ਮਹਾਰਾਸ਼ਟਰ ਸਰਕਾਰ ਵੱਲੋਂ ‘ਅਨੰਦ ਮੈਰਿਜ ਐਕਟ’ ਨੂੰ ਮਾਨਤਾ, ਸਿੱਖ ਪਛਾਣ ਹੋਈ ਹੋਰ ਮਜ਼ਬੂਤ

ਮਹਾਰਾਸ਼ਟਰ ਸਰਕਾਰ ਨੇ ਸਿੱਖ ਵਿਆਹਾਂ ਨੂੰ ਵੱਖਰੀ ਕਾਨੂੰਨੀ ਪਛਾਣ ਦੇਣ ਲਈ ‘ਅਨੰਦ ਮੈਰਿਜ ਐਕਟ’ ਨੂੰ ਰਾਜ ਵਿੱਚ ਲਾਗੂ ਕਰ ਦਿੱਤਾ ਹੈ। ਇਸ ਫੈਸਲੇ ਨਾਲ ਸਿੱਖ ਧਰਮ ਦੀ ਵਿਲੱਖਣਤਾ ਨੂੰ ਹੋਰ ਮਜ਼ਬੂਤੀ ਮਿਲੇਗੀ, ਜਿਸ ਕਾਰਨ ਹੁਣ ਸਿੱਖ ਵਿਆਹ ਹਿੰਦੂ ਮੈਰਿਜ ਐਕਟ ਦੀ ਥਾਂ ‘ਆਨੰਦ ਮੈਰਿਜ ਐਕਟ’ ਅਧੀਨ ਦਰਜ ਹੋਣਗੇ।

ਸਿੱਖ ਧਰਮ ਦੀ ਆਪਣੀ ਵਿਲੱਖਣ ਪਰੰਪਰਾ ਹੈ, ਜਿਸ ਵਿੱਚ ਵਿਆਹ ‘ਅਨੰਦ ਕਾਰਜ’ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਾਵਾਂ ਪੜ੍ਹ ਕੇ ਕਰਵਾਇਆ ਜਾਂਦਾ ਹੈ। ਪਹਿਲਾਂ, ਸਿੱਖ ਵਿਆਹ ਹਿੰਦੂ ਮੈਰਿਜ ਐਕਟ 1955 ਅਧੀਨ ਹੀ ਦਰਜ ਹੁੰਦੇ ਸਨ ਜਿਸ ਕਾਰਨ ਸਿੱਖ ਵਿਆਹਾਂ ਦੀ ਕੋਈ ਵੱਖਰੀ ਕਾਨੂੰਨੀ ਪਛਾਣ ਨਹੀਂ ਸੀ। ਅਨੰਦ ਮੈਰਿਜ ਐਕਟ ਦੇ ਲਾਗੂ ਹੋਣ ਨਾਲ ਹੁਣ ਸਿੱਖ ਵਿਆਹਾਂ ਨੂੰ ਵੱਖਰੀ ਪਛਾਣ ਮਿਲੇਗੀ।

ਇਸ ਐਕਟ ਦੀ ਮੰਗ ਲੰਮੇ ਸਮੇਂ ਤੋਂ ਸਿੱਖ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਸੀ। ਸਿੱਖ ਕੌਮ ਮਾਣ ਕਰਦੀ ਹੈ ਕਿ ਉਨ੍ਹਾਂ ਦੀ ਆਪਣੀ ਵਿਆਹ ਪਰੰਪਰਾ ਹੈ ਜੋ ਕਿ ਕਿਸੇ ਹੋਰ ਧਰਮ ਨਾਲ ਨਹੀਂ ਮਿਲਦੀ। ਸਰਕਾਰੀ ਮਾਨਤਾ ਮਿਲਣ ਨਾਲ ਹੁਣ ਸਿੱਖ ਵਿਆਹਾਂ ਦੀ ਕਾਨੂੰਨੀ ਤਸਦੀਕ ਹੋਵੇਗੀ ਅਤੇ ਸਿੱਖ ਪਛਾਣ ਨੂੰ ਹੋਰ ਮਜ਼ਬੂਤੀ ਮਿਲੇਗੀ।

ਅਨੰਦ ਮੈਰਿਜ ਐਕਟ ਹੁਣ ਤੱਕ ਚੰਡੀਗੜ੍ਹ ਸਮੇਤ ਦੇਸ਼ ਦੇ 23 ਰਾਜਾਂ ਵਿੱਚ ਲਾਗੂ ਹੋ ਚੁੱਕਾ ਹੈ ਪਰ ਪੰਜਾਬ, ਜੋ ਕਿ ਸਿੱਖ ਧਰਮ ਦਾ ਕੇਂਦਰ ਹੈ, ਉੱਥੇ ਇਹ ਹਾਲੇ ਤਕ ਲਾਗੂ ਨਹੀਂ ਹੋਇਆ। ਇਹ ਚਿੰਤਾ ਦਾ ਵਿਸ਼ਾ ਹੈ ਕਿ ਜਿੱਥੇ ਸਿੱਖ ਧਰਮ ਨੇ ਜਨਮ ਲਿਆ ਉੱਥੇ ਹੀ ਇਹ ਐਕਟ ਅਜੇ ਤੱਕ ਪ੍ਰਵਾਨ ਨਹੀਂ ਹੋਇਆ।

ਮਹਾਰਾਸ਼ਟਰ ਸਰਕਾਰ ਦੇ ਇਸ ਕਦਮ ਨੂੰ ਸਿੱਖ ਸਮਾਜ ਵੱਲੋਂ ਇੱਕ ਵੱਡੀ ਜਿੱਤ ਵਜੋਂ ਵੇਖਿਆ ਜਾ ਰਿਹਾ ਹੈ। ਇਹ ਕਦਮ ਸਿੱਖ ਧਰਮ ਦੀ ਵਿਲੱਖਣਤਾ ਨੂੰ ਮਜ਼ਬੂਤ ਕਰੇਗਾ ਅਤੇ ਭਵਿੱਖ ਵਿੱਚ ਹੋਰ ਰਾਜ ਵੀ ਇਸ ਐਕਟ ਨੂੰ ਲਾਗੂ ਕਰਨ ਲਈ ਪ੍ਰੇਰਿਤ ਹੋਣਗੇ।