ਮਨਸਾ ਕਰਿ ਸਿਮਰੰਤ ਤੁਝੈ ਨਰ ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ॥
ਬਾਚਾ ਕਰਿ ਸਿਮਰੰਤ ਤੁਝੈ ਤਿਨ੍ ਦੁਖੁ ਦਰਿਦ੍ਰ ਮਿਟਯਉ ਜੁ ਖਿਣੰ॥
ਕਰਮ ਕਰਿ ਤੁਅ ਦਰਸ ਪਰਸ ਪਾਰਸ ਸਰ ਬਲ੍ਹ ਭਟ ਜਸੁ ਗਾਇਯਉ॥
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ॥੪॥
(ਅੰਗ ੧੪੦੫)
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਪਰਮ ਸਤਿਕਾਰ ਯੋਗ ਜੁਗੋ ਜੁਗ ਅਟੱਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਿਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਿਸੰਗੀ ਜਨੋਂ! ਭੱਟ ਜੀ ਨੇ ਇਸ ਸਵੱਯੇ ਦੇ ਵਿਚ ਪਹਿਲਾ ਬਚਨ ਇਹ ਬਖ਼ਸ਼ਿਸ਼ ਕੀਤਾ ਹੈ ਕਿ ਜੋ ਮਨੁੱਖ ਆਪਣੇ ਮਨ ਕਰਕੇ, ਹੇ ਗੁਰੂ ਰਾਮਦਾਸ। ਆਪ ਜੀ ਨੂੰ ਚੇਤੇ ਕਰਦਾ ਹੈ, ਉਸ ਮਨੁੱਖ ਦੇ ਅੰਦਰੋਂ ਕਾਮ ਕ੍ਰੋਧ ਵਾਲੀ ਮਲੀਨ ਵਾਸ਼ਨਾ ਆਪ ਜੀ ਖ਼ਤਮ ਕਰ ਦਿੰਦੇ ਹੋ। ਦੂਸਰਾ ਬਚਨ ਕਿ ਜੋ ਮਨੁੱਖ ਬਚਨਾਂ ਕਰਕੇ ਆਪ ਜੀ ਦਾ ਸਿਮਰਨ ਕਰਦਾ ਹੈ, ਉਸਦੇ ਦੁੱਖ ਦਲਿੱਦਰ ਇਕ ਖਿਨ ਵਿਚ ਆਪ ਮਿਟਾ ਦਿੰਦੇ ਹੋ। ਤੀਸਰਾ ਬਚਨ ਕਿ ਜੋ ਕਰਮ ਕਰਕੇ ਆਪਣੇ ਸਰੀਰਕ ਇੰਦਰਿਆਂ ਰਾਹੀਂ ਆਪ ਜੀ ਨੂੰ ਪਰਸਦਾ ਹੈ, ਉਸ ਮਨੁੱਖ ਨੂੰ ਤੁਸੀਂ ਪਾਰਸ ਦੇ ਬਰਾਬਰ ਬਣਾ ਦਿੰਦੇ ਹੋ। ਹੇ ਧੰਨ ਗੁਰੂ ਰਾਮਦਾਸ ਸੱਚੇ ਪਾਤਿਸ਼ਾਹ! ਮਨ ਬਚ ਕਰਮ ਕਰਕੇ ਜਿਸ ਨੇ ਵੀ ਆਪ ਜੀ ਨੂੰ ਯਾਦ ਕੀਤਾ, ਤੁਸੀਂ ਉਸ ਦੀਆਂ ਵਾਸ਼ਨਾਵਾਂ ਨੂੰ ਖ਼ਤਮ ਕਰਕੇ ਉਸਦੇ ਅੰਦਰ ਸਾਰੇ ਦੁੱਖ ਦਲਿੱਦਰ ਮਿਟਾ ਕੇ ਉਸਨੂੰ ਪਾਰਸ ਦੀ ਤਰ੍ਹਾਂ ਬਣਾ ਦਿੱਤਾ। ਜਿਵੇਂ ਪਾਰਸ ਕੁਝ ਧਾਤਾਂ ਦੇ ਜੀਵਨ ਨੂੰ ਬਦਲ ਸਕਦਾ ਹੈ। ਤਾਂਬੇ ਤੋਂ ਸੋਨਾ ਬਣ ਸਕਦਾ ਹੈ। ਇਸੇ ਕਰਕੇ ਜੋ ਆਪ ਜੀ ਦੇ ਚਰਨਾਂ ਵਿਚ ਮਨ ਕਰਕੇ ਜੁੜਿਆ ਹੈ, ਉਹ ਪਾਰਸ ਦੀ ਤਰ੍ਹਾਂ ਹੈ। ਉਸ ਗੁਰਮੁਖ ਦੀ ਸੰਗਤ ਕਰਨ ਵਾਲੇ ਦਾ ਜੀਵਨ ਵੀ ਪਲਟ ਜਾਂਦਾ ਹੈ।
ਭੱਟ ਬਲ ਸਾਹਿਬ ਜੀ ਨੇ ਅੱਜ ਦੇ ਇਸ ਅੰਮ੍ਰਿਤ ਸਵੱਯੇ ਅੰਦਰ ਗੁਰੂ ਰਾਮਦਾਸ ਸੱਚੇ ਪਾਤਿਸ਼ਾਹ ਜੀ ਨੂੰ ਤਿੰਨ ਤਰੀਕਿਆਂ ਨਾਲ ਯਾਦ ਕਰਨ ਦੀ, ਉਹਨਾਂ ਦਾ ਸ਼ੁਕਰ ਕਰਨ ਦੀ ਜੁਗਤ ਸਾਨੂੰ ਬਖ਼ਸ਼ਿਸ਼ ਕੀਤੀ ਹੈ, ਮਨ ਕਰਕੇ, ਬਚਨਾਂ ਕਰਕੇ ਅਤੇ ਕਰਮਾਂ ਕਰਕੇ।
ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿਚ ਪ੍ਰਭੂ ਭਗਤੀ ਕਰਨ ਵਾਲੇ ਜਿਹੜੇ ਜਗਿਆਸੂ ਹਨ, ਗੁਰੂ ਭਗਤੀ ਵਿਚ ਜਿਹੜੇ ਤਾਂਘ ਰੱਖਦੇ ਹਨ, ਉਹਨਾਂ ਨੂੰ ਤਿੰਨ ਗੱਲਾਂ ਹੀ ਹਜ਼ੂਰ ਨੇ ਸਮਝਾਈਆਂ ਹਨ ਕਿ ਤੇਰੇ ਮਨ ਵਿਚ ਵੀ ਗੁਰੂ ਦੀ ਅਰਾਧਨਾ ਹੋਵੇ, ਤੇਰੇ ਮੂੰਹ ਵਿਚ ਵੀ ਗੁਰੂ ਦਾ ਸ਼ਬਦ ਹੋਵੇ ਤੇ ਤੇਰੇ ਕਰਮਾਂ ਦੇ ਵਿਚ ਵੀ ਗੁਰੂ ਵਰਤਦਾ ਹੋਵੇ। ਕਿਉਂਕਿ ਜੇਕਰ ਮਨੁੱਖ ਆਪਣੀ ਜ਼ਬਾਨ ਤੋਂ ਤਾਂ ਗੁਰੂ ਕਹਿੰਦਾ ਹੈ, ਪਰ ਉਸਦੇ ਮਨ ਅੰਦਰ ਗੁਰੂ ਨਹੀਂ, ਉਸਦੇ ਹਿਰਦੇ ਵਿਚ ਗੁਰੂ ਨਹੀਂ, ਫਿਰ ਕਈ ਵੇਰਾਂ ਜ਼ਬਾਨ ਨਾਲ ਕਿਹਾ ਹੋਇਆ ਉਹ ਅਸਰ ਨਹੀਂ ਰੱਖਦਾ ਜੇਕਰ ਮਨੁੱਖ ਦੇ ਆਪਣੇ ਅੰਦਰ ਗੁਰੂ ਨਹੀਂ ਟਿੱਕਿਆ। ਹੁਣ ਬੰਦਾ ਜ਼ਬਾਨ ਨਾਲ ਵੀ ਵਾਹਿਗੁਰੂ ਕਹਿ ਦੇਵੇ, ਮਨ ਕਰਕੇ ਵੀ ਕਦੀ ਇਕ ਖਿਨ ਟਿੱਕ ਜਾਏ ਤੇ ਜਦੋਂ ਸੰਸਾਰ ਵਿਚ ਵਿਚਰਨ ਲੱਗੇ ਤਾਂ ਉਦੋਂ ਆਪਣੇ ਕਰਮਾਂ ਵਿਚ ਸਤਿਗੁਰੂ ਦਾ ਭੈਅ ਨਾ ਰੱਖੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਕ੍ਰਿਪਾਲੂ ਜੀ ਕਹਿੰਦੇ ਹਨ ਕਿ ਉਦੋਂ ਫਿਰ ਸਹੀ ਅਰਥਾਂ ਵਿਚ ਆਤਮਿਕ ਤਰੱਕੀ ਤੋਂ ਮਨੁੱਖ ਵਿਰਵਾ ਰਹਿ ਜਾਂਦਾ ਹੈ। ਜਿਸਦੇ ਮਨ ਵਿਚ ਗੁਰੂ ਟਿਕੇ, ਰਸਨਾ ਤੋਂ ਵੀ ਗੁਰੂ ਜੱਪੇ ਤੇ ਉਸ ਦੇ ਕਰਮਾਂ ਵਿਚ ਵੀ ਗੁਰੂ ਆ ਜਾਏ, ਫਿਰ ਉਸ ਪਿਆਰੇ ਨੂੰ ਸਾਰੇ ਫੱਲ ਮਿਲ ਜਾਂਦੇ ਹਨ।
ਇਕ ਇਨਸਾਨ ਜ਼ਬਾਨ ਤੋਂ ਗੁਰੂ ਕਹਿੰਦਾ ਹੈ ਪਰ ਆਪਣੇ ਅੰਦਰ ਕਪਟ ਰੱਖਕੇ ਬੈਠਾ ਹੈ। ਜ਼ਬਾਨ ਤੋਂ ਸਿਰਫ਼ ਲੋਕਾਂ ਨੂੰ ਸੁਣਾਉਣ ਲਈ ਪ੍ਰਭੂ, ਰਾਮ, ਅੱਲਾਹ ਸ਼ਬਦ ਵਰਤਦਾ ਹੈ, ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ ਇਹੋ ਜਿਹਾ ਕਿਹਾ ਹੋਇਆ ਕਈ ਵਾਰੀ ਕਪਟ ਵਾਲੀ ਬਿਰਤੀ ਧਾਰਨ ਕਰ ਜਾਂਦਾ ਹੈ। ਹਜ਼ੂਰ ਦਾ ਇਕ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ। ਕਹਿੰਦੇ
ਹਨ-
ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ॥
(ਅੰਗ ੭੩੪)
ਇਕ ਪਾਸੇ ਜਦੋਂ ਬੰਦਾ ਪ੍ਰਭੂ ਦਾ ਚਿੰਤਨ ਕਰਦਾ ਹੈ, ਆਪਣੇ ਨੇਤਰਾਂ ਨੂੰ ਬੰਦ ਕਰਕੇ ਅੰਤਰ ਆਤਮੇ ਗੁਰੂ ਗੁਰੂ ਜੱਪਦਾ ਹੈ। ਹੁਣ ਉਸਦੇ ਅੰਦਰ ਵੀ ਗੁਰੂ ਚੱਲਦਾ ਹੈ, ਉਸਦੇ ਨੇਤਰ ਬੰਦ ਹਨ, ਉਹ ਪੂਰਨ ਤੌਰ ‘ਤੇ ਇਕਾਗਰ ਹੋ ਕੇ ਟਿੱਕਿਆ ਹੈ ਤੇ ਦੂਜਾ ਬੰਦਾ ਨੇਤਰ ਬੰਦ ਕਰ ਲਏ, ਹਿਰਦੇ ਵਿਚ ਕਪਟ ਰੱਖਕੇ ਪ੍ਰੀਤ ਤੋਂ ਬਿਨਾਂ ਕੇਵਲ ਜ਼ਬਾਨ ਨਾਲ ਹਰੀ ਹਰੀ ਕੁਕੀ ਜਾਏ ਤਾਂ ਸਾਹਿਬ ਕਹਿੰਦੇ ਹਨ ਕਿ ਇਹੋ ਜਿਹੇ ਕਪਟੀ ਦਾ ਗੁਮਾਨ ਪ੍ਰਮਾਤਮਾ ਆਪ ਹੀ ਉਤਾਰ ਦਿੰਦਾ ਹੈ।
ਗੁਰੂ ਰਾਮਦਾਸ ਜੀ ਦੇ ਕੋਲ ਜੋਗੀ ਆਏ ਹਨ। ਉਹਨਾਂ ਨੇ ਆਪਣੇ ਮੱਤ ਅਨੁਸਾਰ ਗੁਰੂ ਰਾਮਦਾਸ ਕ੍ਰਿਪਾਲੂ ਜੀ ਦੇ ਨਾਲ ਚਰਚਾ ਕੀਤੀ, ਪਰ ਜਦੋਂ ਉਹ ਕਿਤੇ ਗਿਆਨ ਦੀ ਗੱਲ ਕਰਦੇ ਸਨ ਤਾਂ ਹੱਥ ਵਿਚ ਫੜ ਕੇ ਕਿੰਗੁਰੀ ਵਜਾਉਂਦੇ ਹਨ ਜਾਂ ਉਹ ਤਾਰ ਫੜ ਕੇ ਇਕਤਾਰਾ ਵਜਾਉਂਦੇ ਹਨ ਤੇ ਉਦੋਂ ਉਹ ਗਾਉਂਦੇ ਹੋਏ ਵਾਕਿਆ ਹੀ ਬੰਦੇ ਨੂੰ ਅਤਿ ਦੇ ਸੋਹਣੇ ਲੱਗਦੇ ਹਨ। ਪਰ ਗੁਰੂ ਰਾਮਦਾਸ ਜੀ ਦੇ ਸਾਹਮਣੇ ਜਦੋਂ ਆਏ, ਜਿਹੜੇ ਬਚਨ ਗੁਰੂ ਰਾਮਦਾਸ ਕ੍ਰਿਪਾਲੂ ਜੀ ਨੇ ਉਹਨਾਂ ਜੋਗੀਆਂ ਨੂੰ ਕਹੇ, ਉਸਦਾ ਮਤਲਬ ਇਹ ਨਹੀਂ ਕਿ ਉਹ ਬਚਨ ਸਿਰਫ਼ ਜੋਗੀਆਂ ਲਈ ਸੀਮਤ ਹਨ, ਜਿਹੜਾ ਆਤਮਕ ਉਪਦੇਸ਼ ਉਹਨਾਂ ਨੂੰ ਕਮਾਉਣ ਵਾਸਤੇ ਸਦੀਆਂ ਪਹਿਲਾਂ ਕੀਤਾ ਸੀ, ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿਚ ਉਹ ਸ਼ਬਦ ਹੈ-
ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨ॥ (ਅੰਗ ੩੬੮)
ਕਹਿੰਦੇ ਹਨ ਹੇ ਜੋਗੀ ! ਤੂੰ ਆਪਣੇ ਹੱਥ ਵਿਚ ਸਾਜ਼ ਫੜਿਆ ਹੈ, ਤੰਤੀ ਸਾਜ਼ ਹੈ ਤੇ ਤੂੰ ਉਸ ਸਾਜ਼ ਨੂੰ ਵਜਾਉਂਦਾ ਹੈਂ। ਜਦੋਂ ਤੂੰ ਉਸ ਸਾਜ਼ ਦੇ ਨਾਲ ਆਪਣੇ ਅੰਦਰ ਦੀ ਸੁਰ ਨੂੰ ਮਿਲਾ ਕੇ ਗਾਉਂਦਾ ਹੈਂ, ਇਹ ਠੀਕ ਹੈ ਤੇਰਾ ਸਾਜ਼ ਵਜਾਉਣਾ ਪ੍ਰਭਾਵਿਤ ਕਰ ਰਿਹਾ ਹੈ ਪਰ ਹੇ ਜੋਗੀ ! ਜੇ ਤੇਰਾ ਅੰਦਰ ਮਨ ਰੱਬ ਦੀ ਬੰਦਗੀ ਵਾਲੇ ਪਾਸੇ ਨਹੀਂ ਭਿੱਜਾ ਤੇ ਸੱਚ ਜਾਣੀ ਤੇਰਾ ਬੋਲ ਵੀ ਥੋਥਾ ਹੈ ਤੇ ਤੇਰਾ ਵਜਾਇਆ ਹੋਇਆ ਸਾਜ਼ ਵੀ ਥੋਥਾ ਹੈ।
ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨ॥ ਗੁਰਮਤਿ ਹਰਿ ਗੁਣ ਬੋਲਹੁ ਜੋਗੀ ਇਹੁ ਮਨੂਆ ਹਰਿ ਰੰਗਿ ਭੇਨ॥
(ਅੰਗ ੩੬੮)
ਹੇ ਜੋਗੀ! ਥੋਥੇ ਬੋਲ ਨਾ ਬੋਲ। ਤੂੰ ਗੁਰੂ ਦੀ ਮੱਤ ਵਿਚ ਰੰਗ ਕੇ ਗੁਰੂ ਦੇ ਸ਼ਬਦ ਨੂੰ ਪੁਕਾਰ, ਜਿਹੜਾ ਮਨ ਤੇਰਾ ਗਾਉਂਦਿਆਂ ਹੋਇਆਂ ਵੀ ਸੁੱਕਾ ਹੈ, ਤੂੰ ਯਤਨ ਕਰ ਕਿ ਗੁਰੂ ਦੀ ਮੱਤ ਲੈ ਕੇ ਇਸ ਸੁੱਕੇ ਮਨ ਨੂੰ ਗੁਰੂ ਦੇ ਸ਼ਬਦ ਵਿਚ ਭਿਉਂ ਲੈ। ਹੁਣ ਉਸਨੇ ਅੱਗੋਂ ਪ੍ਰਸ਼ਨ ਕਰ ਦਿੱਤਾ, ਕਹਿਣ ਲੱਗਾ ਮਹਾਰਾਜ! ਅਸੀਂ ਅਨੇਕਾਂ ਤਰ੍ਹਾਂ ਦੇ ਰਾਗ ਗਾਉਂਦੇ ਪਏ ਹਾਂ। ਅਨੇਕਾਂ ਤਰ੍ਹਾਂ ਦੀਆਂ ਸੁਰਾਂ ਲਾਉਂਦੇ ਪਏ ਹਾਂ ਤੇ ਕੀ ਇਹ ਸਾਡੇ ਗਾਏ ਹੋਏ ਰਾਗ ਕਿਸੇ ਅਸਰ ਅਰਥ ਨਹੀਂ? ਮੇਰੇ ਗੁਰੂ ਰਾਮਦਾਸ ਜੀ ਨੇ ਨਾਲ ਹੀ ਬਚਨ ਕਹਿ ਦਿੱਤਾ। ਕਹਿਣ ਲੱਗੇ-
ਗਾਵਹਿ ਰਾਗ ਭਾਤਿ ਬਹੁ ਬੋਲਹਿ ਇਹੁ ਮਨੂਆ ਖੇਲੈ ਖੇਲ॥
(ਅੰਗ ੩੬੮)
ਜ਼ਬਾਨ ਕਰਕੇ ਮੈਂ ਰਾਮ ਰਾਮ ਕਹੀ ਜਾਵਾਂ ਤੇ ਮੇਰਾ ਅੰਦਰ ਵਾਲਾ ਮਨ ਆਪਣੀਆਂ ਖੇਡਾਂ ਖੇਡਦਾ ਹੈ ਤਾਂ ਖਿਮਾ ਕਰਿਉ ਗੁਰੂ ਰਾਮਦਾਸ ਸੱਚੇ ਪਾਤਿਸ਼ਾਹ ਕਹਿੰਦੇ ਹਨ ਕਿ ਇਹੋ ਜਿਹਾ ਕਪਟ ਰੱਖਕੇ ਗਾਇਆ ਹੋਇਆ ਕਈ ਵਾਰੀ ਮਨੁੱਖ ਦੇ ਜੀਵਨ ਨੂੰ ਤਰੱਕੀ ਨਹੀਂ ਦੇ ਸਕਦਾ। ਕਈ ਵਾਰੀ ਸਿਮਰਨ ਕਰਨ ਤੋਂ ਬਾਅਦ ਵੀ ਮਨ ਦੇ ਵਿਚ ਇਹ ਖ਼ਿਆਲ ਉਪਜਦੇ ਹਨ ਕਿ ਇੰਨੇ ਥੋੜੇ ਸਮੇਂ ਵਿਚ ਹੀ ਮੈਂ ਨਿਤਨੇਮ ਕਰ ਦਿੱਤਾ। ਕਿਉਂਕਿ ਜਿੰਨਾ ਸਮਾਂ ਜ਼ਬਾਨ ਨਾਲ ਬੋਲੇ, ਉੱਨਾ ਸਮਾਂ ਮਨ ਉਸਦੇ ਵਿਚ ਹਾਜ਼ਰ ਰਿਹਾ
ਉਹ ਜੋਗੀ ਫਿਰ ਪੁੱਛਦੇ ਹਨ, ਸੱਚੇ ਪਾਤਿਸ਼ਾਹ! ਆਪ ਦਰੁੱਸਤ ਕਹਿ ਰਹੇ ਹੋ ਕਿ ਮਨ ਤਾਂ ਆਪਣੀਆਂ ਖੇਡਾਂ ਖੇਡਦਾ ਹੈ। ਕੀ ਇਹ ਜੋ ਕੁਝ ਅਸੀਂ ਗਾ ਰਹੇ ਹਾਂ, ਇਸਦਾ ਜ਼ਿੰਦਗੀ ਵਿਚ ਕੋਈ ਅਰਥ ਨਹੀਂ? ਮੇਰੇ ਗੁਰੂ ਰਾਮਦਾਸ ਜੀ ਨੇ ਬਹੁਤ ਸੋਹਣਾ ਉੱਤਰ ਦਿੱਤਾ। ਕਹਿਣ ਲੱਗੇ ਕਿ ਇਕ ਜ਼ਿਮੀਂਦਾਰ ਖੇਤੀ ਨੂੰ ਸਿੰਜਣ ਵਾਲੇ ਖੂਹ ਨੂੰ ਜੋਂਦਾ ਹੈ। ਬਲਦਾਂ ਨੂੰ ਆਪਣੇ ਖੂਹ ਦੇ ਅੱਗੇ ਹਿਕ ਦਿੱਤਾ। ਹੁਣ ਬਲਦ ਇਸ ਕਰਕੇ ਖੂਹ ਨੂੰ ਗੇੜਦੇ ਪਏ ਹਨ ਕਿ ਖੂਹ ਦੀ ਮਾਲ ਉਸ ਦੀਆਂ ਟਿੰਡਾਂ ਪਾਣੀ ਖੂਹ ਵਿਚੋਂ ਬਾਹਰ ਕੱਢਣ ਤੇ ਜਿਹੜੀ ਫ਼ਸਲ ਨੂੰ ਪਾਣੀ ਦੀ ਲੋੜ ਹੈ ਉਥੇ ਪਾਣੀ ਪਹੁੰਚਾਇਆ ਜਾਏ। ਬਲਦ ਨੂੰ ਇਸ ਕਰਕੇ ਲਿਆਇਆ ਜਾਂਦਾ ਹੈ ਕਿ ਉਹ ਖੂਹ ਨੂੰ ਗੇੜਣ ਵਾਸਤੇ ਹੈ। ਜਿਸ ਬਲਦ ਨੇ ਖੂਹ ਨੂੰ ਗੇੜ ਕੇ ਖੇਤੀ ਨੂੰ ਪ੍ਰਫੁੱਲਿਤ ਕਰਨਾ ਹੈ, ਪਿਆਰਿਉ! ਜੇ ਉਹ ਬਲਦ ਹੀ ਖੁੱਲ੍ਹ ਕੇ ਖੇਤੀ ਨੂੰ ਉਜਾੜ ਪਾ ਦੇਵੇ ਤਾਂ ਫਿਰ ਉਸ ਬਲਦ ਨੂੰ ਕਰਨਾ ਕੀ ਹੈ। ਸਾਹਿਬ ਕਹਿਣ ਲੱਗੇ ਕੀਰਤਨ ਗਾਉਂਦਾ ਹੈਂ, ਰਾਗ ਗਾਉਂਦਾ ਹੈਂ, ਕਥਾ ਕਰਦਾ ਹੈਂ, ਬਾਣੀ ਪੜ੍ਹਦਾ ਹੈਂ, ਇਹ ਇਸ ਕਰਕੇ ਹੈ ਕਿ ਆਪਣੇ ਅੰਦਰ ਨੂੰ ਬਾਣੀ ਦੇ ਨਾਲ ਤੂੰ ਸਿੰਜ ਸਕੇਂ ਤੇ ਜੇ ਪਿਆਰਿਆ ਤੇਰਾ ਮਨ ਰੂਪੀ ਬਲਦ ਹੀ ਰੱਸੇ ਤੁੜਾ ਕੇ ਆਪਣੀਆਂ ਖੇਡਾਂ ਖੇਡ ਕੇ, ਇਕ ਪਾਸੇ ਤੂੰ ਬਾਣੀ ਪੜ੍ਹਦਾ ਹੈਂ ਤੇ ਦੂਜੇ ਪਾਸੇ ਮਨ ਤੇਰਾ ਗੰਦੇ ਫੁਰਨੇ ਬਣਾਈ ਬੈਠਾ ਹੈ, ਫਿਰ ਇਹ ਤਾਂ ਇਹ ਗੱਲ ਬਣ ਗਈ ਕਿ ਬੈਲ ਹੀ ਰੱਸੇ ਤੁੜਾ ਕੇ ਖੂਹ ਤੋਂ ਜਿਸ ਖੇਤੀ ਨੂੰ ਸਿੰਜਦਾ ਸੀ, ਉਸ ਖੇਤੀ ਨੂੰ ਉਜਾੜਨ ਲੱਗ ਪਏ। ਇਸ ਦਾ ਮਤਲਬ ਹੈ ਕਿ ਤੂੰ ਆਪਣੇ ਮਨੂਏ ਨੂੰ ਖੇਡ ਖੇਡਣ ਤੋਂ ਬਚਾ। ਹਜ਼ੂਰ ਨੇ ਫੁਰਮਾਇਆ-
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ…
(ਅੰਗ ੪੫੦)
ਗਾਇਆ ਤਾਂ ਰੱਬ ਨੂੰ ਜਾ ਰਿਹਾ ਹੈ। ਕੋਈ ਰਾਗ ਰਾਹੀਂ ਗਾ ਰਿਹਾ ਹੈ, ਕੋਈ ਨਾਦ ਵਜਾ ਵਜਾ ਕੇ ਗਾ ਰਿਹਾ ਹੈ, ਕੋਈ ਵੇਦਾਂ ਦੇ ਮੰਤਰ ਪੜ੍ਹ ਪੜ੍ਹ ਕੇ ਉਸ ਪ੍ਰਮਾਤਮਾ ਨੂੰ ਗਾ ਰਿਹਾ ਹੈ, ਗਾਉਣਾ ਕੋਈ ਮਾੜੀ ਗੱਲ ਨਹੀਂ, ਹਜ਼ੂਰ ਕਹਿੰਦੇ ਹਨ ਕਿ ਤੂੰ ਕੇਵਲ ਉੱਚੀ ਉੱਚੀ ਗਾਈ ਜਾਏਂ, ਸੱਚ ਜਾਣੀ, ਅਸਲ ਵਿਚ ਇਹ ਤੇਰਾ ਰੋਣਾ ਬਣ ਜਾਏਗਾ। ਇਕ ਉਹ ਹੈ ਜਿਹੜਾ ਬਿਲਕੁਲ ਕੋਈ ਭੇਖ ਨਹੀਂ ਬਣਾਉਂਦਾ ਪਿਆ। ਸਿੱਧਾ-ਸਾਦਾ ਜਿਹਾ ਉਸਦਾ ਜੀਵਨ ਹੈ, ਪਰ ਜਿੱਥੇ ਵੀ ਬੈਠਦਾ ਹੈ ਉਹ ਇਕਸੁਰਤਾ ਪੈਦਾ ਕਰ ਲੈਂਦਾ ਹੈ ਮਨ ਕਰਕੇ, ਬਚਨਾਂ ਕਰਕੇ ਤੇ ਕਰਮਾਂ ਕਰਕੇ। ਦੇਖਣ ਵਿਚ ਕਈ ਵਾਰੀ ਇੰਝ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਇਸ ਬੰਦੇ ਦੇ ਪੱਲੇ ਕੁਝ ਨਹੀਂ। ਇਹ ਕਮਲਾ-ਰਮਲਾ ਹੋਵੇਗਾ, ਪਰ ਸਾਹਿਬ ਕਹਿੰਦੇ ਹਨ ਕਿ ਜ਼ਰੂਰੀ ਨਹੀਂ ਕਿ ਜਿਹੜਾ ਮਨ ਬਚਨ ਕਰਕੇ ਜ਼ਿੰਦਗੀ ਨੂੰ ਕਮਾ ਰਿਹਾ ਹੈ, ਉਹ ਬਾਹਰ ਦਾ ਅਡੰਬਰ ਕਰਕੇ ਵੀ ਲੋਕਾਂ ਨੂੰ ਦਿਖਾਏ। ਹਕੀਕਤ ਵਿਚ ਉਹ ਅੰਦਰ ਰੇਸ਼ਮ ਦੀ ਤਰ੍ਹਾਂ ਕੋਮਲ ਹਨ। ਬਾਹਰ ਉਹਨਾਂ ਦੇ ਪਾਟੀਆਂ ਲੀਰਾਂ ਦਿੱਸਣਗੀਆਂ। ਬਾਹਰ ਦੀ ਚਮਕ-ਦਮਕ ਨਹੀਂ ਤੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਉਹ ਸੰਸਾਰ ਵਿਚ ਸਭ ਤੋਂ ਭਲੇ ਹਨ। ਇਕ ਅੰਦਰੋਂ ਝੂਠਾ ਹੈ ਤੇ ਉਸਦਾ ਬਾਹਰ ਦਾ ਅਡੰਬਰ ਕੋਈ ਅਰਥ ਨਹੀਂ ਰੱਖਦਾ। ਇਕ ਅੰਦਰੋਂ ਜੁੜਿਆ ਹੈ ਕੋਮਲਤਾ ਕਰਕੇ ਤੇ ਬਾਹਰ ਦਾ ਉਸ ਦਾ ਭੇਖ ਕੋਈ ਦੇਖੇ ਤਾਂ ਭਰਮ ਵਿਚ ਆਏਗਾ ਕਿ ਇਹ ਵੀ ਰੱਬ ਦੀ ਬੰਦਗੀ ਕਰਨ ਵਾਲਾ ਹੈ। ਪਿਆਰਿਉ! ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਐਸੇ ਕਪਟ ਨੂੰ ਪ੍ਰਵਾਨ ਨਹੀਂ ਕੀਤਾ।
ਬਾਬਾ ਫ਼ਰੀਦ ਜੀ ਕਹਿੰਦੇ ਹਨ ਕਿ ਜਿਹੜਾ ਪ੍ਰਮਾਤਮਾ ਨੂੰ ਦਿਲੋਂ ਇਸ਼ਕ ਕਰਦਾ ਹੈ, ਅਸਲ ਵਿਚ ਉਹ ਪ੍ਰਭੂ ਦਾ ਭਗਤ ਹੈ ਤੇ ਜਿਹੜਾ ਮਨ ਵਿਚ ਕੁਝ ਰੱਖਦਾ ਹੈ, ਜ਼ਬਾਨ ਵਿਚ ਕੁਝ ਕਹਿ ਰਿਹਾ ਹੈ
ਦਿਲਹੁ ਮੁਹਬਤਿ ਜਿੰਨ੍ ਸੇਈ ਸਚਿਆ॥ ਜਿਨ੍ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥
(ਅੰਗ ੪੮੮)
ਜੇ ਮਨ ਵਿਚ ਕੁਝ ਹੈ ਤੇ ਬਚਨਾਂ ਵਿਚ ਕੁਝ ਹੈ, ਅਸਲ ਵਿਚ ਉਹ ਬੰਦਾ ਕੱਚਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮੇ ਵਿਚ ਔਰੰਗਜ਼ੇਬ ਨੂੰ ਇਕ ਗੱਲ ਕਹੀ ਤੇ ਜੇਕਰ ਕੋਈ ਇਨਸਾਨ ਗੁਰੂ ਜੀ ਦੇ ਨੇੜੇ ਰਹਿ ਕੇ ਵੀ ਉਹੋ ਜਿਹੇ ਕਰਮ ਕਰੀ ਜਾਏ ਤਾਂ ਉਸ ਨੂੰ ਜ਼ਫ਼ਰਨਾਮੇ ਦਾ ਇਹ ਸ਼ੇਅਰ ਪੜ੍ਹ ਲੈਣਾ ਚਾਹੀਦਾ ਹੈ ਕਿ ਜੋ ਕੁਝ ਮੈਂ ਕਹਿੰਦਾ ਪਿਆ ਹਾਂ ਇਹ ਕਿਥੋਂ ਤਕ ਠੀਕ ਹੈ। ਗੁਰੂ ਕਲਗੀਧਰ ਪਾਤਿਸ਼ਾਹ ਇਹੋ ਜਿਹੇ ਕਰਮਾਂ ਨੂੰ ਦੇਖਕੇ ਆਪਣੀ ਕਲਮ ਨਾਲ ਇਕ ਸ਼ੇਅਰ ਲਿਖਕੇ ਗਏ। ਕਹਿਣ ਲੱਗੇ-
“ਹਮੋ ਮਰਦ ਬਾਇਦ ਸ਼ਵਦ ਸੁਖਮ ਵਰ॥”
ਮਰਦ ਅਸਲ ਵਿਚ ਉਹ ਹੈ ਜਿਹੜਾ ਬਚਨ ਦਾ ਬਲੀ ਹੋਵੇ।
” ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ।।”
ਉਹ ਕਿਵੇਂ ਮਰਦ ਕਹਾ ਸਕਦਾ ਹੈ ਜਿਹੜਾ ਪੇਟ ਵਿਚ ਕੁਝ ਰੱਖੇ ਤੇ ਜ਼ਬਾਨ ਤੋਂ ਕੁਝ ਬੋਲ ਕੇ ਕਹੇ। ਸਾਹਿਬ ਕਹਿਣ ਲੱਗੇ, ਜਿਹੜਾ ਮਨੁੱਖ ਬਚਨ ਕਰਕੇ ਖਿਸਕ ਜਾਂਦਾ ਹੈ, ਇਹੋ ਜਿਹੇ ਕਪਟੀ ਨੂੰ ਪ੍ਰਮਾਤਮਾ ਦੀ ਕ੍ਰਿਪਾ ਕਿਵੇਂ ਮਿਲ ਜਾਏਗੀ। ਸਾਹਿਬ ਕਹਿੰਦੇ ਹਨ ਕਿ ਤੂੰ ਮਨ ਕਰਕੇ, ਬਚਨਾਂ ਕਰਕੇ ਤੇ ਕਰਮਾਂ ਕਰਕੇ ਰੱਬ ਨੂੰ ਜੱਪ। ਜਿਹੜਾ ਆਪਣੇ ਬਚਾਅ ਵਾਸਤੇ ਕੁਝ ਸਮੇਂ ਲਈ ਰੱਬ ਰੱਬ ਕਰਦਾ ਹੈ, ਇਹੋ ਜਿਹੇ ਸੱਜਣਾਂ ਦੀ ਜ਼ਬਾਨ ਮਿੱਠੀ ਹੁੰਦੀ ਹੈ, ਇਹੋ ਜਿਹੇ ਸੱਜਣਾਂ ਦੇ ਲਿਬਾਸ ਬੜੇ ਚੰਗੇ ਹੁੰਦੇ ਹਨ, ਪਰ ਹਕੀਕਤ ਵਿਚ ਜਦੋਂ ਇਹੋ ਜਿਹੇ ਸੱਜਣਾਂ ਦੇ ਨੇੜੇ ਕੋਈ ਜਾਂਦਾ ਹੈ ਤਾਂ ਪਤਾ ਹੀ ਉਦੋਂ ਲੱਗਦਾ ਹੈ ਜਦੋਂ ਅੰਦਰ ਦੀ ਕੈਂਚੀ ਨਾਲ ਬੰਦੇ ਦੀਆਂ ਜੜ੍ਹਾਂ ਕੁਤਰ ਕੇ ਰੱਖ ਦਿੰਦੇ ਹਨ। ਹੁਣ ਅਸੀਂ ਕਹੀਏ ਕਿ ਮਨ ਕਰਕੇ ਯਤਨ ਕਰਾਂਗੇ ਅੰਦਰ ਟਿੱਕ ਜਾਏ, ਬਚਨਾਂ ਕਰਕੇ ਵਾਹਿਗੁਰੂ ਵਾਹਿਗੁਰੂ ਕਹਾਂਗੇ ਤੇ ਸਾਡੇ ਕਰਮਾਂ ਵਿਚ ਵਾਹਿਗੁਰੂ ਕਿਵੇਂ ਆਵੇਗਾ?
ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਇਕ ਪਉੜੀ ਦੇ ਵਿਚ ਪੂਰੇ ਦੇ ਪੂਰੇ ਸਰੀਰ ਦੀ ਇਸ ਕਿਰਿਆ ਨੂੰ ਬਿਆਨ ਕੀਤਾ ਹੈ ਕਿ ਮਨ ਕਰਕੇ ਕੀ ਹੈ, ਬਚਨਾਂ ਕਰਕੇ ਕੀ ਹੈ ਤੇ ਕਰਮਾਂ ਕਰਕੇ ਕੀ ਹੈ? ਭਾਈ ਸਾਹਿਬ ਕਹਿੰਦੇ ਹਨ ਕਿ ਪਹਿਲੀ ਗੱਲ ਇਹ ਹੈ ਕਿ ਹਰ ਬੰਦਾ ਆਪਣੀ ਜ਼ਬਾਨ ਨਾਲ ਇਹ ਗੱਲ ਕਹਿੰਦਾ ਹੈ ਕਿ ਮਨੁੱਖਾ ਦੇਹੀ ਬਹੁਤ ਹੀ ਕੀਮਤੀ ਹੈ। ਜੇ ਕੋਈ ਇਸ ਨੂੰ ਨਾ ਸਮਝੇ ਤੇ ਆਪਣੇ ਅੰਦਰ ਦੀ ਅਗਿਆਨਤਾ ਕਰਕੇ ਹਨੇਰੇ ਵਿਚ ਡੁੱਬਿਆ ਹੋਵੇ ਤਾਂ ਉਹ ਤਰਸ ਦਾ ਪਾਤਰ ਹੋ ਸਕਦਾ ਹੈ। ਇਹ ਸਭ ਨੂੰ ਪਤਾ ਹੈ ਕਿ ਮਨੁੱਖਾ ਦੇਹੀ ਅੱਤ ਦੀ ਕੀਮਤੀ ਹੈ। ਇਸ ਵਿਚ ਉਸਨੇ ਆਪਣਾ ਨੂਰ ਟਿਕਾਇਆ ਹੈ। ਇਸ ਨੂਰ ਦੇ ਹੋਣ ਕਰਕੇ ਇਸ ਨੂੰ ਪ੍ਰਮਾਤਮਾ ਨੇ ਇੰਨੀ-ਕੁ ਸਮਝ ਦਿੱਤੀ ਹੈ ਕਿ ਇਹ ਆਪਣੇ ਬੀਤੇ ਨੂੰ ਵੀ ਚੇਤੇ ਕਰਦਾ ਹੈ, ਆਉਣ ਵਾਲੇ ਦਾ ਭਵਿੱਖ ਸਵਾਰ ਸਕਦਾ ਹੈ। ਜੇ ਇਹ ਸੁਰਤ ਕਰਕੇ ਜੁੜ ਪਵੇ ਤਾਂ ਪ੍ਰਮਾਤਮਾ ਦੇ ਦਰ ‘ਤੇ ਪਹੁੰਚ ਸਕਦਾ ਹੈ।
ਇਹ ਮਨੁੱਖਾ ਦੇਹੀ ਇਸ ਕਰਕੇ ਕੀਮਤੀ ਹੈ, ਕਿਉਂਕਿ ਇਸਨੂੰ ਪ੍ਰਮਾਤਮਾ ਦਾ ਚਿੰਤਨ ਕਰਨ ਦੀ ਰੱਬ ਨੇ ਦਾਤ ਦਿੱਤੀ ਹੈ। ਹੁਣ ਇਕ ਪਸ਼ੂ ਹੈ। ਉਸਦੀ ਸੋਚ ਵਿਚ ਤੇ ਆਦਮੀ ਦੇ ਚਿੰਤਨ ਵਿਚ ਜ਼ਮੀਨ-ਆਸਮਾਨ ਦਾ ਅੰਤਰ ਹੈ। ਕਈ ਗੁਣ ਪ੍ਰਮਾਤਮਾ ਨੇ ਪਸ਼ੂਆਂ-ਪੰਛੀਆਂ ਅੰਦਰ ਇਹੋ ਜਿਹੇ ਪਾ ਦਿੱਤੇ ਹਨ ਜਿਹੜੇ ਮਨੁੱਖ ਕੋਲ ਨਹੀਂ। ਬੰਦਾ ਭਾਵੇਂ ਆਪਣੇ ਆਪ ਨੂੰ ਚੌਰਾਸੀ ਦਾ ਸਰਦਾਰ ਕਹਿੰਦਾ ਹੈ, ਪਰ ਅੱਜ ਵੀ ਕਿਸੇ ਕਾਤਲ ਨੂੰ ਲੱਭਣਾ ਹੋਵੇ ਤਾਂ ਚੌਰਾਸੀ ਦਾ ਸਰਦਾਰ ਬੰਦਾ ਆਪਣੇ ਹੱਥ ਵਿਚ ਕੁੱਤੇ ਦਾ ਸੰਗਲ ਫੜਕੇ ਉਸਨੂੰ ਲਈ ਜਾਏਗਾ ਕਿਉਂਕਿ ਕੁੱਤੇ ਦੇ ਸੁੰਘਣ ਵਿਚ ਜਿਹੜੀ ਤਾਕਤ ਹੈ, ਉਸਦਾ ਗੁਣ ਬੰਦੇ ਨਾਲੋਂ ਵੱਧ ਹੈ। ਉਹ ਸੁੰਘ ਕੇ ਦੱਸ ਸਕਦਾ ਹੈ ਕਿ ਇਹ ਬੰਦਾ ਚੋਰ ਹੈ, ਇਹ ਠੱਗ ਹੈ। ਭਾਈ ਗੁਰਦਾਸ ਕਹਿੰਦੇ
ਹਨ ਕਿ ਆ ਮੈਂ ਤੈਨੂੰ ਦੱਸਾਂ, ਤੂੰ ਬਾਹਰਮੁਖੀ ਇੰਦਰਿਆਂ ਦੇ ਨਾਲ ਕਰਮ ਕਰਨੇ ਸ਼ੁਰੂ ਕਰ। ਹੋ ਸਕਦਾ ਹੈ ਇਹ ਕਰਮ ਤੇਰੇ ਮਨ ਬੱਚ ਕਰਮ ਵਿਚ ਇਕ-ਸੁਰਤਾ ਪੈਦਾ ਕਰ ਸਕਣ। ਭਾਈ ਸਾਹਿਬ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ
“ਮਾਣਸ ਜਨਮੁ ਅਮੋਲੁ ਹੈ”
ਬੜਾ ਅਮੋਲਕ ਹੈ ਪਰ ਚੇਤੇ ਰੱਖੀਂ
“ਹੋਇ ਅਮੋਲੁ ਸਾਧਸੰਗੁ ਪਾਏ॥”
ਜਦੋਂ ਤੂੰ ਇਸ ਤਨ ਨੂੰ ਲੈ ਕੇ ਸਾਧਸੰਗਤ ਵਿਚ ਆ ਜਾਏਂ, ਉਸ ਤੋਂ ਬਾਅਦ ਸੱਚ ਜਾਣੀ, ਤੇਰਾ ਸਰੀਰ ਅਮੋਲਕ ਹੋ ਗਿਆ ਹੈ। ਰੱਬ ਦੀ ਬੰਦਗੀ ਕਰਨ ਵਾਲਾ ਤੇ ਆਮ ਵਿਕਾਰਾਂ ਨੂੰ ਭੋਗਣ ਵਾਲਾ ਸੱਚ ਜਾਣਿਉ, ਉਹਨਾਂ ਦੇ ਸਰੀਰ ਵਿਚ ਵੀ ਅੰਤਰ ਹੈ। ਅਸੀਂ ਕਹਾਂਗੇ ਪੰਜਾਂ ਤੱਤਾਂ ਦਾ ਬਣਿਆ ਹੈ, ਬੋਲ-ਚਾਲ ਇਕੋ ਜਿਹਾ ਹੈ, ਹਾਲਾਂ ਕਿ ਜਿਹੜਾ ਰੱਬ ਦੇ ਦਰ ਤੋਂ ਟੁੱਟਿਆ ਹੈ, ਉਸਦੇ ਕੱਪੜੇ ਬੜੇ ਸੋਹਣੇ ਹੋਣ, ਉਸਦੀ ਚਮਕ ਦਮਕ ਬੜੀ ਹੋਵੇ ਤੇ ਜਿਹੜਾ ਜੁੜਿਆ ਹੈ, ਉਹ ਸਾਰਾ ਦਿਨ ਕਿਤੇ ਜੋੜਿਆਂ ਵਿਚ, ਕਦੀ ਝਾੜੂ ਲਾਉਂਦਾ ਹੈ, ਉਸਦੇ ਵਿਚ ਤੇ ਉਸ ਸਰੀਰ ਵਿਚ ਅੰਤਰ ਕੀ ਹੈ? ਜ਼ਮੀਨ ਆਸਮਾਨ ਦਾ ਅੰਤਰ ਹੈ। ਇਕ ਸਰੀਰ ਨੂੰ ਸੰਗਤ ਵਿਚ ਲੈ ਕੇ ਆ ਜਾਣਾ। ਉਸ ਸਰੀਰ ਉੱਤੇ ਗੁਰੂ ਦਾ ਇੰਨਾ-ਕੁ ਪਰਉਪਕਾਰ ਹੁੰਦਾ ਹੈ ਕਿ ਉਹ ਸਰੀਰ ਜਿੱਥੇ ਬੈਠ ਜਾਏ ਉਥੇ ਵੀ ਸੰਗਤ ਦੀ ਕ੍ਰਿਪਾ ਵਰਤਣ ਲੱਗ ਪੈਂਦੀ ਹੈ ਪਰ ਪਿਆਰਿਉ ਜਿਹੜਾ ਸਰੀਰ ਰੱਬ ਤੋਂ ਟੁੱਟਾ ਹੈ, ਉਹ ਜਿੱਥੇ ਵੀ ਜਾਏਗਾ ਉਥੇ ਕੇਵਲ ਤੋਟ ਪੈਦਾ ਕਰੇਗਾ, ਕਦੀ ਵੀ ਜੁੜਨ ਵਾਲੀ ਜੁਗਤੀ ਉਸਦੇ ਪੱਲੇ ਨਹੀਂ ਹੋਵੇਗੀ। ਭਾਈ ਸਾਹਿਬ ਨੇ ਕਿਹਾ-
“ਮਾਣਸ ਜਨਮੁ ਅਮੋਲੁ ਹੈ ਹੋਇ ਅਮੋਲੁ ਸਾਧਸੰਗੁ ਪਾਏ॥
ਅਖੀ ਦੁਇ ਨਿਰਮੋਲਕਾ ਸਤਿਗੁਰੁ ਦਰਸ ਧਿਆਨ ਲਿਵ ਲਾਏ॥”
( ਜੇ ਤੂੰ ਮਨ ਬੱਚ ਕਰਮ ਕਰਕੇ ਆਪਣੇ ਆਪ ਨੂੰ ਨਾਮ ਨਾਲ ਜੋੜਨਾ ਹੈ। ਅੱਖਾਂ ਤੇਰੀਆਂ ਦੋ ਅਤਿ ਦੀਆਂ ਨਿਰਮੋਲਕ ਹਨ। ਇਹਨਾਂ ਦੀ ਜੋਤ ਦੀ ਕੋਈ ਕੀਮਤ ਨਹੀਂ, ਪਰ ਗੁਰੂ ਦੀ ਨਜ਼ਰ ਵਿਚ ਉਸ ਦਿਨ ਅੱਖਾਂ ਨਿਰਮੋਲਕ ਹਨ ਜਿਸ ਦਿਨ ਇਹਨਾਂ ਨਾਲ ਗੁਰੂ ਦੇ ਦਰਸ਼ਨ ਕਰੇਂ। ਆਪਣੇ ਨੇਤਰਾਂ ਨੂੰ ਬੰਦ ਕਰਕੇ ਗੁਰੂ ਦੇ ਬਚਨਾਂ ਨੂੰ ਪੜ੍ਹਕੇ ਆਪਣੇ ਅੰਦਰ ਕਮਾ ਕੇ ਤੂੰ ਲਿਵ ਲਾ ਸਕੇ।
“ਮਸਤਕੁ ਸੀਸੁ ਅਮੋਲੁ ਹੈ ਚਰਣ ਸਰਣਿ ਗੁਰੁ ਧੂੜਿ ਸੁਹਾਏ॥”
ਤੇਰਾ ਮਸਤਕ, ਤੇਰਾ ਸਿਰ ਦੋਨੋਂ ਅਮੋਲਕ ਹਨ। ਤੂੰ ਗੁਰੂ ਦੇ ਚਰਨਾਂ ਵਿਚ ਜਾ ਕੇ ਆਪਣੇ ਮੱਥੇ ਨੂੰ ਝੁਕਾ ਕੇ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ‘ਤੇ ਲਾ ਲੈ।
“ਜਿਹਬਾ ਸ੍ਰਵਣ ਅਮੋਲਕਾ ਸਬਦ ਸੁਰਤਿ ਸੁਣਿ ਸਮਝਿ ਸੁਣਾਏ॥”
ਤੇਰੀ ਜ਼ਬਾਨ ਤੇ ਤੇਰੇ ਕੰਨ ਅਮੋਲਕ ਹੋ ਸਕਦੇ ਹਨ, ਪਰ ਸ਼ਰਤ ਹੈ ਕਿ ਜੇ ਤੂੰ ਕੰਨਾਂ ਨਾਲ ਪ੍ਰਭੂ ਦੀ ਸਿਫ਼ਤ ਸੁਣੇਂ, ਜ਼ਬਾਨ ਨਾਲ ਪ੍ਰਭੂ ਦੀ ਸਿਫ਼ਤ ਕਰੇਂ, ਫਿਰ ਤੂੰ ਆਪਣੀ ਸੁਰਤ ਨੂੰ ਉਸ ਬੋਲੇ ਹੋਏ ਦੇ ਵਿਚ ਵੀ ਟਿਕਾਏਂ। ਕਹਿਣ ਲੱਗੇ ਪਿਆਰੇ-
“ਹਸਤ ਚਰਣ ਨਿਰਮੋਲਕਾ ਗੁਰਮੁਖ ਮਾਰਗਿ ਸੇਵ ਕਮਾਏ॥”
(ਵਾਰ ੧੫, ਪਉੜੀ ੧੭)
ਹੱਥਾਂ ਕਰਕੇ ਗੁਰੂ ਦੀ ਸੇਵਾ ਕਰ, ਪੈਰਾਂ ਕਰਕੇ ਗੁਰੂ ਦੇ ਦੱਸੇ ਹੋਏ ਮਾਰਗ ‘ਤੇ ਚੱਲ। ਜਦੋਂ ਇੰਨਾ ਤੂੰ ਬਾਹਰ ਦੇ ਇੰਦਰਿਆਂ ਤੋਂ ਕਰਮ ਲੈ ਲਏਂਗਾ ਤਾਂ ਸੱਚ ਜਾਣੀ, ਤੇਰਾ ਹਿਰਦਾ ਉਦੋਂ ਅਮੋਲਕ ਹੋ ਗਿਆ ਜਦੋਂ ਤੇਰੇ ਹਿਰਦੇ ਵਿਚ ਪ੍ਰਮਾਤਮਾ ਜੀ ਨੇ ਆਪਣਾ ਵਾਸ ਕਰ ਲਿਆ। ਮਨ ਵਿਚ ਪ੍ਰਮਾਤਮਾ ਦੀ ਉਸਤਤ ਕਰ, ਰਸਨਾ ਤੋਂ ਨਾਮ ਅੰਮ੍ਰਿਤ ਨੂੰ ਪੀ, ਕੰਨਾਂ ਨਾਲ ਤੂੰ ਨਾਮ ਅੰਮ੍ਰਿਤ ਨੂੰ ਸੁਣ, ਪੈਰਾਂ ਨਾਲ ਗੁਰੂ ਦੇ ਦੱਸੇ ਹੋਏ ਮਾਰਗ ‘ਤੇ ਚੱਲੀਂ, ਫਿਰ ਮਨ ਬੱਚ ਕਰਮ ਨਾਲ ਜੁੜੇ ਬੰਦੇ! ਜੋ ਕੁਝ ਤੂੰ ਮਨ ਵਿਚ ਫੁਰਨਾ ਬਣਾਏਂਗਾ, ਪ੍ਰਮਾਤਮਾ ਤੇਰੇ ਹਰ ਫੁਰਨੇ ਨੂੰ ਭਾਗ ਲਾਏਗਾ। ਪਰ ਮਨ ਨਹੀਂ ਟਿੱਕਦਾ ਪਿਆਰਿਉ। ਜਿਸਨੇ ਗੁਰੂ ਰਾਮਦਾਸ!
ਕਿਤੇ ਮਨ ਟਿਕਾ ਕੇ ਨਿਰਮਲ ਹਿਰਦੇ ਨਾਲ ਇਕ ਵਾਰੀ ਤੇਰੇ ਪ੍ਰਤੀ ਆਪਣੇ ਮਨ ਵਿਚ ਫੁਰਨਾ ਬਣਾ ਲਿਆ ਕਿ ਮੇਰੇ ਸਿਰ ‘ਤੇ ਖਲੋਤਾ ਮੇਰਾ ਬਾਪੂ ਗੁਰੂ ਰਾਮਦਾਸ ਹੈ, ਕਹਿਣ ਲੱਗੇ ਫਿਰ ਪਤਾ ਕੀ ਕ੍ਰਿਪਾ ਕਰਦੇ ਹੋ:
“ਮਨਸਾ ਕਰਿ ਸਿਮਰੰਤ ਤੁਝੈ ਨਰ ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ॥”
ਤਿਣੰ ਦਾ ਅੱਖਰੀ ਅਰਥ ਹੈ ਤਿੰਨਾਂ ਦਾ। ਹਜ਼ੂਰ ਨੇ ਮੇਹਰ ਕੀਤੀ, ਕਹਿਣ ਲੱਗੇ ਜੇ ਕੋਈ ਮਨ ਕਰਕੇ ਗੁਰੂ ਰਾਮਦਾਸ ਜੀ ਨੂੰ ਚੇਤੇ ਕਰੇ ਤਾਂ ਗੁਰੂ ਰਾਮਦਾਸ ਇਕ ਖਿਨ ਵਿਚ ਉਹਨਾਂ ਲੋਕਾਂ ਦੇ ਕਾਮ ਤੇ ਕ੍ਰੋਧ ਨੂੰ ਮਿਟਾ ਦਿੰਦੇ ਹਨ।
“ਬਾਚਾ ਕਰਿ ਸਿਮਰੰਤ ਤੁਝੈ ਤਿਨ੍ ਦੁਖੁ ਦਰਿਦ੍ਰੁ ਮਿਟਯਉ ਜੁ ਖਿਣੰ॥”
ਜਿਹੜੇ ਬਚਨਾਂ ਕਰਕੇ ਗੁਰੂ ਰਾਮਦਾਸ ਆਪ ਜੀ ਨੂੰ ਚੇਤੇ ਕਰਦੇ ਹਨ, ਉਹਨਾਂ ਦੇ ਦੁੱਖ, ਦਲਿੱਦਰ, ਕਲੇਸ਼ ਇਕ ਖਿਨ ਦੇ ਵਿਚ ਤੁਸੀਂ ਮਿਟਾ ਦਿੱਤੇ।
“ਕਰਮ ਕਰਿ ਤੁਅ ਦਰਸ ਪਰਸ ਪਾਰਸ ਸਰ ਬਲੵ”…
ਮਨ ਕਰਕੇ ਕੋਈ ਜੁੜਦਾ ਹੈ ਤਾਂ ਕਾਮ ਕ੍ਰੋਧ ਬਿਨਸਦਾ ਹੈ, ਬਚਨਾਂ ਕਰਕੇ ਕੋਈ ਜੁੜਦਾ ਹੈ ਤਾਂ ਉਸਦਾ ਦੁੱਖ ਦਲਿੱਦਰ ਨਾਸ਼ ਹੁੰਦਾ ਹੈ ਤੇ ਜਿਹੜੇ ਕਰਮਾਂ ਕਰਕੇ ਜੁੜਦੇ ਹਨ-
“ਕਰਮ ਕਰਿ ਤੁਅ ਦਰਸ ਪਰਸ ਪਾਰਸ”…
ਜਿਹੜੇ ਕਰਮਾਂ ਕਰਕੇ ਤੁਹਾਡੇ ਦਰਸ਼ਨ ਸਪਰਸ਼ ਕਰਦੇ ਹਨ, ਉਹ ਪਾਰਸ ਵਰਗੇ ਬਣ ਜਾਂਦੇ ਹਨ।
“ਸਰ ਬਲੵ ਭਟ ਜਸੁ ਗਾਇਯਉ॥”
ਭੱਟ ਬਲ ਜੀ ਕਹਿੰਦੇ ਹਨ ਕਿ ਮੈਂ ਗੁਰੂ ਰਾਮਦਾਸ ਜੀ ਦਾ ਜੱਸ ਗਾ ਕੇ ਕਹਿੰਦਾ ਹਾਂ ਕਿ ਗੁਰੂ ਰਾਮਦਾਸ ਜੀ ਨੂੰ ਪਰਸਨ ਵਾਲੇ ਪਾਰਸ ਬਣ ਗਏ। ਉਹ ਪਾਰਸ ਉਹਨਾਂ ਦੇ ਜੀਵਨ ਨੂੰ ਵੀ ਅੱਗੇ ਪਲਟ ਗਏ।
“ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ”…
ਜਿਨ੍ਹਾਂ ਨੂੰ ਤੁਸੀਂ ਮਨ ਬੱਚ ਕਰਮ ਜੱਪਣ ਦੀ ਜਾਚ ਦੇ ਦਿੱਤੀ, ਉਹ ਫਿਰ ਬਾਹਰ ਖਲੋ ਕੇ ਕਹਿੰਦੇ ਹਨ ਗੁਰੂ ਰਾਮਦਾਸ ਸੱਚੇ ਪਾਤਿਸ਼ਾਹ! ਇਸ ਸੰਸਾਰ ਵਿਚ ਤੇਰੀ ਜੈ-ਜੈਕਾਰ ਹੋ ਰਹੀ ਹੈ।
“ਤੈ ਹਰਿ ਪਰਮ ਪਦੁ ਪਾਇਯਉ॥ ੪॥”
ਤੁਸੀਂ ਉਸ ਹਰੀ ਦੇ ਕੋਲੋਂ, ਉਸ ਹਰੀ ਦਾ ਰੂਪ ਹੋ ਕੇ ਪਰਮ ਪੱਦਵੀ ਨੂੰ ਪ੍ਰਾਪਤ ਕੀਤਾ। ਇਸੇ ਕਰਕੇ ਬਾਬਾ ਜੀ ਨੇ ਬਾਣੀ ਵਿਚ ਬਾਰ ਬਾਰ ਸਾਨੂੰ ਇਹ ਗੱਲ ਸਮਝਾਈ ਹੈ-
ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ॥ ( ਅੰਗ ੬੭੯)
ਮਨ ਕਰਕੇ, ਬਚਨਾਂ ਕਰਕੇ ਸਾਨੂੰ ਵਾਹਿਗੁਰੂ ਚੇਤੇ ਆ ਜਾਏ, ਫਿਰ ਸਾਡੀ ਜ਼ਿੰਦਗੀ ਸਫਲ ਹੋ ਸਕਦੀ ਹੈ। ਸਤਿਗੁਰੂ ਰਹਿਮਤ ਕਰਨ।
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
(“ਮਾਣਸ ਜਨਮੁ ਅਮੋਲੁ ਹੈ”
ਭਾਈ ਪਿੰਦਰਪਾਲ ਸਿੰਘ ਕਥਾ ਵਾਚਕ ਦੇ ਚੋਣਵੇਂ ਲੈਕਚਰ ਸੰਪਾਦਿਤ ਭਾਈ ਪਰਮਜੀਤ ਸਿੰਘ ਖਾਲਸਾ ਵਿਚੋਂ)
ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ
