-ਡਾ. ਗੁਰਪ੍ਰੀਤ ਸਿੰਘ
ਨਾਭਾ ਰਿਆਸਤ ਦਾ ਇਹ ਮਹਾਰਾਜਾ ਸਿੱਖੀ ਮਰਿਯਾਦਾ ਵਿਚ ਪ੍ਰਪੱਕ ਸਿੱਖ ਸੀ। ਰਿਪੁਦਮਨ ਸਿੰਘ ਦਾ ਜਨਮ ਨਾਭਾ-ਪਤਿ ਮਹਾਰਾਜਾ ਹੀਰਾ ਸਿੰਘ ਦੇ ਘਰ ਮਹਾਰਾਣੀ ਜਸਮੇਰ ਕੌਰ ਦੀ ਕੁੱਖ ੪ ਮਾਰਚ, ੧੮੮੩ ਈ. ਵਿਚ ਨਾਭੇ ਦੇ ਹੀਰਾ ਮਹਲ ਵਿਖੇ ਹੋਇਆ।
ਇਸ ਦੀ ਸਿੱਖਿਆ ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੀ ਨਿਗਰਾਨੀ ਹੇਠ ਹੋਈ। ਰਿਪੁਦਮਨ ਸਿੰਘ ਦਾ ਪਹਿਲਾ ਵਿਆਹ ੧੯੦੧ ਈ. ਵਿਚ ਗੁਰਦਿਆਲ ਸਿੰਘ ਮਾਨ ਦੀ ਸਪੁੱਤਰੀ ਜਗਦੀਸ਼ ਕੌਰ ਨਾਲ ਅਤੇ ਦੂਸਰਾ ਵਿਆਹ ਮੇਜਰ ਪ੍ਰੇਮ ਸਿੰਘ ਰਾਏ ਪੁਰੀਏ ਦੀ ਸਪੁੱਤਰੀ ਬੀਬੀ ਸਰੋਜਨੀ ਦੇਵੀ ਨਾਲ ਹੋਇਆ। ੧੯੦੬ ਈ. ਤੋਂ ੧੯੦੮ ਈ. ਤਕ ਟਿੱਕਾ ਰਿਪੁਦਮਨ ਸਿੰਘ ਗਵਰਨਰ ਜਨਰਲ ਦੀ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਰਹੇ। ਇਸ ਸਮੇਂ ਹੀ ਆਪ ਨੇ ਸਿੱਖ ਧਰਮ ਦੀ ਸੇਵਾ ਹਿਤ ‘ਅਨੰਦ ਮੈਰਿਜ ਬਿਲ’ ਤਿਆਰ ਕਰਵਾਇਆ ਜੋ ਬਾਅਦ ਵਿਚ ਐਕਟ ਬਣ ਗਿਆ। ੧੯੧੨ ਈ. ਵਿਚ ਮਾ. ਹੀਰਾ ਸਿੰਘ ਦੀ ਮੌਤ ਤੋਂ ਬਾਅਦ ਰਾਜ ਗੱਦੀ ਸੰਭਾਲਣ ਮੌਕੇ ਅੰਗਰੇਜ਼ੀ ਕਨੂੰਨ ਦੇ ਉਲਟ ਕਿਸੇ ਅੰਗਰੇਜ਼ ਅਧਿਕਾਰੀ ਹੱਥੋਂ ਤਾਜਪੋਸ਼ੀ ਕਰਾਉਣ ਦੀ ਥਾਂ ‘ਤੇ ਸਿੱਖ ਰੀਤੀ ਨਾਲ ਤਾਜ਼-ਪੋਸ਼ੀ ਕਰਵਾਈ। ਇਸ ਕਾਰਨ ਇਹ ਅੰਗਰੇਜ਼ਾਂ ਦੀਆਂ ਅੱਖਾਂ ਵਿਚ ਰੜਕਣ ਲੱਗ ਪਿਆ ਸੀ। ਇਸ ਮਹਾਰਾਜੇ ਨੇ ੧੯੧੪-੧੫ ਈ. ਵਿਚ ਗ਼ਦਰੀ ਦੇਸ਼ ਭਗਤਾਂ ਨਾਲ ਵੀ ਹਮਦਰਦੀ ਰੱਖੀ ਸੀ। ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਮਹਾਰਾਜਾ ਸਾਹਿਬ ਨੇ ਕਾਲੀ ਦਸਤਾਰ ਰੋਸ ਵਜੋਂ ਸਜਾਈ ਤੇ ਨਾਭਾ ਰਿਆਸਤ ੫ ਅਪ੍ਰੈਲ, ੧੯੨੧ ਈ. ਨੂੰ ਬੰਦ ਰੱਖੀ ਗਈ ਸੀ। ਅੰਗਰੇਜ਼ ਸਰਕਾਰ ਇਨ੍ਹਾਂ ਕਾਰਵਾਈਆਂ ਕਾਰਨ ਮਹਾਰਾਜੇ ਤੋਂ ਔਖੀ ਸੀ। ਪਟਿਆਲਾ ਦੇ ਨਰੇਸ਼ ਭੁਪਿੰਦਰ ਸਿੰਘ ਨਾਲ ਘਰੋਗੀ ਝਗੜੇ ਨੂੰ ਅੰਗਰੇਜ਼ਾਂ ਨੇ ਅੰਦਰਖਾਤੇ ਮਹਾਰਾਜਾ ਰਿਪੁਦਮਨ ਸਿੰਘ ਦੇ ਵਿਰੋਧ ਵਿਚ ਵਰਤਿਆ। ੧੯੨੨ ਈ. ਵਿਚ ਅਲਾਹਾਬਾਦ ਹਾਈਕੋਰਟ ਨੇ ਰਿਪੁਦਮਨ ਸਿੰਘ ਦੇ ਵਿਰੁੱਧ ਫੈਸਲਾ ਦਿੱਤਾ। ਜੁਲਾਈ ੧੯੨੩ ਈ. ਵਿਚ ਮਹਾਰਾਜਾ ’ਤੇ ਦਬਾਅ ਪਾ ਕੇ ਗੱਦੀ ਛੁਡਵਾ ਲਈ ਗਈ ਤੇ ਤਿੰਨ ਲੱਖ ਸਾਲਾਨਾ ਗੁਜ਼ਾਰਾ ਦੇ ਕੇ ਦੇਹਰਾਦੂਨ ਭੇਜ ਦਿੱਤਾ। ਇਸ ਸਭ ਕਾਰਵਾਈ ਨਾਲ ਸਿੱਖ ਕੌਮ ਵਿਚ ਭਾਰੀ ਰੋਸ ਫੈਲ ਗਿਆ। ਸਿੱਖਾਂ ਨੇ ਜੈਤੋ ਦਾ ਮੋਰਚਾ ਲਗਾਇਆ। ਪੰਜ ਸਾਲ ਦੇ ਲਗਭਗ ਰਿਪੁਦਮਨ ਸਿੰਘ ਜੀ ਦੇਹਰਾਦੂਨ ਰਹੇ। ਇਕ ਵਾਰ ਹਜੂਰ ਸਾਹਿਬ ਗਏ ਤਾਂ ਅੰਮ੍ਰਿਤ ਛਕ ਕੇ ਰਿਪੁਦਮਨ ਸਿੰਘ ਤੋਂ ਗੁਰਬਚਨ ਸਿੰਘ ਬਣ ਗਏ। ਸਰਕਾਰ ਇਸ ਮਹਾਰਾਜੇ ਤੋਂ ਏਨਾ ਡਰ ਗਈ ਸੀ ਕਿ ਉਨ੍ਹਾਂ ਨੇ ਦੇਹਰਾਦੂਨ ਤੋਂ ਮਦਰਾਸ ਦੇ ਇਲਾਕੇ ਕੋਡਾਈ ਕਨਾਲ ਭੇਜ ਦਿੱਤਾ। ਇਥੇ ਗੁਜ਼ਾਰੇ ਦੀ ਰਕਮ ਤਿੰਨ ਲੱਖ ਤੋਂ ਘਟਾ ਕੇ ਇਕ ਲੱਖ ਵੀਹ ਹਜ਼ਾਰ ਸਲਾਨਾ ਕਰ ਦਿੱਤੀ ਤੇ ਮਹਾਰਾਜਾ ਪਦ ਵੀ ਖੋਹ ਲਿਆ । ਕੋਡਾਈ (ਮਦਰਾਸ) ਵਿਖੇ ਹੀ ਇਹ ਮਹਾਰਾਜਾ ੧੯੪੩ ਈ. ਵਿਚ ਅਕਾਲ ਚਲਾਣਾ ਕਰ ਗਿਆ। ਇਸ ਸਿੱਖ ਮਹਾਰਾਜੇ ਨੂੰ ਅੰਗਰੇਜ਼ ਕਦੀ ਵੀ ਸਿੱਖ ਧਰਮ ਤੇ ਅਣਖ ਵਿਰੁੱਧ ਨਿਵਾ ਨਾ ਸਕੇ। ਸਿੱਖ ਇਤਿਹਾਸ ਵਿਚ ਮਹਾਰਾਜਾ ਰਿਪੁਦਮਨ ਸਿੰਘ ਦਾ ਨਾਮ ਹਮੇਸ਼ਾ ਅਮਰ ਰਹੇਗਾ।