ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਮਾਘੀ ਮੇਲੇ ਦੇ ਮੌਕੇ ‘ਤੇ ਵੱਡੀ ਗਿਣਤੀ ਵਿਚ ਸੰਗਤਾਂ ਬੀਤੀ ਰਾਤ ਤੋਂ ਹੀ ਪਹੁੰਚ ਰਹੀਆਂ ਹਨ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪਵਿੱਤਰ ਮੁਕਤ ਸਰੋਵਰ ਵਿਚ ਇਸ਼ਨਾਨ ਕਰ ਰਹੀਆਂ ਹਨ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਮੱਥਾ ਟੇਕਣ ਦੇ ਦੌਰਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਰਤਨ ਸਰਵਣ ਕੀਤਾ ਅਤੇ 40 ਮੁਕਤਿਆਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਖਿਦਰਾਣੇ ਦੀ ਜੰਗ ਦਾ ਵਿਲੱਖਣ ਇਤਿਹਾਸ ਹੈ, ਜਿੱਥੇ ਦਸਮੇਸ਼ ਪਿਤਾ ਵਲੋਂ ਜ਼ੁਲਮ ਖਿਲਾਫ ਆਖਰੀ ਲੜਾਈ ਲੜ ਕੇ ਫਤਿਹ ਹਾਸਲ ਕੀਤੀ ਗਈ।
ਇਸ ਮੌਕੇ, ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਵੀ ਸਜਾਏ ਗਏ ਹਨ। ਪ੍ਰਬੰਧਕ ਸਾਹਿਬਾਨ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਸੰਗਤ ਦੀ ਸਹੂਲੀਅਤ ਨੂੰ ਵੇਖਦੇ ਹੋਏ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ।
