
ਮਹਾਰਾਜਾ ਰਣਜੀਤ ਸਿੰਘ ਨੇ ਜਿਸ ਸਮੇਂ ਵਿਚ ਵਿਸ਼ਾਲ ਪੰਜਾਬ ਦੀ ਵਾਗਡੋਰ ਸੰਭਾਲੀ ਉਸ ਸਮੇਂ ਦੇ ਹਾਲਾਤ ਜਾਣੇ ਬਗ਼ੈਰ ਮਹਾਰਾਜੇ ਦੀ ਸ਼ਖ਼ਸੀਅਤ ਦਾ ਸਹੀ ਮੁਲਾਂਕਣ ਨਹੀਂ ਹੋ ਸਕਦਾ। ਉਸ ਨਾਲ ਸਬੰਧਤ ਸਮਕਾਲੀ ਸਰੋਤਾਂ ਦੀ ਕੋਈ ਘਾਟ ਨਹੀਂ ਪਰ ਉਸ ਬਾਰੇ ਜਾਣਨ ਵਾਸਤੇ ਦੇਖਣਾ ਹੋਵੇਗਾ ਕਿ ਟਿੱਪਣੀਕਾਰਾਂ ਦੀ ਖੁਦ ਦੀ ਪਿੱਠਭੂਮੀ ਅਤੇ ਵਫਾਦਾਰੀ ਕਿਸ ਪ੍ਰਕਾਰ ਦੀ ਹੈ। ਬਹੁਤ ਸਾਰੇ ਪੱਛਮੀ ਇਤਿਹਾਸਕਾਰਾਂ ਨੇ ਚੇਤਨ ਹੋ ਕੇ ਉਸ ਵਿਰੁੱਧ ਗਲਤ ਟਿਪੱਣੀਆਂ ਦਿੱਤੀਆਂ ਹਨ ਤਾਂ ਕਿ ਪਾਠਕਾਂ ਦੇ ਮਨ ਵਿਚ ਵਧੀਕ ਸਤਿਕਾਰ ਨਾ ਬਣੇ। ਸਿਆਣੇ ਇਤਿਹਾਸਕਾਰ ਬਿਨਾਂ ਬਾਕਾਇਦਾ ਪਰਖ ਕਰਨ ਦੇ ਸੁਣੀਆਂ ਸੁਣਾਈਆਂ ਗੱਲਾਂ ਨੂੰ ਆਪਣੀ ਸਾਮੱਗਰੀ ਵਿਚ ਸ਼ਾਮਲ ਨਹੀਂ ਕਰਦੇ ਪਰ ਅੰਗਰੇਜ਼ਾਂ ਨੇ ਖ਼ਾਸ ਮਨੋਰਥ ਨਾਲ ਅਜਿਹਾ ਕੀਤਾ। ਮਹਾਰਾਜਾ ਏਨਾ ਸ਼ਕਤੀਸ਼ਾਲੀ ਇਨਸਾਨ ਸੀ ਕਿ ਉਸ ਦੇ ਜਿਉਂਦੇ ਜੀਅ ਏਸ਼ੀਆ ਦੀਆਂ ਕੌਮਾਂ ਤਾਂ ਕੀ ਅੰਗਰੇਜ਼ਾਂ ਸਮੇਤ ਕਿਸੇ ਕੌਮ ਨੇ ਪੰਜਾਬ ਤੇ ਹਮਲਾ ਨਹੀਂ ਕੀਤਾ। ਗਵਾਂਢੀ ਦੇਸ ਚੌਕਸ ਹੋ ਕੇ ਉਸ ਪਾਸੋਂ ਡਿਫੈਂਸ ਬਣਾਈ ਰੱਖਣ ਦੇ ਇਛੁੱਕ ਤਾਂ ਸਨ ਪਰ ਅਜਿਹਾ ਹੌਂਸਲਾ ਅਫਗਾਨਾ ਵਿਚ ਵੀ ਨਹੀਂ ਰਿਹਾ ਸੀ ਕਿ ਪੰਜਾਬ ਵਲ ਰੁਖ਼ ਕਰਨ ਹਾਲਾਂ ਕਿ ਰਣਜੀਤ ਸਿੰਘ ਤੋਂ ਪਹਿਲਾਂ ਪੰਜਾਬ ਨੂੰ ਲਗਾਤਾਰ ਲਤਾੜਦੇ ਰਹਿਣਾ ਅਫਗਾਨਾਂ ਤੇ ਮੁਗਲਾਂ ਦਾ ਸ਼ੁਗਲ ਮੇਲਾ ਰਿਹਾ ਸੀ। ਮੁਗਲਾਂ ਅਤੇ ਪਠਾਣਾਂ ਦੀ ਇਸ ਸ਼ਿਕਾਰਗਾਹ ਨੂੰ ਮਹਾਰਾਜੇ ਨੇ ਖੁਸ਼ਹਾਲ ਸਟੇਟ ਬਣਾਇਆ ਤੇ ਇਸ ਦੀ ਗਿਣਤੀ ਸੰਸਾਰ ਦੀਆਂ ਤਾਕਤਵਰ ਕੌਮਾਂ ਵਿਚ ਹੋਣ ਲੱਗੀ। ਹੈਰਾਨੀਜਨਕ ਤੱਥ ਹੈ ਕਿ ਮਹਾਰਾਜੇ ਦੀ ਮੌਤ ਤੋਂ ਬਾਅਦ ਬੇਸ਼ਕ ਅੰਗਰੇਜ਼ਾਂ ਹੱਥੋਂ ਖਾਲਸਾ ਫ਼ੌਜਾਂ ਹਾਰ ਗਈਆਂ ਸਨ ਪਰ ਅੰਗਰੇਜ਼ਾਂ ਦਾ ਹੌਂਸਲਾ ਨਹੀਂ ਪੈਂਦਾ ਸੀ ਕਿ ਉਹ ਪੰਜਾਬ ਵਿਚ ਰਸਮੀ ਤੌਰ ਤੇ ਹਕੂਮਤ ਸੰਭਾਲਣ ਲਈ ਲਾਹੌਰ ਆ ਜਾਣ। ਪਹਿਲੋਂ ਉਹ ਆਪਣੀਆਂ ਸੂਹੀਆ ਏਜੰਸੀਆਂ ਰਾਹੀਂ ਪਤਾ ਲਗਾਉਂਦੇ ਰਹੇ ਕਿ ਕੀ ਸਿੱਖ ਉਹਨਾਂ ਦੀ ਹਾਜ਼ਰੀ ਨੂੰ ਬਰਦਾਸ਼ਤ ਕਰ ਲੈਣਗੇ? ਦਸ ਸਾਲ ਤੱਕ ਉਹ ਦੂਰੋਂ ਪਾਰੋਂ ਪ੍ਰਬੰਧ ਚਲਾਉਂਦੇ ਰਹੇ ਜਿਸ ਕਰਕੇ ਆਮ ਕਹਾਵਤ ਬਣ ਗਈ ਹੋਈ ਹੈ ਕਿ ਮਹਾਰਾਜੇ ਨੇ ਤਾਂ 40 ਸਾਲ ਸ਼ਾਨਦਾਰ ਰਾਜ ਭਾਗ ਚਲਾਇਆ ਹੀ ਉਸ ਪਿਛੋਂ ਦਸ ਸਾਲ ਤੱਕ ਉਸ ਦੀ ਮੜ੍ਹੀ ਰਾਜ ਕਰਦੀ ਰਹੀ।
ਮਹਾਰਾਜੇ ਦਾ ਜਨਮ ਬਡਰੁੱਖਾਂ (ਜ਼ਿਲਾ ਸੰਗਰੂਰ) ਵਿਚ ਨਾਨਕੇ ਘਰ ਹੋਇਆ ਸੀ ਕਿ ਗੁਜਰਾਂਵਾਲੇ, ਇਤਿਹਾਸਕਾਰਾਂ ਵਿਚ ਸਦਾ ਵਿਵਾਦ ਰਿਹਾ ਹੈ ਪਰ ਇਸ ਬਾਰੇ ਕੋਈ ਵਿਵਾਦ ਨਹੀਂ ਕਿ ਜਨਮ ਦੀ ਮਿਤੀ 13 ਨਵੰਬਰ 1780 ਸੀ। ਇਹ ਤੱਥ ਵਧੀਕ ਮਹੱਤਵਪੂਰਨ ਨਹੀਂ ਕਿ ਜਨਮ ਨਾਨਕੇ ਹੋਇਆ ਕਿ ਦਾਦਕੇ ਘਰ ਵਿਚ, ਜਾਣਨਯੋਗ ਉਹ ਹਾਲਾਤ ਜ਼ਰੂਰ ਹਨ ਜਿਨ੍ਹਾਂ ਦੇ ਪਿਛੋਕੜ ਬਾਰੇ ਗਿਆਨ ਪ੍ਰਾਪਤ ਕਰਨ ਉਪਰੰਤ ਸਹੀ ਸਿੱਟੇ ਨਿਕਲ ਸਕਣਗੇ। ਰਣਜੀਤ ਸਿੰਘ ਅਚਾਨਕ ਅਸਮਾਨ ਤੋਂ ਟੁੱਟਾ ਕੋਈ ਤਾਰਾ ਤਾਂ ਆਖਰਕਾਰ ਹੈ ਨਹੀਂ ਸੀ ਜਿਸ ਦਾ ਕੋਈ ਪਿਛੋਕੜ ਨਾ ਹੋਵੇ। ਪੂਰਬਲਾ ਗੁਰ-ਇਤਿਹਾਸ ਅਤੇ ਅਠਾਰਵੀਂ ਸਦੀ ਦਾ ਸੰਗੀਨ ਸਿੱਖ-ਇਤਿਹਾਸ ਉਸ ਦਾ ਸ਼ਾਨਦਾਰ ਵਿਰਸਾ ਸੀ, ਅਜਿਹਾ ਵਿਰਸਾ ਜਿਹੜਾ ਮੁਰਦਿਆਂ ਵਿਚ ਜਾਨ ਪਾ ਕੇ ਨਵਾਂ ਰਾਸ਼ਟਰ ਨਿਰਮਾਣ ਕਰਨ ਦੇ ਸਮਰੱਥ ਹੈ।
ਗੁਰੂ ਸਾਹਿਬਾਨ ਨੇ ਸਵੈ-ਮਾਣ ਦੀ ਜ਼ਿੰਦਗੀ ਬਤੀਤ ਕਰਨ ਦਾ ਰਾਹ ਖੋਹਲਿਆ ਭਾਵੇਂ ਇਸ ਰਾਹ ਵਿਚ ਅਨੇਕ ਔਕੜਾਂ ਕਿਉਂ ਨਾ ਹੋਣ। ਗੁਰੂ ਨਾਨਕ ਦੇਵ ਜੀ ਸਾਹਮਣੇ ਭਾਈ ਲਾਲੋ ਜਿਹਾ ਗਰੀਬ ਇਨਸਾਨ ਅਤੇ ਬਾਬਰ ਜਿਹਾ ਸ਼ਕਤੀਸ਼ਾਲੀ ਹਮਲਾਵਰ ਇਕੋ ਜਿਹੇ ਵਰਤਾਉ ਦੇ ਹੱਕਦਾਰ ਸਨ। ਪੁਜਾਰੀ ਅਤੇ ਸ਼ੁੂਦਰ ਇਕੋ ਪ੍ਰਕਾਰ ਦੇ ਸਨਮਾਨ ਦੇ ਅਧਿਕਾਰੀ ਸਨ। ਸਿੱਖ ਸੰਗਤ ਨੇ ਅੱਖੀਂ ਦੇਖ ਲਿਆ ਕਿ ਸਾਧਾਰਨ ਮੁਲਾਜ਼ਮ ਦੇ ਘਰ ਜਨਮ ਲੈ ਕੇ ਤਲਵੰਡੀ ਪਿੰਡ ਦਾ ਇਕ ਜੁਆਨ ਏਸ਼ੀਆਂ ਨੂੰ ਸੰਬੋਧਨ ਕਰਨ ਦੀ ਸਮੱਰਥਾ ਲੈ ਕੇ ਆਇਆ ਹੈ। ਪੰਜਵੇਂ ਅਤੇ ਨੌਵੇਂ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਸਬਕ ਦੇ ਗਈਆਂ ਕਿ ਅਮਲ, ਜੀਵਨ ਤੋਂ ਕਿਤੇ ਵਡੇਰੇ ਹਨ ਤੇ ਅਸੂਲ ਦੀ ਰਾਖੀ ਲਈ ਜਾਨ ਕੁਰਬਾਨ ਕਰ ਦੇਣੀ ਉਤੱਮ ਕਾਰਜ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਵਿਚੋਂ ਲਾਸਾਨੀ ਕੁਰਬਾਨੀ ਅਤੇ ਬਾਦਸ਼ਾਹਤ, ਦੋਵਾਂ ਦਾ ਜਲੌ ਪ੍ਰਗਟ ਹੋਇਆ ਸਿੱਖਾਂ ਨੇ ਦੇਖਿਆ ਅਤੇ ਮਾਣਿਆ। ਤਖ਼ਤ, ਚਵਰ, ਚਾਨਣੀ, ਕਲਗੀ ਅਤੇ ਨਗਾਰਾ ਆਦਿਕ ਨਿਸ਼ਾਨੀਆਂ ਗੁਰੂ ਜੀ ਨੇ ਖਾਲਸਾ ਪੰਥ ਨੂੰ ਸੌਂਪੀਆਂ ਤਾਂ ਸਿੱਖਾਂ ਦੀਆਂ ਅੱਖਾਂ ਵਿਚ ਹਕੂਮਤ ਦੀ ਰੋਸ਼ਨੀ ਆ ਗਈ। ਬੁਜ਼ਦਿਲੀ ਦੀ ਥਾਂ ਸੂਰਮਗਤੀ ਨੇ ਪ੍ਰਵੇਸ਼ ਕੀਤਾ ਤਾਂ ਬਾਬਾ ਬੰਦਾ ਸਿੰਘ ਨੇ ਨਾਂਦੇੜ ਤੋਂ ਪੰਜਾਬ ਵੱਲ ਕੂਚ ਕੀਤਾ। 1708 ਈਸਵੀ ਵਿਚ ਪੱਚੀ ਸਿੰਘਾਂ ਦੇ ਕਾਫਲੇ ਨਾਲ ਤੁਰ ਕੇ 1710 ਈਸਵੀ ਵਿਚ ਦੋ ਸਾਲ ਦੇ ਅੰਦਰ-ਅੰਦਰ ਵਜ਼ੀਰਖ਼ਾਨ ਸੂਬਾ ਸਰਹੰਦ ਤੋਂ ਹਕੂਮਤ ਖੋਹ ਕੇ ਕਿਲੇ ਤੇ ਨਿਸ਼ਾਨ ਸਾਹਿਬ ਝੁਲਾਇਆ ਅਤੇ ਗੁਰੂ ਸਾਹਿਬਾਨ ਦੇ ਨਾ ਦਾ ਸਿੱਕਾ ਚਲਾ ਕੇ ਸਰਕਾਰ ਖਾਲਸਾ ਕਾਇਮ ਕੀਤੀ।
ਬਾਬਾ ਬੰਦਾ ਸਿੰਘ ਦਾ ਰਾਜ ਕੇਵਲ 6 ਸਾਲ, 1716 ਈਸਵੀ ਤੱਕ ਰਿਹਾ ਪਰ ਏਨੇ ਥੋੜੇ ਕਾਰਜਕਾਲ ਦੌਰਾਨ ਸਿੱਖਾਂ ਨੂੰ ਅਹਿਸਾਸ ਹੋ ਗਿਆ ਕਿ ਉਹ ਗੁਲਾਮੀ ਦਾ ਜੂਲਾ ਗਰਦਣ ਉਪਰੋਂ ਲਾਹੁਣ ਦੇ ਬਿਲਕੁਲ ਸਮਰੱਥ ਹਨ। ਅਠਾਰਵੀਂ ਸਦੀ ਵਿਚ ਉਨ੍ਹਾਂ ਦੇ ਸਿਰਾਂ ਦੇ ਮੁੱਲ ਪੈਂਦੇ ਤੇ ਹਰ ਰੋਜ਼ ਸ਼ਿਕਾਰ ਹੁੰਦਾ ਪਰ ਪਿਛਲੇ ਇਤਿਹਾਸ ਨੇ ਜਿਹੜਾ ਆਤਮ ਵਿਸ਼ਵਾਸ ਸਿਰਜ ਦਿੱਤਾ ਉਸ ਨੂੰ ਮਿਟਾ ਦੇਣਾ ਸੌਖਾ ਕੰਮ ਨਹੀਂ ਸੀ। ਇਸ ਸਾਰੇ ਸੰਘਰਸ਼ ਦੀ ਲੜੀ ਦਾ ਸਿੱਟਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਜੋਂ ਸਾਹਮਣੇ ਆਇਆ। ਇਉਂ ਤਰਤੀਬ ਨਾਲ ਘਟਨਾਵਾਂ ਦਾ ਅਧਿਐਨ ਕਰਾਂਗੇ ਤਦ ਸਹੀ ਪਤਾ ਲੱਗ ਸਕੇਗਾ ਕਿ ਮਹਾਰਾਜਾ ਆਪਣੇ ਆਪ ਨੂੰ ‘ਮਹਾਰਾਜਾ’ ਜਾਂ ‘ਸਰਕਾਰ’ ਅਖਵਾ ਕੇ ਕਿਉਂ ਖੁਸ਼ ਨਹੀਂ ਹੁੰਦਾ ਸੀ ਤੇ ਭਾਈ ਸਾਹਿਬ, ਸਿੰਘ ਸਾਹਿਬ ਆਦਿਕ ਸੰਬੋਧਨ ਉਸ ਨੂੰ ਕਿਉਂ ਚੰਗੇ ਲਗਦੇ ਸਨ। ਉਸ ਨੇ ਗੁਰੂ ਸਾਹਿਬਾਨ ਦੇ ਨਾਮ ਦਾ ਉਹ ਸਿੱਕਾ (ਦੇਗੋ ਤੇਗੋ, ਫਤਿਹ ਨੁਸਰਤ ਬੇਦਰੰਗ। ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ) ਚਲਾਇਆ ਜਿਹੜਾ ਪਹਿਲੀ ਵਾਰ ਬਾਬਾ ਬੰਦਾ ਸਿੰਘ ਨੇ ਜਾਰੀ ਕੀਤਾ ਸੀ। ਗਵਾਂਢੀ ਰਾਜਾਂ ਨਾਲ ਕੀਤੀਆਂ ਸੰਧੀਆਂ ਉਪਰ ਰਣਜੀਤ ਸਿੰਘ ਦੇ ਦਸਖ਼ਤਾਂ ਦੀ ਥਾਂ ਸਰਕਾਰ ਖਾਲਸਾ ਦੀ ਮੁਹਰ ਹੈ। ਸਤਹੀ ਸੂਚਨਾ ਪ੍ਰਾਪਤ ਕਰਨ ਉਪਰੰਤ ਜਿਹੜੇ ਅਲਪ ਬੁੱਧ ਸਾਹਿਤਕਾਰ/ ਇਤਿਹਾਸਕਾਰ ਇਹ ਕਹਿੰਦੇ ਹਨ ਕਿ ਉਹ ਕੇਵਲ ਸਿੱਖਾਂ ਨੂੰ ਖੁਸ਼ ਕਰਨ ਲਈ ਅਜਿਹਾ ਕਰਦਾ ਸੀ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਕਿ ਉਸ ਦੀ ਸ਼ਕਤੀਸ਼ਾਲੀ ਸਟੇਟ ਵਿਚ ਸਿੱਖ ਤਾਂ 8 ਪ੍ਰਤੀਸ਼ਤ ਸਨ। ਬਾਕੀ 92 ਪ੍ਰਤੀਸਤ ਲੋਕ ਤਾਂ ਉਸ ਦੀਆਂ ਇਨ੍ਹਾਂ ਗੱਲਾਂ ਸਦਕਾ ਨਾਰਾਜ਼ ਹੋ ਸਕਦੇ ਸਨ। ਕੌਣ ਕਿਸ ਨੂੰ ਪਖੰਡ ਨਾਲ ਅਧੀ ਸਦੀ ਤੱਕ ਖੁਸ਼ ਕਰ ਸਕਦਾ ਹੈ? ਇਹ ਗੱਲ ਇਕ ਪਾਸੇ ਰੱਖ ਦੇਈਏ ਤਦ ਪਤਾ ਲਗੇਗਾ ਕਿ ਰਣਜੀਤ ਸਿੰਘ ਦੀ ਸਰਕਾਰ ਤੋਂ ਪਹਿਲੋਂ ਕਿਸੇ ਗੈਰ-ਮੁਸਲਿਮ ਸਟੇਟ ਦੇ ਰਾਜਪ੍ਰਮੁੱਖ ਨੇ ਇਹ ਖਤਰਾ ਮੁੱਲ ਨਹੀਂ ਲਿਆ ਸੀ ਕਿ ਉਹ ਮੁਸਲਮਾਨਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰੇ ਅਤੇ ਫ਼ੌਜਾਂ ਦੇ ਜਰਨੈਲ ਥਾਪੇ। ਤਕੜੀਆਂ ਮੁਸਲਮਾਨ ਸਟੇਟਾਂ ਦੇ ਐਨ ਵਿਚਕਾਰ ਬੈਠ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਦਲੇਰੀ ਭਰੇ ਕਾਰਨਾਮੇ ਕੀਤੇ। ਸਿੱਟਾ ਇਹ ਨਿਕਲਿਆ ਕਿ ਜਿਨ੍ਹਾਂ ਦਿਨਾਂ ਵਿਚ ਗੈਰ-ਇਸਲਾਮੀ ਸਰਕਾਰਾਂ ਮੁਸਲਮਾਨਾਂ ਨੂੰ ਵੱਡੇ ਰੁਤਬੇ ਦੇ ਕੇ ਆਪਣੇ ਲਈ ਖਤਰਾ ਮੁੱਲ ਲੈਣ ਦੀਆਂ ਇਛੁੱਕ ਨਹੀਂ ਸਨ, ਮਹਾਰਾਜੇ ਦੇ ਮੁਸਲਮਾਨ ਜਰਨੈਲ ਉਸ ਦੀ ਮੌਤ ਤੋਂ ਬਾਅਦ ਵੀ ਅੰਗਰੇਜ਼ਾਂ ਵਿਰੁੱਧ ਲੜਦੇ ਰਹੇ। ਇਹੋ ਜਿਹਾ ਯੋਧਾ ਤੇ ਸਿਆਸਤਦਾਨ ਸਦੀਆਂ ਬਾਦ ਕਦੀ ਪੈਦਾ ਹੁੰਦਾ ਹੈ।
ਪੂਰਵਜ :
ਮਹਾਰਾਜੇ ਦਾ ਬਾਬਾ ਸ. ਚੜ੍ਹਤ ਸਿੰਘ ਤੇ ਸ. ਚੜ੍ਹਤ ਸਿੰਘ ਦਾ ਬਾਬਾ, ਬੁੱਢਾ ਸਿੰਘ ਸੀ। ਬੁੱਢਾ ਸਿੰਘ ਤੋਂ ਪਹਿਲਾਂ ਦਾ ਸਾਨੂੰ ਕੁਝ ਪਤਾ ਨਹੀਂ ਲਗਦਾ। ਸ. ਬੁੱਢਾ ਸਿੰਘ 25 ਏਕੜ ਜਮੀਨ, ਇਕ ਖੂਹ ਅਤੇ ਤਿੰਨ ਹਲਾਂ ਦਾ ਮਾਲਕ ਸੀ। ਏਨੀ ਕੁ ਜ਼ਮੀਨ ਵਾਲੇ ਬੰਦੇ ਨੂੰ ਬਹੁਤ ਅਮੀਰ ਤਾਂ ਨਹੀਂ ਗਿਣਿਆ ਜਾਂਦਾ ਪਰ ਚੰਗਾ ਖਾਂਦਾ ਪੀਂਦਾ ਸਰਦਾਰ ਜਰੂਰ ਹੁੰਦਾ ਹੈ। ਇਸ ਜ਼ਮੀਨ ਵਿਚ ਉਸ ਦਾ ਸ਼ਰੀਕਾ ਕਬੀਲਾ ਵੱਸਣ ਲੱਗਾ ਤਾਂ ਇਹ ਇਕ ਨਿੱਕਾ ਜਿਹਾ ਪਿੰਡ ਬਣ ਗਿਆ ਜਿਸ ਨੂੰ ਸ਼ੁਕਰਚੱਕ ਕਹਿੰਦੇ ਸਨ। ਸ਼ੁਕਰ ਸ਼ਬਦ ਦਾ ਅਰਥ ਛੋਟਾ ਹੀ ਹੁੰਦਾ ਹੈ। ਆਰੰਭ ਵਿਚ ਜੁਆਨੀ ਦੇ ਦਿਨੀ ਉਹ ਨਿਕੀਆਂ ਮੋਟੀਆਂ ਬਦਮਾਸ਼ੀਆਂ ਅਤੇ ਚੋਰੀਆਂ ਕਰਨ ਦਾ ਸ਼ੁਕੀਨ ਵੀ ਰਿਹਾ ਪਰ ਗੁਰੂ ਹਰਿ ਰਾਇ ਜੀ ਦੇ ਦਰਸ਼ਨ ਕਰਨ ਉਪਰੰਤ ਉਨ੍ਹਾਂ ਦਾ ਸਿੱਖ ਬਣ ਗਿਆ ਤੇ ਮਾੜੇ ਕੰਮਾਂ ਤੋਂ ਤੋਬਾ ਕੀਤੀ। ਉਸ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮਿ੍ਰਤ ਛਕਿਆ। ਲੜਾਈਆਂ ਵਿਚ ਗੁਰੂ ਜੀ ਦਾ ਸਾਥ ਦਿੱਤਾ ਤੇ ਉਨ੍ਹਾਂ ਤੋਂ ਪਿਛੋਂ ਬਾਬਾ ਬੰਦਾ ਸਿੰਘ ਦੀ ਸੈਨਾ ਵਿਚ ਮਿਲ ਕੇ ਮੁਗਲਾਂ ਵਿਰੁੱਧ ਕਿਰਪਾਨ ਵਾਹੀ। ਉਹ ਇੰਨਾ ਦਲੇਰ ਅਤੇ ਫੁਰਤੀਲਾ ਸੀ ਕਿ ਨੌਜਵਾਨ ਉਸ ਦਾ ਮੁਕਾਬਲਾ ਕਰਨ ਦੇ ਉਦੋਂ ਵੀ ਸਮਰੱਥ ਨਹੀਂ ਸਨ ਜਦ ਉਹ ਅਧੇੜ ਉਮਰ ਟੱਪ ਗਿਆ ਸੀ। ਜਦੋਂ 1716 ਵਿਚ ਉਸਦੀ ਮੌਤ ਹੋਈ ਤਦ ਉਸ ਦੇ ਜਿਸਮ ਉਪਰ ਤਲਵਾਰ ਦੇ ਅਨੇਕ ਜ਼ਖਮਾਂ ਦੇ ਨਿਸ਼ਾਨ ਸਨ ਤੇ ਨੌ ਨਿਸ਼ਾਨ ਬੰਦੂਕ ਦੀਆਂ ਗੋਲੀਆਂ ਵੱਜਣ ਦੇ ਦਿਸਦੇ ਸਨ। ਇਲਾਕੇ ਵਿਚ ਉਸ ਦਾ ਚੰਗਾ ਦਬਦਬਾ ਬਣ ਗਿਆ ਸੀ ਜਿਸ ਕਰਕੇ ਪਿੰਡ ਸ਼ੁਕਰਚੱਕ ਦੁਆਲੇ ਉਸ ਨੇ ਇਕ ਨਿਕਾ ਜਿਹਾ ਕਿਲ੍ਹਾ ਉਸਾਰਿਆ।
ਬੁੱਢਾ ਸਿੰਘ ਸਰਦਾਰ ਦੇ ਘਰ ਜਨਮਿਆ ਨੌਧ ਸਿੰਘ ਸੁਣੱਖਾ ਜੁਆਨ ਨਿਕਲਿਆ। ਮਜੀਠੇ ਦੇ ਤਕੜੇ ਸਰਦਾਰ ਗੁਲਾਬ ਸਿੰਘ ਨੇ ਇਸ ਸ਼ਰਤ ਤੇ ਆਪਣੀ ਬੇਟੀ ਦੀ ਮੰਗਣੀ ਦੀ ਪੇਸ਼ਕਸ਼ ਕੀਤੀ ਕਿ ਨੌਧ ਸਿੰਘ ਅੰਮਿ੍ਰਤ ਛਕ ਲਏ। ਉਸ ਨੇ ਅਜਿਹਾ ਹੀ ਕੀਤਾ ਤੇ ਨਵਾਬ ਕਪੂਰ ਸਿੰਘ ਦੀ ਸੈਨਾ ਵਿਚ ਭਰਤੀ ਹੋ ਗਿਆ। ਉਹ ਪਿਤਾ ਵਾਂਗ ਤੇਜ਼ ਤਰਾਰ ਜੰਗਬਾਜ਼ ਬਣ ਗਿਆ ਤੇ ਉਸ ਦੀਆਂ ਉਦੋਂ ਤਾਂ ਪੂਰੇ ਇਲਾਕੇ ਵਿਚ ਧੁੰਮਾਂ ਪੈ ਗਈਆਂ ਜਦੋਂ 1749 ਈਸਵੀ ਵਿਚ ਉਸ ਨੇ ਅਹਿਮਦਸ਼ਾਹ ਅਬਦਾਲੀ ਦੀ ਸੈਨਾ ਉਪਰ ਹੱਲਾ ਬੋਲ ਕੇ ਲੁੱਟ ਦੇ ਮਾਲ ਵਿਚੋਂ ਬਹੁਤ ਵੱਡਾ ਹਿੱਸਾ ਦਲ ਖਾਲਸਾ ਦੇ ਸਪੁਰਦ ਕੀਤਾ। ਇਕ ਦਿਨ ਉਸ ਨੂੰ ਖਬਰ ਮਿਲੀ ਕਿ ਰਸੂਲਪੁਰ ਦੇ ਜ਼ਿਮੀਦਾਰ ਸੁਲਤਾਨ ਖਾਨ ਨੇ ਛੇ ਸਿੱਖਾਂ ਦੇ ਕੇਸ ਜਬਰਦਸਤੀ ਕੱਟ ਕੇ ਇਸਲਾਮ ਵਿਚ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ। ਨੌਧ ਸਿੰਘ ਨੇ ਆਪਣੀ ਸੈਨਿਕ ਟੁਕੜੀ ਨਾਲ ਰਸੂਲਪੁਰ ਤੇ ਚੜ੍ਹਾਈ ਕਰ ਦਿੱਤੀ। ਬੰਦੀ ਛੁਡਵਾਏ ਤੇ ਪਠਾਣ ਦੀ ਸਾਰੀ ਜਾਇਦਾਦ ਲੁੱਟ ਲਈ। ਇਵੇਂ ਹੀ ਸ਼ਹਾਬੁਦੀਨ ਨੇ ਕਰਿਆਲਾ ਪਿੰਡ ਦੇ ਸਿੱਖਾਂ ਨੂੰ ਕੈਦ ਕਰਕੇ ਉਨ੍ਹਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਸੀ। ਨੌਧ ਸਿੰਘ ਨੇ ਸ਼ਹਾਬੁਦੀਨ ਉਪਰ ਚੜ੍ਹਾਈ ਕਰ ਦਿੱਤੀ। ਉਸ ਦੀ ਜਾਇਦਾਦ ਲੁੱਟ ਲਈ ਤੇ ਉਹ ਖੁਦ ਮਾਰਿਆ ਗਿਆ। ਸਭ ਸਿੱਖਾਂ ਨੂੰ ਦੁਬਾਰਾ ਅੰਮਿ੍ਰਤ ਛਕਾਇਆ ਗਿਆ। ਈਸਵੀ 1752 ਵਿਚ ਉਹ ਅਫਗਾਨਾਂ ਵਿਰੁੱਧ ਜੂਝਦਾ ਹੋਇਆ ਸ਼ਹੀਦ ਹੋਇਆ।
ਚੜ੍ਹਤ ਸਿੰਘ ਦਾ ਜਨਮ 1732 ਈਸਵੀ ਵਿਚ ਹੋਇਆ। ਪਿਤਾ ਦੀ ਮੌਤ ਵੇਲੇ ਉਹ ਭਰ ਜੁਆਨ ਹੋ ਚੁੱਕਾ ਸੀ। ਉਸ ਨੇ ਦੇਖਿਆ ਕਿ ਸ. ਜੱਸਾ ਸਿੰਘ ਦਾ ਦਬਦਬਾ ਪੂਰੇ ਪੰਜਾਬ ਵਿਚ ਕਾਇਮ ਹੋ ਰਿਹਾ ਹੈ। ਉਸ ਨੇ ਆਹਲੂਵਾਲੀਏ ਇਸ ਸਰਦਾਰ ਨਾਲ ਡੂੰਘੇ ਸਬੰਧ ਬਣਾ ਲਏ। ਦੇਖਿਆ ਕਿ ਆਹਲੂਵਾਲੀਆ ਬੜਾ ਨਿਪੁੰਨ ਪ੍ਰਸ਼ਾਸਕ ਹੈ। ਉਸ ਨੇ ਪੰਜਾਬ ਦੇ ਕਿਸਾਨਾਂ ਦੀ ਰਖਵਾਲੀ ਵਾਸਤੇ ‘ਰਾਖੀ ਪ੍ਰਣਾਲੀ’ ਦਾ ਮੁੱਢ ਬੰਨ੍ਹਿਆ ਜਿਸ ਨਾਲ ਧਾੜਵੀਆਂ ਹੱਥੋਂ ਹੁੰਦਾ ਨੁਕਸਾਨ ਘਟ ਗਿਆ। ਪਹਿਲੋਂ ਚੜ੍ਹਤ ਸਿੰਘ ਭੰਗੀਆਂ ਮਿਸਲ ਵਿਚ ਵੀ ਸ਼ਾਮਲ ਰਿਹਾ ਪਰ ਫਿਰ ਛੇਤੀ ਹੀ ਉਸ ਨੇ 400 ਘੋੜ ਸਵਾਰਾਂ ਦੀ ਇਕ ਸੈਨਿਕ ਟੁਕੜੀ ਕਾਇਮ ਕਰ ਲਈ। ਉਸ ਦਾ ਸਹੁਰਾ ਅਮੀਰ ਸਿੰਘ ਗੁੱਜਰਾਂਵਾਲੀਆ ਤਕੜਾ ਜ਼ਿਮੀਦਾਰ ਸੀ ਜਿਸ ਦਾ ਪੰਥ ਵਿਚ ਚੰਗਾ ਸਤਿਕਾਰ ਸੀ। ਉਸ ਦੀਆਂ ਨੇਕ ਸਲਾਹਾਂ ਨੇ ਚੜ੍ਹਤ ਸਿੰਘ ਨੂੰ ਸਫਲਤਾ ਵੱਲ ਤੋਰਿਆ। ਉਸ ਦੀ ਇਹ ਸ਼ਰਤ ਹੁੰਦੀ ਸੀ ਕਿ ਜਿਸ ਨੇ ਮੇਰੀ ਸੈਨਾ ਵਿਚ ਭਰਤੀ ਹੋਣਾ ਹੈ ਉਸ ਲਈ ਪਹਿਲਾਂ ਅੰਮਿ੍ਰਤ ਛਕਣਾ ਜ਼ਰੂਰੀ ਹੈ। ਆਪਣੇ ਪਿੰਡ ਦੇ ਨਾਮ ਉਪਰ ਉਸ ਨੇ ਆਪਣੀ ਨਵੀਂ ਮਿਸਲ ‘ਸ਼ੁਕਰਚੱਕੀਆ’ ਬਣਾਉਣ ਦਾ ਐਲਾਨ ਕਰ ਦਿੱਤਾ ਅਤੇ ਕਈ ਇਲਾਕੇ ਆਪਣੀ ਰਾਖੀ ਪ੍ਰਣਾਲੀ ਅਧੀਨ ਕਰ ਲਏ। ਲੂਣ ਦੀਆਂ ਖਾਣਾ ਦੀ ਰਾਖੀ ਕਰਨ ਸਦਕਾ ਉਸ ਦੀ ਆਮਦਨ ਵਿਚ ਚੰਗਾ ਵਾਧਾ ਹੋਇਆ। ਉਹ ਏਨਾ ਦਲੇਰ ਹੋ ਗਿਆ ਸੀ ਕਿ ਗਵਰਨਰ ਲਾਹੌਰ ਦੀ ਪ੍ਰਵਾਹ ਨਹੀਂ ਕਰਦਾ ਸੀ। ਇਕ ਵਾਰ ਗਵਰਨਰ ਖਵਾਜਾ ਉਬੇਦਖਾਨ ਨੇ ਗੁਜਰਾਂ ਵਾਲੇ ਕਿਲੇ ਵਿਚ ਉਸ ਨੂੰ ਘੇਰ ਲਿਆ। ਉਹ ਰਾਤੀਂ ਗੇਟ ਖੋਲ ਕੇ ਅਜਿਹੇ ਖੂੰਖਾਰ ਹੱਲੇ ਕਰਦਾ ਕਿ ਸੈਂਕੜੇ ਲਾਹੌਰੀਆਂ ਨੂੰ ਮੌਤ ਦੇ ਘਾਟ ਉਤਾਰਦਾ। ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਕਰਵਾ ਕੇ ਬੇਇਜ਼ਤ ਨਵਾਬ ਲਾਹੌਰ ਪਰਤਿਆ। ਇਵੇਂ ਹੀ ਜਦੋਂ ਅਹਿਮਦ ਸ਼ਾਹ ਅਬਦਾਲੀ ਨਾਲ ਮੁਠੱਭੇੜਾਂ ਹੁੰਦੀਆਂ ਸਨ ਤਾਂ ਦਲ ਖਾਲਸਾ ਦੇ ਮੋਹਰੀਆਂ ਵਿਚ ਚੜ੍ਹਤ ਸਿੰਘ ਹੁੰਦਾ। ਇਕ ਵਾਰ ਉਸ ਨੇ ਅਬਦਾਲੀ ਦੇ ਜਰਨੈਲ ਨਸੀਰਖਾਨ, ਜੋ ਬਾਰਾਂ ਹਜ਼ਾਰ ਸੈਨਿਕਾਂ ਦਾ ਆਗੂ ਸੀ, ਨੂੰ ਤਕੜੀ ਹਾਰ ਦਿੱਤੀ, ਉਸ ਦਾ ਘੋੜਾ ਮਰ ਗਿਆ ਤੇ ਉਹ ਜਾਨ ਬਚਾ ਕੇ ਪੈਦਲ ਦੌੜ ਗਿਆ।
ਸੋਹਨ ਲਾਲ ਸੂਰੀ ਅਤੇ ਬੂਟੇ ਸ਼ਾਹ ਲਿਖਦੇ ਹਨ ਕਿ ਅਬਦਾਲੀ ਦਾ ਚਾਚਾ ਸਰਬੁਲੰਦ ਖਾਨ ਦਸ ਬਾਰਾਂ ਹਜ਼ਾਰ ਦੀ ਸੈਨਾ ਲੈ ਕੇ ਕਸ਼ਮੀਰ ਤੋਂ ਕਾਬਲ ਵਲ ਜਾ ਰਿਹਾ ਸੀ ਤਾਂ ਅਟਕ ਦਰਿਆ ਲਾਗੇ ਚੜ੍ਹਤ ਸਿੰਘ ਨੇ ਉਸ ਤੇ ਹੱਲਾ ਬੋਲ ਦਿੱਤਾ। ਸੈਨਾ ਖਦੇੜ ਦਿੱਤੀ ਤੇ ਕਸ਼ਮੀਰ ਦਾ ਇਹ ਗਵਰਨਰ ਬੰਦੀ ਬਣਾ ਲਿਆ। ਦੋ ਲੱਖ ਰੁਪਏ ਵਸੂਲ ਕਰਕੇ ਉਸਦੀ ਰਿਹਾਈ ਕੀਤੀ। 1770 ਈਸਵੀ ਵਿਚ ਚੜ੍ਹਤ ਸਿੰਘ ਦੀ ਮੌਤ ਹੋਈ। ਬੇਸ਼ਕ ਉਸ ਦਾ ਬੇਟਾ ਮਹਾਂ ਸਿੰਘ ਇਸ ਸਮੇਂ ਦਸ ਸਾਲ ਦਾ ਸੀ, ਪਰ ਉਹ ਤਕੜੇ ਵਿਰਸੇ ਦਾ ਮਾਲਕ ਬਣਿਆ। ਪਿਤਾ ਦੀ ਅਚਾਨਕ ਹੋਈ ਮੌਤ ਵੇਲੇ ਕਿਉਂਕਿ ਮਹਾਂ ਸਿੰਘ ਅਜੇ ਬੱਚਾ ਸੀ, ਮਿਸਲ ਦਾ ਪ੍ਰਸ਼ਾਸਨ ਮਾਤਾ ਦੇਸਾਂ ਨੇ ਸੰਭਾਲ ਲਿਆ ਜੋ ਅੱਛੇ ਵਿਹਾਰ ਵਾਲੀ ਦਲੇਰ ਇਸਤਰੀ ਸੀ। ਸਾਰੇ ਰਿਸ਼ਤੇਦਾਰ ਤਕੜੇ ਸਰਦਾਰ ਹੋਣ ਕਾਰਨ ਉਸ ਦਾ ਅੱਛਾ ਦਬਦਬਾ ਸੀ। ਮਹਾਂ ਸਿੰਘ ਜਿਸ ਦਾ ਜਨਮ 1760 ਵਿਚ ਹੋਇਆ ਸੀ ਨੇ 1779 ਵਿਚ ਛੇ ਹਜ਼ਾਰ ਸੈਨਿਕ ਲੈ ਕੇ ਰਸੂਲਨਗਰ ਦੇ ਪੀਰ ਮੁਹੰਮਦ ਨੂੰ ਹਰਾ ਦਿੱਤਾ। ਉਸ ਦੀ ਜਾਇਦਾਦ ਜ਼ਬਤ ਕਰ ਲਈ। ਭਾਵੇਂ ਚੱਠਿਆਂ ਨੇ ਬਦਲਾ ਲੈਣ ਵਾਸਤੇ ਕਈ ਵੇਰ ਬਗ਼ਾਵਤ ਕੀਤੀ ਪਰ ਸਫਲ ਨਾ ਹੋਏ ਸਗੋਂ ਹਰੇਕ ਬਗਾਵਤ ਮਗਰੋਂ ਮਹਾਂ ਸਿੰਘ ਹੋਰ ਵਧੀਕ ਇਲਾਕੇ ਉਪਰ ਕਬਜ਼ਾ ਜਮਾ ਲੈਂਦਾ। ਚੱਠਿਆਂ ਉਪਰ ਫਤਿਹ ਪ੍ਰਾਪਤ ਕਰਨ ਉਪਰੰਤ ਮਹਾਂ ਸਿੰਘ ਨੂੰ ਖੁਸ਼ਖਬਰੀ ਮਿਲੀ ਕਿ ਉਸ ਦੇ ਘਰ ਬੇਟੇ ਨੇ ਜਨਮ ਲਿਆ ਹੈ ਤਾਂ ਜਿੱਤ ਦੀ ਵਜਾ ਕਰਕੇ ਪੁੱਤਰ ਦਾ ਨਾਮ ਰਣਜੀਤ ਸਿੰਘ ਰੱਖਿਆ ਗਿਆ। ਜਨਵਰੀ 1784 ਵਿਚ ਉਸ ਨੇ ਜੰਮੂ ਰਿਆਸਤ ਦੇ ਮਾਲਕ ਰਾਜਾ ਬਿ੍ਰਜ ਰਾਜ ਦੇਉ ਤੇ ਹਮਲਾ ਕਰ ਦਿੱਤਾ। ਰਾਜਾ ਡਰ ਕੇ ਦੌੜ ਗਿਆ ਤਾਂ ਮਹਾਂ ਸਿੰਘ ਦੇ ਹੱਥ ਇਕ ਕਰੋੜ ਰੁਪਏ ਦੀ ਰਕਮ ਲੱਗੀ। ਇਤਿਹਾਸਕਾਰ ਸਹਿਮਤ ਹਨ ਕਿ ਇਸ ਵੇਲੇ ਸ਼ੁਕਰਚੱਕੀਆ ਮਿਸਲ ਦੀ ਸੈਨਾ ਦੀ ਗਿਣਤੀ ਘੋੜ ਸਵਾਰ ਅਤੇ ਪੈਦਲਾਂ ਸਮੇਤ ਪੱਚੀ ਹਜ਼ਾਰ ਸੀ। ਸ੍ਰ. ਮਹਾਂ ਸਿੰਘ ਨੇ ਆਪਣੀ ਰਾਜਧਾਨੀ ਗੁਜਰਾਂਵਾਲਾ ਰੱਖੀ ਅਤੇ ਥਾਂ-ਥਾਂ ਠਾਣੇ ਅਤੇ ਅਦਾਲਤਾਂ ਕਾਇਮ ਕੀਤੀਆਂ। ਪਟਵਾਰੀ, ਕਾਨੂੰਗੋ, ਮੁਕੱਦਮ ਅਤੇ ਕਾਰਦਾਰਾਂ ਤੋਂ ਲੈ ਕੇ ਵਜ਼ੀਰਾਬਾਦ ਵਿਚ ਆਪਣਾ ਗਵਰਨਰ ਤੱਕ ਨਿਯੁਕਤ ਕੀਤਾ। ਜਦੋਂ ਇਸ ਸਰਦਾਰ ਦੀ ਬੁਖਾਰ ਅਤੇ ਪੇਚਸ਼ ਨਾਲ ਅਚਾਨਕ ਮੌਤ ਹੋਈ ਤਦ ਉਸ ਦੀ ਉਮਰ ਕੇਵਲ 30 ਸਾਲ ਸੀ। ਜੇ ਕਿਤੇ ਇਹ ਦੁਰਘਟਨਾ ਨਾ ਵਾਪਰਦੀ ਤਦ ਸ. ਮਹਾਂ ਸਿੰਘ ਨੇ ਲਾਹੌਰ ਉਪਰ ਨਿਸ਼ਾਨ ਸਾਹਿਬ ਲਹਿਰਾ ਕੇ ਖਾਲਸਾ ਸਰਕਾਰ ਕਾਇਮ ਕਰਨੀ ਸੀ। ਪਰ ਇਤਿਹਾਸ ਨੂੰ ਇਹ ਮਨਜ਼ੂਰ ਸੀ ਕਿ ਖਾਲਸਾ ਸਟੇਟ ਕਾਇਮ ਕਰਨ ਦਾ ਮੌਕਾ ਮਹਾਂ ਸਿੰਘ ਦੇ ਬੇਟੇ ਰਣਜੀਤ ਸਿੰਘ ਨੂੰ ਪ੍ਰਾਪਤ ਹੋਵੇ। ਕਨ੍ਹਈਆ ਮਿਸਲ ਦਾ ਜੈ ਸਿੰਘ ਸਰਦਾਰ ਅਤੇ ਉਸ ਦਾ ਬੇਟਾ ਗੁਰਬਖਸ਼ ਸਿੰਘ, ਸ਼ੁਕਰਚੱਕੀਆਂ ਦੀ ਚੜ੍ਹਤ ਤੋਂ ਈਰਖਾ ਖਾਂਦੇ ਸਨ। ਆਪਸ ਵਿਚ ਦੋਹਾਂ ਮਿਸਲਾਂ ਦੀਆਂ ਕਈ ਝੜਪਾਂ ਹੋਈਆਂ ਜਿਨ੍ਹਾਂ ਵਿਚ ਹਰ ਵਾਰੀ ਮਹਾਂ ਸਿੰਘ ਜੇਤੂ ਹੁੰਦਾ ਤੇ ਇਕ ਝੜਪ ਵਿਚ ਜੈ ਸਿੰਘ ਦਾ ਬੇਟਾ ਮਾਰਿਆ ਗਿਆ। ਜੈ ਸਿੰਘ ਅਤੇ ਉਸ ਦੀ ਨੂੰਹ ਸਦਾ ਕੌਰ, (ਗੁਰਬਖਸ਼ ਸਿੰਘ ਦੀ ਵਿਧਵਾ) ਨੇ ਇਹ ਦੁਸ਼ਮਣੀ ਮੁਕਾਉਣ ਲਈ ਰਣਜੀਤ ਸਿੰਘ ਨਾਲ ਆਪਣੀ ਬੇਟੀ ਦੀ ਮੰਗਣੀ ਕਰ ਦਿੱਤੀ। ਇਹ ਬੜਾ ਦੂਰ ਅੰਦੇਸ਼ ਫ਼ੈਸਲਾ ਸੀ ਜਿਸ ਨਾਲ ਦੋ ਤਾਕਤਵਰ ਮਿਸਲਾਂ ਇਕੱਠੀਆਂ ਹੋ ਗਈਆਂ। 15 ਅਪ੍ਰੈਲ 1790 ਈਸਵੀ ਵਿਚ ਸ੍ਰ. ਮਹਾਂ ਸਿੰਘ ਦੀ ਮੌਤ ਹੋ ਗਈ ਤਦ ਰਣਜੀਤ ਸਿੰਘ ਦਸ ਸਾਲ ਦਾ ਸੀ। ਮਿਸਲ ਦੀ ਨਿਗਰਾਨੀ ਸੱਸ ਸਦਾ ਕੌਰ ਦੇ ਹੱਥਾਂ ਵਿਚ ਆ ਗਈ ਜਿਹੜੀ ਉਸ ਨੇ ਬਾਖੂਬੀ ਨਿਭਾਈ।
ਛੇ ਸਾਲ ਦੀ ਉਮਰ ਵਿਚ ਉਹ ਤਿਖੇ ਵੇਗ ਵਿਚ ਵਹਿੰਦੇ ਝਨਾ ਦਰਿਆ ਨੂੰ ਪਾਰ ਕਰ ਲੈਂਦਾ ਸੀ। ਦਸ ਸਾਲ ਦੀ ਉਮਰ ਦੇ ਬਾਲਕ ਰਣਜੀਤ ਸਿੰਘ ਨੂੰ ਪੜ੍ਹਨਾ ਲਿਖਣਾ ਸਿਖਾਉਣ ਵਾਸਤੇ ਭਾਈ ਭੰਗਾ ਸਿੰਘ ਦੇ ਡੇਰੇ ਵਿਚ ਦਾਖਲ ਕਰਵਾਇਆ ਗਿਆ। ਡੇਰਾ ਘਰੋਂ ਦੂਰ ਹੋਣ ਕਰਕੇ ਰਣਜੀਤ ਸਿੰਘ ਘੋੜੇ ਤੇ ਸਵਾਰ ਹੁੰਦਾ ਅਤੇ ਡੇਰੇ ਵਿਚ ਜਾਣ ਦੀ ਬਜਾਇ ਰਾਵੀ ਦਰਿਆ ਵਿਚ ਤੈਰਦਾ ਜਾਂ ਸਾਥੀ ਬੱਚਿਆਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਦਾ। ਸਿਰਫ ਇਹੀ ਨਹੀਂ ਕਿ ਖੁਦ ਪੜ੍ਹਨ ਵਿਚ ਬੇਧਿਆਨੀ ਦਿਖਾਈ, ਕਈ ਸਾਥੀਆਂ ਨੂੰ ਵੀ ਪੜ੍ਹਾਈ ਨਾਲੋਂ ਹਟਾ ਕੇ ਸ਼ਿਕਾਰ ਖੇਡਣ ਦੀ ਮਹੱਤਤਾ ਸਮਝਾਈ। ਇਹ ਨਿਕੀ ਜਿਹੀ ਜੁੰਡਲੀ ਖੇਡਾਂ ਵਿਚ ਮਸਤ ਰਹਿੰਦੀ। ਦੂਰ ਦੁਰਾਡੇ ਜੰਗਲਾਂ ਵਿਚ ਘੁੰਮਣਾ ਤੇ ਖਤਰਨਾਕ ਜਾਨਵਰਾਂ ਨਾਲ ਮੁਕਾਬਲੇ ਕਰਨੇ ਉਸ ਦਾ ਪਸੰਦੀਦਾ ਕੰਮ ਸੀ।
ਗੁਜਰਾਂਵਾਲੇ ਦੇ ਨਾਲ ਲਗਦਾ ਇਲਾਕਾ ਚੱਠਿਆ ਦਾ ਸੀ। ਚੱਠਿਆਂ ਦਾ ਸਰਦਾਰ ਹਸ਼ਮਤ ਖਾਨ ਹੰਕਾਰਿਆ ਹੋਇਆ ਬੰਦਾ ਸੀ ਜੋ ਹਿੰਦੂਆਂ ਸਿੱਖਾਂ ਨੂੰ ਤੰਗ ਕਰਕੇ ਖੁਸ਼ ਹੁੰਦਾ। ਸ੍ਰ. ਮਹਾਂ ਸਿੰਘ ਪਾਸ ਉਸ ਦੀਆਂ ਸ਼ਿਕਾਇਤਾਂ ਪੁੱਜੀਆਂ ਸਨ ਤਾਂ ਇਕ ਸੈਨਿਕ ਟੁਕੜੀ ਲੈ ਕੇ ਹਸ਼ਮਤ ਖਾਨ ਉਪਰ ਚੜ੍ਹਾਈ ਕਰਕੇ ਉਸ ਨੂੰ ਫੜ ਲਿਆ। ਮਾਰ ਕੁਟਾਈ ਚੰਗੀ ਕੀਤੀ ਪਰ ਇਸ ਸ਼ਰਤ ਤੇ ਜਾਨ ਬਖਸ਼ੀ ਕਿ ਅਗੋਂ ਨੂੰ ਠੀਕ-ਠਾਕ ਰਹੇਗਾ ਅਤੇ ਗਵਾਂਢੀਆਂ ਨਾਲ ਚੰਗਾ ਵਿਹਾਰ ਕਰੇਗਾ। ਇਕ ਦਿਨ ਰਣਜੀਤ ਸਿੰਘ ਆਪਣੀ ਟੋਲੀ ਸਮੇਤ ਸ਼ਿਕਾਰ ਖੇਡਦਾ ਖੇਡਦਾ ਰਾਹ ਭੁੱਲ ਗਿਆ ਤੇ ਸਾਥੀਆਂ ਤੋਂ ਵਿਛੁੜ ਕੇ ਜਿਸ ਪਾਸੇ ਜਾ ਨਿਕਲਿਆ ਉਹ ਚੱਠਿਆਂ ਦਾ ਇਲਾਕਾ ਸੀ ਤੇ ਇਤਫਾਕਨ ਹਸ਼ਮਤ ਖ਼ਾਨ ਉਸ ਪਾਸੇ ਸ਼ਿਕਾਰ ਖੇਡਣ ਆਇਆ ਹੋਇਆ ਸੀ। ਉਸ ਨੇ ਰਣਜੀਤ ਸਿੰਘ ਨੂੰ ਪਛਾਣ ਲਿਆ। ਚੱਠੇ ਸਰਦਾਰ ਦੀਆਂ ਰਗਾਂ ਵਿਚ ਖੂਨ ਨੇ ਉਬਾਲਾ ਖਾਧਾ। ਮਹਾਂ ਸਿੰਘ ਦਾ ਬੇਟਾ ਕਾਬੂ ਆ ਗਿਆ, ਹੁਣ ਛੱਡਣਾ ਨਹੀਂ ਚਾਹੀਦਾ। ਤੇਜ਼ ਘੋੜਾ ਦੌੜਾ ਕੇ ਉਸ ਨੇ ਰਣਜੀਤ ਸਿੰਘ ਨੂੰ ਘੇਰ ਲਿਆ ਤੇ ਤਲਵਾਰ ਦਾ ਜਬਰਦਸ਼ਤ ਵਾਰ ਕੀਤਾ। ਬਿਜਲੀ ਦੀ ਫੁਰਤੀ ਨਾਲ ਰਣਜੀਤ ਸਿੰਘ ਨੇ ਆਪਣਾ ਬਚਾਅ ਕੀਤਾ ਤੇ ਚੱਠੇ ਸਰਦਾਰ ਉਪਰ ਵਾਰ ਕਰਨ ਲਈ ਕਿਰਪਾਨ ਧੂਹ ਲਈ। ਇਹ ਅਧਖੜ ਉਮਰ ਦਾ ਚੱਠਾ ਸਾਢੇ ਛੇ ਫੁੱਟ ਲੰਮਾ ਬੜੀ ਮਜ਼ਬੂਤ ਡੀਲ ਡੌਲ ਵਾਲਾ ਤਕੜਾ ਬੰਦਾ ਸੀ। ਰਣਜੀਤ ਸਿੰਘ ਨੇ ਉਸ ਉਪਰ ਤੇਜ਼ ਤਰਾਰ ਵਾਰ ਕੀਤਾ ਤਾਂ ਹਸ਼ਮਤ ਖਾਨ ਦੀ ਗਰਦਣ ਉਡ ਗਈ। ਗੁਜਰਾਂਵਾਲੇ ਵਾਪਸ ਆ ਕੇ ਜਦੋਂ ਰਣਜੀਤ ਸਿੰਘ ਨੇ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਮੈਂ ਚੱਠਿਆਂ ਦਾ ਵੀ ਸਰਦਾਰ ਹਾਂ ਤੇ ਉਨ੍ਹਾਂ ਦਾ ਇਲਾਕਾ ਮੈਂ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਉਦੋਂ ਉਸ ਦੀ ਉਮਰ ਤੇਰਾਂ ਸਾਲ ਦੀ ਸੀ। ਇਸ ਨਿੱਕੀ ਉਮਰ ਵਿਚ ਇਹ ਉਸ ਦੀ ਪਹਿਲੀ ਸ਼ਾਨਦਾਰ ਜਿੱਤ ਸੀ। ਨਜ਼ਰਾਨਾ ਦੇ ਕੇ ਚੱਠਿਆਂ ਨੇ ਉਸ ਦੀ ਅਧੀਨਤਾ ਮੰਨ ਲਈ।
ਪਿਤਾ ਸ੍ਰ. ਮਹਾਂ ਸਿੰਘ ਨੇ ਦਲ ਖਾਲਸਾ ਦੇ ਮੁਖੀ ਸ੍ਰ. ਜੱਸਾ ਸਿੰਘ ਆਹਲੂਵਾਲੀਏ ਨਾਲ ਤੋੜ ਤੱਕ ਪ੍ਰੀਤ ਨਿਭਾਈ ਸੀ। ਸ. ਜੱਸਾ ਸਿੰਘ ਦੇ ਦੇਹਾਂਤ ਪਿਛੋਂ ਆਹਲੂਵਾਲੀਆ ਮਿਸਲ ਦਾ ਜਥੇਦਾਰ ਸ੍ਰ. ਫਤਿਹ ਸਿੰਘ ਥਾਪਿਆ ਗਿਆ। ਰਣਜੀਤ ਸਿੰਘ ਨੂੰ ਆਹਲੂਵਾਲੀਆ ਦੀ ਬਹਾਦਰੀ ਅਤੇ ਚੜ੍ਹਤ ਦਾ ਪਤਾ ਸੀ। ਉਹ ਫਤਿਹ ਸਿੰਘ ਪਾਸ ਗਿਆ ਅਤੇ ਉਸ ਨੂੰ ਗੁਰਦੁਆਰੇ ਜਾਣ ਲਈ ਬੇਨਤੀ ਕੀਤੀ। ਦੋਵੇਂ ਮੱਥਾ ਟੇਕ ਕੇ ਬੈਠੇ ਤਾਂ ਰਣਜੀਤ ਸਿੰਘ ਨੇ ਕਿਹਾ, ‘‘ਫਤਿਹ ਸਿੰਘ ਤੂੰ ਮੇਰਾ ਵੱਡਾ ਭਰਾ ਹੈਂ-। ਗੁਰੂ ਮਹਾਰਾਜ ਦੀ ਹਜੂਰੀ ਵਿਚ ਮੇਰੇ ਨਾਲ ਪੱਗ ਵਟਾ। ਮੈਂ ਹਮੇਸਾਂ ਤੇਰਾ ਸਾਥ ਦਿਆਂਗਾ’’। ਦੋਵਾਂ ਨੇ ਪੱਗਾਂ ਵਟਾਈਆਂ ਤੇ ਵਫਾਦਾਰੀ ਦੀ ਸਹੁੰ ਚੁੱਕੀ। ਇਹ ਘਟਨਾ 1796 ਈਸਵੀ ਦੀ ਹੈ ਜਦੋਂ ਰਣਜੀਤ ਸਿੰਘ 16 ਸਾਲ ਦਾ ਸੀ। ਉਸ ਦੀ ਉਮਰ ਦੀ ਜਾਣਕਾਰੀ ਇਸ ਕਰਕੇ ਨਿਰੰਤਰ ਦਿਤੀ ਜਾ ਰਹੀ ਹੈ ਤਾਂ ਕਿ ਜਾਣਿਆ ਜਾ ਸਕੇ ਕਿ ਕਿੰਨੀ ਛੋਟੀ ਉਮਰ ਵਿਚ ਉਹ ਵੱਡੇ ਅਤੇ ਦੂਰ ਅੰਦੇਸ਼ ਫ਼ੈਸਲੇ ਕਰਨ ਲਗ ਪਿਆ ਸੀ।
ਅਹਿਮਦਸ਼ਾਹ ਅਬਦਾਲੀ ਦਾ ਪੋਤਰਾ ਜ਼ਮਾਨ ਸ਼ਾਹ ਭਾਰੀ ਸੈਨਾ ਲੈ ਕੇ ਆਇਆ ਤੇ ਲਾਹੌਰ ਤੇ ਧਾਵਾ ਬੋਲ ਕੇ 3 ਜਨਵਰੀ 1796 ਨੂੰ ਆਪਣੇ ਕਬਜ਼ੇ ਹੇਠ ਕਰ ਲਿਆ। ਪਰ ਉਸ ਦੀ ਮਾੜੀ ਕਿਸਮਤ ਕਿ ਉਸ ਦੇ ਭਰਾ ਮਹਿਮੂਦ ਸ਼ਾਹ ਨੇ ਬਗਾਵਤ ਕਰ ਦਿੱਤੀ ਅਤੇ ਆਪਣੇ ਆਪ ਨੂੰ ਅਫਗਾਨਿਸਤਾਨ ਦਾ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ। ਸ਼ਾਹ ਜ਼ਮਾਨ ਨੇ ਅਹਿਮਦਸ਼ਾਹ ਸ਼ਾਹਾਨਚੀ ਨੂੰ ਇਸ ਸੰਕਟ ਦੇ ਸਮੇਂ ਵਿਚ ਲਾਹੌਰ ਦਾ ਸੂਬੇਦਾਰ ਮੁਕੱਰਰ ਕੀਤਾ ਤੇ ਆਪ ਕਾਬਲ ਪਰਤ ਗਿਆ। ਸੂਬੇਦਾਰ ਲਾਹੌਰ ਪਾਸ ਬਾਰਾਂ ਹਜ਼ਾਰ ਦੀ ਸੈਨਾ ਸੀ। ਰਣਜੀਤ ਸਿੰਘ ਨੇ ਫਤਿਹ ਸਿੰਘ ਨਾਲ ਮਿਲ ਕੇ ਲਾਹੌਰ ਤੇ ਹਮਲਾ ਕਰ ਦਿਤਾ। ਇਕ ਦਿਨ ਵਾਸਤੇ ਵੀ ਸੂਬੇਦਾਰ ਸਿੱਖ ਸੈਨਾ ਦਾ ਮੁਕਾਬਲਾ ਨਾ ਕਰ ਸਕਿਆ। ਉਹ ਮਾਰਿਆ ਗਿਆ ਤੇ ਉਸ ਦੀ ਸੈਨਾ ਇਧਰ ਉਧਰ ਖਿੱਲਰ ਗਈ।
ਸ਼ਾਹ ਜ਼ਮਾਨ ਨੇ ਕਾਬੁਲ ਦੀ ਬਗਾਵਤ ਦਬਾ ਦਿੱਤੀ ਪਰ ਉਸ ਨੂੰ ਸਿੱਖਾਂ ਉਪਰ ਕਰੋਧ ਸੀ ਤੇ ਆਪਣੇ ਸੂਬੇਦਾਰ ਦੇ ਕਤਲ ਉਪਰੰਤ ਹੋਈ ਆਪਣੀ ਹੱਤਕ ਦਾ ਬਦਲਾ ਲੈਣ ਲਈ 27 ਨਵੰਬਰ 1798 ਨੂੰ ਲਾਹੌਰ ਤੇ ਹਮਲਾ ਕਰ ਦਿੱਤਾ। ਬਾਬਾ ਸਾਹਿਬ ਸਿੰਘ ਬੇਦੀ ਦਾ ਖਾਲਸਾ ਪੰਥ ਵਿਚ ਬੜਾ ਸਤਿਕਾਰ ਸੀ ਕਿਉਂਕਿ ਉਹ ਗੁਰੂ ਨਾਨਕ ਸਾਹਿਬ ਦੀ ਬੰਸਾਵਲੀ ਵਿਚੋਂ ਸਨ। ਅਕਾਲੀ ਫੂਲਾ ਸਿੰਘ ਤੋਂ ਪਹਿਲੋਂ ਸਰਬ ਪ੍ਰਵਾਨਿਤ ਧਾਰਮਿਕ ਸ਼ਖ਼ਸੀਅਤ ਉਹੋ ਸਨ। ਉਨ੍ਹਾਂ ਨੇ ਸਿਖਾਂ ਅਗੇ ਅਪੀਲ ਕੀਤੀ ਕਿ ਸਭ ਆਪੋ-ਆਪਣੇ ਮਤਭੇਦ ਭੁਲਾ ਕੇ ਸਰਬਤ ਖਾਲਸੇ ਦੀ ਇਕੱਤਰਤਾ ਵਿਚ ਪੁੱਜੋ। ਸਾਰੀਆਂ ਮਿਸਲਾਂ ਦੇ ਮੁਖੀ ਹਾਜ਼ਰ ਹੋਏ। ਕੇਵਲ ਫੂਲਕੀਆਂ ਮਿਸਲ ਦਾ ਪਟਿਆਲਵੀ ਰਾਜਾ ਸਾਹਿਬ ਸਿੰਘ ਨਹੀਂ ਆਇਆ। ਜਿਵੇਂ ਵਡੇ ਘੱਲੂਘਾਰੇ ਵੇਲੇ ਬਾਬਾ ਆਲਾ ਸਿੰਘ ਨੇ ਸਿੱਖਾਂ ਦੀ ਮਦਦ ਕਰਨ ਤੋਂ ਇਨਕਾਰ ਕਰ ਦਿਤਾ ਸੀ ਉਵੇਂ ਹੀ ਸਾਹਿਬ ਸਿੰਘ ਇਸ ਝਗੜੇ ਤੋਂ ਅਲੱਗ ਰਹਿ ਕੇ ਸੁਰਖਿਅਤ ਰਿਹਾ। ਸ਼ਾਹ ਜ਼ਮਾਨ ਨੇ ਲਾਹੌਰ ਲੁੱਟ ਲਿਆ। ਸਿੱਖਾਂ ਨੇ ਇਸ ਦਾ ਕੋਈ ਵਿਰੋਧ ਨਹੀਂ ਕੀਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਸ ਪਿੱਛੋਂ ਉਹ ਅੰਮਿ੍ਰਤਸਰ ਲੁੱਟਣ ਮਾਰਨ ਅਵੱਸ਼ ਆਏਗਾ। ਦਰਬਾਰ ਸਾਹਿਬ ਦੀ ਤਬਾਹੀ ਸਿੱਖਾਂ ਦੀ ਆਣ ਦਾ ਖਾਤਮਾ ਸਮਝੀ ਜਾਇਆ ਕਰਦੀ ਸੀ। ਉਹ ਅੰਮਿ੍ਰਤਸਰ ਵੱਲ ਵਧਿਆ ਤਾਂ ਸ਼ਹਿਰੋਂ ਬਾਹਰ ਲਾਹੌਰ ਦਿਸ਼ਾ ਵਲ ਸਰਬਤ ਖਾਲਸਾ ਉਸ ਨੂੰ ਮਿਲਣ ਲਈ ਤਿਆਰ ਬੈਠਾ ਸੀ। ਬਹੁਤ ਖੂੰਖਾਰ ਜੰਗ ਹੋਇਆ ਪਰ ਸਿੱਖ ਉਸ ਨੂੰ ਪਿਛੇ ਧਕਦੇ-ਧਕਦੇ ਲਾਹੌਰ ਲੈ ਗਏ। ਜਦੋਂ ਉਹ ਲਾਹੌਰ ਦੇ ਕਿਲੇ੍ਹ ਵਿਚ ਜਾ ਵੜਿਆ ਤਾਂ ਸਿੱਖ ਫ਼ੌਜਾਂ ਅੰਮਿ੍ਰਤਸਰ ਦੀ ਰਾਖੀ ਕਰਨ ਹਿਤ ਵਾਪਸ ਆ ਗਈਆਂ।
ਹਰ ਰਾਤ ਰਣਜੀਤ ਸਿੰਘ ਅਲਬੇਲੇ ਮਨਚਲੇ ਜੁਆਨਾਂ ਦਾ ਇਕ ਜੰਗੀ ਜਥਾ ਲੈ ਕੇ ਲਾਹੌਰ ਅੱਪੜਦਾ ਤੇ ਭਿਆਨਕ ਕੁਹਰਾਮ ਮਚਾ ਕੇ ਵਾਪਸ ਪਰਤਦਾ। ਉਹ ਕਿਲੇ੍ਹ ਦੇ ਸੰਮਨ ਬੁਰਜ ਤੱਕ ਅੱਪੜ ਕੇ ਲਲਕਾਰਦਾ, ‘‘ਅਬਦਾਲੀ ਦਿਆ ਪੋਤਰਿਆ ਚੜ੍ਹਤ ਸਿੰਘ ਦਾ ਪੋਤਰਾ ਤੈਨੂੰ ਬਾਹਰ ਨੇੜੇ ਖਲੋਤਾ ਵੰਗਾਰ ਰਿਹਾ ਹੈ, ਬਾਹਰ ਨਿਕਲ ਤੇ ਮੁਕਾਬਲਾ ਕਰ’’। ਬਾਕੀ ਜਿੰਨੇ ਦਿਨ ਸ਼ਾਹ ਲਾਹੌਰ ਵਿਚ ਰਿਹਾ ਕਿਲੇ੍ਹ ਤੋਂ ਬਾਹਰ ਨਹੀਂ ਨਿਕਲਿਆ। ਇਕ ਰਾਤ ਚੁਪ ਚੁਪੀਤੇ ਚੋਰਾਂ ਵਾਂਗ ਅਫਗਾਨਿਸਤਾਨ ਦੇ ਅਜਿਹਾ ਰਸਤੇ ਪਿਆ ਕਿ ਮੁੜ ਇਧਰ ਕਦੀ ਪੰਜਾਬ ਵਲ ਮੂੰਹ ਨਾ ਕੀਤਾ।
7 ਜੁਲਾਈ 1799 ਨੂੰ ਜਦੋਂ ਆਪਣੀ ਸੈਨਾ ਲੈ ਕੇ ਲਾਹੌਰ ਫਤਿਹ ਕਰਕੇ ਕਿਲੇ੍ਹ ਉਪਰ ਨਿਸ਼ਾਨ ਸਾਹਿਬ ਲਹਿਰਾ ਦਿਤਾ ਉਦੋਂ ਰਣਜੀਤ ਸਿੰਘ ਦੀ ਉਮਰ 19 ਸਾਲ ਦੀ ਸੀ। ਉਹ ਇੱਡਾ ਸਾਹਸੀ ਅਤੇ ਆਤਮਵਿਸ਼ਵਾਸ ਵਾਲਾ ਨੌਜੁਆਨ ਸੀ ਕਿ ਸਿਖਾਂ ਨੇ ਨਿਰਵਿਵਾਦ ਉਸ ਨੂੰ ਆਪਣਾ ਹੁਕਮਰਾਨ ਮੰਨ ਲਿਆ। ਰਣਜੀਤ ਸਿੰਘ ਵਲੋਂ ਲਾਹੌਰ ਕਬਜ਼ੇ ਵਿਚ ਲੈਣ ਸਦਕਾ ਅੱਠ ਸੌ ਸਾਲ ਜਿਹੜਾ ਹਮਲਾਵਰਾਂ ਧਾੜਵੀਆਂ ਦਾ ਦਰਵਾਜ਼ਾ ਇਧੱਰ ਖੁੱਲ੍ਹਿਆ ਰਿਹਾ ਸੀ, ਸਦਾ ਲਈ ਬੰਦ ਹੋ ਗਿਆ।
12 ਅਪ੍ਰੈਲ 1801 ਨੂੰ ਵਿਸਾਖੀ ਦੇ ਦਿਨ ਬਕਾਇਦਾ ਰਸਮਾਂ ਨਿਭਾਉਣ ਉਪਰੰਤ ਉਸ ਨੂੰ ਰਾਜ ਸਿੰਘਾਸਨ ਉਪਰ ਬਿਰਾਜਮਾਨ ਕੀਤਾ ਗਿਆ। ਬਾਬਾ ਸਾਹਿਬ ਸਿੰਘ ਬੇਦੀ ਨੇ ਰਾਜਤਿਲਕ ਲਾ ਕੇ ‘ਸਰਕਾਰ’ ਦਾ ਖਿਤਾਬ ਪ੍ਰਦਾਨ ਕੀਤਾ। ਇਸੇ ਦਿਨ ਜੈਕਾਰਿਆਂ ਦੀ ਗੁੰਜਾਰ ਵਿਚ ਜਿਹੜਾ ਸਿੱਕਾ ਜਾਰੀ ਕੀਤਾ ਗਿਆ ਉਸ ਉਪੱਰ ਉਹੀ ਪੰਕਤੀਆਂ ਦਰਜ ਸਨ ਜਿਹੜੀਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਕੇ ਉਪੱਰ ਉਕੱਰੀਆਂ ਹੋਈਆਂ ਸਨ।
‘‘ਗਰੀਬਾਂ ਲਈ ਦੇਗ਼(ਲੰਗਰ) ਅਤੇ ਕਮਜ਼ੋਰਾਂ ਦੀ ਰੱਖਿਆ ਲਈ ਤੇਗ,
ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਸਦਕਾ ਪ੍ਰਾਪਤ ਹੋਈ।”
ਗੁਲਾਬ ਸਿੰਘ ਭੰਗੀ ਨੂੰ ਰਣਜੀਤ ਸਿੰਘ ਦੀ ਚੜ੍ਹਤ ਚੰਗੀ ਨਹੀਂ ਲਗਦੀ ਸੀ। ਉਸ ਨੇ ਆਪਣੇ ਨਾਲ ਕਈ ਹਮਜੋਲੀ ਇਕੱਠੇ ਕਰ ਲਏ। ਕਸੂਰ ਦੇ ਸੂਬੇਦਾਰ ਨਿਜ਼ਾਮੁਦੀਨ ਨੂੰ ਆਪਣੇ ਨਾਲ ਰਲਾ ਲਿਆ ਤੇ ਲਾਹੌਰ ਰਣਜੀਤ ਸਿੰਘ ਵਲ ਚੜ੍ਹਾਈ ਕਰ ਦਿੱਤੀ। ਰਣਜੀਤ ਸਿੰਘ ਸ਼ਹਿਰ ਵਿਚੋਂ ਖੂਨ ਖਰਾਬਾ ਬਚਾਉਣ ਲਈ ਆਪਣੀਆਂ ਫ਼ੌਜਾਂ ਲੈ ਕੇ ਲਾਹੌਰ ਤੋਂ 12 ਮੀਲ ਦੂਰ ਭਸੀਨ ਪਿੰਡ ਤਕ ਬਾਹਰ ਆ ਗਿਆ। ਸਾਹਮਣਿਓਂ ਆਉਂਦੀਆਂ ਹਮਲਾਵਰ ਫੌਜਾਂ ਰੁਕ ਗਈਆਂ। ਰਣਜੀਤ ਸਿੰਘ ਵੀ ਰੁਕਿਆ ਰਿਹਾ ਤੇ ਉਡੀਕਦਾ ਰਿਹਾ ਕਿ ਕਦੋਂ ਹਮਲਾ ਹੋਵੇ। ਆਪ ਹੱਲਾ ਕਰਨ ਦੀ ਥਾਂ ਉਹ ਹੱਲੇ ਦਾ ਜਵਾਬ ਦੇਣ ਦਾ ਇਛੁੱਕ ਸੀ। ਦੋਵੇਂ ਪਾਸਿਆਂ ਦੀਆਂ ਫ਼ੌਜਾਂ ਦੋ ਮਹੀਨੇ ਆਹਮੋ-ਸਾਹਮਣੇ ਡਟੀਆਂ ਰਹੀਆਂ, ਕਿਸੇ ਨੇ ਪਹਿਲ ਕਰਨ ਦਾ ਖਤਰਾ ਨਹੀਂ ਉਠਾਇਆ। ਗੁਲਾਬ ਸਿੰਘ ਸ਼ਰਾਬ ਦਾ ਸ਼ੌਕੀਨ ਤਾਂ ਹੈ ਹੀ ਸੀ ਪਰ ਇਕ ਸ਼ਾਮ ਏਨੀ ਪੀ ਗਿਆ ਕਿ ਉਸ ਦੀ ਮੌਤ ਹੋ ਗਈ। ਉਸ ਦੀਆਂ ਸਹਾਇਕ ਫ਼ੌਜਾਂ ਸਹਿਜੇ ਸਹਿਜੇ ਖਿਸਕ ਗਈਆਂ ਤੇ ਮਹਾਰਾਜਾ ਰਣਜੀਤ ਸਿੰਘ ਲਾਹੌਰ ਵਾਪਸ ਪਰਤ ਆਇਆ।
ਲਾਹੌਰ ਵਰਗੇ ਮਹਾਂਨਗਰ ਉਪਰ ਕਬਜ਼ਾ ਕਰਨ ਪਿਛੋਂ ਇਹ ਸੰਭਵ ਹੀ ਨਹੀਂ ਸੀ ਕਿ ਅੰਮਿ੍ਰਤਸਰ ਵਲ ਉਹ ਧਿਆਨ ਨਾ ਕਰਦਾ। ਸਿੱਖ ਰਾਜੇ ਦਾ ਰਾਜ ਅੰਮਿ੍ਰਤਸਰ ਬਗੈਰ ਅਧੂਰਾ ਸੀ। ਅੰਮਿ੍ਰਤਸਰ ਉਪਰ ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾਂ ਦਾ ਕਬਜ਼ਾ ਸੀ। ਰਣਜੀਤ ਸਿੰਘ ਆਪਣੀ ਸੈਨਾ ਲੈ ਕੇ ਅੰਮਿ੍ਰਤਸਰ ਪੁੱਜਾ ਅਤੇ ਹਮਲੇ ਦੀਆਂ ਤਿਆਰੀਆਂ ਦਾ ਮੁਆਇਨਾ ਕਰ ਰਿਹਾ ਸੀ ਕਿ ਅੰਦਰੋਂ ਤੋਪਾਂ ਗਰਜੀਆਂ। ਮਾਈ ਸੁੱਖਾਂ ਨੇ ਗੋਲਿਆਂ ਦਾ ਮੀਂਹ ਵਰ੍ਹਾ ਦਿੱਤਾ। ਉਹ ਕਬਜ਼ਾ ਛੱਡਣ ਦੀ ਥਾਂ ਲੜ ਕੇ ਮਰਨ ਦੀ ਇਛੁੱਕ ਸੀ ਪਰ ਅਕਾਲੀ ਫੂਲਾ ਸਿੰਘ ਨੇ ਤੁਰੰਤ ਮਾਈ ਨਾਲ ਸੰਪਰਕ ਕੀਤਾ ਤੇ ਗੋਲਾਬਾਰੀ ਬੰਦ ਕਰਵਾਈ। ਜੇ ਅਕਾਲੀ ਜੀ ਸੁਲਾਹ ਨਾ ਕਰਵਾਉਂਦੇ ਦੋਵਾਂ ਪਾਸਿਆਂ ਦਾ ਭਾਰੀ ਨੁਕਸਾਨ ਹੋਣਾ ਸੀ। ਮਹਾਰਾਜੇ ਪਾਸੋਂ ਅਕਾਲੀ ਜੀ ਨੇ ਮਾਈ ਨੂੰ ਪਿੰਜੌਰ ਬਾਗ ਸਮੇਤ ਦਰਜਣਾਂ ਪਿੰਡ ਜਗੀਰ ਵਜੋਂ ਦਿਵਾ ਦਿੱਤੇ ਤਦ 24 ਫਰਵਰੀ 1805 ਈਸਵੀ ਨੂੰ ਮਹਾਰਾਜਾ ਅੰਮਿ੍ਰਤਸਰ ਵਿਚ ਵਿਜਈ ਹੋ ਕੇ ਦਾਖਲ ਹੋਇਆ। ਪਹਿਲੋਂ ਉਸ ਨੇ ਦਰਬਾਰ ਸਾਹਿਬ ਮੱਥਾ ਟੇਕ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ ਤੇ ਫਿਰ ਉਥੇ ਹੀ ਕਾਰ ਸੇਵਾ ਆਰੰਭ ਕਰਨ ਦਾ ਐਲਾਨ ਕਰ ਦਿੱਤਾ। ਸੇਵਾ ਅਕਾਲੀ ਫੂਲਾ ਸਿੰਘ ਦੀ ਨਿਗਰਾਨੀ ਅਧੀਨ ਕਰਵਾਉਣ ਦਾ ਫ਼ੈਸਲਾ ਹੋਇਆ। ਸੰਗਮਰਮਰ ਅਤੇ ਸੋਨੇ ਉਪਰ ਨੱਕਾਸ਼ੀ ਦਾ ਕੰਮ ਕਰਨ ਵਾਸਤੇ ਮਹਿੰਗੇ ਤੋਂ ਮਹਿੰਗੇ ਸ਼ਿਲਪਕਾਰ ਮੰਗਵਾਏ ਗਏ। ਅੱਜ ਤੱਕ ਦਰਬਾਰ ਸਾਹਿਬ ਦੇ ਦਰਵਾਜੇ ਦੀ ਚੁਗਾਠ ਦੇ ਉਪਰ ਕਰਕੇ ਇਹ ਸ਼ਬਦ ਉਕਰੇ ਹੋਏ ਦਿਸਦੇ ਹਨ, ‘‘ਇਹ ਸੇਵਾ ਸ੍ਰੀ ਗੁਰੂ ਮਹਾਰਾਜ ਜੀ ਨੇ ਆਪਣੇ ਸੇਵਕ ਰਣਜੀਤ ਸਿੰਘ ਉਪਰ ਅਪਾਰ ਦਇਆ ਕਰਕੇ ਕਰਵਾਈ’’।
ਕੁਦਰਤ ਦਾ ਅਟੱਲ ਨਿਯਮ ਹੈ ਕਿ ਹਰੇਕ ਦੁਖ ਕਿਸੇ ਵੱਖਰੀ ਪ੍ਰਕਾਰ ਦੇ ਸੁਖ ਦਾ ਕਾਰਨ ਬਣਦਾ ਹੁੰਦਾ ਹੈ। ਅਠਾਰਵੀਂ ਸਦੀ ਵਿਚ ਮੁਗਲਾਂ ਅਤੇ ਪਠਾਣਾਂ ਨੇ ਸਿੱਖਾਂ ਦਾ ਨਾਮ ਨਿਸ਼ਾਨ ਮਿਟਾਉਣ ਲਈ ਮੁਹਿੰਮਾਂ ਆਰੰਭੀਆਂ ਤਦ ਸਿੱਖਾਂ ਨੇ ਆਪਣੇ ਆਪ ਨੂੰ ਇਕ ਮਜ਼ਬੂਤ ਜੰਜੀਰ ਵਿਚ ਸੰਗਠਿਤ ਕਰ ਲਿਆ, ਸਭ ਨੂੰ ਇਕ ਦੂਜੇ ਨਾਲ ਜੋੜਨ ਵਾਲੀ ਇਸ ਜੰਜੀਰ ਦਾ ਨਾਮ ਸੀ ਖਾਲਸਾ ਪੰਥ। ਅਫਗਾਨਾਂ ਦੇ ਲਗਾਤਾਰ ਹਿੰਦੁਸਤਾਨ ਉਪਰ ਹਮਲਿਆਂ ਨੇ ਮੁਗਲਾਂ ਦਾ ਲੱਕ ਤੋੜ ਦਿੱਤਾ। ਮਰਾਠਿਆਂ ਅਤੇ ਰਾਜਪੂਤਾਂ ਦੀ ਵਧਦੀ ਸ਼ਕਤੀ ਨੂੰ ਵੀ ਪਠਾਣਾਂ ਨੇ ਸੱਟ ਮਾਰੀ। ਇਸ ਸਥਿਤੀ ਦਾ ਦਲ ਖਾਲਸਾ ਨੇ ਪੂਰਾ ਲਾਭ ਉਠਾਇਆ। ਮਿਸਲਦਾਰ ਸਰਦਾਰ ਇਲਾਕਿਆਂ ਦੀ ਵੰਡ ਦੇ ਮੁੱਦੇ ਉਪਰ ਅਕਸਰ ਆਪਸ ਵਿਚ ਲੜ ਵੀ ਪੈਂਦੇ ਸਨ ਪਰ ਸਾਹਮਣੇ ਸਾਂਝਾ ਦੁਸ਼ਮਣ ਦੇਖ ਕੇ ਏਕਾ ਕਰ ਲੈਂਦੇ ਸਨ। ਸਿੱਖ ਸਰਦਾਰਾਂ ਨੂੰ ਇਹ ਪੱਕਾ ਯਕੀਨ ਹੋ ਗਿਆ ਸੀ ਕਿ ਪੰਜਾਬ ਦੇ ਸਹੀ ਵਾਰਸ ਕੇਵਲ ਉਹੀ ਹਨ। ਇਹੀ ਕਾਰਨ ਹੈ ਕਿ ਇਸ ਸਦੀ ਵਿਚ ਪੰਜਾਬ ਉਪਰ ਕਦੀ ਮੁਗਲ ਹਕੂਮਤ ਹੋ ਜਾਂਦੀ ਕਦੀ ਪਠਾਣ ਕਬਜ਼ਾ ਕਰ ਲੈਂਦੇ, ਮਰਾਠਿਆਂ ਅਤੇ ਅੰਗਰੇਜ਼ਾਂ ਨੇ ਕਾਬਜ਼ ਹੋਣ ਦੇ ਯਤਨ ਕੀਤੇ ਪਰ ਸਿਖਾਂ ਨੇ ਕਿਸੇ ਦੇ ਵੀ ਪਕੇ ਪੈਰ ਨਹੀਂ ਜਮਣ ਦਿੱਤੇ ਤੇ ਅਸਥਾਈ ਸਰਕਾਰਾਂ ਨਿਰੰਤਰ ਬਦਲਦੀਆਂ ਰਹੀਆਂ। ਸਿੰਧ ਤੋਂ ਲੈ ਕੇ ਦਿੱਲੀ ਤੱਕ ਕੇਵਲ ਦਲ ਖਾਲਸਾ ਅਸਰਅੰਦਾਜ਼ ਰਿਹਾ। ਇਸ ਪਿੱਠ ਭੂਮੀ ਵਿਚੋਂ ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਉਭਰ ਕੇ ਆਈ। ਕੇਵਲ ਪਿੱਠ ਭੂਮੀ ਵੀ ਕੀ ਕਰੇਗੀ ਜੇ ਉਸ ਨੂੰ ਕੰਟਰੋਲ ਕਰਨ ਲਈ ਵਿਅਕਤੀ ਵਿਚ ਕੁਸ਼ਲਤਾ ਨਾ ਹੋਵੇ। ਲੋਹਾ ਪੂਰਾ ਗਰਮ ਸੀ ਤੇ ਇਸ ਨੂੰ ਨਵਾਂ ਆਕਾਰ ਦੇਣ ਵਾਸਤੇ ਕਿਥੇ ਸੱਟ ਮਾਰਨੀ ਹੈ, ਕਿੰਨੇ ਕੁ ਜੋਰ ਨਾਲ ਤੇ ਕਿੰਨੀ ਕੁ ਦੇਰ ਬਾਅਦ ਇਸ ਦਾ ਗਿਆਨ ਰਣਜੀਤ ਸਿੰਘ ਤੋਂ ਵਧੀਕ ਜੇ ਕਿਸੇ ਹੋਰ ਨੂੰ ਹੁੰਦਾ ਤਦ ਉਹ ਇਸ ਖਿੱਤੇ ਦਾ ਹੁਕਮਰਾਨ ਹੁੰਦਾ। ਰਣਜੀਤ ਸਿੰਘ ਨੇ ਸਾਬਤ ਕੀਤਾ ਕਿ ਉਸ ਵਿਚ ਬਹੁਤ ਦੂਰ ਤੱਕ ਦੇਖਣ ਅਤੇ ਕਾਰਜ ਸਿਰੇ ਚੜ੍ਹਾਉਣ ਦੀ ਸਹੀ ਸਮਰੱਥਾ ਸੀ। ਈਸਵੀ 1783 ਵਿਚ ਜਾਰਜ ਫਾਰਸਟਰ ਅਤੇ 1784 ਵਿਚ ਵਾਰਨ ਹੇਸਟਿੰਗਜ਼ ਵਲੋਂ ਲਿਖੇ ਸ਼ਬਦ ਸੱਚੀ ਭਵਿੱਖ ਬਾਣੀ ਸਾਬਤ ਹੋਏ। ਇਨ੍ਹਾਂ ਨੇ ਲਿਖਿਆ ਸੀ ਕਿ ਪੰਜਾਬ ਦੀ ਤਬਾਹੀ ਵਿਚੋਂ ਸ਼ਕਤੀ ਇਕੱਠੀ ਕਰਕੇ ਜਲਦੀ ਕੋਈ ਸਰਦਾਰ ਤਕੜੀ ਹਕੂਮਤ ਕਾਇਮ ਕਰਨ ਵਾਲਾ ਹੈ।
ਲਾਹੌਰ ਤੋਂ ਬਾਅਦ ਮਹਾਰਾਜੇ ਦੀਆਂ ਜਿੱਤਾਂ ਦਾ ਸਿਲਸਿਲਾ ਅਰੁਕ ਚੱਲਿਆ। 1800 ਈਸਵੀਂ ਵਿਚ ਉਸ ਨੇ ਜੰਮੂ ਵੱਲ ਕੂਚ ਕੀਤਾ। ਜੰਮੂ ਦੇ ਰਾਜੇ ਵਿਚ ਮੁਕਾਬਲਾ ਕਰਨ ਦੀ ਸੱਤਿਆ ਨਹੀਂ ਸੀ। ਉਸ ਨੇ ਵੀਹ ਹਜ਼ਾਰ ਰੁਪਿਆ ਦੇ ਕੇ ਆਤਮ ਸਮਰਪਣ ਕਰ ਦਿੱਤਾ। ਅਪਮਾਨ ਕਰਨ ਦੀ ਥਾਂ ਰਣਜੀਤ ਸਿੰਘ ਨੇ ਉਸ ਨੂੰ ਦੁਸ਼ਾਲੇ ਦੇ ਕੇ ਸਨਮਾਨਿਤ ਕੀਤਾ।
ਮਹਾਰਾਜੇ ਨੇ ਹੁਕਮ ਦਿਤਾ ਕਿ ਗੁੱਜਰਾਂਵਾਲੇ ਤੋਂ ਸਾਰਾ ਜੰਗੀ ਸਾਜੋ ਸਾਮਾਨ ਲਾਹੌਰ ਲਿਆਂਦਾ ਜਾਵੇ। ਗੁਜਰਾਤ ਦਾ ਇਲਾਕਾ ਸਾਹਿਬ ਸਿੰਘ ਭੰਗੀ ਦੇ ਅਧੀਨ ਸੀ। ਉਸ ਨੇ ਇਰਾਦਾ ਬਣਾਇਆ ਕਿ ਗੁਜਰਾਂਵਾਲੇ ਤੇ ਹਮਲਾ ਕਰਕੇ ਇਹ ਸਾਮਾਨ ਲੁੱਟ ਲਿਆ ਜਾਵੇ। ਇਸ ਗੱਲ ਦੀ ਖਬਰ ਰਣਜੀਤ ਸਿੰਘ ਨੂੰ ਮਿਲੀ ਤਾਂ ਉਹ ਆਪਣੀ ਸੈਨਾ ਲੈ ਕੇ ਗੁਜਰਾਤ ਵਲ ਵਧਿਆ। ਭੰਗੀ ਮੁਕਾਬਲਾ ਨਾਂ ਕਰ ਸਕੇ ਤੇ ਗੁਜਰਾਤ ਰਣਜੀਤ ਸਿੰਘ ਨੇ ਸੰਭਾਲ ਲਿਆ। ਕਿਉਂਕਿ ਸਾਹਿਬ ਸਿੰਘ ਦੀ ਸਾਜ਼ਸ਼ ਵਿਚ ਅਕਾਲਗੜ੍ਹੀਆ ਸਰਦਾਰ ਦਲ ਸਿੰਘ ਵੀ ਸ਼ਾਮਲ ਸੀ ਇਸ ਕਰਕੇ ਉਸ ਦੇ ਇਲਾਕੇ ਵੀ ਰਣਜੀਤ ਸਿੰਘ ਨੇ ਆਪਣੇ ਕਬਜ਼ੇ ਵਿਚ ਲੈ ਲਏ।
ਈਸਟ ਇੰਡੀਆ ਕੰਪਨੀ ਨੇ ਉਸ ਦੀ ਚੜ੍ਹਤ ਦੇਖ ਕੇ ਦੋਸਤੀ ਦਾ ਹੱਥ ਵਧਾਇਆ ਅਤੇ ਆਪਣੇ ਦੂਤ ਮੁਨਸ਼ੀ ਯੂਸਫ ਅਲੀ ਰਾਹੀਂ ਖ਼ਤ ਅਤੇ ਦਸ ਹਜ਼ਾਰ ਰੁਪਿਆ ਨਜ਼ਰਾਨਾ ਭੇਜਿਆ। ਮਹਾਰਾਜੇ ਨੇ ਦੂਤਾਂ ਨੂੰ ਬਹੁਤ ਕੀਮਤੀ ਤੁਹਫੇ ਅਤੇ ਕੰਪਨੀ ਨੂੰ ਮਿਲਵਰਤਣ ਦੇਣ ਦੇ ਦੋਸਤਾਨਾ ਖ਼ਤ ਅਤੇ ਧੰਨਵਾਦ ਪੱਤਰ ਭੇਜੇ।
ਕਸੂਰ ਦਾ ਸੂਬੇਦਾਰ ਨਿਜ਼ਾਮੁੱਦੀਨ ਸਰਕਾਰ ਖਾਲਸਾ ਵਿਰੁੱਧ ਸਾਜ਼ਸ਼ਾਂ ਰਚਦਾ ਰਹਿੰਦਾ ਸੀ। ਮਹਾਰਾਜੇ ਨੇ ਭਾਰੀ ਸੈਨਾ ਨਾਲ ਉਸ ਉਪਰ ਚੜ੍ਹਾਈ ਕਰ ਦਿੱਤੀ। ਨਿਜ਼ਾਮੁਦੀਨ ਹਾਰ ਗਿਆ ਤੇ 1801 ਵਿਚ ਕਸੂਰ ਪੰਜਾਬ ਦੇਸ ਵਿਚ ਸ਼ਾਮਲ ਹੋ ਗਿਆ। ਨਿਜ਼ਾਮੁਦੀਨ ਸਾਲਾਨਾ ਮਾਲੀਆ ਦੇਣਾ ਮੰਨ ਗਿਆ।।
ਇਸੇ ਸਾਲ ਕਾਂਗੜੇ ਦੇ ਰਾਜਾ ਸੰਸਾਰ ਚੰਦ ਉਪਰ ਹਮਲਾ ਕੀਤਾ ਗਿਆ ਕਿਉਂਕਿ ਉਸ ਨੇ ਰਾਣੀ ਸਦਾ ਕੌਰ ਦੇ ਇਲਾਕੇ ਦਾ ਕੁੱਝ ਹਿੱਸਾ ਆਪਣੀ ਰਿਆਸਤ ਵਿਚ ਮਿਲਾ ਲਿਆ ਸੀ। ਉਹ ਗੁਰੂ ਸਾਹਿਬਾਨ ਵਿਰੁੱਧ ਮੰਦੀ ਭਾਸ਼ਾ ਵਰਤਦਾ ਸੀ ਤੇ ਖੁਸ਼ਵਕਤ ਰਾਇ ਅਨੁਸਾਰ ਕਿਹਾ ਕਰਦਾ ਸੀ ਕਿ ਮੈਂ ਸਿੱਖਾਂ ਦੇ ਵਾਲਾਂ ਦੇ ਰੱਸੇ ਵੱਟਾਂਗਾ। ਸੰਸਾਰ ਚੰਦ ਜਾਨ ਬਚਾ ਕੇ ਭੱਜ ਗਿਆ।
ਚਨਿਓਟ ਉਪਰ ਕਰਮ ਸਿੰਘ ਦੇ ਬੇਟੇ ਜੱਸਾ ਸਿੰਘ ਦਾ ਕਬਜ਼ਾ ਸੀ। ਉਹ ਲੋਕਾਂ ਨੂੰ ਅਕਸਰ ਤੰਗ ਕਰਦਾ ਰਹਿੰਦਾ। ਰਣਜੀਤ ਸਿੰਘ ਪਾਸ ਇਹ ਸ਼ਿਕਾਇਤਾਂ ਪੁੱਜੀਆਂ ਤਾਂ ਪਰਜਾ ਨੂੰ ਆਪਣੇ ਵੱਲ ਦੇਖ ਕੇ ਇਸ ਇਲਾਕੇ ਉਪਰ 1802 ਈਸਵੀ ਵਿਚ ਕਬਜ਼ਾ ਕਰ ਲਿਆ।
1803 ਈਸਵੀ ਵਿਚ ਮੁਲਤਾਨ ਉਪਰ ਕਬਜ਼ਾ ਕਰ ਲਿਆ ਗਿਆ। ਇਸੇ ਸਾਲ ਜਲੰਧਰ ਅਤੇ ਫਗਵਾੜਾ ਜਿੱਤ ਕੇ ਫਤਿਹ ਸਿੰਘ ਆਹਲੂਵਾਲੀਆ ਦੇ ਸਪੁਰਦ ਕਰ ਦਿੱਤੇ। ਅੰਗਰੇਜ਼ਾਂ ਨੇ 1805 ਵਿਚ ਜਸਵੰਤ ਰਾਓ ਹੋਲਕਰ ਨੂੰ ਲੜਾਈ ਵਿਚ ਹਰਾ ਦਿੱਤਾ ਤੇ ਜਾਨ ਬਚਾਉਣ ਲਈ ਉਹ ਆਪਣੇ ਬਚੇ ਹੋਏ ਸੈਨਿਕਾਂ ਸਮੇਤ ਪੰਜਾਬ ਵਿਚ ਦਾਖਲ ਹੋਇਆ ਤੇ ਸ਼ਰਣ ਮੰਗੀ। ਮਹਾਰਾਜੇ ਨੇ ਉਸ ਨੂੰ ਸ਼ਰਣ ਦਿੱਤੀ। ਜਰਨੈਲ ਲੇਕ ਉਸ ਦਾ ਪਿੱਛਾ ਕਰਦਾ ਆ ਰਿਹਾ ਸੀ ਤੇ ਜਦੋਂ ਰਣਜੀਤ ਸਿੰਘ ਦੇ ਰਾਜ ਦੀ ਹੱਦ ਸ਼ੁਰੂ ਹੋਈ ਲੇਕ ਰੁਕ ਗਿਆ ਤੇ ਮਹਾਰਾਜੇ ਪਾਸ ਪੱਤਰ ਭੇਜਦਾ ਰਿਹਾ ਕਿ ਕਿਉਂਕਿ ਅੰਗਰੇਜ਼ਾਂ ਨੂੰ ਮਹਾਰਾਜੇ ਨੇ ਮਿੱਤਰ ਮੰਨ ਲਿਆ ਹੈ ਇਸ ਕਰਕੇ ਹੋਲਕਰ ਉਸ ਦੇ ਸਪੁਰਦ ਕੀਤਾ ਜਾਵੇ। ਮਹਾਰਾਜੇ ਨੇ ਬੰਦੀ ਦੇ ਰੂਪ ਵਿਚ ਹੋਲਕਰ ਨੂੰ ਅੰਗਰੇਜ਼ਾਂ ਹਵਾਲੇ ਨਹੀਂ ਕੀਤਾ ਸਗੋਂ ਸਮਝਾਉਂਦਾ ਰਿਹਾ ਕਿ ਜੇ ਤੁਸੀਂ ਆਪਣੇ ਰਾਜ ਵਿਚ ਅਮਨ ਕਾਇਮ ਕਰਨਾ ਹੈ ਤਾਂ ਹੋਲਕਰ ਦਾ ਸਨਮਾਨ ਬਹਾਲ ਕਰਨ ਲਈ ਕੁਝ ਸ਼ਰਤਾਂ ਅਧੀਨ ਉਸ ਦੇ ਰਾਜ ਵਿਚ ਵਾਪਸ ਭੇਜ ਦਿੱਤਾ ਜਾਵੇ। ਅੰਗਰੇਜ਼ ਇਹ ਗੱਲ ਮੰਨ ਗਏ ਤੇ ਹੋਲਕਰ ਆਪਣੇ ਇਲਾਕਿਆਂ ਵਿਚ ਵਾਪਸ ਚਲਾ ਗਿਆ।
1807 ਵਿਚ ਨੇਪਾਲੀ ਗੋਰਖਿਆਂ ਨੇ ਸਾਰਾ ਪਹਾੜੀ ਇਲਾਕਾ ਆਪਣੇ ਕਬਜ਼ੇ ਵਿਚ ਲੈਣ ਦੀ ਠਾਣ ਲਈ ਤੇ ਅਮਰ ਸਿੰਘ ਥਾਪਾ ਦੀ ਅਗਵਾਈ ਵਿਚ ਕਾਂਗੜੇ ਤੇ ਕਬਜ਼ਾ ਕਰਨ ਆ ਗਏ। ਮਹਾਰਾਜੇ ਨੇ ਉਨ੍ਹਾਂ ਉਪਰ ਚੜ੍ਹਾਈ ਕਰ ਦਿੱਤੀ ਕਿਉਂਕਿ ਉਹ ਗੋਰਖਿਆਂ ਨੂੰ ਆਪਣੀ ਸਰਹੱਦ ਦੇ ਨੇੜੇ ਖ਼ਤਰਨਾਕ ਸਮਝਦਾ ਸੀ। ਥਾਪਾ ਦੀ ਸੈਨਾ ਦੌੜ ਗਈ। ਇਸੇ ਸਾਲ ਝੰਗ, ਬਹਾਵਲਪੁਰ ਅਤੇ ਅਖਨੂਰ ਆਪਣੇ ਰਾਜ ਵਿਚ ਮਿਲਾ ਲਏ। 1810 ਈਸਵੀ ਵਿਚ ਗੁਜਰਾਤ, ਸ਼ਾਹੀਵਾਲ, ਜੰਮੂ ਅਤੇ ਵਜ਼ੀਰਾਬਾਦ ਤੋਂ ਬਿਨਾਂ ਫੈਜ਼ਲਪੁਰੀਆ, ਨਕੱਈ ਅਤੇ ਕਨੱ੍ਹਈਆ ਮਿਸਲਾਂ ਵੀ ਆਪਣੇ ਅਧੀਨ ਕਰ ਲਈਆਂ। ਬਹੁਤ ਥੋੜ੍ਹੇ ਸਮੇਂ ਵਿਚ ਹੀ ਸਿੰਧ ਤੋਂ ਲੈ ਕੇ ਜਮਨਾ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਦਬਦਬਾ ਹੋ ਗਿਆ ਤੇ ਪੂਰਬ ਵਾਲੇ ਪਾਸੇ ਹਿੰਦੁਸਤਾਨ ਵਲ ਉਹ ਹੋਰ ਨਾ ਵਧੇ, ਅੰਗਰੇਜ਼ਾਂ ਨੇ ਉਸ ਨਾਲ ਸਤਲੁਜ ਦੀ ਸੰਧੀ ਕੀਤੀ।
ਅਫਗਾਨਿਸਤਾਨ ਦਾ ਬਾਦਸ਼ਾਹ ਸ਼ਾਹ ਸ਼ੁਜਾ ਬਗਾਵਤ ਨਾ ਦਬਾ ਸਕਿਆ ਤੇ ਗੱਦੀ ਸ਼ਾਹ ਮਹਿਮੂਦ ਨੇ ਸੰਭਾਲ ਲਈ। ਸ਼ਾਹ ਸ਼ੁਜਾ ਨੂੰ ਬੰਦੀ ਬਣਾ ਕੇ ਕਸ਼ਮੀਰ ਵਿਚ ਭੇਜ ਦਿੱਤਾ। ਈਸਵੀ 1812 ਵਿਚ ਮਹਾਰਾਜੇ ਨੇ ਕਸ਼ਮੀਰ ਉਪਰ ਹਮਲਾ ਕਰਨ ਦੀ ਠਾਣ ਲਈ ਤਾਂ ਸ਼ਾਹ ਦੀ ਪਤਨੀ ਇਸ ਖਿਆਲ ਨਾਲ ਭੈਭੀਤ ਹੋ ਗਈ ਕਿ ਉਸ ਦਾ ਖਾਵੰਦ ਇਸ ਮੁਹਿੰਮ ਵਿਚ ਮਾਰਿਆ ਜਾਵੇਗਾ। ਉਹ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ ਤੇ ਵਾਸਤਾ ਪਾਇਆ ਕਿ ਜੇ ਮੇਰੇ ਪਤੀ ਦੀ ਜਾਨ ਬਖਸ਼ ਦਿਤੀ ਜਾਵੇ ਤਦ ਇਸ ਬਦਲੇ ਉਹ ਕੋਹਿਨੂਰ ਹੀਰਾ ਮਹਾਰਾਜੇ ਨੂੰ ਦੇ ਦੇਵੇਗੀ। ਦੀਵਾਨ ਮੁਹਕਮ ਚੰਦ ਨੇ ਕਸ਼ਮੀਰ ਦੀ ਮੁਹਿੰਮ ਦੀ ਅਗਵਾਈ ਕੀਤੀ ਤੇ ਕਿਲੇ ਵਿਚੋਂ 40 ਲੱਖ ਰੁਪਿਆ ਅਤੇ ਹੋਰ ਕੀਮਤੀ ਵਸਤਾਂ ਦੇ ਨਾਲ ਨਾਲ ਬੰਦੀ ਬਣਾਇਆ ਸ਼ਾਹ ਸੁਜਾਅ ਗਿ੍ਰਫਤਾਰ ਕਰ ਲਿਆ। ਸ਼ਾਹ ਨੂੰ ਲਾਹੌਰ ਲਿਆਂਦਾ ਗਿਆ ਜਿਥੇ ਲੰਮੀ ਢਿੱਲ ਮੱਠ ਬਾਅਦ ਉਸ ਨੇ ਮਹਾਰਾਜੇ ਨੂੰ ਕੋਹਿਨੂਰ ਸੌਂਪ ਦਿੱਤਾ।
1818 ਈਸਵੀ ਵਿਚ ਖਾਲਸਾ ਫ਼ੌਜਾਂ ਨੇ ਪੇਸ਼ਾਵਰ ਉਪਰ ਹਮਲਾ ਕੀਤਾ ਜੋ ਅਫਗਾਨਿਸਤਾਨ ਉਪਰ ਵੱਡੀ ਸੱਟ ਸੀ ਪਰੰਤੂ ਪੇਸ਼ਾਵਰ ਨੂੰ ਪੂਰਨ ਤੌਰ ਤੇ ਪੰਜਾਬ ਦੇਸ ਦਾ ਹਿੱਸਾ 6 ਮਈ 1834 ਨੂੰ ਬਣਾ ਕੇ ਕੰਵਰ ਨੌਨਿਹਾਲ ਸਿੰਘ ਨੂੰ ਇਸ ਦਾ ਗਵਰਨਰ ਨਿਯੁਕਤ ਕੀਤਾ ਗਿਆ। ਕੰਵਰ ਦੀ ਉਮਰ ਇਸ ਵੇਲੇ 14 ਸਾਲ ਸੀ। ਅਫਗਾਨ ਬਾਦਸ਼ਾਹ ਦੋਸਤ ਮੁਹੰਮਦ ਪੇਸ਼ਾਵਰ ਵਿਚ ਸਿਖਾਂ ਦਾ ਕਬਜ਼ਾ ਬਰਦਾਸ਼ਤ ਨਹੀਂ ਕਰ ਸਕਦਾ ਸੀ। ਉਸ ਨੇ ਸਰਕਾਰ ਖਾਲਸਾ ਨੂੰ ਖ਼ਤ ਲਿਖਿਆ ‘‘ਜੇ ਦਿਆਲੂ ਹੋ ਕੇ ਬਾਦਸ਼ਾਹ ਸਲਾਮਤ (ਮ. ਰਣਜੀਤ ਸਿੰਘ) ਪੇਸ਼ਾਵਰ ਸਾਨੂੰ ਵਾਪਸ ਕਰ ਦੇਣ ਤਦ ਇਸ ਦੇ ਬਦਲੇ ਅਸੀਂ ਉਨ੍ਹਾਂ ਨੂੰ ਉੱਨਾਂ ਮਾਲੀਆ ਦੇਣ ਨੂੰ ਤਿਆਰ ਹਾਂ ਜਿੰਨਾ ਸੁਲਤਾਨ ਮਹਿਮੂਦ ਦਿਆ ਕਰਦੇ ਸਨ। ਪਰ ਦੂਰ ਅੰਦੇਸ਼ ਬਾਦਸ਼ਾਹ ਨੇ ਜੇ ਲਾਲਚ ਵਸ ਅਜਿਹਾ ਨਾ ਕੀਤਾ ਤੇ ਮੇਰੀ ਬੇਨਤੀ ਵਲ ਕੋਈ ਤਵੱਜੋ ਨਾ ਦਿੱਤੀ ਤਦ ਮੈਂ ਕਮਰਕਸਾ ਕਸ ਕੇ ਯੁੱਧ ਦੇ ਮੈਦਾਨ ਵਿਚ ਟੱਕਰਾਂਗਾ ਤੇ ਤੁਹਾਡੇ ਬਗੀਚੇ ਵਿਚ ਕੰਡਾ ਬਣ ਕੇ ਰੜਕਦਾ ਰਹਾਂਗਾ। ਮੈਂ ਆਪਣੇ ਕੁੱਲ ਜੰਗਬਾਜਾਂ ਨੂੰ ਇਕੱਠੇ ਕਰਾਂਗਾ ਜਿਹੜੇ ਮਰਨ ਤੋਂ ਇਲਾਵਾ ਹੋਰ ਕੁੱਝ ਜਾਣਦੇ ਹੀ ਨਹੀਂ। ਮੈਂ ਚਾਰੇ ਪਾਸੇ ਅਜਿਹੀ ਤਬਾਹੀ ਮਚਾਵਾਂਗਾ ਕਿ ਕਿਆਮਤ ਨਜ਼ਰ ਆਏਗੀ’’। ਮਹਾਰਾਜੇ ਨੇ ਜਵਾਬ ਭੇਜਿਆ, ‘‘ਅਸੀਂ ਬਾਗੀਆਂ ਦਾ ਸਿਰ ਭੰਨ ਦਿੱਤਾ ਹੋਇਆ ਹੈ ਅਤੇ ਦੁਸ਼ਮਣ ਨੱਠ ਗਏ ਹਨ। ਜੇ ਲਾਲਚ ਵਿਚ ਅੰਨ੍ਹਾ, ਦੋਸਤ ਮੁਹੰਮਦ ਆਪਣੀ ਥੋੜੀ ਜਿਹੀ ਬਚੀ ਖੁਚੀ ਫ਼ੌਜ ਨਾਲ ਹਮਲਾ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਆਵੇ। ਅਸੀਂ ਮੈਦਾਨਿ ਜੰਗ ਵਿਚ ਉਸ ਦਾ ਸਾਹਮਣਾ ਕਰਨ ਲਈ ਚੱਲ ਪਏ ਹਾਂ’’।
ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਵਲੋਂ ਬੇਸ਼ਕ ਪਹਿਲਾ ਮਿਤਰਤਾਨਾਂ ਖ਼ਤ 1800 ਈਸਵੀ ਵਿਚ ਰਣਜੀਤ ਸਿੰਘ ਵਲ ਘੱਲਿਆ ਸੀ ਪਰ 1805 ਵਿਚ ਅੰਗਰੇਜ਼ਾਂ ਦਾ ਭਜਾਇਆ ਹੋਇਆ ਮਹਾਰਾਜਾ ਜਸਵੰਤ ਰਾਓ ਹੋਲਕਰ ਜਦੋਂ ਲਾਹੌਰ ਦਰਬਾਰ ਵਿਚ ਪਨਾਹ ਲੈਣ ਆਇਆ ਉਦੋਂ ਅੰਗਰੇਜ਼ਾਂ ਨੇ ਗੰਭੀਰਤਾ ਨਾਲ ਮਿਤਰਤਾ ਦਾ ਹੱਥ ਮ. ਰਣਜੀਤ ਸਿੰਘ ਵਲ ਵਧਾਇਆ। ਇਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਅੰਗਰੇਜ਼ਾਂ ਨੇ ਪਹਿਲੀ ਸੰਧੀ ਮਹਾਰਾਜਾ ਰਣਜੀਤ ਸਿੰਘ ਨਾਲ 1 ਜਨਵਰੀ 1806 ਈ. ਨੂੰ ਕੀਤੀ ਜਿਸ ਤਹਿਤ:
1. ਮਹਾਰਾਜਾ ਰਣਜੀਤ ਸਿੰਘ ਹੋਲਕਰ ਨੂੰ ਕਹੇ ਕਿ ਉਹ ਅੰਮਿ੍ਰਤਸਰ ਤੋਂ ਤੀਹ ਕਿਲੋਮੀਟਰ ਪੂਰਬ ਵਲ ਆਪਣੀ ਸੈਨਾ ਸਮੇਤ ਕੂਚ ਕਰੇ ਤੇ ਇਨ੍ਹਾਂ ਦੀ ਫੌਜੀ ਸਹਾਇਤਾ ਨਾ ਕੀਤੀ ਜਾਵੇ।
2. ਭਵਿੱਖ ਵਿਚ ਹੋਲਕਰ ਜਾਂ ਉਸ ਦੇ ਮਿਤਰਾਂ ਨਾਲ ਸਰਕਾਰ ਖਾਲਸਾ ਕੋਈ ਸਰੋਕਾਰ ਨਾਂ ਰੱਖੇ।
3. ਮ. ਰਣਜੀਤ ਸਿੰਘ ਅੰਗਰੇਜ਼ਾਂ ਦੇ ਇਲਾਕਿਆਂ ਵਿਚ ਦਖ਼ਲ ਨਾ ਦਏ।
ਕੁਝ ਲੋਕਾਂ ਨੇ ਮ. ਰਣਜੀਤ ਸਿੰਘ ਦੀ ਆਲੋਚਨਾ ਕੀਤੀ ਹੈ ਕਿ ਉਸ ਨੇ ਜਸਵੰਤ ਰਾਓ ਦੀ ਫ਼ੌਜੀ ਸਹਾਇਤਾ ਕਿਉਂ ਨਹੀਂ ਕੀਤੀ। ਇਸ ਦੇ ਕਾਰਨ ਇਹ ਹਨ ਕਿ ਅੰਗਰੇਜ਼ਾਂ ਦੀ ਤਾਕਤ ਦਾ ਮ. ਰਣਜੀਤ ਸਿੰਘ ਨੂੰ ਪਤਾ ਸੀ। ਦੂਜਾ ਉਸ ਦੇ ਰਾਜ ਦੀਆਂ ਹੱਦਾਂ ਅੰਗਰੇਜ਼ ਰਾਜ ਨਾਲ ਤਾਂ ਲਗਦੀਆਂ ਸਨ ਜਸਵੰਤ ਰਾਓ ਹੋਲਕਰ ਦੀਆਂ ਹੱਦਾਂ ਨਾਲ ਨਹੀਂ। ਤੀਜੇ ਉਸ ਨੂੰ ਹੋਲਕਰ ਦੀ ਭਰੋਸੇਯੋਗਤਾ ਉਪੱਰ ਸ਼ੱਕ ਸੀ ਜੋ ਸ਼ੱਕ ਬਾਅਦ ਵਿਚ ਸਹੀ ਸਾਬਤ ਹੋਇਆ। ਚੌਥੇ ਜੇ ਉਹ ਅੰਗਰੇਜ਼ਾਂ ਨਾਲ ਪੰਗਾ ਲੈ ਲੈਂਦਾ ਤਦ ਮੌਕੇ ਦਾ ਲਾਭ ਉਠਾ ਕੇ ਅਫਗਾਨਾਂ ਨੇ ਹਮਲਾ ਕਰ ਦੇਣਾ ਸੀ। ਜਦੋਂ ਰਣਜੀਤ ਸਿੰਘ ਪਾਸੋਂ ਮੱਦਦ ਨਾਂ ਮਿਲੀ ਤਾਂ ਹੋਲਕਰ ਨੇ ਅਫਗਾਨਿਸਤਾਨ ਦੀ ਸਰਕਾਰ ਨਾਲ ਸਹਾਇਤਾ ਲਈ ਸੰਪਰਕ ਬਣਾਇਆ ਜਿਹੜਾ ਕਿ ਸਰਕਾਰ ਖਾਲਸਾ ਦੇ ਹਿਤਾਂ ਦੇ ਵਿਰੁੱਧ ਸੀ।
1806 ਅਤੇ 1807 ਵਿਚ ਰਣਜੀਤ ਸਿੰਘ ਨੇ ਸਤਲੁਜੋਂ ਪੂਰਬੀ ਹਿਸੇ ਤੇ ਜਮਨਾ ਤੱਕ ਲਗਾਤਾਰ ਚੜ੍ਹਾਈਆਂ ਕੀਤੀਆਂ ਅਤੇ ਪੂਰਬੀ ਪੰਜਾਬ ਦੀਆਂ ਰਿਆਸਤਾਂ ਪਾਸੋਂ ਭਾਰੀ ਰਕਮਾਂ ਨਜ਼ਰਾਨੇ ਦੇ ਰੂਪ ਵਿਚ ਵਸੂਲਣੀਆਂ ਸ਼ੁਰੂ ਕਰ ਦਿੱਤੀਆਂ। ਰਿਆਸਤੀ ਰਾਜਿਆਂ ਵਿਚ ਖਲਬਲੀ ਮੱਚ ਗਈ ਕਿਉਂਕਿ ਉਨ੍ਹਾਂ ਨੂੰ ਲਗਦਾ ਸੀ ਕਿ ਮਹਾਰਾਜਾ ਉਨ੍ਹਾਂ ਦੀਆਂ ਮਲਕੀਅਤਾਂ ਹੜੱਪਣ ਲਈ ਤਤਪਰ ਸੀ। ਰਿਆਸਤੀ ਰਾਜਿਆਂ ਨੇ ਪਟਿਆਲਾ ਰਿਆਸਤ ਦੇ ਮੁਖੀ ਸਾਹਿਬ ਸਿੰਘ ਰਾਹੀਂ ਅੰਗਰੇਜ਼ਾਂ ਪਾਸ ਦਿੱਲੀ ਜਾ ਕੇ ਫਰਿਆਦ ਕੀਤੀ ਕਿ ਉਨ੍ਹਾਂ ਦੀ ਸੰਪਤੀ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਈਸਵੀ 1803 ਵਿਚ ਦਿੱਲੀ ਉਪਰ ਅੰਗਰੇਜ਼ਾਂ ਦਾ ਕਬਜ਼ਾ ਹੋ ਚੁੱਕਾ ਹੋਇਆ ਸੀ, ਉਹ ਵੀ ਰਣਜੀਤ ਸਿੰਘ ਦਾ ਪੂਰਬ ਵਲ ਵਧਣਾ ਆਪਣੇ ਲਈ ਖ਼ਤਰਾ ਪ੍ਰਤੀਤ ਕਰਦੇ ਸਨ। ਬਹੁਤ ਸਾਰੇ ਪੱਛਮੀ ਯਾਤਰੂ ਅਤੇ ਸੈਨਿਕ ਨੀਤੀ ਦੇ ਮਾਹਿਰ ਇਹ ਭਵਿਖਬਾਣੀ ਕਰ ਰਹੇ ਸਨ ਕਿ ਜੇ ਉਸ ਦੀਆਂ ਗਤੀਵਿਧੀਆਂ ਨੂੰ ਨਾ ਰੋਕਿਆ ਗਿਆ ਤਾਂ ਜਿਸ ਤੇਜ਼ੀ ਨਾਲ ਉਹ ਰਾਜ ਵਿਸਥਾਰ ਕਰ ਰਿਹਾ ਹੈ, ਏਸ਼ੀਆ ਵਿਚ ਉਸ ਦਾ ਮੁਕਾਬਲਾ ਕਰਨਾ ਮੁਸ਼ਕਲ ਹੋ ਜਾਵੇਗਾ।
ਲਾਰਡ ਮਿੰਟੋ ਨੇ ਮਹਾਰਾਜੇ ਨਾਲ ਦੋਸਤਾਨਾ ਸੰਧੀ ਕਰਨ ਦਾ ਫ਼ੈਸਲਾ ਕੀਤਾ ਤੇ ਇਸ ਬਾਰੇ 11 ਜੁਲਾਈ 1808 ਈ. ਨੂੰ ਖਤ ਲਿਖਿਆ ਕਿ ਸਾਡਾ ਦੂਤ ਮੈਟਕਾਫ ਲਾਹੌਰ ਆ ਰਿਹਾ ਹੈ। ਮੈਟਕਾਫ ਦੀ ਉਮਰ ਇਸ ਵੇਲੇ 23 ਸਾਲ ਸੀ ਤੇ ਉਹ ਬਰਤਾਨੀਆ ਦਾ ਬਹੁਤ ਦੂਰ ਅੰਦੇਸ਼ ਤੀਖਣ ਬੁੱਧ ਵਾਲਾ ਹੋਣਹਾਰ ਕੂਟਨੀਤੀਵਾਨ ਸੀ। ਮੈਟਕਾਫ 28 ਜੁਲਾਈ ਨੂੰ ਦਿੱਲੀ ਤੋਂ ਤੁਰਿਆ ਤਾਂ ਪਟਿਆਲੇ ਦੇ ਰਾਜਾ ਸਾਹਿਬ ਸਿੰਘ ਨੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਦੀਵਾਨ ਮੁਹਕਮ ਚੰਦ ਅਤੇ ਸ੍ਰ. ਫਤਿਹ ਸਿੰਘ ਆਹਲੂਵਾਲੀਆ ਨੂੰ ਖੇਮਕਰਨ ਵਿਖੇ ਉਸ ਦੇ ਸਵਾਗਤ ਲਈ ਤੈਨਾਤ ਕੀਤਾ। ਦਸ ਹਜ਼ਾਰ ਦੀ ਗਿਣਤੀ ਵਿਚ ਪੂਰੇ ਸਜੇ ਹੋਏ ਸਿੱਖ ਸੈਨਿਕ ਉਸ ਨੂੰ ਉਡੀਕ ਰਹੇ ਸਨ। ਮੈਟਕਾਫ ਦੇ ਅੰਗ ਰਖਿਅਕਾਂ ਦੀ ਟੁਕੜੀ ਦੇ ਸਿਪਾਹੀ ਗਿਣਤੀ ਪਖੋਂ ਥੋੜੇ ਕੁ ਸਨ ਤੇ ਉਹ ਨਾ ਸਜੇ ਧਜੇ ਸਨ ਨਾ ਕੋਈ ਰੁਹਬਦਾਬ ਵਾਲੇ ਸਨ। ਮੈਟਕਾਫ ਨੇ ਟਿੱਪਣੀ ਕੀਤੀ, ‘‘ਮਹਾਰਾਜੇ ਦੀ ਨੀਤ ਅੰਗਰੇਜ਼ਾਂ ਉਪਰ ਰੁਹਬ ਪਾਉਣ ਦੀ ਹੈ।” 12 ਸਤੰਬਰ 1808 ਨੂੰ ਮੈਟਕਾਫ਼ ਲਾਹੌਰ ਦੇ ਕਿਲੇ ਵਿਚ ਮਿਲਿਆ। ਉਸ ਦਾ ਸਵਾਗਤ ਕੀਤਾ ਗਿਆ। ਮਹਾਰਾਜਾ ਬਾਂਹ ਵਿਚ ਬਾਂਹ ਪਾ ਕੇ ਕੁਰਸੀ ਤੱਕ ਲਿਆਇਆ ਅਤੇ ਬਹੁਤ ਸਾਰੇ ਕੀਮਤੀ ਤੁਹਫੇ ਆਪਣੇ ਮਹਿਮਾਨ ਨੂੰ ਦਿੱਤੇ। ਪਰ ਮੈਟਕਾਫ ਅਨੁਸਾਰ ਮਹਾਰਾਜੇ ਵਲੋਂ ਜੋ ਸਤਿਕਾਰ ਪ੍ਰਗਟ ਕਰਨਾ ਚਾਹੀਦਾ ਸੀ ਉਹ ਨਹੀਂ ਹੋਇਆ। ਅੰਗਰੇਜ਼ ਦੂਤ ਚਾਹੁੰਦਾ ਸੀ ਕਿ ਉਸ ਨੂੰ ਲੈਣ ਲਈ ਮਹਾਰਾਜੇ ਨੂੰ ਕਿਲੇ ਤੋਂ ਬਾਹਰ ਆਉਣਾ ਚਾਹੀਦਾ ਸੀ ਕਿਉਂਕਿ ਉਹ ਕੋਈ ਆਮ ਮਹਿਮਾਨ ਨਹੀਂ; ਸ਼ਕਤੀਸ਼ਾਲੀ ਬਿ੍ਰਟਿਸ ਸਰਕਾਰ ਦਾ ਸ਼ਾਹੀ ਦੂਤ ਸੀ।
ਮਹਾਰਾਜੇ ਨੇ ਪੁੱਛਿਆ ਕਿ ਦਰਿਆਵਾਂ ਵਿਚ ਹੜ੍ਹ ਆਏ ਹੋਏ ਹਨ ਤੇ ਗਰਮੀ ਵੀ ਜੋਰ ਦੀ ਪੈ ਰਹੀ ਹੈ, ਤੁਹਾਨੂੰ ਆਉਣ ਦੀ ਕੀ ਕਾਹਲੀ ਸੀ? ਚਾਰਲਸ ਮੈਟਕਾਫ ਨੇ ਕਿਹਾ, ‘‘ਅੰਗਰੇਜ਼ ਸਰਕਾਰ ਤੁਹਾਡੇ ਨਾਲ ਦੋਸਤਾਨਾ ਸੰਧੀ ਕਰਨ ਦੀ ਇਛੁਕ ਹੈ ਤੇ ਤੁਹਾਡਾ ਹੁੰਗਾਰਾ ਸੁਣਨ ਤੋਂ ਬਾਅਦ ਮੈਂ ਇੰਗਲੈਂਡ ਪਰਤਣਾ ਹੈ’’। ਮਹਾਰਾਜੇ ਨੇ ਉਸ ਨੂੰ ਕੀਮਤੀ ਦੁਸ਼ਾਲੇ, ਕੀਮਖਾਬ ਦੇ ਥਾਨ, ਗੁਲਾਬਦਾਨ, ਹੀਰਿਆਂ ਜੜਿਆ ਸੋਨੇ ਦਾ ਕੈਂਠਾ, ਹਾਥੀ, ਘੋੜਾ ਅਤੇ ਹਜ਼ਾਰਾਂ ਰੁਪਏ ਦਿੱਤੇ। ਹਾਥੀ ਦਾ ਹੌਦਾ ਅਤੇ ਘੋੜੇ ਦੀ ਕਾਠੀ ਸੋਨੇ ਨਾਲ ਮੜ੍ਹੀ ਹੋਈ ਸੀ। ਦੁਬਾਰਾ 16 ਸਤੰਬਰ ਨੂੰ ਮੈਟਕਾਫ ਫਿਰ ਮਹਾਰਾਜੇ ਨੂੰ ਮਿਲਿਆ ਤੇ ਉਸ ਨੇ ਮਹਾਰਾਜੇ ਨੂੰ ਸੋਨੇ ਚਾਂਦੀ ਜੜੇ ਹੌਦਿਆਂ ਵਾਲੇ ਤਿੰਨ ਹਾਥੀ ਤੇ ਹੋਰ ਬਹੁਤ ਸਾਰੀਆਂ ਸੁਗਾਤਾਂ ਦਿੱਤੀਆਂ। ਮੈਟਕਾਫ ਦੀ ਇਹ ਸ਼ਿਕਾਇਤ ਕਿ ਜਿਹੋ ਜਿਹੀ ਖਾਤਰਦਾਰੀ ਦਾ ਉਹ ਹੱਕਦਾਰ ਸੀ, ਨਹੀਂ ਮਿਲੀ, ਸਹੀ ਸੀ ਕਿਉਂਕਿ ਰਾਜਦੂਤ ਨੇ ਮਹਾਰਾਜੇ ਦੇ ਕੁੱਝ ਸਿਖ ਸਰਦਾਰਾਂ ਅਤੇ ਮਹਾਰਾਜੇ ਦੀ ਸੱਸ ਰਾਣੀ ਸਦਾ ਕੌਰ ਨਾਲ ਗੁਪਤ ਮੀਟਿੰਗਾਂ ਕੀਤੀਆਂ ਤਾਂ ਮਹਾਰਾਜੇ ਨੇ ਉਸ ਪਿਛੇ ਆਪਣੇ ਸੁੂਹੀਏ ਲਾ ਦਿੱਤੇ ਸਨ।
ਮੈਟਕਾਫ ਦੀ ਵਾਪਸੀ ਪਿਛੋਂ ਫਿਰ ਮਹਾਰਾਜੇ ਨੇ ਮਾਲਵੇ ਦੇ ਰਾਜਿਆਂ ਉਪਰ ਚੜ੍ਹਾਈ ਕਰ ਦਿੱਤੀ। ਮਲੇਰਕੋਟਲੇ ਦੇ ਨਵਾਬ ਪਾਸੋਂ ਇਕ ਲੱਖ ਰੁਪਿਆ ਉਗਰਾਹਿਆ। ਇਕ ਅਕਤੂਬਰ 1808 ਨੂੰ ਫਰੀਦਕੋਟ ਜਿੱਤ ਲਿਆ। ਉਹ ਫਿਰ ਤੇਜ਼ੀ ਨਾਲ ਜਮਨਾ ਤੱਕ ਦੇ ਇਲਾਕਿਆਂ ਵਿਚੋਂ ਵੀ ਨਜ਼ਰਾਨੇ ਪ੍ਰਾਪਤ ਕਰਦਾ ਰਿਹਾ ਤਾਂ ਅੰਗਰੇਜ਼ਾਂ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਮੈਟਕਾਫ ਦੇ ਸੰਧੀ ਦੇ ਯਤਨਾਂ ਨੂੰ ਜਾਣ-ਬੁੱਝ ਕੇ ਪੈਰਾਂ ਹੇਠ ਲਤਾੜਿਆ ਜਾ ਰਿਹਾ ਹੈ। ਇਹ ਅੰਗਰੇਜ਼ੀ ਰਾਜ ਲਈ ਖ਼ਤਰੇ ਦੀ ਘੰਟੀ ਸੀ। ਗਵਰਨਰ ਜਨਰਲ ਵਲੋਂ ਮਹਾਰਾਜੇ ਨੂੰ ਇਕ ਪੱਤਰ ਲਿਖਿਆ ਗਿਆ, ‘‘ਹਿਜ਼ ਲਾਰਡਸ਼ਿਪ ਨੂੰ ਇਹ ਜਾਣ ਕੇ ਹੈਰਾਨੀ ਅਤੇ ਚਿੰਤਾ ਹੋਈ ਹੈ ਕਿ ਤੁਸੀਂ ਸਤਲੁਜ ਤੇ ਜਮਨਾ ਵਿਚਕਾਰਲੇ ਹਿਸੇ ਉਪਰ ਕਾਬਜ਼ ਰਿਆਸਤੀ ਰਾਜਿਆਂ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਹੋ। ਮਰਾਠਿਆਂ ਨੂੰ ਹਰਾਉਣ ਬਾਅਦ ਅਸੀਂ ਇਸ ਦੇਸ ਦੇ ਹੱਕੀ ਮਾਲਕ ਬਣ ਗਏ ਹਾਂ ਤੇ ਲਾਰਡ ਲੇਕ ਨੇ ਤੁਹਾਨੂੰ ਸਹੀ ਸਲਾਹ ਦਿਤੀ ਸੀ ਕਿ ਤੁਹਾਡੇ ਅਤੇ ਅੰਗਰੇਜ਼ ਰਾਜ ਵਿਚਕਾਰ ਸਤਲੁਜ ਨੂੰ ਸਰਹੱਦ ਮੰਨ ਲਿਆ ਜਾਵੇ। ਇਸ ਪੱਤਰ ਰਾਹੀਂ ਐਲਾਨ ਕੀਤਾ ਜਾਂਦਾ ਹੈ ਕਿ ਇਨ੍ਹਾਂ ਰਿਆਸਤੀ ਰਾਜਿਆਂ ਨੂੰ ਆਪਣੇ ਅਧੀਨ ਕਰਨ ਦਾ ਵਿਚਾਰ ਤਿਆਗ ਦਿਉ ਕਿਉਂਕਿ ਇਹ ਬਰਤਾਨਵੀ ਸੁਰੱਖਿਆ ਵਿਚ ਆ ਗਏ ਹਨ। ਸਰਕਾਰ ਆਸਵੰਦ ਹੈ ਕਿ ਜਿਨ੍ਹਾਂ ਇਲਾਕਿਆਂ ਉਪਰ ਸਤਲੁਜ ਦੇ ਪੂਰਬ ਵਲ ਮਹਾਰਾਜੇ ਨੇ ਕਬਜ਼ੇ ਕੀਤੇ ਹਨ ਉਹ ਛੱਡ ਦੇਣ। ਅਸੀਂ ਮਹਾਰਾਜੇ ਨਾਲ ਦੋਸਤਾਨਾ ਸਬੰਧ ਰੱਖਣ ਦੇ ਇਛੁਕ ਹਾਂ’’।
ਮਹਾਰਾਜਾ ਅਜਿਹੇ ਖ਼ਤ ਲਈ ਆਸਵੰਦ ਨਹੀਂ ਸੀ। ਇਕ ਵਾਰ ਤਾਂ ਉਸ ਨੇ ਅੰਗਰੇਜ਼ਾਂ ਨਾਲ ਟੱਕਰ ਲੈਣ ਦੀ ਵੀ ਠਾਣੀ ਪਰ ਕੁਝ ਸਿਆਣੇ ਬੰਦਿਆਂ ਨੇ ਮਹਾਰਾਜੇ ਦਾ ਸੁਨੇਹਾ ਅੰਗਰੇਜ਼ਾਂ ਤਕ ਪੁਚਾਇਆ ਕਿ ਚਲੋ ਅਸੀਂ ਇਨ੍ਹਾਂ ਥਾਵਾਂ ਤੇ ਦਖਲ ਨਹੀਂ ਦਿੰਦੇ ਪਰ ਰਿਆਸਤੀ ਰਾਜੇ ਸਰਕਾਰ ਖਾਲਸਾ ਨੂੰ ਹਰ ਸਾਲ ਪਰੰਪਰਾ ਅਨੁਸਾਰ ਮਾਮਲਾ ਦਿੰਦੇ ਰਹਿਣ ਤੇ ਇਸ ਦੀ ਗਰੰਟੀ ਅੰਗਰੇਜ਼ੀ ਸਰਕਾਰ ਦੇਵੇ। ਇਹ ਗੱਲ ਵੀ ਅੰਗਰੇਜ਼ਾਂ ਨੇ ਨਹੀਂ ਮੰਨੀ। ਮਹਾਰਾਜਾ ਬੜਾ ਕਰੋਧਵਾਨ ਹੋਇਆ। ਅਖ਼ਤਰਲੋਨੀ 4 ਫਰਵਰੀ 1809 ਨੂੰ ਪਟਿਆਲੇ ਪੁੱਜਾ। ਰਾਣੀ ਦਇਆ ਕੌਰ ਨੇ ਉਸ ਪਾਸ ਬੇਨਤੀ ਕੀਤੀ ਕਿ ਅੰਬਾਲਾ ਮੇਰਾ ਹੈ, ਇਸ ਉਪਰ ਮਹਾਰਾਜੇ ਤੋਂ ਮੇਰੇ ਹੱਕ ਵਿਚ ਕਬਜ਼ਾ ਛੁਡਵਾਇਆ ਜਾਵੇ। ਲਾਹੌਰ ਦੀਆਂ ਫ਼ੌਜਾਂ ਨੇ ਅੰਬਾਲਾ ਛੱਡ ਦਿਤਾ। ਫਿਰ 9 ਫਰਵਰੀ ਨੂੰ ਲਾਹੌਰ ਖ਼ਤ ਭੇਜਿਆ ਗਿਆ ਕਿ ਖਰੜ ਅਤੇ ਖ਼ਾਨਪੁਰ ਵਿਚੋਂ ਖਾਲਸਾ ਫ਼ੌਜਾਂ ਨਿਕਲ ਜਾਣ ਨਹੀਂ ਤਾਂ ਅੰਗਰੇਜ਼ ਕਾਰਵਾਈ ਕਰਨਗੇ। ਮਹਾਰਾਜਾ ਇਸ ਵੇਲੇ ਵੀ ਅੰਗਰੇਜ਼ਾਂ ਨਾਲ ਜੰਗੀ ਮੈਦਾਨ ਵਿਚ ਟੱਕਰਨ ਲਈ ਤਿਆਰ ਸੀ ਪਰ ਵਿਦੇਸ਼ ਮੰਤਰੀ ਫਕੀਰ ਅਜੀਜ਼ਉਦੀਨ ਬੁਖ਼ਾਰੀ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਇਨ੍ਹਾਂ ਥਾਵਾਂ ਤੋਂ ਫ਼ੌਜਾਂ ਵਾਪਸ ਬੁਲਾ ਲਈਆਂ। ਆਖ਼ਰ ਬਹੁਤ ਸਖ਼ਤ ਕਸ਼ਮਕਸ਼ ਅਤੇ ਗੰਭੀਰ ਵਿਚਾਰ ਵਟਾਂਦਰੇ ਬਾਅਦ ਐਂਗਲੋ ਸਿੱਖ ਸੰਧੀ ਹੋਈ ਜਿਸ ਉਪਰ 25 ਅਪ੍ਰੈਲ 1809 ਨੂੰ ਦੋਵਾਂ ਧਿਰਾਂ ਦੇ ਦਸਤਖ਼ਤ ਅੰਮਿ੍ਰਤਸਰ ਵਿਖੇ ਹੋਏ। ਇਸ ਸੰਧੀ ਅਨੁਸਾਰ :
1. ਲਾਹੌਰ ਸਰਕਾਰ ਅਤੇ ਅੰਗਰੇਜ਼ ਸਰਕਾਰ ਵਿਚ ਮਿਤਰਤਾ ਰਹੇਗੀ ਤੇ ਜਿਵੇਂ ਮਹਾਰਾਜੇ ਦਾ ਕੋਈ ਤੱਲਕ ਸਤਲੁਜ ਦੇ ਪੂਰਬ ਵੱਲ ਦੇ ਇਲਾਕਿਆਂ ਉਪਰ ਨਹੀਂ ਹੋਵੇਗਾ ਇਸੇ ਪ੍ਰਕਾਰ ਸਤਲੁਜ ਦੇ ਪੱਛਮੀ ਇਲਾਕਿਆਂ ਉਪਰ ਅੰਗਰੇਜ਼ਾਂ ਦਾ ਕੋਈ ਵਾਸਤਾ ਨਹੀਂ ਰਹੇਗਾ।
2. ਸਤਲੁਜ ਦੇ ਕੰਢਿਆਂ ਉਪਰ ਮਹਾਰਾਜਾ ਵਧੀਕ ਸੈਨਾ ਤੈਨਾਤ ਨਹੀਂ ਕਰੇਗਾ।
3. ਦੋਵਾਂ ਸਰਕਾਰਾਂ ਦੇ ਵਾਰਸ ਵੀ ਇਹ ਸ਼ਰਤਾਂ ਮੰਨਣ ਦੇ ਪਾਬੰਦ ਹੋਣਗੇ ਤੇ ਇਕ ਸ਼ਰਤ ਦੀ ਉਲੰਘਣਾ ਦਾ ਅਰਥ ਪੂਰੀ ਸੰਧੀ ਭੰਗ ਹੋਈ ਹੋਵੇਗਾ।
ਇਸ ਸੰਧੀ ਉਪਰ 21 ਮਈ 1809 ਨੂੰ ਲਾਰਡ ਮਿੰਟੋ ਗਵਰਨਰ ਜਨਰਲ ਦੇ ਦਸਖ਼ਤ ਹੋਏ। ਸੰਧੀ ਦਾ ਸਭ ਤੋਂ ਵਧੀਕ ਵਿਰੋਧ ਦੀਵਾਨ ਮੁਹਕਮ ਚੰਦ ਅਤੇ ਅਕਾਲੀ ਫੂਲਾ ਸਿੰਘ ਨੇ ਕੀਤਾ ਜਿਹੜੇ ਇਸ ਨੂੰ ਪਾੜ ਕੇ ਯੁੱਧ ਕਰਨ ਦੇ ਇਛੁਕ ਸਨ। ਰਣਜੀਤ ਸਿੰਘ ਦੇ ਪੂਰਬੀ ਪੰਜਾਬ ਵਲ ਵਧਣ ਅਤੇ ਰਾਜ ਵਿਸਥਾਰ ਕਰਨ ਉਪਰ ਪੂਰਨ ਪਾਬੰਧੀ ਲੱਗ ਗਈ। ਜਿਨ੍ਹਾਂ ਲੋਕਾਂ ਨੂੰ ਮਹਾਰਾਜੇ ਵੱਲੋਂ ਇਸ ਸੰਧੀ ਨੂੰ ਪ੍ਰਵਾਨ ਕਰਨ ਪਿਛੇ ਕਾਇਰਤਾ ਦਿੱਸੀ ਹੈ, ਉਹ ਤੱਥਾਂ ਤੋਂ ਵਾਕਫ ਨਹੀਂ। ਮਹਾਰਾਜੇ ਨੂੰ ਆਪਣੀ ਸਥਿਤੀ ਦਾ ਸਹੀ ਪਤਾ ਸੀ। ਉਹ ਅੰਗਰੇਜ਼ਾਂ ਨਾਲ ਟੱਕਰ ਲੈ ਲੈਂਦਾ ਤਾਂ ਅਫਗਾਨਾਂ ਨੇ ਪੰਜਾਬ ਉਪਰ ਟੁੱਟ ਪੈਣਾ ਸੀ ਤੇ ਰਿਆਸਤੀ ਰਾਜੇ ਅੰਗਰੇਜ਼ਾਂ ਨਾਲ ਰਲਣੇ ਸਨ। ਉਹ ਸਾਰੇ ਮਿਸਲਦਾਰ ਅੰਦਰੋਂ ਰਣਜੀਤ ਸਿੰਘ ਦੇ ਖਿਲਾਫ ਸਨ ਜਿਨ੍ਹਾਂ ਦੀਆਂ ਮਾਲਕੀਆਂ ਮਹਾਰਾਜੇ ਨੇ ਖੋਹ ਲਈਆਂ ਸਨ। ਇਸ ਸੰਧੀ ਦਾ ਲਾਭ ਇਹ ਹੋਇਆ ਕਿ ਉਹ ਪੂਰਬ ਦੀ ਸਰਹੱਦ ਵਲੋਂ ਨਿਸ਼ਚਿੰਤ ਹੋ ਗਿਆ ਜਿਸ ਸਦਕਾ ਉਸ ਨੇ ਸਾਰੀਆਂ ਪਹਾੜੀ ਰਿਆਸਤਾਂ ਜੰਮੂ ਸਮੇਤ ਕਬਜ਼ੇ ਵਿਚ ਕਰ ਲਈਆਂ ਅਤੇ ਕਸ਼ਮੀਰ ਤੋਂ ਇਲਾਵਾ ਸਿੰਧ ਤੱਕ ਦਬਦਬਾ ਕਾਇਮ ਕਰ ਲਿਆ। ਮੁਲਤਾਨ, ਕਸ਼ਮੀਰ ਅਤੇ ਹੋਰ ਕਈ ਪਾਸਿਓਂ ਅੰਗਰੇਜ਼ਾਂ ਪਾਸ ਮਹਾਰਾਜੇ ਵਿਰੁੱਧ ਸੰਧੀ ਦੀਆਂ ਚਿਠੀਆਂ ਗਈਆਂ ਪਰ ਜਿੰਨਾ ਚਿਰ ਰਣਜੀਤ ਸਿੰਘ ਜਿਉਂਦਾ ਰਿਹਾ ਅੰਗਰੇਜ਼ਾਂ ਨੇ ਉਸ ਨਾਲ ਮਿੱਤਰਤਾ ਰੱਖੀ। ਵਿਸ਼ਵ ਦੀ ਸ਼ਕਤੀਸ਼ਾਲੀ ਹਕੂਮਤ ਨੂੰ ਆਪਣੇ ਪੱਖ ਵਿਚ ਕਰਨਾ ਕੋਈ ਘੱਟ ਮਹੱਤਵਪੂਰਨ ਪ੍ਰਾਪਤੀ ਨਹੀਂ ਸੀ। ਬਹੁਤ ਮਿਹਨਤ ਨਾਲ ਬਣਾਈ ਹਕੂਮਤ ਨੂੰ ਉਹ ਖਾਹਮਖਾਹ ਗੁਆਣਾ ਨਹੀਂ ਚਾਹੁੰਦਾ ਸੀ। ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਕੁਝ ਅਹਿਦਨਾਮੇ ਆਪਣੀ ਮਰਜ਼ੀ ਦੇ ਖਿਲਾਫ ਵੀ ਕੀਤੇ, ਉਦਾਸ ਵੀ ਹੋਇਆ ਪਰ ਮੱਗਰੈਗਰ ਰਣਜੀਤ ਸਿੰਘ ਦਾ ਕਥਨ ਇਉਂ ਬਿਆਨ ਕਰਦਾ ਹੈ, ‘‘ਮੈਂ ਅੰਗਰੇਜ਼ਾਂ ਨੂੰ ਧੱਕ ਕੇ ਇੱਕ ਵਾਰ ਅਲੀਗੜ੍ਹ ਤੱਕ ਲਿਜਾ ਸਕਦਾ ਹਾਂ ਪਰ ਫਿਰ ਉਹ ਮੈਨੂੰ ਮੇਰੀ ਸਲਤਨਤ ਤੋਂ ਬਾਹਰ ਤੱਕ ਧੱਕ ਦੇਣਗੇ’’।
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ-ਆਪ ਨੂੰ ਹਮੇਸ਼ ਭੁੱਲਣਹਾਰ ਸਮਝਿਆ। ਉਸ ਨੇ ਫਕੀਰ ਨੂਰ-ਉਦ-ਦੀਨ ਅਤੇ ਸ੍ਰ. ਅਮੀਰ ਸਿੰਘ ਨੂੰ ਲਿਖ ਕੇ ਇਹ ਫੁਰਮਾਨ ਸੌਂਪਿਆ ਕਿ ਮੈਂ, ਮੇਰਾ ਕੋਈ ਸ਼ਾਹਜ਼ਾਦਾ ਜਾਂ ਪ੍ਰਧਾਨ ਮੰਤਰੀ ਜੇ ਕੋਈ ਅਜਿਹਾ ਹੁਕਮ ਜਾਰੀ ਕਰ ਦੇਣ ਜਿਹੜਾ ਲੋਕਾਂ ਦੀ ਭਲਾਈ ਦੇ ਵਿਰੁੱਧ ਜਾਂਦਾ ਹੋਵੇ ਤਾਂ ਦਰੁਸਤ ਕਰਵਾਉਣ ਲਈ ਜਾਂ ਵਾਪਸ ਲੈਣ ਲਈ ਮੇਰੇ ਪਾਸ ਲਿਆਓ। ਸੰਸਾਰ ਵਿਚ ਅਜਿਹੀ ਕੋਈ ਹੋਰ ਉਦਾਹਰਣ ਸਾਨੂੰ ਪ੍ਰਾਪਤ ਨਹੀਂ। ਉਹ ਅਕਾਲੀ ਫੂਲਾ ਸਿੰਘ ਦੇ ਹੁਕਮ ਉਪੱਰ ਫੁੱਲ ਚੜ੍ਹਾਉਣ ਲਈ ਕੋੜੇ ਖਾਣ ਵਾਸਤੇ ਅਕਾਲ ਤਖ਼ਤ ਅਗੇ ਪੇਸ਼ ਹੋਣ ਲਈ ਤਿਆਰ ਸੀ।
7 ਅਪ੍ਰੈਲ 1831 ਨੂੰ ਲਹਿਣਾ ਸਿੰਘ ਮਜੀਠੀਆ ਅਤੇ ਜਰਨੈਲ ਵੈਨਤੂਰਾ ਨੇ ਬਹਾਵਲਪੁਰ ਉਪਰ ਚੜ੍ਹਾਈ ਕਰਨੀ ਸੀ ਤਦ ਮਹਾਰਾਜੇ ਨੇ ਉਨ੍ਹਾਂ ਨੂੰ ਕਿਹਾ, ‘‘ਗਰੀਬਾਂ ਅਤੇ ਕਮਜ਼ੋਰਾਂ ਦਾ ਧਿਆਨ ਰੱਖਣਾ ਤਾਂ ਕਿ ਉਹ ਆਪਣੇ ਘਰਾਂ ਵਿਚ ਵਸਦੇ ਰਸਦੇ ਰਹਿ ਸਕਣ। ਕਿਤੇ ਬਦਕਿਸਮਤ ਭਿਖਾਰੀ ਨਾ ਬਣਾ ਦੇਣਾ ਪਰਜਾ ਨੂੰ’’। ਇਵੇਂ ਹੀ ਜਦੋਂ ਖੁਸ਼ਹਾਲ ਸਿੰਘ 1833 ਵਿਚ ਕਸ਼ਮੀਰੀਆਂ ਪਾਸੋਂ ਵੱਡੀ ਰਕਮ ਨਜ਼ਰਾਨਾ ਵਸੂਲ ਕੇ ਲਿਆਇਆ ਤਾਂ ਮਹਾਰਾਜਾ ਬਹੁਤ ਉਦਾਸ ਹੋਇਆ ਕਿਉਂਕਿ ਉਥੇ ਤਾਂ ਕਾਲ ਪਿਆ ਹੋਇਆ ਸੀ। ਉਸ ਨੇ ਹਜ਼ਾਰਾਂ ਖੱਚਰਾਂ ਉਪਰ ਅਨਾਜ ਲੱਦਵਾ ਕੇ ਮੰਦਰਾਂ ਅਤੇ ਮਸਜਿਦਾਂ ਵਿਚ ਪੁਚਾਇਆ ਜਿਥੋਂ ਲੋੜਵੰਦ ਪਰਜਾ ਪੇਟ ਭਰ ਸਕੇ। ਮੁਲਾਜ਼ਮਾਂ ਅਤੇ ਅਫ਼ਸਰਾਂ ਦੀ ਤਨਖਾਹ ਹਿੰਦੁਸਤਾਨ ਵਿਚ ਇੰਨੀ ਕਿਤੇ ਨਹੀਂ ਸੀ ਜਿੰਨੀ ਮਹਾਰਾਜਾ ਦਿੰਦਾ ਸੀ। ਉਸ ਦੀ ਪਰਖ ਕੇਵਲ ਯੋਗਤਾ ਹੁੰਦੀ ਸੀ। ਜੇ ਯੋਗ ਬੰਦਾ ਮਿਲ ਗਿਆ ਤਾਂ ਪੈਸੇ ਦੀ ਕਮੀ ਨਹੀਂ ਰਹਿਣ ਦਿੰਦਾ ਸੀ। ਕਸ਼ਮੀਰ ਦੇ ਨਾਜ਼ਿਮ ਕਿਰਪਾ ਰਾਮ ਦੀ ਤਨਖਾਹ ਇਕ ਲੱਖ ਰੁਪਿਆ ਸਾਲਾਨਾ ਸੀ। ਕਾਰਦਾਰ ਉਸ ਦੇ ਅਧੀਨ ਹੁੰਦੇ ਸਨ ਤੇ ਉਨ੍ਹਾਂ ਦਾ ਕੰਮ ਕਿਲ੍ਹਿਆਂ ਵਿਚ ਅਨਾਜ ਦੇ ਭੰਡਾਰ ਜਮਾਂ ਕਰਨਾ ਹੁੰਦਾ ਸੀ। ਇਹ ਅਨਾਜ ਮੁਲਾਜ਼ਮਾਂ ਨੂੰ ਤਨਖਾਹ ਵਜੋਂ ਵੀ ਦਿੱਤਾ ਜਾਂਦਾ ਸੀ ਤੇ ਜਦੋਂ ਫ਼ੌਜਾਂ ਕੂਚ ਕਰਦੀਆਂ ਸਨ ਉਦੋਂ ਲੰਗਰ ਦੇ ਵੀ ਕੰਮ ਆਉਂਦਾ ਸੀ।
ਪ੍ਰਸ਼ਾਸਨ ਇੰਨਾ ਕੁਸ਼ਲ ਸੀ ਕਿ ਚੋਰੀਆਂ ਡਾਕੇ ਬੰਦ ਹੋ ਗਏ ਸਨ। ਵੀਹ ਦਸੰਬਰ 1810 ਨੂੰ ਮਹਾਰਾਜੇ ਪਾਸ ਖ਼ਬਰ ਪੁੱਜੀ ਕਿ ਬੀਤੀ ਰਾਤ ਡਾਕੂ, ਸੁਨਿਆਰਿਆਂ ਪਾਸੋਂ ਸੋਨਾ ਲੁੱਟ ਕੇ ਲੈ ਗਏ ਹਨ। ਮਹਾਰਾਜੇ ਨੇ ਥਾਣੇਦਾਰ ਨੂੰ ਹੁਕਮ ਦਿੱਤਾ ਕਿ ਤੁਰੰਤ ਕਾਰਵਾਈ ਕਰੇ ਤੇ ਸਾਰੇ ਡਾਕੂ ਪੇਸ਼ ਕਰੇ। ਬਾਈ ਦਸੰਬਰ ਨੂੰ ਥਾਣੇਦਾਰ ਬਹਾਦਰ ਸਿੰਘ ਨੇ ਦੋ ਡਾਕੂ ਮਹਾਰਾਜੇ ਅਗੇ ਪੇਸ਼ ਕਰ ਦਿੱਤੇ ਤਾਂ ਮਹਾਰਾਜੇ ਨੇ ਕਿਹਾ, ‘‘ਦੋ ਨਹੀਂ, ਸਾਰੇ ਡਾਕੂ ਪੇਸ਼ ਕਰ ਅਤੇ ਨਾਲ ਹੀ ਉਹ ਮਾਲ ਪੇਸ਼ ਕਰ ਜਿਹੜਾ ਇਨ੍ਹਾਂ ਨੇ ਲੁੱਟਿਆ ਸੀ। ਜੇ ਅਜਿਹਾ ਨਾ ਕੀਤਾ ਤਾਂ ਤੈਨੂੰ ਸਜ਼ਾ ਦਿਆਂਗਾ’’।
ਨਿਆਂ ਵਾਸਤੇ ਮੁਢਲੀ ਅਦਾਲਤ ਪੰਚਾਇਤ ਸੀ। ਪੰਚਾਇਤ ਦੇ ਫੈਸਲੇ ਦਾ ਸਨਮਾਨ ਕੀਤਾ ਜਾਂਦਾ ਸੀ। ਪੰਚਾਇਤੀ ਫੈਸਲੇ ਵਿਰੁੱਧ ਕਾਰਦਾਰ ਦੀ ਅਦਾਲਤ ਵਿਚ ਅਪੀਲ ਹੋ ਸਕਦੀ ਸੀ ਤੇ ਕਾਰਦਾਰ ਵਿਰੁੱਧ ਨਾਜ਼ਿਮ ਪਾਸ। ਹੈਨਰੀ ਦੁਰਾਂਤ ਲਿਖਦਾ ਹੈ ਕਿ ਮੈਂ ਪੇਸ਼ਾਵਰ ਦੇ ਨਾਜ਼ਿਮ ਅਵੀਤਬਿਲੇ ਨੂੰ ਮਿਲਣ ਗਿਆ ਤਾਂ ਉਹ ਆਪਣੀ ਅਦਾਲਤ ਵਿਚ ਫ਼ੈਸਲੇ ਕਰ ਰਿਹਾ ਸੀ। ਉਸ ਦੀ ਅਦਾਲਤ ਵਿਚ ਜੱਜਾਂ ਦਾ ਜਿਹੜਾ ਬੈਂਚ ਸੀ ਉਸ ਵਿਚ ਦੋ ਮੁਸਲਮਾਨ, ਦੋ ਹਿੰਦੂ ਅਤੇ ਦੋ ਸਿੱਖ ਸਨ। ਮਹਾਰਾਜੇ ਦਾ ਸਖ਼ਤ ਹੁਕਮ ਸੀ ਕਿ ਇਨਸਾਫ ਤਾਂ ਤੁਰੰਤ ਦੇਣਾ ਹੀ ਹੈ, ਜੱਜ ਰਹਿਮਦਿਲੀ ਤੋਂ ਅਵੱਸ਼ ਕੰਮ ਲੈਣ। ਜੱਜ ਨੂੰ ਕਾਜ਼ੀ ਕਿਹਾ ਜਾਂਦਾ ਸੀ। ਵੱਖ-ਵੱਖ ਧਰਮਾਂ ਦੀਆਂ ਵਿਭਿੰਨ ਪਰੰਪਰਾਵਾਂ ਨੂੰ ਧਿਆਨ ਵਿਚ ਰੱਖ ਕੇ ਫੈਸਲੇ ਸੁਣਾਏ ਜਾਂਦੇ ਸਨ। ਮਹਾਰਾਜੇ ਨੇ ਆਪਣੇ ਕਾਰਜਕਾਲ ਦੌਰਾਨ ਕਿਸੇ ਇਕ ਬੰਦੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ, ਉਸ ਨੂੰ ਵੀ ਨਹੀਂ ਜਿਸ ਨੇ ਮਹਾਰਾਜੇ ਉਪੱਰ ਹਮਲਾ ਕੀਤਾ। ਵਡੀ ਤੋਂ ਵਡੀ ਸਜ਼ਾ ਦੇਸ ਨਿਕਾਲਾ ਸੀ। ਪੰਜਾਬ ਉਨ੍ਹਾਂ ਦਿਨਾਂ ਵਿਚ ਸੁਰਗ ਤੋਂ ਘੱਟ ਨਹੀਂ ਸੀ ਤੇ ਪੰਜਾਬ ਤੋਂ ਬਾਹਰ ਦੇਸ ਨਿਕਾਲਾ ਨਰਕ ਵਿਚ ਧੱਕੇ ਖਾਣ ਬਰਾਬਰ ਸਮਝਿਆ ਜਾਂਦਾ ਸੀ।
ਫ਼ੌਜੀਆਂ ਨੂੰ ਚੰਗੀ ਤਨਖਾਹ ਮਿਲਦੀ ਤੇ ਫ਼ੌਜ ਦੀ ਗਿਣਤੀ ਨਿਸ਼ਚਿਤ ਨਹੀਂ ਸੀ। ਸੰਕਟ ਸਮੇਂ ਫ਼ੌਜ ਦੀ ਗਿਣਤੀ ਲੋੜ ਅਨੁਸਾਰ ਵਧਾ ਲਈ ਜਾਂਦੀ ਸੀ। 1810 ਵਿਚ ਮਹਾਰਾਜੇ ਪਾਸ ਲਾਹੌਰ ਵਿਖੇ ਤੀਹ ਹਜ਼ਾਰ ਘੋੜ ਸਵਾਰ ਹੁੰਦੇ ਸਨ ਤੇ ਹਰ ਰੋਜ਼ ਇਕ ਹਜ਼ਾਰ ਘੋੜੇ ਸਵੇਰੇ ਮੁਆਇਨੇ ਲਈ ਲਿਆਂਦੇ ਜਾਂਦੇ ਸਨ। ਮਹਾਰਾਜਾ ਕੋਈ ਇਕ ਘੋੜਾ ਚੁਣਦਾ ਤੇ ਦੌੜ ਲੁਆਉਂਦਾ। ਕਈ ਵਾਰ ਨਾਸ਼ਤਾ ਉਹ ਘੋੜੇ ਦੀ ਕਾਠੀ ਉਪਰ ਹੀ ਕਰ ਲੈਂਦਾ। ਇਉਂ ਤੀਹ ਦਿਨਾਂ ਵਿਚ ਤੀਹ ਹਜ਼ਾਰ ਘੋੜਿਆਂ ਦੀ ਪਰਖ ਹੋ ਜਾਂਦੀ ਤੇ ਸੰਭਾਲ ਕਰਨ ਵਾਲੇ ਸੁਸਤ ਨਹੀਂ ਹੋ ਸਕਦੇ ਸਨ। ਯੋਗ ਬੰਦੇ ਨੂੰ ਬਹੁਤ ਜਲਦੀ ਤਰੱਕੀ ਦੇ ਮੌਕੇ ਮਿਲਦੇ ਸਨ। ਮਹਾਰਾਜਾ ਮੇਲਿਆਂ ਵਿਚ ਬਹਾਦਰਾਂ ਦੇ ਕਾਰਨਾਮੇ ਦੇਖਦਾ ਤਾਂ ਉਥੇ ਹੀ ਨੌਕਰੀਆਂ ਦੇਣ ਦਾ ਐਲਾਨ ਕਰ ਦਿੰਦਾ। ਜ਼ਾਤਪਾਤ ਕਾਰਨ ਮਹਾਰਾਜੇ ਨੇ ਕਿਸੇ ਨਾਲ ਕਦੀ ਵਿਤਕਰਾ ਨਹੀਂ ਕੀਤਾ। ਮਹਾਰਾਜੇ ਦੀ ਦਰਿਆਦਿਲੀ ਕਾਰਨ ਹੀ ਗੁਸੈਲੇ ਸਿੱਖ ਜੁਆਨ ਉਸ ਦਾ ਕਹਿਣਾ ਮੰਨ ਜਾਂਦੇ ਸਨ ਭਾਵੇਂ ਕਿ ਯੂਰਪੀਅਨ ਜਰਨੈਲਾਂ ਅਧੀਨ ਕੰਮ ਕਰਨਾ ਉਨ੍ਹਾਂ ਨੂੰ ਪਸੰਦ ਨਹੀਂ ਸੀ। ਕਦੀ ਕਦਾਈਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਤਾਂ ਮਹਾਰਾਜਾ ਹੱਲ ਕਰ ਲੈਂਦਾ।
ਸੋਹਨ ਲਾਲ ਮਹਾਰਾਜੇ ਦੇ ਦੂਤ ਵਜੋਂ ਫ਼ਾਰਸ ਦੇ ਸ਼ਾਹਜ਼ਾਦਾ ਅੱਬਾਸ ਮਿਰਜ਼ਾ ਨੂੰ ਮਿਲਿਆ। ਈਦ ਉਲ ਫਿਤਰ ਦੇ ਜਸ਼ਨਾਂ ਵਿਚ ਸ਼ਾਹਜ਼ਾਦੇ ਦਾ ਸ਼ਾਮਿਆਨਾ ਬਹੁਤ ਸਜਾਇਆ ਗਿਆ ਸੀ। ਸ਼ਾਹਜ਼ਾਦੇ ਨੇ ਸੋਹਨ ਲਾਲ ਨੂੰ ਪੁੱਛਿਆ, ‘‘ਕੀ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਇਹੋ ਜਿਹੀ ਸਜਧਜ ਵਾਲਾ ਹੀ ਹੈ, ਤੇ ਕੀ ਮਹਾਰਾਜੇ ਦੀ ਸੈਨਾ ਵੀ ਇਹੋ ਜਿਹੀ ਬਹਾਦਰ ਅਤੇ ਅਨੁਸ਼ਾਸਿਤ ਹੈ ਜਿਹੋ ਜਿਹੀ ਮੇਰੀ?’’ ਸੋਹਨ ਲਾਲ ਨੇ ਨਿਮਰਤਾ ਨਾਲ ਜਵਾਬ ਦਿੱਤਾ, ‘‘ਮੇਰੀ ਸਰਕਾਰ ਦੇ ਦਰਬਾਰ ਦੀ ਛੱਤ ਕਸ਼ਮੀਰੀ ਪਸ਼ਮੀਨਿਆਂ ਅਤੇ ਸ਼ਾਲਾਂ ਨਾਲ ਜੜੀ ਹੋਈ ਹੈ ਤੇ ਫਰਸ਼ ਉਪਰ ਵੀ ਕਸ਼ਮੀਰੀ ਸ਼ਾਲ ਵਿਛੇ ਹੁੰਦੇ ਹਨ। ਜਿਥੋਂ ਤੱਕ ਬਹਾਦਰੀ ਦਾ ਸਵਾਲ ਹੈ, ਜੇ ਸਾਡਾ ਜਰਨੈਲ ਹਰੀ ਸਿੰਘ ਨਲੂਆ ਸਿੰਧ ਦਰਿਆ ਟੱਪ ਆਵੇ ਤਾਂ ਤੁਸੀਂ ਵਾਪਸ ਤਬਰੇਜ਼ ਪਰਤਣਾ ਠੀਕ ਸਮਝੋਗੇ।’’ ਅੱਬਾਸ ਮਿਰਜ਼ਾ ਨੇ ਕਿਹਾ, ‘‘ਖੂਬ। ਬਹੁਤ ਖੂਬ।’’
ਮਹਾਰਾਜਾ ਸਾਦਾ ਲਿਬਾਸ ਪਹਿਨਦਾ। ਉਸ ਨੇ ਕੋਈ ਵਿਸ਼ੇਸ਼ ਤਖ਼ਤ ਨਹੀਂ ਬਣਵਾਇਆ। ਇਕ ਸੁੰਦਰ ਕੁਰਸੀ ਬਣਵਾਈ ਗਈ ਜਿਸ ਉਪਰ ਸੋਨਾ ਲਗਿਆ ਹੋਇਆ ਸੀ ਪਰ ਉਸ ਦੀ ਦਿੱਖ ਸਾਧਾਰਨ ਸੀ। ਇਹ ਕੁਰਸੀ ਲੰਡਨ ਦੇ ਮਿਊਜ਼ਿਅਮ ਵਿਚ ਪਈ ਹੈ। ਪਰ ਮਹਾਰਾਜਾ ਜਿਥੇ ਕਿਤੇ ਹੁੰਦਾ ਉਥੇ ਹੀ ਫ਼ੈਸਲੇ ਸੁਣਾਉਂਦਾ ਰਹਿੰਦਾ। ਕਈ ਵਾਰੀ ਤਾਂ ਜ਼ਮੀਨ ਤੇ ਚੌਕੜੀ ਮਾਰੀ ਬੈਠਾ ਨਿਆਂ ਕਰਦਾ। ਮੁਲਾਕਾਤਾਂ ਕਰਨ ਵਾਲੇ ਆਪਣੀ ਆਪਣੀ ਹੈਸੀਅਤ ਮੁਤਾਬਕ ਨਜ਼ਰਾਨੇ ਭੇਟ ਕਰਦੇ। ਉਸ ਦੀ ਹਾਜ਼ਰੀ ਵਿਚ ਲੋਕ ਖੌਫ਼ਜ਼ਦਾ ਨਹੀਂ ਹੁੰਦੇ ਸਨ। ਲੇਹਲੜੀਆਂ ਕਢਵਾਉਣੀਆਂ ਜਾਂ ਮਿਲਣ ਤੋਂ ਪਹਿਲਾਂ ਜ਼ਮੀਨ ਤੇ ਸਿਰ ਲਾ ਕੇ ਮੱਥਾ ਟੇਕਣ ਵਰਗੀਆਂ ਪਰੰਪਰਾਵਾਂ ਦਾ ਉਸ ਨੂੰ ਬਿਲਕੁਲ ਸ਼ੌਕ ਨਹੀਂ ਸੀ। ਪਰ ਉਸ ਨੇ ਆਪਣੇ ਵਜ਼ੀਰਾਂ, ਜਰਨੈਲਾਂ, ਰਾਜਕੁਮਾਰਾਂ ਅਤੇ ਅਫ਼ਸਰਾਂ ਨੂੰ ਹੁਕਮ ਦਿੱਤਾ ਹੋਇਆ ਸੀ ਕਿ ਉਹ ਪੂਰੀ ਤਰ੍ਹਾਂ ਸਜਧਜ ਨਾਲ ਕੋਰਟ ਵਿਚ ਪੇਸ਼ ਹੋਣ। ਰਾਜਾ ਗੁਲਾਬ ਸਿੰਘ ਅਤੇ ਸ਼ਾਹਜ਼ਾਦਾ ਹੀਰਾ ਸਿੰਘ ਸਭ ਤੋਂ ਵਧੀਕ ਸਜੇ ਹੋਏ ਵਿਅਕਤੀ ਹੁੰਦੇ ਸਨ। ਜਿਹੜੇ ਬੰਦੇ ਮਹਾਰਾਜੇ ਦੀ ਮੁਲਾਜ਼ਮਤ ਵਿਚ ਹੁੰਦੇ ਸਨ ਉਨ੍ਹਾਂ ਉਪਰ ਦੋ ਬੰਦਸ਼ਾਂ ਲਾਜ਼ਮ ਸਨ। ਇਕ ਵਾਲ ਨਹੀਂ ਕੱਟਣੇ ਦੂਜੇ ਤਮਾਕੂ ਦੀ ਵਰਤੋਂ ਨਹੀਂ ਕਰਨੀ। ਇਹ ਹੁਕਮ ਯੋਰਪੀਅਨਾਂ, ਹਿੰਦੂਆਂ ਅਤੇ ਮੁਸਲਮਾਨਾਂ ਸਭਨਾ ਉਪਰ ਲਾਗੂ ਸਨ। ਆਮ ਨਾਗਰਿਕਾਂ ਉਪਰ ਇਹ ਬੰਦਸ਼ ਲਾਗੂ ਨਹੀਂ ਸੀ। ਜਿਹੜੇ ਦੇਸੀ ਵਿਦੇਸੀ ਮਹਿਮਾਨ ਮੁਲਾਕਾਤ ਲਈ ਆਉਂਦੇ, ਮਹਾਰਾਜਾ ਆਪਣੇ ਬਰਾਬਰ ਆਪਣੇ ਵਰਗੀ ਕੁਰਸੀ ਉਪਰ ਬਿਠਾਉਂਦਾ ਜਦੋਂ ਕਿ ਉਨ੍ਹਾਂ ਦਿਨਾਂ ਵਿਚ ਅਜਿਹਾ ਰਿਵਾਜ ਨਹੀਂ ਸੀ ਕਿ ਕੋਈ ਬੰਦਾ ਹੁਕਮਰਾਨ ਦੇ ਬਰਾਬਰ ਬੈਠੇ। ਮਹਾਰਾਜੇ ਦੀ ਅੱਖ ਕੇਵਲ ਯੋਗਤਾ ਉਪਰ ਹੁੰਦੀ ਸੀ ਤੇ ਇਸੇ ਕਾਰਨ ਜਗੀਰਾਂ ਉਸ ਨੇ ਜੱਦੀ ਨਹੀਂ ਬਣਨ ਦਿੱਤੀਆਂ। ਜੇ ਪਿਤਾ ਜਗੀਰਦਾਰ ਹੈ ਤਾਂ ਉਸ ਦੀ ਜਗੀਰ ਦੀ ਵਾਰਿਸ ਸੁਤੇਸਿੱਧ ਉਸ ਦੀ ਸੰਤਾਨ ਨਹੀਂ ਹੋ ਸਕਦੀ ਸੀ। ਜਰਨੈਲ ਹਰੀ ਸਿੰਘ ਨਲੂਏ ਦੀ ਸਾਲਾਨਾ ਜਗੀਰ ਅੱਠ ਲੱਖ ਰੁਪਏ ਸਾਲਾਨਾ ਸੀ। ਉਸ ਦੀ ਔਲਾਦ ਉਸ ਵਾਂਗ ਯੋਗ ਸਿੱਧ ਨਾਂ ਹੋਈ ਤਾਂ ਨਲਵਾ ਦੀ ਜਾਇਦਾਦ ਉਸ ਦੀ ਮੌਤ ਉਪਰੰਤ ਜਬਤ ਕਰਕੇ ਹੋਰਨਾ ਯੋਗ ਬੰਦਿਆਂ ਵਿਚ ਵੰਡ ਦਿੱਤੀ।
ਮਹਾਰਾਜੇ ਦੇ ਰਾਜਪ੍ਰਬੰਧ ਵਿਚ ਤਿੰਨ ਡੋਗਰਿਆਂ ਦਾ ਨਾਮ ਖਾਸ ਹੈ। ਧਿਆਨ ਸਿੰਘ ਪ੍ਰਧਾਨ ਮੰਤਰੀ ਸੀ। ਗੁਲਾਬ ਸਿੰਘ ਜਰਨੈਲ ਵੀ ਰਿਹਾ ਗਵਰਨਰ ਵੀ ਤੇ ਇਨ੍ਹਾਂ ਦਾ ਤੀਜਾ ਭਰਾ ਸੁਚੇਤ ਸਿੰਘ ਦਰਬਾਰ ਦੇ ਕੰਮਾਂ ਕਾਜਾਂ ਵਿਚ ਹੱਥ ਵਟਾਉਂਦਾ ਸੀ। ਇਨ੍ਹਾਂ ਤਿੰਨਾ ਭਰਾਵਾਂ ਦੀ ਚੜ੍ਹਤ ਤੋਂ ਸਿਖ ਸਰਦਾਰ ਈਰਖਾ ਕਰਦੇ ਸਨ। ਇਵੇਂ ਹੀ ਤਿੰਨ ਮੁਸਲਮਾਨ ਭਰਾ ਵਡੇ ਰੁਤਬਿਆਂ ਨੂੰ ਮਾਣਦੇ ਰਹੇ। ਫਕੀਰ ਅਜੀਜ਼ਉਦੀਨ ਵਿਦੇਸ਼ ਮੰਤਰੀ ਰਿਹਾ, ਫਕੀਰ ਨੂਰੁੱਦੀਨ ਲਾਹੌਰ ਕਿਲ੍ਹੇਦਾਰ ਰਿਹਾ ਤੇ ਖਜਾਨੇ ਦੀਆਂ ਚਾਬੀਆਂ ਦਾ ਮਾਲਕ ਵੀ। ਮਹਾਰਾਜਾ ਉਸ ਦਾ ਬੜਾ ਸਤਿਕਾਰ ਕਰਦਾ ਸੀ। ਮਹਾਰਾਜੇ ਦਾ ਖਾਣਾ ਉਸ ਦੀ ਨਿਗਰਾਨੀ ਵਿਚ ਤਿਆਰ ਹੁੰਦਾ ਸੀ। ਤੀਜਾ ਭਰਾ ਫਕੀਰ ਇਮਾਮੁਦੀਨ ਗੋਬਿੰਦਗੜ੍ਹ ਅਤੇ ਅੰਮਿ੍ਰਤਸਰ ਦੇ ਕਿਲ੍ਹਿਆਂ ਦਾ ਰਖਵਾਲਾ ਸੀ। ਲੱਖਾਂ ਰੁਪਏ ਉਸ ਦੇ ਖਜ਼ਾਨੇ ਵਿੱਚ ਸਰਕਾਰ ਵਲੋਂ ਜਮਾਂ ਰਹਿੰਦੇ ਸਨ। ਉਹ ਗਵਰਨਰ ਵੀ ਰਿਹਾ।
ਮਜੀਠੀਆ ਸਰਦਾਰਾਂ ਵਿਚੋਂ ਦੇਸਾ ਸਿੰਘ ਤੇ ਲਹਿਣਾ ਸਿੰਘ ਸੱਤਾ ਦੇ ਭਾਗੀਦਾਰ ਰਹੇ। ਸੰਧਾਵਾਲੀਏ ਸਰਦਾਰਾਂ ਵਿਚ ਅਮੀਰ ਸਿੰਘ, ਅਤਰ ਸਿੰਘ, ਲਹਿਣਾ ਸਿੰਘ ਤੇ ਬੁੱਧ ਸਿੰਘ ਬੜੇ ਸਤਿਕਾਰਯੋਗ ਸਨ ਜਿਨ੍ਹਾਂ ਨੂੰ ਲੱਖਾਂ ਰੁਪਿਆ ਜਗੀਰਾਂ ਵਜੋਂ ਮਿਲਦਾ ਸੀ। ਸ਼ਾਮ ਸਿੰਘ ਅਟਾਰੀ ਵਾਲਾ ਮਹਾਰਾਜੇ ਦਾ ਰਿਸ਼ਤੇਦਾਰ ਸੀ। ਉਸ ਦੀ ਬੇਟੀ ਕੰਵਰ ਨੌਨਿਹਾਲ ਸਿੰਘ ਨੂੰ ਵਿਆਹੀ ਗਈ। ਉਹ ਬੜਾ ਤਕੜਾ ਯੋਧਾ ਸੀ ਤੇ ਅੰਗਰੇਜ਼ਾਂ ਵਿਰੁੱਧ ਲੜਦਾ ਹੋਇਆ 1846 ਵਿਚ ਸ਼ਹੀਦ ਹੋਇਆ। ਸਰ ਲੈਪਲ ਗਰਿਫਿਨ ਉਸ ਬਾਰੇ ਲਿਖਦਾ ਹੈ, ‘‘ਸ਼ਾਮ ਸਿੰਘ ਜੱਟਾਂ ਵਿਚੋਂ ਸਭ ਤੋਂ ਵਧੀਕ ਬਹਾਦਰ ਸੀ ਤੇ ਬਹਾਦਰੀ, ਈਮਾਨਦਾਰੀ, ਤਾਕਤ ਅਤੇ ਹੌਂਸਲੇ ਵਿਚ ਜੱਟ ਦੁਨੀਆਂ ਦੀ ਕਿਸੇ ਨਸਲ ਤੋਂ ਪਿਛੇ ਨਹੀਂ ਹਨ।’’
ਹਰੀ ਸਿੰਘ ਨਲੂਏ ਬਾਰੇ ਮਹਾਰਾਜਾ ਕਿਹਾ ਕਰਦਾ ਸੀ, ‘‘ਹਕੂਮਤ ਚਲਾਉਣ ਵਾਸਤੇ ਇਹੋ ਜਿਹੇ ਜਰਨੈਲਾਂ ਦੀ ਲੋੜ ਹੁੰਦੀ ਹੈ।’’ ਜਮਰੌਦ ਦੇ ਕਿਲ੍ਹੇ ਵਿਚੋਂ ਅਫਗਾਨਾਂ ਨਾਲ ਲੜਦਾ ਹੋਇਆ ਅਪ੍ਰੈਲ 1837 ਵਿਚ ਉਹ ਸ਼ਹੀਦ ਹੋਇਆ। ਮਹਾਰਾਜਾ ਮਹੀਨਿਆਂ ਤੱਕ ਉਦਾਸ ਰਿਹਾ ਤੇ ਦਰਬਾਰ ਵਿਚ ਸਭ ਨੂੰ ਇਹ ਨਸੀਹਤ ਕੀਤੀ ਗਈ ਸੀ ਕਿ ਨਲੂਏ ਸਰਦਾਰ ਦੀ ਗੱਲ ਮਹਾਰਾਜੇ ਸਾਹਮਣੇ ਨਹੀਂ ਕਰਨੀ। ਕਾਦਰਯਾਰ ਨੇ ਜਦੋਂ ਨਲੂਏ ਦੀ ਵਾਰ ਲਿਖ ਕੇ ਲਿਆਂਦੀ ਤਾਂ ਮਹਾਰਾਜਾ ਸੁਣ ਕੇ ਰੋ ਪਿਆ ਤੇ ਸ਼ਾਇਰ ਨੂੰ ਖੂਹ ਸਮੇਤ ਇਕ ਮੁਰੱਬਾ ਜ਼ਮੀਨ ਦਿੱਤੀ।
ਹਿੰਦੂ ਜਰਨੈਲਾਂ ਵਿਚੋਂ ਸਭ ਤੋਂ ਵਧੀਕ ਤੇਜੱਸਵੀ ਦੀਵਾਨ ਮੁਹਕਮ ਚੰਦ ਸੀ। ਉਸ ਨੇ ਸਤਲੁਜ ਸਰਹੱਦ ਦੀ ਰਖਵਾਲੀ ਮਹਾਰਾਜੇ ਤੋਂ ਮੰਗ ਕੇ ਲਈ ਸੀ ਤੇ ਫਲੌਰ ਦਾ ਕਿਲ੍ਹਾ ਜੋ ਹੁਣ ਪੁਲੀਸ ਟਰੇਨਿੰਗ ਸਕੂਲ ਹੈ ਉਸੇ ਦਾ ਬਣਾਇਆ ਹੋਇਆ ਹੈ। ਅੰਗਰੇਜ਼ਾਂ ਨੂੰ ਉਹ ਸਖ਼ਤ ਨਫਰਤ ਕਰਦਾ ਸੀ। ਅੰਮਿ੍ਰਤਸਰ ਵਿਚ ਅਕਾਲੀ ਜੀ ਨੇ ਤਾਂ ਮੈਟਕਾਫ ਦੀ ਸੁਰੱਖਿਆ ਗਾਰਦ ਨੂੰ ਕੁੱਟ ਦਿਤਾ ਸੀ। ਲਾਹੌਰ ਵਿਚ ਸੰਧੀ ਕਰਨ ਵੇਲੇ ਜਦੋਂ ਉਹ ਆਪਣੀ ਗੱਲ ਉਤੇ ਅੜ ਜਾਂਦਾ ਤਾਂ ਦੀਵਾਨ ਮੁਹਕਮ ਚੰਦ ਨੂੰ ਬੜਾ ਬੁਰਾ ਲਗਦਾ। ਉਸ ਨੇ ਮੈਟਕਾਫ ਨੂੰ ਇਕ ਦਿਨ ਕਿਹਾ, ‘‘ਯੁੱਧ ਦੇ ਮੈਦਾਨ ਵਿਚ ਲਗਦਾ ਹੈ ਸਿੱਖਾਂ ਨੂੰ ਤੁਸੀਂ ਦੇਖਿਆ ਨਹੀਂ ਹੈ। ਜਦੋਂ ਦੇਖੋਗੇ ਤਾਂ ਜਾਣੂ ਹੋ ਜਾਓਗੇ’’। ਇਸ ਤੇ ਮੈਟਕਾਫ ਨੇ ਕਿਹਾ, ‘‘ਤੁਸੀਂ ਵੀ ਅੰਗਰੇਜ਼ਾਂ ਨੂੰ ਅੱਜੇ ਦੇਖਿਆ ਨਹੀਂ।”
ਦੀਵਾਨ ਮੋਤੀ ਰਾਮ ਪਹਿਲੋਂ ਜਲੰਧਰ ਦਾ ਫਿਰ ਕਸ਼ਮੀਰ ਦਾ ਗਵਰਨਰ ਰਿਹਾ। ਉਹ ਮੁਹਕਮ ਚੰਦ ਦਾ ਪੁੱਤਰ ਸੀ। ਡੋਗਰੇ ਉਸ ਵਿਰੁੱਧ ਸਾਜ਼ਸ਼ਾਂ ਕਰਦੇ ਰਹਿੰਦੇ ਸਨ ਜਿਸ ਕਾਰਨ ਉਹ ਲਾਹੌਰ ਛੱਡ ਕੇ ਬਨਾਰਸ ਚਲਾ ਗਿਆ ਸੀ। ਮੋਤੀ ਰਾਮ ਦਾ ਬੇਟਾ ਰਾਮਦਿਆਲ ਫ਼ੌਜੀ ਅਫਸਰ ਸੀ ਤੇ ਉਹ ਪਠਾਣਾਂ ਵਿਰੁੱਧ ਲੜਦਾ ਹੋਇਆ 1820 ਵਿਚ 28 ਸਾਲ ਦੀ ਉਮਰ ਵਿਚ ਜਾਨ ਵਾਰ ਗਿਆ। ਰਾਮ ਦਿਆਲ ਦਾ ਭਰਾ ਕਿਰਪਾ ਰਾਮ ਜਲੰਧਰ ਦਾ ਪ੍ਰਸ਼ਾਸਕ ਲੱਗਾ ਰਿਹਾ। ਇਸ ਵਿਰੁੱਧ ਵੀ ਡੋਗਰੇ ਗੋਂਦਾਂ ਗੁੰਦਦੇ ਰਹੇ ਜਿਸ ਕਰਕੇ ਇਹ ਵੀ ਆਪਣੇ ਪਿਤਾ ਪਾਸ ਬਨਾਰਸ ਚਲਾ ਗਿਆ।
ਦੀਵਾਨ ਭਵਾਨੀਦਾਸ ਕਾਬਲ ਵਿਚ ਸ਼ਾਹ ਸ਼ੁਜਾਅ ਦਾ ਮਾਲ ਅਫ਼ਸਰ ਸੀ। ਕਿਸੇ ਕਾਰਨ ਸ਼ਾਹ ਉਸ ਨਾਲ ਨਾਰਾਜ ਹੋ ਗਿਆ ਤਾਂ ਉਹ ਕਾਬਲ ਛੱਡ ਕੇ 1808 ਵਿਚ ਲਾਹੌਰ ਆ ਗਿਆ, ਮਹਾਰਾਜੇ ਨੂੰ ਮਿਲ ਕੇ ਆਪਣੀ ਯੋਗਤਾ ਦੱਸੀ ਤੇ ਨੌਕਰੀ ਲਈ ਅਰਜ਼ ਕੀਤੀ। ਮਹਾਰਾਜੇ ਨੇ ਉਸ ਨੂੰ ਸਟੇਟ ਦੇ ਸਾਰੇ ਅਰਥਚਾਰੇ ਦੀ ਨਿਗਰਾਨੀ ਬਾਇੱਜ਼ਤ ਸੌਂਪ ਦਿੱਤੀ। ਉਸ ਨੇ ਪਹਿਲੀ ਵਾਰ ਸਹੀ ਲੇਖਾ ਜੋਖਾ ਰੱਖਣ ਦੀ ਪਿਰਤ ਪਾਈ। ਕਈ ਖਜ਼ਾਨਾ ਦਫ਼ਤਰ ਖੋਹਲੇ। ਉਹ ਕਿਸੇ ਵੀ ਜਗੀਰਦਾਰ ਜਾਂ ਸੂਬੇਦਾਰ ਤੋਂ ਹਿਸਾਬ ਮੰਗ ਸਕਦਾ ਸੀ। ਬੜੀ ਵਾਰ ਉਹ ਪੜਤਾਲੀਆ ਅਫ਼ਸਰ ਲੱਗਾ।
ਜਮਾਦਾਰ ਖੁਸ਼ਹਾਲ ਸਿੰਘ ਮੇਰਠ ਜਿਲੇ ਦਾ ਬ੍ਰਾਹਮਣ ਸੀ ਜਿਸ ਨੇ ਮਹਾਰਾਜੇ ਪਾਸੋਂ 17 ਸਾਲ ਦੀ ਉਮਰੇ ਪੰਜ ਰੁਪਏ ਮਹੀਨਾ ਸਿਪਾਹੀ ਦੀ ਨੌਕਰੀ ਪ੍ਰਾਪਤ ਕੀਤੀ ਪਰ ਤਿੱਖੀ ਸਮਝ ਸੂਝ ਸਦਕਾ ਮਹਾਰਾਜੇ ਦੀ ਨਜ਼ਰ ਵਿਚ ਅਜਿਹਾ ਚੜ੍ਹਿਆ ਕਿ ਲਾਹੌਰ ਕਿਲ੍ਹੇ ਦਾ ਡਿਊਢੀਦਾਰ ਲੱਗ ਗਿਆ। ਕੋਈ ਵੱਡੇ ਤੋਂ ਵੱਡਾ ਅਫਸਰ ਜਾਂ ਵਜ਼ੀਰ ਉਸ ਦੀ ਆਗਿਆ ਬਗੈਰ ਮਹਾਰਾਜੇ ਨਾਲ ਨਿੱਜੀ ਗੱਲ ਨਹੀਂ ਕਰ ਸਕਦਾ ਸੀ। ਖੁਸ਼ਹਾਲ ਸਿੰਘ ਦਾ ਭਤੀਜਾ ਤੇਜਰਾਮ ਵੀ ਲਾਹੌਰ ਆ ਗਿਆ ਤੇ ਅੰਮਿ੍ਰਤ ਛਕ ਕੇ ਤੇਜਾ ਸਿੰਘ ਬਣਿਆ। ਉਹ ਤਰੱਕੀ ਕਰਦਾ ਕਰਦਾ ਜਰਨੈਲ ਦੇ ਰੁਤਬੇ ਤੱਕ ਪੁੱਜਾ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਨੇ ਸਟੇਟ ਨਾਲ ਗੱਦਾਰੀ ਕੀਤੀ ਤੇ ਅੰਗਰੇਜ਼ਾਂ ਨਾਲ ਮਿਲ ਗਿਆ।
ਦੀਵਾਨ ਗੰਗਾ ਰਾਮ ਬਨਾਰਸ ਦਾ ਬਾਸ਼ਿੰਦਾ ਸੀ। ਉਸ ਨੇ ਗਵਾਲੀਅਰ ਦੇ ਮਹਾਰਾਜੇ ਪਾਸ ਨੌਕਰੀ ਪ੍ਰਾਪਤ ਕੀਤੀ। ਕੁਸ਼ਲਤਾ ਅਤੇ ਈਮਾਨਦਾਰੀ ਸਦਕਾ ਉਸ ਦਾ ਅੱਛਾ ਰਸੂਖ ਬਣਿਆ। ਜਦੋਂ ਮਹਾਰਾਜਾ ਸਿੰਧੀਆ ਨੂੰ ਅੰਗਰੇਜ਼ਾਂ ਨੇ ਹਰਾ ਦਿੱਤਾ ਤਾਂ 1803 ਵਿਚ ਉਹ ਦਿੱਲੀ ਆ ਵਸਿਆ। ਕਿਸੇ ਨੇ 1813 ਵਿਚ ਉਸ ਦੀ ਲਿਆਕਤ ਬਾਰੇ ਮਹਾਰਾਜੇ ਪਾਸ ਗੱਲ ਕੀਤੀ ਤਾਂ ਉਸ ਨੇ ਤੁਰੰਤ ਗੰਗਾ ਰਾਮ ਨੂੰ ਲਾਹੌਰ ਬੁਲਾ ਲਿਆ ਅਤੇ ਵਿਤੀ ਮਾਮਲਿਆਂ ਦੀ ਦੇਖਰੇਖ ਕਰਨ ਲਈ ਕਿਹਾ। ਸਟੇਟ ਦੀ ਸ਼ਾਹੀ ਮੁਹਰ ਉਸੇ ਪਾਸ ਹੁੰਦੀ ਸੀ।
ਦੀਵਾਨ ਅਜੋਧਿਆ ਪ੍ਰਸ਼ਾਦ ਗੰਗਾ ਰਾਮ ਦਾ ਗੋਦੀ ਲਿਆ ਪੁੱਤਰ ਸੀ। ਉਹ 15 ਸਾਲ ਦੀ ਉਮਰ ਵਿਚ ਲਾਹੌਰ ਆਇਆ। ਪਹਿਲੋਂ ਸਿਪਾਹੀ ਭਰਤੀ ਹੋਇਆ ਤੇ ਫਿਰ ਤਰੱਕੀ ਕਰਦਾ ਕਰਦਾ ਜਰਨੈਲ ਵੈਨਤੂਰਾ ਦਾ ਲੈਫਟੀਨੈਂਟ ਜਨਰਲ ਬਣ ਗਿਆ। ਅੰਗਰੇਜ਼ੀ ਅਤੇ ਫਰਾਂਸੀਸੀ ਵਿਚ ਨਿਪੁੰਨ ਹੋਣ ਕਰਕੇ ਉਹ ਮਹਾਰਾਜੇ ਪਾਸ ਦੁਭਾਸ਼ੀਏ ਦਾ ਕੰਮ ਵੀ ਕਰਦਾ ਸੀ। ਮਹਾਰਾਜੇ ਨਾਲ ਕੰਮ ਕਰਨ ਤੋਂ ਇਲਾਵਾ ਉਸ ਨੇ ਕੰਵਰ ਖੜਕ ਸਿੰਘ ਅਤੇ ਕੰਵਰ ਸ਼ੇਰ ਸਿੰਘ ਨਾਲ ਵੀ ਕੰਮ ਕੀਤਾ। ਮਹਾਰਾਜੇ ਦੀ ਮੌਤ ਤੋਂ ਬਾਅਦ ਵੀ ਉਸ ਨੇ ਅਹਿਮ ਡਿਊਟੀਆਂ ਨਿਭਾਈਆਂ। ਜਦੋਂ ਸਿੱਖ ਅੰਗਰੇਜ਼ਾਂ ਪਾਸੋਂ ਹਾਰ ਗਏ ਤਦ ਵੀ ਉਸ ਨੇ ਅੰਗਰੇਜ਼ਾਂ ਪਾਸੋਂ ਕੰਵਰ ਦਲੀਪ ਸਿੰਘ ਦੀ ਨਿਗਰਾਨੀ ਕਰਨੀ ਮੰਗੀ। ਜਦੋਂ ਤਕ ਕੰਵਰ ਦਲੀਪ ਸਿੰਘ ਨੂੰ ਇੰਗਲੈਂਡ ਨਹੀਂ ਭੇਜਿਆ ਗਿਆ ਅਜੋਧਿਆ ਪ੍ਰਸ਼ਾਦ ਨੇ ਉਸ ਦੀ ਨਿਗਰਾਨੀ ਦਾ ਕੰਮ ਬਾਖੂਬੀ ਨਿਭਾਇਆ। ਉਹ ਬੜਾ ਦਿਆਲੂ ਅਤੇ ਇਨਸਾਫ ਪਸੰਦ ਸ਼ਾਂਤ ਸੁਭਾਅ ਮਨੁੱਖ ਸੀ। ਅੰਗਰੇਜ਼ਾਂ ਨੇ ਉਸ ਨੂੰ ਲਾਹੌਰ ਦਾ ਮੈਜਿਸਟਰੇਟ ਨਿਯੁਕਤ ਕੀਤਾ। ਇਹ ਉਸ ਦੀ ਵਿਦਿਅਕ ਨਿਪੁੰਨਤਾ ਕਰਕੇ ਹੋਇਆ।
ਇਵੇਂ ਹੀ ਰਾਜਾ ਦੀਨਾ ਨਾਥ, ਮਿਸਰ ਦੀਵਾਨ ਚੰਦ, ਮਿਸਰ ਰੂਪ ਲਾਲ, ਬੇਲੀ ਰਾਮ ਅਤੇ ਸਾਵਣ ਮੱਲ ਆਪਣੀ ਕਾਬਲੀਅਤ ਸਦਕਾ ਨਿਕੀਆਂ ਥਾਵਾਂ ਤੋਂ ਉਠ ਕੇ ਬਹੁਤ ਵਡੇ-ਵਡੇ ਰੁਤਬਿਆਂ ਉਪਰ ਚੜ੍ਹੇ।
ਵਿਦੇਸ਼ੀ ਜਰਨੈਲਾਂ ਵਿਚ ਜੀਨ ਫਰਾਂਸਿਸ ਐਲਾਰਡ, ਵੈਨਤੂਰਾ, ਅਵਿਤਬਿਲੇ ਕੋਰਟ ਆਦਿਕ ਉਚ ਕੋਟੀ ਦੇ ਸੂਰਬੀਰਾਂ ਨੇ ਬੜਾ ਨਾਮ ਕਮਾਇਆ। ਸ਼ੁਰੂ ਵਿਚ ਸਿੱਖਾਂ ਨੇ ਉਨ੍ਹਾਂ ਦਾ ਮਖੌਲ ਉਡਾਇਆ ਤੇ ਉਨ੍ਹਾਂ ਅਧੀਨ ਕੰਮ ਕਰਨ ਤੋਂ ਆਨਾਕਾਨੀ ਵੀ ਕੀਤੀ। ਪਰੇਡ ਨੂੰ ਸਿੱਖ ਪਸੰਦ ਨਹੀਂ ਕਰਦੇ ਸਨ ਤੇ ਇਸ ਨੂੰ ਕੰਜਰੀਆਂ ਦਾ ਨਾਚ ਆਖਦੇ ਸਨ। ਪਰ ਹੌਲੀ ਹੌਲੀ ਸਭ ਮਹਾਰਾਜੇ ਦੀ ਗੱਲ ਮੰਨ ਗਏ ਕਿ ਫ਼ੌਜ ਵਿਚ ਅਨੁਸ਼ਾਸਨ ਕਾਇਮ ਰੱਖਣ ਲਈ ਪਰੇਡ ਬਹੁਤ ਜ਼ਰੂਰੀ ਹੈ। ਇਨ੍ਹਾਂ ਵਿਦੇਸ਼ੀ ਜਰਨੈਲਾਂ ਨੇ ਖਤਰਨਾਕ ਮੁਹਿੰਮਾਂ ਵਿਚ ਹਿੱਸਾ ਲਿਆ। ਮਹਾਰਾਜੇ ਨੇ ਕੋਈ ਅੰਗਰੇਜ਼ ਕਿਸੇ ਉਚ ਅਹੁਦੇ ਉਪਰ ਤੈਨਾਤ ਨਹੀਂ ਕੀਤਾ।
ਜਿਸ ਯਾਤਰੂ ਨੇ ਪੰਜਾਬ ਦੇਖਣਾ ਚਾਹਿਆ, ਉਹ ਮਹਾਰਾਜੇ ਨੂੰ ਮਿਲਣ ਤੋਂ ਬਗੈਰ ਵਾਪਸ ਨਹੀਂ ਪਰਤਿਆ। ਮੁਲਾਕਾਤ ਲਈ ਕੋਈ ਮੁਸ਼ਕਲ ਨਹੀਂ ਆਉਂਦੀ ਸੀ। ਮਹਾਰਾਜਾ ਆਪਣੇ ਨਜ਼ਦੀਕ ਰੁਪਈਆਂ ਅਤੇ ਮੁਹਰਾਂ ਦੀਆਂ ਥੈਲੀਆਂ ਰਖਦਾ। ਯਾਤਰੂਆਂ ਨੂੰ ਮੁਠਾਂ ਭਰ ਭਰ ਧਨ ਦਿੰਦਾ। ਕੁਝ ਯੋਰਪੀਅਨ ਯਾਤਰੂਆਂ ਨੇ ਜਦੋਂ ਇਸ ਗੱਲ ਦਾ ਬੁਰਾ ਮਨਾਇਆ ਕਿ ਉਹ ਪੈਸੇ ਲੈਣ ਨਹੀ ਆਏ ਤਦ ਉਨ੍ਹਾਂ ਨੂੰ ਦਸਿਆ ਗਿਆ ਕਿ ਹੇਠੀ ਕਰਨ ਲਈ ਨਹੀਂ, ਸਵਾਗਤ ਕਰਨ ਲਈ ਇਹ ਇਥੋਂ ਦਾ ਰਿਵਾਜ ਹੈ। ਆਉਂਦੇ ਜਾਂਦੇ ਆਪਣੇ ਪਿਆਰਿਆਂ ਨੂੰ, ਰਿਸ਼ਤੇਦਾਰਾਂ ਨੂੰ ਇਵੇਂ ਲੋਕ ਪੈਸੇ ਦਿੰਦੇ ਹਨ। ਕਈ ਚਿਤਰਕਾਰ ਆਏ ਜੋ ਮਹਾਰਾਜੇ ਦੀ ਤਸਵੀਰ ਬਣਾਉਣ ਦੇ ਇਛੁਕ ਸਨ। ਉਹ ਮਨ੍ਹਾਂ ਕਰ ਦਿੰਦਾ ਤੇ ਆਖਦਾ, ‘‘ਰਾਜਾ ਧਿਆਨ ਸਿੰਘ ਦੀ ਤਸਵੀਰ ਬਣਾ ਲਓ, ਉਹ ਬੜਾ ਸੁਹਣਾ ਹੈ। ਮਹਾਰਾਣੀ ਜਿੰਦਾਂ ਦੀ ਪੇਟਿੰਗ ਬਣਾਓ’’। ਉਨ੍ਹਾਂ ਨੂੰ ਧਨ ਦੇ ਕੇ ਤੋਰ ਦਿੰਦਾ ਕਿਉਂਕਿ ਉਸ ਨੂੰ ਅਹਿਸਾਸ ਸੀ ਕਿ ਮੈਂ ਸੋਹਣਾ ਨਹੀਂ ਹਾਂ। ਔਸਬੋਰਨ ਲਿਖਦਾ ਹੈ, ‘‘ਪਹਿਲੀ ਨਜ਼ਰੇ ਦੇਖਿਆਂ ਦਿਲ ਤੇ ਸੱਟ ਵਜਦੀ ਹੈ ਕਿ ਸਿਖਾਂ ਦਾ ਰਾਜਾ ਇਹੋ ਜਿਹਾ ਹੈ? ਪੱਕਾ ਰੰਗ, ਮਾਤਾ ਦੇ ਦਾਗ, ਦਰਮਿਆਨਾ ਕੱਦ, ਇਹੋ ਕਾਣਾ ਜਦੋਂ ਪਿਠ ਪਿਛੇ ਢਾਲ ਬੰਨ੍ਹ ਕੇ ਘੋੜੇ ਦੀ ਕਾਠੀ ਤੇ ਸਵਾਰ ਹੋ ਅੱਡੀ ਲਾਉਂਦਾ ਹੈ ਤਦ ਉਹ ਕਿ੍ਰਸ਼ਮਾ ਬਣ ਜਾਂਦਾ ਹੈ। ਉਸ ਦਾ ਸਰੀਰ ਨਹੀਂ ਦਿਸਦਾ, ਉਸ ਦੀ ਬਲਵਾਨ ਰੂਹ ਦੇ ਦੀਦਾਰ ਹੁੰਦੇ ਹਨ। ਯਕੀਨ ਨਹੀਂ ਆਉਂਦਾ ਕਿ ਇਹ ਉਹੀ ਸ਼ਖਸ ਹੈ ਜਿਹੜਾ ਹੁਣੇ ਦੇਖਿਆ ਸੀ।’’ ਲੈਪਲ ਗਿ੍ਰਫਿਨ ਲਿਖਦਾ ਹੈ, ‘‘ਲਾਹੌਰ, ਅੰਮਿ੍ਰਤਸਰ ਅਤੇ ਦਿੱਲੀ ਵਿਚ ਜਿਸ ਨੂੰ ਬੁਰਸ਼ ਚਲਾਉਣਾ ਆਉਂਦਾ ਹੈ ਜਾਂ ਲੱਕੜ/ਪੱਥਰ ਤੇ ਨਕਾਸ਼ੀ ਕਰਨੀ ਆਉਂਦੀ ਹੈ ਉਹ ਮਾਲਾਮਾਲ ਹੋ ਗਿਆ ਹੈ। ਮਹਾਰਾਜੇ ਦੀਆਂ ਤਸਵੀਰਾਂ ਧੜਾਧੜ ਵਿਕ ਰਹੀਆਂ ਹਨ। ਉਸ ਦੀਆਂ ਤਸਵੀਰਾਂ ਮਹਿਲਾਂ ਤੋਂ ਲੈ ਕੇ ਝੌਂਪੜੀਆਂ ਦੇ ਅੰਦਰ ਤਕ ਪੁੱਜ ਗਈਆਂ ਹਨ। ਉਹ ਬੰਦਾ ਜਿਹੜਾ ਸੁਹਣਾ ਨਹੀਂ, ਹਰੇਕ ਦਿਲ ਵਿਚ ਵੱਸਣ ਲੱਗ ਗਿਆ ਹੈ।’’
ਮੈਕਗਰੈਗਰ ਲਿਖਦਾ ਹੈ, ‘‘ਉਸ ਦੀ ਮੁਸਕਾਨ ਮਨਮੋਂਹਦੀ ਹੈ। ਉਸ ਦੀ ਸਾਦਗੀ ਕਰਕੇ ਮਾਹੌਲ ਸੁਖਾਵਾਂ ਰਹਿੰਦਾ ਹੈ ਤੇ ਬੰਦਾ ਬੇਝਿਜਕ ਗੱਲ ਕਰ ਸਕਦਾ ਹੈ। ਜਿਸ ਵਿਸ਼ੇ ਤੇ ਮਰਜ਼ੀ ਗੱਲ ਕਰੋ, ਉਹ ਤੁਰੰਤ ਤਹਿ ਤੱਕ ਪੁੱਜ ਜਾਂਦਾ ਹੈ ਤੇ ਉਸ ਪਾਸ ਸ਼ਬਦਾਂ ਦੀ ਕਦੀ ਘਾਟ ਨਹੀਂ ਆਈ, ਨਾ ਵਿਚਾਰਾਂ ਦੀ ਕਮੀ ਦਿਸੀ। ਯੁੱਧ ਵਿਚ ਚੜ੍ਹਾਈ ਵੇਲੇ ਉਹ ਸਾਰਿਆਂ ਤੋਂ ਅੱਗੇ ਹੁੰਦਾ ਤੇ ਵਾਪਸੀ ਵੇਲੇ ਸਭ ਤੋਂ ਪਿਛੇ। ਸਾਰੀ ਜਿੰਦਗੀ ਉਸ ਨੇ ਯੁੱਧਾਂ ਵਿਚ ਲੰਘਾਈ। ਅੱਜ ਵੀ ਸ਼ਾਨਦਾਰ ਮਹਿਲਾਂ ਵਿਚ ਰਹਿਣ ਦੀ ਥਾਂ ਉਸ ਨੂੰ ਤੰਬੂ ਵਿਚ ਬੈਠਣਾ ਵਧੀਕ ਪਸੰਦ ਹੈ’’।
ਬਾਰਨ ਨੇ ਲਿਖਿਆ, ‘‘ਖਾਹਮਖਾਹ ਆਪਣੇ ਹੱਥਾਂ ਤੇ ਉਸਨੇ ਖੂਨ ਦੇ ਦਾਗ ਨਹੀਂ ਲੱਗਣ ਦਿਤੇ। ਬਗੈਰ ਜ਼ੁਲਮ ਕੀਤਿਆਂ ਏਨੀ ਵੱਡੀ ਹਕੂਮਤ ਕਾਇਮ ਕਰਨ ਵਿਚ ਉਸ ਦੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ।’’ ਐਚ.ਈ. ਫੇਨ 1837 ਵਿਚ ਲਾਹੌਰ ਆਇਆ ਤੇ ਟਿੱਪਣੀ ਦਿਤੀ, ‘‘ਮਿਹਰਬਾਨੀਆਂ ਨਾਲ ਉਹ ਨੱਕੋ ਨੱਕ ਭਰਿਆ ਹੋਇਆ ਹੈ। ਹੈਰਾਨੀ ਹੁੰਦੀ ਹੈ ਕਿ ਮੌਤ ਦੀ ਸਜ਼ਾ ਖਤਮ ਕਰਨ ਉਪਰੰਤ ਵੀ ਉਹ ਆਪਹੁਦਰੇ ਜਾਂਗਲੀ ਲੋਕਾਂ ਨੂੰ ਸਿਧਾਣ ਵਿਚ ਕਾਮਯਾਬ ਹੋਇਆ।’’ ਜਰਨੈਲ ਅਵਿਤਬਿਲੇ ਨੇ ਪੇਸ਼ਾਵਰ ਵਿਚ ਮਹਾਰਾਜੇ ਦੀ ਆਗਿਆ ਬਗੈਰ ਕੁੱਝ ਡਾਕੂਆਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਤਾਂ ਮਹਾਰਾਜੇ ਨੇ ਉਸ ਦੀ ਜਵਾਬਤਲਬੀ ਕਰਕੇ ਆਪਣੀ ਨਾਰਾਜ਼ਗੀ ਪ੍ਰਗਟਾਈ। ਮਹਾਰਾਜੇ ਨੇ ਕਿਹਾ, ‘‘ਤੂੰ ਉਨ੍ਹਾਂ ਨੂੰ ਬੰਦੀ ਬਣਾ ਲੈਂਦਾ। ਡਰਾ ਡਰੂ ਕੇ ਫਿਰ ਭਜਾ ਦਿੰਦਾ। ਇਹੀ ਕਾਫੀ ਸੀ।’’ ਪਸ਼ੂ ਪੰਛੀ ਦੇ ਕਰਾਹੁਣ ਦੀ ਆਵਾਜ਼ ਉਸ ਨੂੰ ਬੇਚੈਨ ਕਰ ਦਿੰਦੀ। ਫਰਾਂਸੀਸੀ ਯਾਤਰੂ ਜੈਕਮੋਂਟ ਲਿਖਦਾ ਹੈ, ‘‘ਜੇ ਰਣਜੀਤ ਸਿੰਘ ਫ਼ੈਸਲਾ ਕਰ ਲਏ ਕਿ ਕੁਝ ਦਿਨ ਪੰਜਾਬ ਤੋਂ ਬਾਹਰ ਗੁਜਾਰਨੇ ਹਨ ਤਦ ਅਫਗਾਨਿਸਤਾਨ ਜਿੱਤ ਲੈਣਾ ਉਸ ਲਈ ਕੋਈ ਮੁਸ਼ਕਿਲ ਨਹੀਂ।”
1808 ਵਿਚ ਬੰਗਾਲ ਰਜਮੈਂਟ ਦਾ ਇਕ ਅਫਸਰ ਮਹਾਰਾਜੇ ਨੂੰ ਮਿਲਣ ਆਇਆ ਲਿਖਦਾ ਹੈ, ‘‘ਕਿਲੇ ਦੇ ਆਲੇ ਦੁਆਲੇ ਉਚੀ ਕੰਧ ਨਹੀਂ ਹੈ। ਉਸ ਨੂੰ ਮਿਲਣ ਲਈ ਮੁਸ਼ਕਲ ਨਹੀਂ ਆਈ, ਵਧੀਕ ਸੁਰੱਖਿਆ ਸੈਨਿਕ ਤੈਨਾਤ ਨਹੀਂ ਸਨ। ਉਹ ਮੈਨੂੰ ਇਕ ਹਾਲ ਵਿਚ ਲੈ ਗਿਆ ਜਿਹੜਾ ਸੌ ਫੁੱਟ ਲੰਮਾ ਸੀ ਤੇ ਛੱਤ ਵਿਚ ਸ਼ੀਸ਼ੇ ਜੜੇ ਹੋਏ ਸਨ। ਕਾਫੀ ਸਾਰੇ ਸ਼ੀਸ਼ੇ ਟੁੱਟੇ ਹੋਏ ਦੇਖ ਕੇ ਮੈਂ ਪੁੱਛਿਆ ਕਿ ਇਹ ਕਿਵੇਂ ਟੁੱਟ ਗਏ? ਉਸ ਨੇ ਦੱਸਿਆ, ‘‘ਸਿੱਖਾਂ ਨੇ ਬੰਦੂਕਾਂ ਕਦੀ ਵਰਤੀਆਂ ਨਹੀਂ ਸਨ। ਜਦੋਂ ਹੱਥ ਆ ਗਈਆਂ ਤਾਂ ਇਥੇ ਸ਼ੀਸ਼ਿਆਂ ਤੇ ਨਿਸ਼ਾਨੇ ਲਾ ਕੇ ਦੇਖਦੇ। ਮੈਂ ਮਨ੍ਹਾਂ ਕੀਤਾ। ਉਨ੍ਹਾਂ ਨੇ ਤਾਂ ਸਾਰੇ ਸ਼ੀਸ਼ੇ ਤੋੜ ਦੇਣੇ ਸਨ।’’
ਉਸ ਦੀ ਸਾਦਗੀ ਅੱਗੇ ਹਕੂਮਤਾਂ ਦੀ ਸਜ ਧਜ, ਸ਼ਾਨ-ਸ਼ੌਕਤ ਮੱਠੀ ਪੈ ਜਾਂਦੀ ਸੀ। ਇਕ ਅਮਰੀਕਨ ਪਾਦਰੀ ਜਾਨ ਲੋਰੀ ਲਾਹੌਰ ਆਇਆ ਤੇ ਮਹਾਰਾਜੇ ਪਾਸ ਸੁਝਾਅ ਰੱਖਿਆ ਕਿ ਅੰਗਰੇਜ਼ੀ ਸਕੂਲ ਖੋਲ੍ਹਣ ਦੀ ਆਗਿਆ ਦਿਉ। ਮਹਾਰਾਜੇ ਦੀ ਵੀ ਇੱਛਾ ਸੀ ਕਿ ਉਸ ਦੇ ਤੇ ਉਸ ਦੇ ਵਜ਼ੀਰਾਂ ਜਰਨੈਲਾਂ ਦੇ ਬੱਚੇ ਅੰਗਰੇਜ਼ੀ ਸਿੱਖਣ ਤੇ ਹੋਰਨਾਂ ਵਿਦਿਆਵਾਂ ਵਿਚ ਨਿਪੁੰਨ ਹੋਣ। ਪਾਦਰੀ ਨੂੰ ਕਿਹਾ ਕਿ ਲਾਹੌਰ ਦੇ ਆਸ ਪਾਸ ਜਿਹੜੀ ਥਾਂ ਚੰਗੀ ਲਗਦੀ ਹੈ ਤੇ ਜਿੰਨੀ ਚਾਹੀਦੀ ਹੈ, ਸਰਵੇ ਕਰ ਆਉ, ਉਹ ਦੇ ਦਿਆਂਗਾ। ਫਿਰ ਪਾਦਰੀ ਨੇ ਉਸਾਰੀ ਦੇ ਖਰਚ ਬਾਬਤ ਗੱਲ ਤੋਰੀ ਤਦ ਉਹ ਸਵੀਕਾਰ ਕਰ ਲਈ ਗਈ। ਪਾਦਰੀ ਨੇ ਕਿਹਾ ਕਿ ਸਟਾਫ ਉਹ ਆਪਣੀ ਮਰਜ਼ੀ ਦਾ ਰੱਖੇਗਾ ਤੇ ਤਨਖਾਹ ਸਰਕਾਰ ਦਏਗੀ। ਇਹ ਵੀ ਮੰਨ ਲਿਆ ਗਿਆ। ਮਹਾਰਾਜੇ ਨੇ ਪੁੱਛਿਆ, ਪਰ ਇਸ ਸਕੂਲ ਵਿਚ ਅੰਗਰੇਜ਼ੀ ਪੜਾਉਗੇ, ਬਾਈਬਲ ਤਾਂ ਨਹੀਂ?’’ ਪਾਦਰੀ ਨੇ ਕਿਹਾ, ‘‘ਬਾਈਬਲ ਤਾਂ ਜੀ ਲਾਜ਼ਮੀ ਪੜਾਵਾਂਗੇ।’’ ਮਹਾਰਾਜੇ ਨੇ ਕਿਹਾ, ‘‘ਪਾਦਰੀ ਜੀ, ਕੀ ਤੁਸੀਂ ਮੈਨੂੰ ਪੂਰਾ ਬੇਵਕੂਫ ਸਮਝਦੇ ਹੋ?’’ ਸਕੂਲ ਖੋਲ੍ਹਣ ਦੀ ਸਾਰੀ ਵਿਉਂਤ ਖਤਮ ਬੇਸ਼ਕ ਕਰ ਦਿੱਤੀ ਪਰ ਫਿਰ ਵੀ 5 ਮਾਰਚ 1835 ਨੂੰ ਮਹਾਰਾਜੇ ਨੇ ਵਿਦਾ ਕਰਨ ਵਕਤ ਜਾਨ ਲੋਰੀ ਨੂੰ ਅਨਮੋਲ ਵਸਤਾਂ ਭੇਟ ਕਰਕੇ ਪੂਰੇ ਸਤਿਕਾਰ ਨਾਲ ਤੋਰਿਆ।
ਕੈਪਟਨ ਵੇਡ ਨੇ 1831 ਵਿਚ ਮਹਾਰਾਜੇ ਦੀ ਕਾਰਜਸ਼ੈਲੀ ਦੇਖੀ ਤੇ ਇਸ ਨੂੰ ਕਲਮਬੱਧ ਕੀਤਾ। ਉਸ ਨੇ ਦਸਿਆ ਹੈ ਕਿ ਮਹਾਰਾਜਾ ਪੰਜ ਵਜੇ ਸਵੇਰੇ ਉਠਦਾ ਤੇ ਘੋੜੇ ਦੀ ਸਵਾਰੀ ਕਰਦਾ ਹੈ। ਨਾਸ਼ਤਾ ਬਹੁਤੀ ਵਾਰ ਘੋੜੇ ਦੀ ਪਿਠ ਉਪਰ ਸਵਾਰੀ ਕਰਦਿਆਂ ਹੀ ਕਰ ਲੈਂਦਾ ਹੈ। ਨੌ ਵਜੇ ਵਾਪਸ ਮਹਿਲ ਵਿਚ ਪਰਤਦਾ ਤੇ ਕੰਮਾਂ ਕਾਜਾਂ ਵਿਚ ਰੁਝ ਜਾਂਦਾ ਹੈ। ਫ਼ੈਸਲੇ ਸੁਣਾਉਂਦਾ, ਲੇਖਾ ਜੋਖਾ ਪੁੱਛਦਾ ਤੇ ਦਫ਼ਤਰ ਨੂੰ ਹਦਾਇਤਾਂ ਜਾਰੀ ਕਰਦਾ ਹੈ। ਦੁਪਹਿਰ ਇਕ ਘੰਟਾ ਆਰਾਮ ਕਰਦਾ ਹੈ। ਹਰ ਵਕਤ ਉਸ ਦਾ ਸਕੱਤਰ ਹੁਕਮ ਪ੍ਰਾਪਤ ਕਰਨ ਵਾਸਤੇ ਨਾਲ ਰਹਿੰਦਾ ਹੈ। ਬਾਅਦ ਦੁਪਹਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਦਾ, ਕੀਰਤਨ ਸੁਣਦਾ ਤੇ ਵਾਪਸ ਕੋਰਟ ਵਿਚ ਪਰਤ ਕੇ ਸ਼ਾਮ ਦੇਰ ਤਕ ਕੰਮ ਕਰਦਾ ਹੈ। ਆਪਣੇ ਬਿਸਤਰ ਵਲ ਤਕਰੀਬਰਨ 9 ਵਜੇ ਜਾਂਦਾ ਹੈ। ਪਰ ਇਹ ਰੁਟੀਨ ਬਿਲਕੁਲ ਇਸ ਤਰ੍ਹਾਂ ਪੱਕਾ ਨਹੀਂ। ਸਹੀ ਇਹ ਹੈ ਕਿ ਦਿਨ ਰਾਤ ਉਹ ਸਟੇਟ ਪ੍ਰਤੀ ਫ਼ਰਜ਼ ਨਿਭਾਉਣ ਲਈ ਤਿਆਰ ਬਰ ਤਿਆਰ ਰਹਿੰਦਾ ਹੈ। ਕਈ ਵਾਰ ਤਾਂ ਦੇਰ ਰਾਤ ਮੰਜੇ ਤੇ ਆਰਾਮ ਕਰਦਿਆਂ ਵੀ ਜੇ ਉਸ ਦੇ ਮਨ ਵਿਚ ਕੋਈ ਖਾਸ ਵਿਚਾਰ ਆ ਜਾਏ ਤਾਂ ਆਪਣੇ ਸਕੱਤਰ ਜਾਂ ਰਾਜਾ ਧਿਆਨ ਸਿੰਘ ਨੂੰ ਹੁਕਮ ਦਿੰਦਾ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਇਹ ਕੰਮ ਮੁਕੰਮਲ ਹੋਣਾ ਚਾਹੀਦਾ ਹੈ।
ਚਾਰਲਸ ਗ਼ਫ ਲਿਖਦਾ ਹੈ ਕਿ ਏਸ਼ੀਅਨ ਰਾਜਿਆਂ ਵਿਚੋਂ ਉਹ ਇਸ ਗੱਲੋਂ ਉੱਤਮ ਸੀ ਕਿ ਉਸ ਨੂੰ ਆਪਣੀ ਸੀਮਾ ਅਤੇ ਸਮਰੱਥਾ ਦੋਹਾਂ ਦਾ ਸਹੀ ਗਿਆਨ ਸੀ। ਦੁਸ਼ਮਣ ਨਾਲ ਉਹ ਉਦੋਂ ਤੱਕ ਪੰਗਾ ਨਹੀਂ ਲੈਂਦਾ ਸੀ ਜਦੋਂ ਤੱਕ ਉਸ ਨੂੰ ਇਹ ਵਿਸ਼ਵਾਸ਼ ਨਹੀਂ ਹੋ ਜਾਂਦਾ ਸੀ ਕਿ ਜਿੱਤ ਯਕੀਨਨ ਮੇਰੀ ਹੋਵੇਗੀ। ਉਹ ਦੂਜਾ ਕਦਮ ਉਠਾਉਂਦਾ ਹੀ ਨਹੀਂ ਸੀ ਜਦੋਂ ਤੱਕ ਜਾਣ ਨਹੀਂ ਲੈਂਦਾ ਸੀ ਕਿ ਪਹਿਲਾ ਕਦਮ ਪੱਕਾ ਟਿਕ ਗਿਆ ਹੈ। ਏਨਾ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਹੰਕਾਰਿਆ ਨਹੀਂ। ਲਗਾਤਾਰ ਚੇਤੰਨ ਰਹਿੰਦਾ ਸੀ ਕਿ ਵਿਸ਼ੇਸ਼ ਕਰਕੇ ਸਿੱਖ ਪਰੰਪਰਾਵਾਂ ਵੱਲ ਅਵੱਗਿਆ ਨਾ ਹੋ ਜਾਵੇ ਕਿਉਂਕਿ ਉਸ ਨੂੰ ਸਿੱਖਾਂ ਦੇ ਸਿਦਕ ਅਤੇ ਸੁਭਾਅ ਦੀ ਜਾਣਕਾਰੀ ਸੀ। ਆਪਣੀ ਮਰਜ਼ੀ ਨਹੀਂ ਠੋਸਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਖਾਲਸਾ ਕੇਵਲ ਗੁਰੂ ਦੀ ਤਾਬਿਆਦਾਰੀ ਕਬੂਲਦਾ ਹੈ ਹੋਰ ਕਿਸੇ ਦੀ ਨਹੀਂ। ਕਦੀ ਕਦਾਈਂ ਸਿੱਖ ਉਸ ਨੂੰ ਜ਼ਰੂਰ ਬੁਰਾ ਭਲਾ ਬੋਲ ਲੈਂਦੇ ਸਨ ਪਰ ਉਹ ਬਰਦਾਸ਼ਤ ਕਰਦਾ ਸੀ। ਆਪਣੇ ਉਪਰ ਹੋਏ ਹਥਿਆਰਬੰਦ ਹੱਲੇ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦਾ ਸੀ।
ਮਹਾਰਾਜੇ ਨੇ ਲਾਰੰਸ ਨੂੰ ਆਪਣੇ ਬਾਰੇ ਜੋ ਸ਼ਬਦ ਕਹੇ ਉਹ ਹਨ, ‘‘ਹਮਦਰਦੀ ਅਨੁਸ਼ਾਸਨ ਅਤੇ ਨੀਤੀਆਂ ਰਾਹੀਂ ਮੈਂ ਆਪਣੀ ਸਰਕਾਰ ਸਥਿਰ ਬਣਾਈ। ਜਿਥੇ ਕਿਤੇ ਮੈਨੂੰ ਬਹਾਦਰੀ ਅਤੇ ਸਿਆਣਪ ਵਰਗੇ ਗੁਣ ਨਜ਼ਰੀਂ ਪਏ ਮੈਂ ਉਨ੍ਹਾਂ ਨੂੰ ਉਤੇ ਚੁੱਕ ਦਿਤਾ ਤੇ ਖਤਰਿਆਂ ਵਿਚ ਆਪ ਕਿਸੇ ਤੋਂ ਪਿਛੇ ਨਹੀਂ ਰਿਹਾ। ਬਰਾਬਰ ਲੜਿਆ ਬਰਾਬਰ ਥੱਕਿਆ। ਮੈਦਾਨ ਅਤੇ ਦਰਬਾਰ ਵਿਚ ਮੈਂ ਪੱਖਪਾਤ ਵਲੋਂ ਅੱਖਾਂ ਬੰਦ ਰਖੀਆਂ ਤੇ ਨਿੱਜੀ ਆਰਾਮ ਵੱਲ ਧਿਆਨ ਘੱਟ ਦਿਤਾ। ਗੁਰੂ ਅਕਾਲ ਪੁਰਖ ਮੇਰੇ ਉਪਰ ਮਿਹਰਬਾਨ ਰਿਹਾ ਤੇ ਇਸ ਸੇਵਕ ਉਪਰ ਏਨੀ ਦਇਆ ਕੀਤੀ ਕਿ ਮੇਰੇ ਰਾਜ ਦੀਆਂ ਹੱਦਾਂ ਚੀਨ ਅਤੇ ਅਫਗਾਨਿਸਤਾਨ ਨੂੰ ਛੂੰਹਦੀਆਂ ਹਨ।’’
27 ਜੂਨ 1839 ਨੂੰ 59 ਸਾਲ ਦੀ ਉਮਰ ਵਿਚ ਉਹ ਸੰਸਾਰ ਤੋਂ ਵਿਦਾ ਹੋਇਆ।
ਸਹਾਇਕ ਪੁਸਤਕ ਸੂਚੀ
ਮਹਾਰਾਜਾ ਰਣਜੀਤ ਸਿੰਘ ਬਾਬਤ ਰਚਿਤ ਸਾਹਿਤ ਦੀ ਕੋਈ ਕਮੀ ਨਹੀਂ। ਉਸ ਦੇ ਸਮਕਾਲੀਆਂ ਤੋਂ ਲੈ ਕੇ ਹੁਣ ਤੱਕ ਇਤਿਹਾਸਕਾਰਾਂ ਨੇ ਬੜੀ ਮਿਹਨਤ ਨਾਲ ਉਸ ਬਾਰੇ ਕੀਮਤੀ ਦਸਤਾਵੇਜ਼ ਤਿਆਰ ਕੀਤੇ ਹਨ। ਉਸ ਬਾਰੇ ਸਾਰੇ ਸਾਹਿਤ ਦਾ ਵੇਰਵਾ ਦੇਣਾ ਨਾ ਸੰਭਵ ਹੈ, ਨਾ ਇਸ ਦੀ ਵਧੀਕ ਲੋੜ ਹੈ। ਕੇਵਲ ਮਹੱਤਵਪੂਰਨ ਕਿਤਾਬਾਂ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ:
ਮੁਹੰਮਦ ਲਤੀਫ, ਹਿਸਟਰੀ ਆਫ ਦੀ ਪੰਜਾਬ (ਅਨੁ.)/ਲੈਪਲ ਗਿ੍ਰਫਿਨ, ਰਣਜੀਤ ਸਿੰਘ/ਗਿ. ਗਿਆਨ ਸਿੰਘ, ਤਵਾਰੀਖ ਗੁਰੂ ਖਾਲਸਾ/ਸੋਹਨ ਲਾਲ ਸੂਰੀ, ਉਮਦਾਤ-ਉਤਤਵਾਰੀਖ/ ਖੁਸ਼ਵਕਤ ਰਾਇ, ਤਵਾਰੀਖਿ ਸਿੱਖਾਂ/ਜੀ.ਸੀ. ਸਮਿੱਥ, ਏ ਹਿਸਟਰੀ ਆਫ ਦੀ ਰੀਨਿੰਗ ਫੈਮਿਲੀ ਆਫ਼ ਲਾਹੌਰ/ਅਲਾਉਦੀਨ ਮੁਫਤੀ, ਇਬਰਤਨਾਮਾ/ਗਨੇਸ਼ਦਾਸ ਬਡੇਹਰਾ, ਚਹਾਰ ਬਾਗ਼ਿ ਪੰਜਾਬ/ਬੂਟੇਸ਼ਾਹ, ਤਾਰੀਖਿ ਪੰਜਾਬ/ਜੇਮਜ਼ ਬ੍ਰਾਊਨ, ਹਿਸਟਰੀ ਆਫ਼ ਦੀ ਉਰਿਜਨ ਐਂਡ ਪ੍ਰੋਗਰੈਸ ਆਫ ’ਦ ਸਿੱਖਸ/ਅਮਰਨਾਥ, ਜ਼ਫਰਨਾਮਾ ਇ ਰਣਜੀਤ ਸਿੰਘ/ ਫੋਰਸਟਰ, ਏ ਜਰਨੀ ਫਰਾਮ ਬੰਗਾਲ ਟੂ ਇੰਗਲੈਂਡ/ਚਾਰਲਸ ਗਫ, ਦਿ ਸਿੱਖਸ ਐਂਡ ਦਿ ਸਿੱਖ ਵਾਰਜ਼/ਬਾਰਨ ਹਿਊਗਲ, ਟਰੈਵਲਜ਼ ਇਨ ਕਸ਼ਮੀਰ ਐਂਡ ਪੰਜਾਬ/ਫਕੀਰ ਵਹੀਦੁੱਦੀਨ, ਦਿ ਰੀਅਲ ਰਣਜੀਤ ਸਿੰਘ/ਡਬਲਿਊ. ਜੀ. ਔਸਬੌਰਨ, ਦੀ ਕੋਰਟ ਐਂਡ ਕੈਂਪ ਆਫ ਰਣਜੀਤ ਸਿੰਘ।
ਡਾ.ਹਰਪਾਲ ਸਿੰਘ ਪੰਨੂ