32 views 7 secs 0 comments

ਮਹਾਰਾਜਾ ਦਲੀਪ ਸਿੰਘ ਦੀ ਰੂਹ…?

ਲੇਖ
January 04, 2026

ਕਿਸੇ ਦੀ ਕਿਸੇ ਵਿੱਚ ਰੂਹ ਆਉਣ ਤੋਂ ਮੇਰਾ ਭਾਵ ਹੈ ਕੋਈ ਕਿਵੇਂ ਕਿਸੇ ਦਾ ਪ੍ਰੇਰਨਾ ਸਰੋਤ ਬਣ ਜਾਂਦਾ ਹੈ। ਮਹਾਰਾਜਾ ਦਲੀਪ ਸਿੰਘ ਦੇ ਜੀਵਨ ਕਾਲ ਸਮੇਂ ਇਹ ਗੱਲ ਪ੍ਰਚੱਲਿਤ ਹੋ ਗਈ ਸੀ ਕਿ ਉਸ ਵਿਚ ਬਾਬਾ ਰਾਮ ਸਿੰਘ ਜੀ ਨਾਮਧਾਰੀ ਦੀ ਰੂਹ ਆ ਗਈ ਹੈ। ਗੱਲ ਤਾਂ ਇਹ ਸੀ ਕਿ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਪਤਾ ਲੱਗਾ ਕਿ ਟੁਕੜਬੋਚ ਸਿੱਖ ਸਰਦਾਰ ਤਾਂ ਅੰਗਰੇਜ਼ਾਂ ਅੱਗੇ ਪੂਰੀ ਤਰ੍ਹਾਂ ਵਿਕ ਚੁੱਕੇ ਹਨ ਤੇ ਉਸ ਦੀ ਕੋਈ ਸਹਾਇਤਾ ਕਰਨ ਦੀ ਬਜਾਇ ਉਸ ਦੀ ਵਿਰੋਧਤਾ ਕਰ ਰਹੇ ਸਨ ਤੇ ਉਦੋਂ ਉਸ ਨੂੰ ਸਿਰਫ ਨਾਮਧਾਰੀ ਲਹਿਰ ਵਿਚੋਂ ਹੀ ਕੋਈ ਆਸ ਦੀ ਚਿਣਗ ਨਜ਼ਰ ਆਈ।

ਜਦੋਂ ਮਹਾਰਾਜਾ ਦਲੀਪ ਸਿੰਘ ਨੇ ਪੰਜਾਬੀਆਂ ਤੇ ਭਾਰਤੀਆਂ ਨੂੰ ਸਹਾਇਤਾ ਕਰਨ ਲਈ ਅਪੀਲ ਕੀਤੀ ਤੇ ਕਿਹਾ ਕਿ ਹਰ ਪੰਜਾਬੀ ਇਕ ਆਨਾ ਮਹੀਨਾ ਅਤੇ ਹਰ ਭਾਰਤੀ ਇਕ ਪੈਸਾ ਮਹੀਨਾ ਸਹਾਇਤਾ ਦੇਵੇ ਤਾਂ ਸਿੱਖਾਂ ਦੀਆਂ ਸਥਾਪਿਤ ਸੰਸਥਾਵਾਂ, ਜੋ ਕਿ ਪੂਰੀ ਤਰ੍ਹਾਂ ਅੰਗਰੇਜ਼ਾਂ ਕੋਲ ਵਿਕ ਚੁੱਕੇ ਸਰਦਾਰਾਂ ਦੇ ਅਸਰ ਹੇਠ ਕੰਮ ਕਰ ਰਹੀਆਂ ਸਨ, ਨੇ ਉਸ ਦੀ ਸਹਾਇਤਾ ਤਾਂ ਕੀ ਕਰਨੀ ਸੀ ਉਲਟਾ ਉਸ ਨੂੰ ਬੁਰਾ ਭਲਾ ਕਿਹਾ ਤੇ ਇਹ ਸਲਾਹ ਦਿੱਤੀ ਕਿ ਉਹ ਜਿਸ ਰਸਤੇ ‘ਤੇ ਤੁਰਨਾ ਚਾਹੁੰਦਾ ਹੈ, ਉਸ ਨੂੰ ਛੱਡ ਕੇ ਮਹਾਰਾਣੀ ਵਿਕਟੋਰੀਆ ਤੋਂ ਮਾਫੀ ਮੰਗ ਲਵੇ।

ਉਸ ਵੇਲੇ ਸਿਰਫ ਨਾਮਧਾਰੀ ਹੀ ਸਨ, ਜਿਨ੍ਹਾਂ ਨੇ ਪੂਰੀ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਦਾ ਸਾਥ ਦਿੱਤਾ ਅਤੇ ਜਿੰਨਾ ਪੈਸਾ ਉਸ ਨੇ ਕਿਹਾ ਸੀ, ਉਹ ਵੀ ਇਕੱਠਾ ਕਰਕੇ ਦਿੱਤਾ। ਬਾਬਾ ਰਾਮ ਸਿੰਘ ਜੀ ਦੀ ਰੂਹ ਉਸ ਵਿੱਚ ਆਉਣ ਦਾ ਅਰਥ ਇਹ ਹੀ ਸੀ ਕਿ ਬਾਬਾ ਰਾਮ ਸਿੰਘ ਜੀ ਅਤੇ ਮਹਾਰਾਜ ਦਲੀਪ ਸਿੰਘ ਦੇ ਉਦੇਸ਼ ਇਕੋ ਹੋ ਗਏ ਅਰਥਾਤ ਅੰਗਰੇਜ਼ਾਂ ਨੂੰ ਪੰਜਾਬ ਅਤੇ ਬਾਕੀ ਦੇ ਭਾਰਤ ਵਿਚੋਂ ਬਾਹਰ ਕੱਢ ਕੇ ਖਾਲਸੇ

ਦੇ ਰਾਜ ਦੀ ਮੁੜ ਸਥਾਪਨਾ ਕਰਨਾ। ਜਦੋਂ ਮਹਾਰਾਜਾ ਦਲੀਪ ਸਿੰਘ ਅੰਗਰੇਜ਼ਾਂ ਦੇ ਉੱਚ ਵਰਗ ਦੀ ਐਸ਼ਪ੍ਰਸਤ ਜ਼ਿੰਦਗੀ ਛੱਡ ਕੇ ਇਕ ਸੱਚਾ ਲੋਕਪ੍ਰਸਤ ਤੇ ਦੇਸ ਭਗਤ ਬਣ ਗਿਆ ਤਾਂ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਸ ਵਿਚ ਬਾਬਾ ਰਾਮ ਸਿੰਘ ਜੀ ਦੀ ਰੂਹ ਆ ਗਈ ਹੈ।

ਮੈਨੂੰ ਬਚਪਨ ਤੋਂ ਹੀ ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਬਹੁਤ ਛੋਟੀ ਉਮਰ ਵਿਚ ਹੀ ਮੈਂ ਸਿੱਖ ਇਤਿਹਾਸ ਬਹੁਤ ਗੰਭੀਰਤਾ ਨਾਲ ਪੜ੍ਹਿਆ ਹੈ। 7 ਸਾਲ ਦੀ ਉਮਰ ਵਿਚ ਮੈਂ ਪਹਿਲੀ ਵਾਰ ਸਿੱਖ ਇਤਿਹਾਸ ਪੜ੍ਹਿਆ। ਸਿੱਖ
ਇਤਿਹਾਸ ਦੇ ਖੂਨੀ ਪੱਤਰੇ ਅਤੇ ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾਂ ਦਾ ਇਤਿਹਾਸ ਪੜ੍ਹ ਕੇ ਮੈਨੂੰ ਬਹੁਤ ਵਾਰੀ ਰੋਣਾ ਆ ਜਾਂਦਾ। ਮੈਂ ਪੰਜਾਹ ਸਾਲਾਂ ਤੋਂ ਵੱਧ ਸਮੇਂ ਬਾਅਦ ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾਂ ਦਾ ਇਤਿਹਾਸ ਫਿਰ ਪੜ੍ਹਿਆ ਹੈ ਅਤੇ ਮੈਨੂੰ ਹੈਰਾਨੀ ਹੋਈ ਹੈ ਕਿ ਹੁਣ ਵੀ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ। ਖਾਸ ਕਰਕੇ ਦਲੀਪ ਸਿੰਘ ਜਦੋਂ ਆਪਣੇ ਬਚਪਨ ਦੀਆਂ ਯਾਦਾਂ ਦੱਸ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਜਦੋਂ ਪਹਿਲੇ-ਅੰਗਰੇਜ਼-ਸਿੱਖ ਯੁੱਧ ਤੋਂ ਬਾਅਦ ਲਾਹੌਰ ਵਿਚ ਇਕ ਵੱਡਾ ਸਮਾਗਮ ਹੋ ਰਿਹਾ ਸੀ, ਜਿਸ ਵਿਚ ਤੇਜਾ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਰਾਜੇ ਦਾ ਖਿਤਾਬ ਦਿੱਤਾ ਜਾ ਰਿਹਾ ਸੀ, ਜ਼ਾਹਿਰ ਹੈ ਕਿ ਇਹ ਖਿਤਾਬ ਅੰਗਰੇਜ਼ ਉਸ ਨੂੰ ਉਸ ਦੀ ਗੱਦਾਰੀ ਦੇ ਇਨਾਮ ਵਜੋਂ ਦੇ ਰਹੇ ਸਨ, ਜਿਸ ਨੇ ਕਿ ਸਿੱਖ ਫੌਜਾਂ ਦੇ ਕਮਾਂਡਰ ਇਨ-ਚੀਫ ਹੁੰਦੇ ਹੋਏ ਵੀ ਅੰਗਰੇਜ਼ਾਂ ਨੂੰ ਜਿਤਾਉਣ ਤੇ ਸਿੱਖਾਂ ਨੂੰ ਹਰਾਉਣ ਲਈ ਪੂਰਾ ਜ਼ੋਰ ਲਾਇਆ, ਸਮਾਗਮ ਤਾਂ ਹੀ ਪੂਰਨ ਹੁੰਦਾ ਸੀ ਜਦੋਂ ਮਹਾਰਾਜਾ ਉਸ ਦੇ ਸਿਰ ‘ਤੇ ਹੱਥ ਰੱਖ ਕੇ ਉਸ ਨੂੰ ਆਸ਼ੀਰਵਾਦ ਦੇਵੇ, ਪਰ ਜਦੋਂ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਅਜਿਹਾ ਕਰਨ ਲਈ ਕਿਹਾ ਤਾਂ ਮਹਾਰਾਣੀ ਜਿੰਦਾਂ ਨੇ ਦਲੀਪ ਸਿੰਘ ਨੂੰ ਕਿਹਾ ਕਿ ਇਸ ਗੱਦਾਰ ਨੂੰ ਅਸ਼ੀਰਵਾਦ ਨਹੀਂ ਦੇਣਾ। ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਬਹੁਤ ਡਰਾਇਆ ਧਮਕਾਇਆ, ਮਹਾਰਾਣੀ ਜਿੰਦਾਂ ਨੂੰ ਵੀ ਬਹੁਤ ਡਾਂਟਿਆ, ਪ੍ਰੰਤੂ ਮਹਾਰਾਜਾ ਦਲੀਪ ਸਿੰਘ ਨੇ ਅਸ਼ੀਰਵਾਦ ਦੇਣ ਤੋਂ ਇਨਕਾਰ ਕਰ ਦਿੱਤਾ।

ਉਸ ਵੇਲੇ ਗੁਲਾਬ ਸਿੰਘ ਨੇ ਕਿਹਾ ਕਿ ਉਹ ਤੇ ਮਹਾਰਾਜਾ ਦਲੀਪ ਸਿੰਘ ਘੋੜ-ਸਵਾਰੀ ਕਰਕੇ ਸ਼ਾਲਾਮਾਰ ਬਾਗ ਜਾਣਗੇ। ਜਦੋਂ ਸ਼ਾਲਾਮਾਰ ਬਾਗ ਪਹੁੰਚੇ ਤਾਂ ਮਹਾਰਾਜਾ ਦਲੀਪ ਸਿੰਘ ਨੇ ਗੁਲਾਬ ਸਿੰਘ ਨੂੰ ਕਿਹਾ ਕਿ ਵਾਪਸ ਲਾਹੌਰ ਚਲੀਏ ਤਾਂ ਗੁਲਾਬ ਸਿੰਘ ਨੇ ਕਿਹਾ ਕਿ ਨਹੀਂ ਰਾਤ ਠਹਿਰਣ ਦਾ ਇੰਤਜ਼ਾਮ ਵੀ ਇੱਥੇ ਹੀ ਹੈ, ਸਵੇਰੇ ਵਾਪਸ ਜਾਵਾਂਗੇ। ਜਦੋਂ ਸਵੇਰੇ ਵਾਪਸ ਆਏ ਤਾਂ ਦਲੀਪ ਸਿੰਘ ਨੂੰ ਉਸ ਦੀ ਮਾਂ ਨਹੀਂ ਦਿਸੀ। ਜਦੋਂ ਉਸ ਨੇ ਪੁੱਛਿਆ ਤਾਂ ਪਤਾ ਲੱਗਾ ਕਿ ਮਹਾਰਾਣੀ ਜਿੰਦਾਂ ਨੂੰ ਗ੍ਰਿਫਤਾਰ ਕਰਕੇ ਸ਼ੇਖੂਪੁਰੇ ਭੇਜ ਦਿੱਤਾ ਗਿਆ ਹੈ। ਮਹਾਰਾਜਾ ਦਲੀਪ ਸਿੰਘ ਕਹਿੰਦਾ ਹੈ ਕਿ ਉਹ ਬਹੁਤ ਹੀ ਉਦਾਸ ਹੋ ਗਿਆ ਕਿਉਂਕਿ ਉਹ ਆਪਣੀ ਮਾਂ ਨੂੰ ਬਹੁਤ ਹੀ ਪਿਆਰ ਕਰਦਾ ਸੀ। ਉਸ ਵੇਲੇ ਮਹਾਰਾਜਾ ਦਲੀਪ ਸਿੰਘ ਦੀ ਉਮਰ 9 ਸਾਲ ਦੇ ਲੱਗਭੱਗ ਸੀ। ਮਹਾਰਾਜਾ ਦਲੀਪ ਸਿੰਘ ਜਦੋਂ ਆਪਣੇ ਬਚਪਨ ਦੀ ਯਾਦ ਬਿਆਨ ਕਰ ਰਿਹਾ ਸੀ ਤਾਂ ਮੈਨੂੰ ਵੀ ਉਹ ਪੀੜ ਮਹਿਸੂਸ ਹੋਈ, ਜੋ ਕਿ ਮਹਾਰਾਜਾ ਦਲੀਪ ਸਿੰਘ ਨੂੰ ਹੋਈ ਸੀ। ਇਕ ਛੋਟੇ ਜਿਹੇ ਬੱਚੇ ਨੂੰ ਉਸ ਦੀ ਮਾਂ ਨਾਲੋਂ ਵਿਛੋੜਨ ਦੀ ਪੀੜ ਮੈਂ ਪੂਰੀ ਤਰ੍ਹਾਂ ਮਹਿਸੂਸ ਕੀਤੀ।

ਭਾਵੇਂ ਕਿ ਜਦੋਂ ਬਚਪਨ ਵਿਚ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦਾ ਲਿਖਿਆ ਸਿੱਖ ਇਤਿਹਾਸ ਪੜ੍ਹਿਆ ਤਾਂ ਉਹ ਵੀ ਲਿਖਦੇ ਹਨ ਕਿ ਜਦੋਂ ਮੈਂ ਸਿੱਖ ਇਤਿਹਾਸ ਦੇ ਦੁਖਾਂਤ ਦਾ ਵੇਰਵਾ ਲਿਖ ਰਿਹਾ ਹਾਂ ਤਾਂ ਮੈਨੂੰ ਵੀ ਰੋਣਾ ਆਉਂਦਾ ਹੈ ਪ੍ਰੰਤੂ ਫਿਰ ਵੀ ਮੈਂ ਕਾਫੀ ਸਮਾਂ ਇਹ ਮਹਿਸੂਸ ਕਰਦਾ ਰਿਹਾ ਕਿ ਸ਼ਾਇਦ ਮੈਂ ਇਸ ਬਾਰੇ ਬਹੁਤ ਸੰਵੇਦਨਸ਼ੀਲ ਹਾਂ।

ਪ੍ਰੰਤੂ ਜਦੋਂ ਮੈਂ ਇਕ ਅੰਗਰੇਜ਼ ਲਿਖਾਰੀ ਵੱਲੋਂ ਇਹ ਲਿਖਿਆ ਪੜ੍ਹਿਆ ਕਿ ਜਦੋਂ ਵੀ ਕੋਈ ਸਿੱਖ ਇੰਗਲੈਂਡ ਵਿਚ ਮਹਾਰਾਜਾ ਦਲੀਪ ਸਿੰਘ ਦੀ ਸਮਾਧ ‘ਤੇ ਜਾਂਦਾ ਹੈ ਤਾਂ ਉਸ ਨੂੰ ਰੋਣਾ ਆ ਜਾਂਦਾ ਹੈ ਅਤੇ ਜਦੋਂ ਮੈਂ ਕਾਮਰੇਡਾਂ ਦੇ ਬਾਬਾ ਬੋਹੜ ਸੰਤ ਸਿੰਘ ਸੇਖੋਂ ਦੀ ਲਿਖੀ ਇਹ ਗੱਲ ਪੜ੍ਹੀ ਕਿ ਸਿੱਖ ਇਤਿਹਾਸ ਦੇ ਦੁਖਾਂਤ ਨੂੰ ਪੜ੍ਹ ਕੇ ਉਹ ਬਹੁਤ ਵਾਰੀ ਰੋਏ ਹਨ ਤਾਂ ਮੈਨੂੰ ਲੱਗਿਆ ਕਿ ਮੈਂ ਇਸ ਵਿਸ਼ੇ ਬਾਰੇ ਲੋੜ ਤੋਂ ਵੱਧ ਸੰਵੇਦਨਸ਼ੀਲ ਨਹੀਂ ਹਾਂ ਸਗੋਂ ਬਹੁਤ ਸਾਰੇ ਸਿੱਖਾਂ ਤੇ ਪੰਜਾਬੀਆਂ ਨੂੰ ਡੂੰਘਾ ਦੁੱਖ ਹੈ ਕਿ ਸਾਡਾ ਰਾਜ ਚਲਾ ਗਿਆ ਅਤੇ ਅਸੀਂ ਅੰਗਰੇਜ਼ ਦੇ ਗੁਲਾਮ ਹੋ ਗਏ, ਜਿਸ ਗੁਲਾਮੀ ਤੋਂ ਅਸੀਂ ਅੱਜ ਤੱਕ ਮੁਕਤ ਨਹੀਂ ਹੋਏ।

ਕਈ ਸਾਲ ਬਾਅਦ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਬਿਮਾਰ ਅਤੇ ਬੁੱਢੀ ਮਾਂ ਨੂੰ ਕਲਕੱਤੇ ਵਿੱਚ ਮਿਲਣ ਦੀ ਆਗਿਆ ਮਿਲੀ ਤਾਂ ਪੁੱਤਰ ਵਿਯੋਗ ਵਿੱਚ ਰੋ-ਰੋ ਕੇ ਅੰਨ੍ਹੀ ਹੋਈ ਮਹਾਰਾਣੀ ਜਿੰਦਾਂ ਵੱਲੋਂ ਦਲੀਪ ਸਿੰਘ ਨੂੰ ਕਹੀ ਗੱਲ ਮੈਨੂੰ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਕਿ ਉਹ ਮੈਨੂੰ ਵੀ ਕਹਿ ਰਹੀ ਹੈ। ਮਹਾਰਾਣੀ ਜਿੰਦਾਂ ਨੇ ਕਿਹਾ ਕਿ ਦਲੀਪ ਸਿੰਘ ਸਾਡਾ ਰਾਜਾ ਚਲਾ ਗਿਆ, ਉਸ ਦਾ ਮੈਨੂੰ ਕੋਈ ਦੁੱਖ ਨਹੀਂ, ਸਾਡਾ ਪਰਿਵਾਰ ਚਲਾ ਗਿਆ ਤੇ ਸਾਡਾ ਘਰ-ਬਾਰ ਚਲਾ ਗਿਆ, ਉਸ ਦਾ ਵੀ ਮੈਨੂੰ ਕੋਈ ਦੁੱਖ ਨਹੀਂ ਪ੍ਰੰਤੂ ਅੱਜ ਸਾਡਾ ਧਰਮ ਚਲਾ ਗਿਆ ਹੈ ਇਹ ਮੈਂ ਨਹੀਂ ਸਹਾਰ ਸਕਦੀ। ਉਸ ਨੇ ਕਿਹਾ ਕਿ ਦਲੀਪ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ-ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ ਪ੍ਰੰਤੂ ਉਨ੍ਹਾਂ ਨੇ ਆਪਣਾ ਧਰਮ ਨਹੀਂ ਛੱਡਿਆ ਅਤੇ ਤੂੰ ਇਹ ਕੀ ਕੀਤਾ ਹੈ? ਇਸ ਗੱਲ ਨੇ ਕਿੰਨਾ ਕੁ ਅਸਰ ਦਲੀਪ ਸਿੰਘ ‘ਤੇ ਕੀਤਾ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲੱਗ ਸਕਦਾ ਹੈ ਕਿ ਉਸ ਨੇ ਠਾਕਰ ਸਿੰਘ ਸੰਧਾਵਾਲੀਆ ਤੋਂ ਅੰਮ੍ਰਿਤ ਛਕ ਕੇ ਫਿਰ ਸਿੱਖੀ ਵਿੱਚ ਪ੍ਰਵੇਸ਼ ਕਰ ਲਿਆ।

ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਨੇ ਆਪਣੇ ਛੋਟੇ ਜਿਹੇ ਟਾਪੂ ਦੇਸ਼ ਵਿਚ 17000 ਏਕੜਾਂ ਵਿੱਚ ਮਹੱਲ ਬਣਵਾ ਕੇ ਉਸ ਨੂੰ ਖੂਬ ਐਸ਼ ਕਰਵਾਈ। ਉਸ ਦਾ ਬੜਾ ਮਾਣ-ਸਤਿਕਾਰ ਕੀਤਾ, ਸ਼ਾਇਦ ਸਾਰੀ ਬਰਤਾਨਵੀ ਸਲਤਨਤ ਵਿਚ ਮਹਾਰਾਜਾ ਦਲੀਪ ਸਿੰਘ ਹੀ ਇਕ
ਅਜਿਹਾ ਸ਼ਖਸ ਸੀ ਜੋ ਕਿਸੇ ਵੀ ਸਮੇਂ ਮਹਾਰਾਣੀ ਵਿਕਟੋਰੀਆ ਨੂੰ ਮਿਲ ਸਕਦਾ ਸੀ। ਮਹਾਰਾਣੀ ਵਿਕਟੋਰੀਆ ਮਹਾਰਾਜਾ ਦਲੀਪ ਸਿੰਘ ਦਾ ਕਿੰਨਾ ਕੁ ਸਤਿਕਾਰ ਕਰਦੀ ਸੀ, ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੇ ਮਹਾਰਾਜਾ ਦਲੀਪ ਸਿੰਘ ਦੀਆਂ ਤਸਵੀਰਾਂ ਆਪਣੇ ਹੱਥਾਂ ਨਾਲ ਬਣਾਈਆਂ। ਇਸ ਸਭ ਕੁੱਝ ਦੇ ਬਾਵਜੂਦ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੀ ਮੱਕਾਰੀ, ਦੂਜੀਆਂ ਕੌਮਾਂ ਨੂੰ ਧੋਖੇ ਨਾਲ ਗੁਲਾਮ ਬਣਾਉਣਾ ਅਤੇ ਉਨ੍ਹਾਂ ਦੀ ਲੁੱਟ ਕਰਨੀ, ਬਾਰੇ ਪੂਰਾ ਗਿਆਨ ਹੋ ਗਿਆ। ਮਹਾਰਾਜਾ ਦਲੀਪ ਸਿੰਘ ਦੇ ਇਹ ਪ੍ਰਭਾਵ ਤੇ ਉਸ ਦੀਆਂ ਅੰਗਰੇਜ਼ਾਂ ਬਾਰੇ ਧਾਰਨਾਵਾਂ ਦਾ ਪਤਾ ਉਸ ਦੇ ਮਹਾਰਾਣੀ ਵਿਕਟੋਰੀਆ ਅਤੇ ਆਪਣੇ ਦੇਸ-ਵਾਸੀਆਂ ਨੂੰ ਲਿਖੇ ਪੱਤਰਾਂ ਤੋਂ ਹੀ ਲੱਗ ਜਾਂਦਾ ਹੈ। ਉਹ ਸਮਝ ਗਿਆ ਸੀ ਕਿ ਅੰਗਰੇਜ਼ ਉਸ ਨੂੰ ਐਸ਼ਪ੍ਰਸਤੀ ਵਿਚ ਪਾ ਕੇ ਉਸ ਨੂੰ ਆਪਣੇ ਲੋਕਾਂ ਨਾਲੋਂ, ਆਪਣੇ ਸੱਭਿਆਚਾਰ ਨਾਲੋਂ ਪੂਰੀ ਤਰ੍ਹਾਂ ਤੋੜਨਾ ਚਾਹੁੰਦੇ ਸਨ। ਟੁਕੜਬੋਚ ਸਰਦਾਰ, ਜਗੀਰਦਾਰ ਤੇ ਸਿੱਖ ਸੰਸਥਾਵਾਂ ‘ਤੇ ਕਾਬਜ਼ ਲੋਕ ਪੂਰੀ ਸ਼ਿੱਦਤ ਅਤੇ ਉਤਸ਼ਾਹ ਨਾਲ ਅੰਗਰੇਜ਼ਾਂ ਦੀ ਗੁਲਾਮੀ ਨਿਭਾਅ ਰਹੇ ਸਨ। ਨਾਮਧਾਰੀ ਸਿੱਖ ਹੀ ਇਕ ਅਜਿਹਾ ਵਰਗ ਸੀ, ਜੋ ਕਿ ਪੂਰੀ ਤਰ੍ਹਾਂ ਅੰਗਰੇਜ਼ ਦੀ ਗੁਲਾਮੀ ਤੋਂ ਮੁਕਤ ਹੋਣ ਲਈ ਸੰਘਰਸ਼ ਕਰ ਰਹੇ ਸਨ ਭਾਵੇਂ ਕਿ ਸਾਧਾਰਨ ਸਿੱਖਾਂ ਦੀ ਵੱਡੀ ਬਹੁਗਿਣਤੀ ਅੰਗਰੇਜ਼ ਦੀ ਗੁਲਾਮੀ ਤੋਂ ਮੁਕਤ ਹੋਣ ਲਈ ਸੰਘਰਸ਼ ਕਰਨਾ ਚਾਹੁੰਦੀ ਸੀ ਪ੍ਰੰਤੂ ਸਿੱਖ ਸੰਸਥਾਵਾਂ ‘ਤੇ ਕਾਬਜ ਠੱਗ ਪੂਰੀ ਤਰ੍ਹਾਂ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ। ਇਸ ਲਈ ਜਦੋਂ ਮਹਾਰਾਜਾ ਦਲੀਪ ਸਿੰਘ ਨੇ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਕੱਢ ਕੇ ਪੂਰੀ ਤਰ੍ਹਾਂ ਗੁਲਾਮੀ ਤੋਂ ਮੁਕਤ ਹੋਣ ਦੀ ਗੱਲ ਕੀਤੀ ਤਾਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਸ ਵਿੱਚ ਬਾਬਾ ਰਾਮ ਸਿੰਘ ਜੀ ਦੀ ਰੂਹ ਆ ਗਈ ਹੈ। ਅੱਜ ਵੀ ਸਿੱਖਾਂ ਤੇ ਪੰਜਾਬੀਆਂ ਦੇ ਹਾਲਾਤ ਵਿਚ ਜ਼ਿਆਦਾ ਫਰਕ ਨਹੀਂ ਪਿਆ। ਫਰਕ ਸਿਰਫ ਏਨਾ ਹੀ ਹੈ ਕਿ ਅੱਜ ਅੰਗਰੇਜ਼ਾਂ ਦੀ ਥਾਂ ਅਮਰੀਕਨਾਂ ਨੇ ਲੈ ਲਈ ਹੈ। ਅੱਜ ਵੀ ਜਗੀਰੂ ਸ੍ਰੇਸ਼ਠ ਵਰਗਾਂ ਨੇ ਪੂਰੀ ਤਰ੍ਹਾਂ ਅਮਰੀਕਾ ਦੀ ਗੁਲਾਮੀ ਸਵੀਕਾਰੀ ਹੋਈ ਹੈ। ਮਹਾਰਾਜਾ ਦਲੀਪ ਸਿੰਘ ਵੇਲੇ ਜੋ ਕੰਮ ਇੰਗਲੈਂਡ ਕਰ ਰਿਹਾ ਸੀ, ਅੱਜ ਉਹ ਹੀ ਕੰਮ ਅਮਰੀਕਾ ਕਰ ਰਿਹਾ ਹੈ। ਜੇ ਅੱਜ ਮਹਾਰਾਜਾ ਦਲੀਪ ਸਿੰਘ ਜੀਊਂਦਾ ਹੁੰਦਾ ਤਾਂ ਸ਼ਾਇਦ ਜੋ ਚਿੱਠੀਆਂ ਉਸ ਨੇ ਰਾਣੀ ਵਿਕਟੋਰੀਆ ਨੂੰ ਲਿਖੀਆਂ ਹਨ, ਉਹ ਚਿੱਠੀਆਂ ਅਮਰੀਕਨ ਹਾਕਮਾਂ ਨੂੰ ਲਿਖਦਾ। ਜੋ ਅਪੀਲਾਂ ਉਸ ਨੇ ਪੰਜਾਬ ਤੇ ਭਾਰਤੀਆਂ ਨੂੰ ਅੰਗਰੇਜ਼ਾਂ ਤੋਂ ਮੁਕਤ ਹੋਣ ਦੀਆਂ ਕੀਤੀਆਂ ਸਨ, ਉਹ ਅੱਜ ਅਮਰੀਕਨਾਂ ਦੀ ਭਾਵੁਕ ਗੁਲਾਮੀ ਤੋਂ ਅਜ਼ਾਦ ਹੋਣ ਲਈ ਕਰਦਾ। ਸ਼ਾਇਦ ਉਸ ਦੀ ਪ੍ਰੇਰਨਾ ਹੀ ਮੈਨੂੰ ਵੀ ਅਜਿਹਾ ਕਹਿਣ ਲਈ ਕਹਿ ਰਹੀ ਹੈ।

ਡਾ: ਸਵਰਾਜ ਸਿੰਘ