿਪਾਲ ਦੇਸ਼ ਤੋਂ ਬਾਹਰ ਚਲੀ ਗਈ ਤਾਂ ਉਸ ਦੀ ਗੁਜ਼ਾਰਾ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ । ਮਹਾਰਾਣੀ ਨੇ ਇਸ ਗੱਲ ਦੀ ਪ੍ਰਵਾਹ ਨਾ ਕੀਤੀ ਤੇ ਆਖਰ 1861 ਈ: ਵਿੱਚ ਉਹ ਘੜੀ ਆ ਹੀ ਗਈ ਜਦ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਤੋਂ ਕਲਕੱਤੇ ਲਿਆਂਦਾ ਗਿਆ ਤੇ ਮਾਂ ਨਿਪਾਲ ਤੋਂ ਉਸ ਨੂੰ ਮਿਲਣ ਆਈ । ਦੋਨੋਂ ਮਾਂ ਪੁੱਤਰ ਇਕੱਠੇ ਹੋਏ । ਅੰਨ੍ਹੀ ਮਾਂ ਨੇ ਪੁੱਤਰ ਨੂੰ ਗਲਵੱਕੜੀ ਵਿੱਚ ਲਿਆ ਤੇ ਬੜੀ ਰੋਈ; ਉਸ ਨੂੰ ਅਸੀਸਾਂ ਦਿੱਤੀਆਂ ਤੇ ਪਿਆਰ ਨਾਲ ਉਸ ਦੇ ਸਿਰ ‘ਤੇ ਹੱਥ ਫੇਰਨਾ ਚਾਹਿਆ । ਅਜਿਹਾ ਕਰਦਿਆਂ ਹੀ ਉਸ ਦੀਆਂ ਚੀਕਾਂ ਨਿਕਲ ਗਈਆਂ। ਉੱਚੀ-ਉੱਚੀ ਸਿਆਪਾ ਕਰਨਾ ਸ਼ੁਰੂ ਕਰ ਦਿੱਤਾ । ਦਲੀਪ ਸਿੰਘ ਨੇ ਕਾਰਨ ਪੁੱਛਿਆ ਤਾਂ ਮਾਂ ਨੇ ਕਿਹਾ ਕਿ ਸਾਰਾ ਰਾਜ-ਭਾਗ ਚਲੇ ਜਾਣ ਦਾ ਉਸ ਨੂੰ ਇਤਨਾ ਦੁੱਖ ਨਹੀਂ ਹੋਇਆ ਜਿਤਨਾ ਉਸ ਨੂੰ ਦਲੀਪ ਦੇ ਕੇਸ ਕਟਵਾਉਣ ਦਾ ਹੋਇਆ ਹੈ । ਉਸ ਨੇ ਪੁੱਤਰ ਨੂੰ ਫਿਟਕਾਰਾਂ ਪਾਈਆਂ, ਆਪਣੀ ਕਿਸਮਤ ਨੂੰ ਕੋਸਿਆ ਕਿ ਹੋਣੀਏਂ ! ਤੂੰ ਇਸ ਗਰੀਬਣੀ ਨਾਲ ਇਹ ਘਿਨਾਉਣਾ ਮਜ਼ਾਕ ਹੋਰ ਕਿਉਂ ਕੀਤਾ ਏ ? ਕੀ ਉਹ ਪਹਿਲੇ ਸੁਖੀ ਸੀ ਜੋ ਉਸ ਨੂੰ ਇਸ ਨਵੇਂ ਕਸ਼ਟ ਵਿੱਚ ਸੁੱਟਿਆ ਈ ? ਪਤਾ ਨਹੀਂ ਕੀ-ਕੀ ਮਹਾਰਾਣੀ ਬੋਲਦੀ ਗਈ! ਉਸ ਦੇ ਕਹਿਣ ਅਨੁਸਾਰ ਰਾਜ-ਭਾਗ ਜਾਣ ਨਾਲ ਉਸ ਨੂੰ ਕੋਈ ਮਾਨਸਿਕ ਦੁੱਖ ਨਹੀਂ ਹੋਇਆ ਪਰ ਪੁੱਤਰ ਦੀ ਸਿੱਖੀ ਖੁੱਸ ਜਾਣ ਨਾਲ ਉਸ ਦੀ ਆਤਮਾ ਤੱਕ ਲੀਰੋ-ਲੀਰੋ ਹੋ ਗਈ ਹੈ। ਕਾਸ਼ ਉਸ ਨੂੰ ਇਹ ਦਿਨ ਦੇਖਣਾ ਨਸੀਬ ਨਾ ਹੁੰਦਾ ! ਮਹਾਰਾਜਾ ਦਲੀਪ ਸਿੰਘ ਮਾਂ ਦੇ ਦੁੱਖ ਨੂੰ ਜਾਣਦਾ ਸੀ । ਉਹ ਖੁਦ ਬੜਾ ਦੁਖੀ ਸੀ । ਉਸ ਨੇ ਕਿਹਾ ਕਿ ਜਦ ਅੰਗਰੇਜ਼ ਉਸ ਨੂੰ ਇੰਗਲੈਂਡ ਲੈ ਗਏ ਤਾਂ ਉਹਨਾਂ ਨੇ ਧੱਕੇ ਨਾਲ ਉਸ ਦਾ ਧਰਮ ਪਰਿਵਰਤਤ ਕੀਤਾ। ਉਸ ਵਕਤ ਉਹ ਬੱਚਾ ਸੀ ਤੇ ਉਸ ਪਾਸ ਕੋਈ ਚਾਰਾ ਨਹੀਂ ਸੀ ਪਰ ਉਹ ਖੁਦ ਇਸ ਅਮਾਨਵੀ ਜ਼ੁਲਮ ਨੂੰ ਅਸਾਨੀ ਨਾਲ ਨਹੀਂ ਝੱਲ ਸਕਿਆ । ਉਸ ਤਰਲੇ ਦੀ ਭਾਵਨਾ ਵਿੱਚ ਕਿਹਾ ਕਿ ‘ਇਹ ਠੀਕ ਹੈ ਮਾਂ, ਕਿ ਮੇਰੇ ਕੇਸ ਨਹੀਂ ਹਨ ਪਰ ਮੇਰੇ ਅੰਦਰ ਮੇਰਾ ਗੁਰੂ ਪੂਰੀ ਤਰ੍ਹਾਂ ਵਸਿਆ ਹੋਇਆ ਹੈ।

ਤੂੰ ਮੈਨੂੰ ਆਸ਼ੀਰਵਾਦ ਦੇਹ ਕਿ ਮੈਂ ਫਿਰ ਸਿੱਖੀ ਸਰੂਪ ਧਾਰਨ ਕਰ ਕੇ ਗੁਰੂ ਦੀ ਸ਼ਰਨ ਵਿੱਚ ਆ ਸਕਾਂ । ਮੈਨੂੰ ਆਪਣੇ ਰਾਜ-ਭਾਗ ਨਾਲੋਂ ਸਿੱਖੀ ਤੇ ਕੇਸ ਵਧੇਰੇ ਮਹੱਤਵਪੂਰਨ ਲੱਗਦੇ ਹਨ । ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਦਾਅ ਲੱਗਦੇ ਹੀ ਮੈਂ ਅੰਮ੍ਰਿਤ ਛਕ ਕੇ ਸਿੰਘ ਸਜਾਂਗਾ । ਇਹ ਮੇਰੀ ਪਹਿਲੀ ਤੇ ਅੰਤਮ ਇੱਛਾ ਹੈ।’ ਪੁੱਤਰ ਦੀ ਮਜਬੂਰੀ ਭਰੇ ਜਜ਼ਬੇ ਨੂੰ ਸੁਣ ਕੇ ਮਾਂ ਨੂੰ ਕੁਛ ਧਰਵਾਸ ਹੋਇਆ ਪਰ ਉਹ ਉਸ ਦੁੱਖ ਨੂੰ ਬਹੁਤੀ ਦੇਰ ਤੱਕ ਜਰ ਨਾ ਸਕੀ ਤੇ ਪੁੱਤਰ ਨਾਲ ਇੰਗਲੈਂਡ ਪਹੁੰਚ ਕੇ ਪ੍ਰਾਣ ਤਿਆਗ ਦਿੱਤੇ । ਕਵੀ “ਜਾਚਕ” ਉਕਤ ਸਾਰੀ ਘਟਨਾ ਨੂੰ ਇਕ ਬੰਦ ਵਿੱਚ ਇਵੇਂ ਕਲਮ-ਬੰਦ ਕਰਦਾ ਹੈ:

ਵਿਛੜੀ ਜਿੰਦਾਂ ਨੂੰ ਜਦੋਂ ਦਲੀਪ ਮਿਲਿਆ,
ਧਾਹਾਂ ਮਾਰ ਸੀ ਰੋਈ ਮਜਬੂਰ ਮਾਤਾ,
ਜੂੜਾ ਪੁੱਤ ਦੇ ਸਿਰ ਨਾ ਵੇਖ ਕੇ ਤੇ।

ਹੋ ਗਈ ਟੁੱਟ ਕੇ ਚਕਨਾ ਚੂਰ ਮਾਤਾ ।

ਅੱਗੋਂ ਕਿਹਾ ਉਸ ਮਾਂ ਦੇ ਚਰਨ ਫੜ ਕੇ,
ਫਰੰਗੀ ਕੀਤਾ ਏ ਸਿੱਖੀ ਤੋਂ ਦੂਰ ਮਾਤਾ ।
ਅੰਮ੍ਰਿਤ ਛਕ ਕੇ ਸਜੂੰ ਮੈਂ ਸਿੰਘ ਪੂਰਾ,
ਸਹੁੰ ਖਾਂਦਾ ਹਾਂ ਤੇਰੇ ਹਜੂਰ ਮਾਤਾ ।

ਜ਼ਿੰਦਗੀ ਦੇ ਬਾਕੀ ਸਾਲਾਂ ਵਿੱਚ ਦੁਖੀ ਆਤਮਾ ਵਾਲੇ ਦਲੀਪ ਸਿੰਘ ਨੇ ਇੰਗਲੈਂਡ ਤੋਂ ਚੋਰੀ ਨੱਸ ਨਿਕਲਣ ਦੇ ਪ੍ਰਯਤਨ ਕੀਤੇ । ਇਕ ਵਾਰੀ ਤਾਂ ਮਿਸਰ ਤੱਕ ਪਹੁੰਚ ਵੀ ਗਿਆ ਪਰ ਫੜਿਆ ਗਿਆ। “ਦੁਖੀਏ ਮਾਂ ਪੁੱਤ” ਪੁਸਤਕ ਅਨੁਸਾਰ ਮਹਾਰਾਜੇ ਨੇ ਆਪਣੀ ਮਾਂ ਦੇ ਭੂਆ ਦੇ ਪੁੱਤਰ ਸ. ਸੰਤਾ ਸਿੰਘ ਨਿਵਾਸੀ ਪਿੰਡ ਐਮਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਇੰਗਲੈਂਡ ਤੋਂ 9 ਮਾਰਚ 1886 ਨੂੰ ਪੱਤਰ ਲਿਖਿਆ ਕਿ ਉਹ ਜਲਦੀ ਹੀ ਭਾਰਤ ਪਹੁੰਚ ਕੇ ਆਪਣੇ ਚਚੇਰੇ ਭਰਾ ਸ. ਠਾਕਰ ਸਿੰਘ ਸੰਧਾਵਾਲੀਆ ਤੋਂ ਅੰਮ੍ਰਿਤ ਛਕ ਕੇ ਸਿੰਘ ਸਜ ਕੇ ਆਪਣੀ ਮਾਂ ਨੂੰ ਦਿੱਤੇ ਬਚਨ ਪੂਰੇ ਕਰੇਗਾ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੇਗਾ । ਇਹ ਗੱਲ ਵੀ ਅੰਗਰੇਜ਼ ਸਰਕਾਰ ਨੂੰ ਪਤਾ ਲੱਗ ਗਈ।

ਉਨ੍ਹਾਂ ਨੇ ਉਸ ਨੂੰ ਪਹਿਲੇ ਡਰਾਇਆ ਧਮਕਾਇਆ ਪਰ ਮਹਾਰਾਜੇ ‘ਤੇ ਇਸ ਦਾ ਕੋਈ ਅਸਰ ਨਾ ਹੋਇਆ। ਫਿਰ ਉਸ ਨੂੰ ਲਾਲਚ ਦਿੱਤਾ ਕਿ ਉਸ ਦੀ ਵਾਰਸ਼ਕ ਪੈਨਸ਼ਨ ਵਧਾ ਕੇ 5 ਲੱਖ ਰੁ: ਕਰ ਦਿੱਤੀ ਜਾਵੇਗੀ ਇਸ ਲਈ ਉਹ ਸਿੰਘ ਸਜਣ ਅਤੇ ਭਾਰਤ ਜਾਣ ਦੀ ਜ਼ਿਦ ਛੱਡ ਦੇਵੇ ਪਰ ਮਹਾਰਾਜਾ ਆਪਣੀ ਆਤਮਾ ਦੀ ਅਵਾਜ਼ ਤੋਂ ਮਜਬੂਰ ਸੀ ।

ਉਹ ਮੌਕਾ ਮਿਲਦੇ ਹੀ ਫਿਰ ਭਾਰਤ ਲਈ ਚਲ ਪਿਆ। ਸਰਕਾਰ ਨੇ ਉਸ ਦੇ ਮਨਸੂਬੇ ਕਾਮਯਾਬ ਨਾ ਹੋਣ ਦਿੱਤੇ । ਮਹਾਰਾਜੇ ਦਾ ਦਿਲ ਟੁੱਟ ਗਿਆ ਤੇ ਆਖਿਰ ਸਿੰਘ ਸਜਣ ਦੀ ਉਮੰਗ ਨੂੰ ਦਿਲ ਵਿੱਚ ਸਮੋਈ ਰੱਖ ਕੇ ਉਹ 1893 ਈ: ਨੂੰ ਇੰਗਲੈਂਡ ਵਾਪਸ ਪਰਤਦਿਆਂ ਫਰਾਂਸ ਵਿੱਚ ਇਕ ਹੋਟਲ ਵਿੱਚ ਮਰ ਗਿਆ । ਕੁਦਰਤ ਦੀ ਸਿਤਮ ਜ਼ਰੀਫੀ ਦੇਖੋ ! ਜਿਹੜਾ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ-ਕਾਲ ਵਿੱਚ ਸੋਹਣੀ ਦਸਤਾਰ ਸਜਾਉਣ ਵਾਲੇ ਨੂੰ ਇਨਾਮ ਵਿੱਚ ਜਾਗੀਰਾਂ ਦੇ ਕੇ ਪ੍ਰਸੰਨਤਾ ਅਨੁਭਵ ਕਰਦਾ ਸੀ ਉਸ ਦੇ ਆਪਣੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਸਾਰੀ ਉਮਰ ਦੇ ਠੋਸ ਪ੍ਰਯਤਨਾਂ ਸਦਕਾ ਵੀ ਦਸਤਾਰ ਸਜਾਉਣੀ ਨਸੀਬ ਨਹੀਂ ਹੋਈ। ਪਰ ਇਹ ਸਾਰੀ ਵਿਥਿਆ ਕਿਤਨੀ ਉੱਚੀ ਅਵਾਜ਼ ਨਾਲ ਸਾਡੀ ਜ਼ਮੀਰ, ਸਾਡੀ ਆਤਮਾ, ਸਾਡੇ ਮਨ ਨੂੰ ਝੰਜੋੜਦੀ ਹੈ ਕਿ ਸਿੱਖ ਲਈ ਕੇਸ ਤੇ ਦਸਤਾਰ ਇਤਨੇ ਅਵੱਸ਼ਕ ਹਨ ਜਿਤਨੇ ਉਸ ਦੇ ਜੀਉਣ ਲਈ ਪ੍ਰਾਣ ਤੇ ਹਵਾ ।

ਕੇਸਾਂ ਨੂੰ ਸੰਭਾਲੋ ਤੁਸੀਂ ਸਿੰਘੋ ਸੂਰਿਓ !
ਸਿੱਖੀ ਨੂੰ ਸੰਵਾਰੋ ਤੁਸੀਂ ਸਿੰਘੋ ਸੂਰਿਓ !

ਸਰੂਪ ਸਿੰਘ ਅਲੱਗ