views 15 secs 0 comments

ਮਾਘਿ ਮਹੀਨੇ ਰਾਹੀਂ ਗੁਰ ਉਪਦੇਸ਼

ਲੇਖ
January 14, 2026

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ॥
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ॥
(ਅੰਗ ੧੩੫)

ਬਾਰਹ ਮਾਹਾ ਅਨੁਸਾਰ ਮਾਘਿ ਦਾ ਮਹੀਨਾ ਗਿਆਰਵਾਂ ਮਹੀਨਾ ਹੈ। ਛੇ ਰੁੱਤਾਂ ਦੀ ਵੰਡ ਅਨੁਸਾਰ ‘ਮਾਘਿ ਤੇ ਫਲਗੁਣਿ ਦੋ-ਦੋ ਮਹੀਨਿਆਂ ਦੇ ਸੰਜੋਗ ਨਾਲ ਸਿਸੀਅਰ ਰੁੱਤ ਦੇ ਮਹੀਨੇ ਭਾਵ ਠੰਢੀ ਰੁੱਤ ਦੇ ਮਹੀਨੇ ਹਨ।

‘ਮਹਾਨ ਕੋਸ਼’ ਅਨੁਸਾਰ ਮਾਘ-ਮਘਾ ਨਕੜ ਵਾਲੀ ਪੂਰਨਮਾਸ਼ੀ ਦਾ ਮਹੀਨਾ। ਸ੍ਰੀ ਗੁਰੂ ਗ੍ਰੰਥ ਕੋਸ਼ ਅਨੁਸਾਰ (ਸੰਸਕ੍ਰਿਤ ਮਾਘ) ਮਘਾ ਨਛੱਤਰ ਵਾਲੀ ਪੁੰਨਿਆ ਵਾਲਾ ਮਹੀਨਾ ਹੈ। ‘ਸੰਖਿਆ ਕੋਸ਼’ ਅਨੁਸਾਰ 27 ਨਛੱਤ੍ਰਾਂ ‘ਚੋਂ ਦਸਵਾਂ ਨਛੱਤ੍ਰ ‘ਮਘਾ’ ਹੈ। ਇਸ ਲਈ ਮਘਾ ਨਛੱਤ੍ਰ ਤੋਂ ਹੀ ਮਾਘ ਸ਼ਬਦ ਹੋਂਦ ਵਿਚ ਆਇਆ। ‘ਸਮ ਅਰਥ ਕੋਸ਼’ ਵਿਚ ਇਸ ਦੇ ਸਮਾਨਅਰਥੀ ਸ਼ਬਦ ਤਪਸ, ਤਪਾ, ਮਹ, ਮਕਰ, ਮਾਹ ਆਦਿ ਹਨ। ਪੰਜਾਬੀ ਲੋਕਧਾਰਾ ਵਿਸ਼ਵ ਕੋਸ਼’ ਵਿਚ ਲਿਖਿਆ ਹੈ ਕਿ ਮਾਘ ਮਹੀਨੇ ਨੂੰ ਧਨੀ ਪੋਠੋਹਾਰ ਵਿਚ ‘ਮਾਂਹ’ ਕਹਿੰਦੇ ਹਨ ਤੇ ਇਸ ਮਹੀਨੇ ਸੂਰਜ ਦਾ ਮਕਰ ਰਾਸ਼ੀ ਵਿਚ ਪੈਰ ਪਾਉਣ ਕਰਕੇ, ਇਸ ਨੂੰ ‘ਮਕਰ ਵੀ ਕਿਹਾ ਜਾਂਦਾ ਹੈ।

ਭਾਰਤੀ ਸੱਭਿਆਚਾਰ ਵਿਚ ਕੋਈ ਮਤ ਇਸ ਮਹੀਨੇ ਨੂੰ ਸਭ ਮਹੀਨਿਆਂ ਤੋਂ ਸ਼ੁੱਭਮੰਨਦਾ ਹੈ ਤੇ ਇਸ ਮਹੀਨੇ ਇਸ਼ਨਾਨ ਦਾ ਮਹਾਤਮ ਮੰਨਿਆ ਗਿਆ ਹੈ। ਇਸ ਮਹੀਨੇ ਦੀ ਪੂਰਵ ਸੰਧਿਆ ‘ਤੇ ਲੋਹੜੀ ਅਤੇ ਸ਼ੁਰੂਆਤ ਦਾ ਦਿਨ ਮਾਘੀ ਹੈ, ਭਾਵ ਮਾਘ ਦੀ ਸੰਗਰਾਂਦ। ਪੁਰਾਤਨ ਵਿਚਾਰ ਹਨ ਕਿ ਕੁਝ ਲੋਕ ਇਸ ਮਹੀਨੇ ਤਿਲਾਂ ਦੇ ਪਾਣੀ ਦਾ ਇਸ਼ਨਾਨ, ਤਿਲਾਂ ਦਾ ਵਟਣਾ, ਤਿਲਾਂ ਦਾ ਤੇਲ ਮਲਣਾ, ਤਿਲ ਖਾਣੇ ਜਾਂ ਦਾਨ ਕਰਨੇ ਸ਼ੁੱਭ ਮੰਨਦੇ ਸਨ। ਇਹ ਲੋਕ ਵਿਚਾਰ ਸੀ ਕਿ ਇਸ ਤਿਲ ਫੁੱਲ ਦੇ ਮਹੀਨੇ ਕੀਤਾ ਪੁੰਨ ਦਾਨ ਪਾਪਾਂ ਨੂੰ ਤਿਲ ਤਿਲ ਕਰ ਕੇ ਕੱਟਦਾ ਹੈ। ਉਂਜ ਇਹ ਮਹੀਨਾ ਠੰਢਾ ਹੋਣ ਕਰਕੇ ਇਸ ਮਹੀਨੇ ਤਿਲ ਗਰਮ ਹੋਣ ਕਰਕੇ ਵੱਧ ਤੋਂ ਵੱਧ ਵਰਤੋਂ ਹੁੰਦੀ ਰਹੀ ਹੈ। ਤਿਲਾਂ ਦੀ ਛੇ ਪ੍ਰਕਾਰ ਦੀ ਵਰਤੋਂ ਸਦਕਾ ‘ਛਟਤਿਲਾ’ ਵੀ ਕਿਹਾ ਹੈ। ਇਸ ਮਹੀਨੇ ਹਨੇਰੇ ਪੱਖ ਦੀ ਇਕਾਦਸ਼ੀ ਦੇ ਵਰਤ ਨੂੰ ਛਟਤਿਲਾ ਵਰਤ ਕਹਿੰਦੇ ਹਨ ਤੇ ਭਾਵਨਾ ਹੈ ਕਿ ਦੋ ਜਹਾਨਾਂ ਦੇ ਸੁਖ ਮਿਲਦੇ ਹਨ। ਇਸ ਵਿਚ ਤਿਲਾਂ ਦਾ ਵਟਣਾ, ਤਿਲ ਪਾਣੀ ਪਾ ਕੇ ਇਸ਼ਨਾਨ, ਤਿਲ ਪਾਣੀ ‘ਚ ਮਿਲਾ ਕੇ ਪੀਣਾ, ਤਿਲਾਂ ਦਾ ਹਵਨ, ਤਿਲ ਦਾਨ ਕਰਨੇ ਅਤੇ ਤਿਲਾਂ ਦੇ ਬਣੇ ਪਦਾਰਥ ਖਾਧੇ ਜਾਂਦੇ ਹਨ। ਇਸੇ ਮਹੀਨੇ ਚਾਨਣੇ ਪੱਖ ਦੀ ਇਕਾਦਸ਼ੀ ਦੇ ਵਰਤ ਨੂੰ ਹਰੀਵਲਭਾ ਇਕਾਦਸ਼ੀ ਵਰਤ ਸਵਰਗ ਪ੍ਰਾਪਤੀ ਲਈ ਰੱਖਣ ਦਾ ਭਰਮ ਹੈ। ਗੁਰਮਤਿ ਨੇ ਅਜਿਹੇ ਵਿਚਾਰਾਂ ਨੂੰ ਕਿਧਰੇ ਮਾਨਤਾ ਨਹੀਂ ਦਿੱਤੀ। ਪੁਰਾਤਨ ਸਮੇਂ ਤੋਂ ਮਾਘ ਦੇ ਪੂਰੇ ਮਹੀਨੇ ਇਸ਼ਨਾਨ ਕਰਨਾ ਪੁੰਨ ਕਰਮ ਮੰਨਿਆ ਜਾਂਦਾ ਸੀ, ਜੇਕਰ ਪੂਰਾ ਮਹੀਨਾ ਨਾ ਹੋਵੇ ਤਾਂ ਇਕ ਮਾਘ ਤੋਂ ਪੂਰਨਮਾਸ਼ੀ ਤਕ ਇਸ਼ਨਾਨ ਕਰਨ ਦਾ ਵੀ ਪੁੰਨ ਮੰਨ ਲਿਆ ਗਿਆ। ਸਨਾਤਨ ਮਤ ਵਿਚ ਇਸ ਮਹੀਨੇ ਗੰਗਾ ਇਸ਼ਨਾਨ ਦਾ ਮਹਾਤਮ ਦੱਸਿਆ ਗਿਆ ਜਾਂ ਕਿਸੇ ਦਰਿਆ, ਸਰੋਵਰ ਦੇ ਇਸ਼ਨਾਨ ਨੂੰ ਚੰਗਾ ਕਰਮ ਮੰਨਿਆ ਗਿਆ ਹੈ। (ਵੈਸੇ ਪੋਹ ਮਹੀਨੇ ਦੀ ਅੱਤ ਸਰਦੀ ਤੋਂ ਬਾਅਦ ਮਾਘ ਮਹੀਨੇ ਦੇ ਬਦਲਾਓ ਨਾਲ ਇਹ ਸਾਰੇ ਵਿਚਾਰ ਜੁੜੇ ਹੋਏ ਹਨ।)

ਦੂਜੇ ਪਾਸੇ ਸਿੱਖ ਸੱਭਿਆਚਾਰ ਦੀਆਂ ਆਪਣੀਆਂ ਮੰਨਤਾਂ-ਮੰਨਾਉਤਾਂ ਹਨ। ਸਤਿਗੁਰਾਂ ਨੇ ਦਸ ਜਾਮੇ ਧਾਰ ਕੇ ਜੋ ਬਖ਼ਸ਼ਿਸ਼ਾਂ ਕੀਤੀਆਂ, ਸਿੱਖ ਸਮਾਜ ਨੇ ਉਸ ਅਨੁਸਾਰ ਜੀਵਨ ਮਰਯਾਦਾ ਨਿਭਾਉਣੀ ਹੈ। ਨਿਰਮਲ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਘ ਮਹੀਨੇ ਪ੍ਰਥਾਇ ਇਉਂ ਉਪਦੇਸ਼ ਬਖ਼ਸ਼ਿਸ਼ ਕੀਤਾ ਹੈ ਕਿ ਸਮਾਜ ਨੇ ਤਨ ਦੇ ਇਸ਼ਨਾਨ ਦਾ ਤਾਂ ਵੱਡਾ ਮਹਾਤਮ ਮੰਨ ਲਿਆ ਪਰ ਸੋਚ ਬਦਲਣ ਲਈ ਮਨ ਦਾ ਇਸ਼ਨਾਨ ਕਿਵੇਂ ਹੋਵੇ? ਕਿਉਂਕਿ ਤਨ-ਮਨ ਦੋਹਾਂ ਦੀ ਬਲਵਾਨਤਾ ਦਾ ਨਾਉਂ ਸੰਪੂਰਨ ਸ਼ਖ਼ਸੀਅਤ ਤੇ ਜੀਵਨ-ਲਕਸ਼ ਦੀ ਪ੍ਰਾਪਤੀ ਹੈ। ਬਾਰਹ ਮਾਹਾ ਤੁਖਾਰੀ ਦਾ ਫ਼ਰਮਾਨ ਹੈ:

ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ॥
ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ॥
(ਅੰਗ ੧੧੦੯)

ਭਾਵ ਕਿ ਮਾਘ ਦੇ ਮਹੀਨੇ ਜਿਸ ਜੀਵ ਨੇ ਆਪਣੇ ਹਿਰਦੇ ਵਿਚ ਹੀ ਤੀਰਥ ਪਹਿਚਾਣ ਲਿਆ, ਉਸ ਦੀ ਜਿੰਦ ਪੁਨੀਤ (ਪਵਿੱਤਰ) ਹੋ ਜਾਂਦੀ ਹੈ। ਇਸ ਤਰ੍ਹਾਂ ਉਸ ਨੂੰ ਅਡੋਲ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜੋ ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾ ਕੇ ਚਰਨਾਂ ਵਿਚ ਲੀਨ ਹੁੰਦਾ ਹੈ

ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ॥ ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ॥
(ਅੰਗ ੧੧੦੯)

ਹੇ ਸੋਹਣੇ ਪ੍ਰਭੂ ! ਤੇਰੇ ਗੁਣਾਂ ਨੂੰ ਆਪਣੇ ਹਿਰਦੇ ‘ਚ ਵਸਾ ਕੇ, ਸਿਫ਼ਤ ਸਾਲਾਹ ਕਰਦਿਆਂ ਤੈਨੂੰ ਚੰਗਾ ਲੱਗ ਜਾਵਾਂ ਤਾਂ ਇਹ ਤੀਰਥ ਇਸ਼ਨਾਨ ਹੀ ਹੈ। ਤੇਰੇ ਨਾਮ ਵਿਚ ਲੀਨ ਹੋਣਾ ਹੀ ਗੰਗਾ, ਜਮਨਾ, ਸਰਸਵਤੀ ਨਦੀਆਂ ਦਾ ਮੇਲ ਤ੍ਰਿਬੇਣੀ ਹੈ ਤੇ ਮੈਂ ਉਥੇ ਹੀ ਸੱਤ ਸਮੁੰਦਰ ਸਮਾਏ ਮੰਨਦਾ ਹਾਂ।

ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ॥ ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ॥੧੫॥
(ਅੰਗ ੧੧੦੯)
ਜਿਸ ਜੀਵ ਨੇ ਹਰ ਯੁੱਗ ਵਿਚ ਇਕ ਪ੍ਰਭੂ ਨਾਲ ਸਾਂਝ ਪਾ ਲਈ, ਉਸ ਨੇ ਸਮਝੋ ਸਾਰੇ ਪੁੰਨ ਦਾਨ ਤੇ ਪੂਜਾ ਕਰਮ ਕਰ ਲਏ, ਹੇ ਨਾਨਕ ! ਜਿਸ ਨੇ ਮਾਘ ਦੇ ਮਹੀਨੇ ਪ੍ਰਭੂ ਸਿਮਰ ਕੇ ਨਾਮ ਰਸ ਪੀ ਲਿਆ, ਉਸ ਨੇ ਮਾਨੋ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ।

ਕਲਗੀਧਰ ਪਾਤਸ਼ਾਹ ਜੀ ਨੇ ਬਾਰਾਮਾਹ ਵਿਚ ਮਾਘਿ ਮਹੀਨੇ ਰਾਹੀਂ ਵਿਛੋੜੇ ਦੀ ਅਵਸਥਾ ਤੇ ਮਿਲਾਪ ਦੀ ਤਾਂਘ ਨੂੰ ਇਉਂ ਚਿਤਰਿਆ ਹੈ:

ਮਾਹਿ ਮੈ ਨਾਹਿ ਨਹੀ ਘਰਿ ਮਾਹਿ ਸੁ ਦਾਹ ਕਰੈ ਰਵਿ ਜੋਤਿ ਦਿਖਾਈ॥
ਜਾਨੀ ਨ ਜਾਤ ਬਿਲਾਤ ਤਯੋਸਨ ਰੈਨ ਕੀ ਬਿਰਧ ਭਈ ਅਧਿਕਾਈ॥
ਕੋਕਿਲ ਦੇਖਿ ਕਪੋਤ ਮਿਲੀ ਮੁਖ ਕੂੰਜਤ ਏ ਸੁਨਿਕੈ ਡਰਪਾਈ॥
ਪ੍ਰੀਤ ਕੀ ਰੀਤ ਕਰੀ ਉਨ ਸੋ ਟਸਕ੍ਯੋ ਨ ਹੀਯੋ ਕਸਕ੍ਯੋ ਨ ਕਸਾਈ॥੯੨੪॥

(ਸ੍ਰੀ ਦਸਮ ਗ੍ਰੰਥ, ਪੰਨਾ ੩੭੭)

ਭਾਵ – ਮਾਘ (ਮਾਹਿ) ਮਹੀਨੇ ਘਰ ਵਿਚ ਪਤੀ ਨਹੀਂ ਹੈ ਤਾਂ ਸੂਰਜ ਦਾ ਤੇਜ (ਰਵਿ ਜੋਤਿ) ਦੇਖ ਕੇ ਜਲਣ ਹੁੰਦੀ ਹੈ। ਦਿਨਾਂ (ਤਯੋਸਨ) ਦੇ ਬੀਤਦਿਆਂ ਪਤਾ ਹੀ ਨਹੀਂ ਲੱਗਦਾ ਤੇ ਰਾਤ ਬੀਤਣ ਵਿਚ ਹੀ ਨਹੀਂ ਆਉਂਦੀ। ਕੋਇਲਾਂ (ਕੋਕਿਲ) ਕਬੂਤਰ (ਕਪੋਤ) ਤੇ ਭੌਰੇ (ਮਿਲੀ ਮੁਖ) ਬੋਲਦੇ ਵੇਖਕੇ ਮਨ ਨੂੰ ਭੈ ਆਉਂਦਾ ਹੈ। ਅਸੀਂ ਉਸ ਨਾਲ ਪ੍ਰੀਤ ਦੀ ਰੀਤ ਕੀਤੀ ਹੈ, ਜਿਸ ਨੂੰ ਰਤਾ ਭਰ ਵੀ ਖਿੱਚ ਨਹੀਂ।

ਸਭ ਤੋਂ ਉਚੇਚ ਕਥਨ ਕਿ ਨਾਨਕ ਨਿਰਮਲ ਪੰਥ ਦੀ ਫ਼ਿਲਾਸਫ਼ੀ ਤੇ ਜੀਵਨ-ਜਾਚ ਦਾ ਆਪਣਾ ਨਿਆਰਾ ਵਜੂਦ ਹੈ। ਸਿੱਖ ਸਮਾਜ ਆਪਣੇ ਸਤਿਗੁਰਾਂ ਦੇ ਬਚਨਾਂ ਦੀ ਪਾਲਣਾ ਕਰੇ। ਮਾਘ ਮਹੀਨੇ ਪ੍ਰਥਾਇ ਪੰਚਮ ਪਾਤਸ਼ਾਹ ਜੀ ਦਾ ਉਪਦੇਸ਼ ਜੋ ਮਹੀਨੇ ਅਤੇ ਰੁੱਤ ਪਰਿਵਰਤਨ ਅਨੁਸਾਰ ਬਖ਼ਸ਼ਿਸ਼ ਰੂਪ ਹੈ, ਇਹ ਸਾਡੇ ਲਈ ਜੀਵਨ ਜਾਚ ਦਾ ਆਧਾਰ ਹੈ। ਇਸ ਲੇਖ ਦੇ ਸ਼ੁਰੂ ਵਿਚ ‘ਬਾਰਹ ਮਾਹਾ ਮਾਝ ਮਹਲਾ ੫’ ਤੋਂ ਉਪਦੇਸ਼ ਇਉਂ ਮਿਲਦਾ ਹੈ :

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ॥
(ਅੰਗ ੧੩੫)

ਭਾਵ – ਲੋਕ ਮਾਘੀ ਵਾਲੇ ਦਿਨ ਤੀਰਥਾਂ ਦੇ ਇਸ਼ਨਾਨ ਨੂੰ ਪੁੰਨ ਕਰਮ ਸਮਝਦੇ ਹਨ ਪਰ ਹੇ ਭਾਈ ! ਤੂੰ ਮਾਘ ਦੇ ਮਹੀਨੇ ਗੁਰਮੁਖਾਂ ਦੀ ਸੰਗਤ ਵਿਚ ਬੈਠ ਕੇ ਨਿਮਰਤਾ ਨਾਲ ਚਰਨ ਧੂੜ ‘ਚ ਇਸ਼ਨਾਨ ਕਰ ਗੁਰਮੁਖਾਂ ਦੀ ਸੰਗਤ ਵਿਚ ਪ੍ਰਭੂ ਨਾਮ ਜਪ, ਸੁਣ ਤੇ ਹੋਰਨਾਂ ਨੂੰ ਨਾਮ ਦੀ ਦਾਤ ਵੰਡ, ਮਾਘ ਮਹੀਨੇ ਇਹ ਪੁੰਨ ਕਰਮ ਸਭ ਤੋਂ ਉੱਤਮ ਹੈ :

ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ॥ ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ॥
(ਅੰਗ ੧੩੫)

ਇਸ ਤਰ੍ਹਾਂ ਅਨੇਕਾਂ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ ਮਨ ਤੋਂ ਲਹਿ ਜਾਏਗੀ ਤੇ ਸੋਚਾਂ ਵਿੱਚੋਂ ਹਉਮੈ ਗੁਮਾਨ ਖ਼ਤਮ ਹੋ ਜਾਏਗਾ। ਨਾਮ ਦੀ ਬਰਕਤ
ਨਾਲ ਮਨੁੱਖ ਕਾਮ, ਕ੍ਰੋਧ ਵਿਚ ਨਹੀਂ ਫਸਦਾ ਤੇ ਲੋਭ ਰੂਪੀ ਕੁੱਤਾ (ਸੁਆਨੁ) ਵੀ ਬਿਨਸ ਜਾਂਦਾ ਭਾਵ ਮੁੱਕ ਜਾਂਦਾ ਹੈ।

ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥ ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ॥ (ਅੰਗ ੧੩੬)

ਮਨੁੱਖ ਸੱਚੇ ਰਸਤੇ ਉੱਪਰ ਚੱਲੇ ਤਾਂ ਦੁਨੀਆਂ ਸ਼ੋਭਾ ਕਰਦੀ ਹੈ ਇਹ ਅਠਾਰਹ ਤੀਰਥਾਂ ਦਾ ਇਸ਼ਨਾਨ ਤੇ ਮਾਘ ਦੇ ਮਹੀਨੇ ਕੀਤੇ ਸਾਰੇ ਦਾਨ-ਪੁੰਨ, ਜੀਵਾਂ ਉੱਤੇ ਦਇਆ ਕਰਨੀ ਆਦਿ ਧਾਰਮਿਕ ਕਰਮ ਜੋ ਪ੍ਰਮਾਣਿਤ ਮੰਨੇ ਗਏ ਹਨ। ਇਹ ਸਭ ਪ੍ਰਭੂ ਸਿਮਰਨ ਵਿਚ ਆ ਜਾਂਦੇ ਹਨ।

ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥
ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ॥ ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ
॥੧੨॥ (ਅੰਗ ੧੩੬)

ਉਹ ਪ੍ਰਭੂ ਕਿਰਪਾ ਕਰਕੇ ਜਿਸ ਜੀਵ ਨੂੰ ਸਿਮਰਨ ਦੀ ਦਾਤ ਬਖਸ਼ਦਾ, ਉਹੀ ਜੀਵਨ ਮਨੋਰਥ ਦੀ ਸੋਝੀ ਪਾ ਕੇ ਸਿਆਣਾ ਹੋ ਜਾਂਦਾ ਹੈ। ਹੇ ਨਾਨਕ ! ਜਿਨਾਂ ਨੂੰ ਪ੍ਰਭੂ ਮਿਲ ਗਿਆ, ਮੈਂ ਉਨ੍ਹਾਂ ਤੋਂ ਵਾਰੇ ਜਾਂਦਾ ਹਾਂ। ਮਾਘ ਦੇ ਮਹੀਨੇ ਉਹੀ ਮਨੁੱਖ ਸੁੱਚੇ ਕਹੇ ਜਾਂਦੇ ਹਨ, ਜਿਨ੍ਹਾਂ ਉੱਪਰ ਪੂਰਾ ਗੁਰੂ ਮਿਹਰਵਾਨ ਹੁੰਦਾ ਹੈ।

 

ਡਾ. ਇੰਦਰਜੀਤ ਸਿੰਘ ਗੋਗੋਆਣੀ