73 views 0 secs 0 comments

ਮਹਾਰਾਜਾ ਰਣਜੀਤ ਸਿੰਘ ਦਾ ਧਾਰਮਿਕ ਪਿਆਰ

ਲੇਖ
June 29, 2025

ਮਹਾਰਾਜਾ ਰਣਜੀਤ ਸਿੰਘ ਦੇ ਮਨ ਵਿਚ ਧਰਮ ਲਈ ਡੂੰਘਾ ਪਿਆਰ ਸੀ। ਆਪ ਨੇ ਲੱਖਾਂ ਰੁਪਏ ਦੀਆਂ ਜਾਗੀਰਾਂ ਗੁਰਦਵਾਰਿਆਂ ਦੀ ਰੌਣਕ ਵਧਾਉਣ ਲਈ ਉਨ੍ਹਾਂ ਨਾਲ ਲਵਾਈਆਂ ਹੋਈਆਂ ਸਨ। ਇਹ ਜਾਗੀਰਾਂ ਅੱਜ ਤੱਕ ਇਨ੍ਹਾਂ ਗੁਰਧਾਮਾਂ ਨਾਲ ਲੱਗੀਆਂ ਆ ਰਹੀਆਂ ਹਨ। ਰਾਜ ਭਾਗ ਦੀ ਪਿਆਰੀ ਤੋਂ ਪਿਆਰੀ ਚੀਜ਼ ਆਪਣੇ ਨਾਮ ਨਾਲ ਲਾਉਣ ਦੀ ਥਾਂ ਸਤਿਗੁਰਾਂ ਦੇ ਨਾਮ ਨਾਲ ਲਾਉਣ ਵਿਚ ਆਪ ਨੂੰ ਵੱਧ ਤੋਂ ਵੱਧ ਖੁਸ਼ੀ ਪ੍ਰਾਪਤ ਹੁੰਦੀ ਸੀ, ਜਿਹਾ ਕਿ ਨਾਨਕ ਸ਼ਾਹੀ, ਜ਼ਰਬ, ਸ੍ਰੀ ਅੰਮ੍ਰਿਤਸਰ ਕਿਲੇ ਦਾ ਨਾਮ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਪਰ ਗੋਬਿੰਦ ਗੜ੍ਹ ਅਤੇ ਇਥੋਂ ਦੇ ਪ੍ਰਸਿਧ ਬਾਗ਼ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਪਰ ਰਾਮਬਾਗ ਰੱਖਿਆ। ਡਾਕਟਰ ਮੈਕਗੈਗਰ ਲਿਖਦਾ ਹੈ ਕਿ ਸ਼ੇਰਿ ਪੰਜਾਬ ਨੇ ਪਿਛਲੇ ਸਾਲ (ਸੰਮਤ ੧੮੭੨ ਬਿ:) ਵਿਚ ਪੰਜਾਹ ਹਜ਼ਾਰ ਰੁਪਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਪਾਲਕੀ ਬਣਵਾਉਣ ਵਾਸਤੇ ਦਿੱਤਾ ਸੀ। ਇਕ ਹੋਰ ਲਿਖਤ ਪੰਜਾਬ ਗੌਰਮਿੰਟ ਦੇ ਰੀਕਾਰਡਜ਼ ਸਾਲ ੧੮੪੭-੪੮ ਦੇ ਸਫ਼ਾ ੩੭੨ ਪਰ ਮਿਲਦੀ ਹੈ, ਜਿਸ ਵਿਚ ਲਿਿਖਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਬਾਰਾਂ ਲੱਖ ਰੁਪਇਆ ਸਾਲਾਨਾ ਧਾਰਮਕ ਤੇ ਪੰਥਕ ਕੰਮਾਂ ਦੀ ਉੱਨਤੀ ਲਈ ਖ਼ਰਚ ਕਰਦਾ ਹੁੰਦਾ ਸੀ। ਇਸ ਤੋਂ ਛੁਟ ਵੀਹ ਲੱਖ ਰੁਪਏ ਸਾਲਾਨਾ ਆਮਦਨੀ ਦੀਆਂ ਜਾਗੀਰਾਂ, ਸ਼ੇਰਿ ਪੰਜਾਬ ਵਲੋਂ ਗੁਰਦਵਾਰਿਆਂ ਤੇ ਸਾਹਿਬਜ਼ਾਦਿਆਂ ਦੇ ਨਾਮ ਪਰ ਲਾਈਆਂ ਗਈਆਂ ਸਨ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਅਜੇ ਤੱਕ ਗੁਰਦਵਾਰਿਆਂ ਨਾਲ ਕਾਇਮ ਚਲੀਆਂ ਆਉਂਦੀਆਂ ਹਨ।
ਮੁਕਦੀ ਗੱਲ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਸਮੇਂ ਦੀ ਇਕ ਮਹਾਨ ਹਸਤੀ ਹੋਏ ਹਨ, ਜਿਸ ਵਿਚ ਇੰਨੇ ਅਨੰਤ ਗੁਣ ਸਨ ਜਿਸ ਦੇ ਕਾਰਨ ਆਪ ਦਾ ਨਾਮ ਸਦਾ ਲਈ ਸੰਸਾਰ ਪਰ ਅਟੱਲ ਰਹੇਗਾ।

ਬਾਬਾ  ਪ੍ਰੇਮ ਸਿੰਘ ਹੋਤੀ