139 views 13 secs 0 comments

ਮਾਤ ਭਾਸ਼ਾ ਦੀ ਮਹੱਤਤਾ

ਲੇਖ
June 06, 2025

ਮਾਤ ਭਾਸ਼ਾ ਇਕ ਅਜਿਹੀ ਭਾਸ਼ਾ ਹੈ ਜਿਸ ਨੂੰ ਮਨੁੱਖ ਹੋਸ਼ ਸੰਭਾਲਦੇ ਹੀ ਸਭ ਤੋਂ ਪਹਿਲਾਂ ਗ੍ਰਹਿਣ ਕਰਦਾ ਹੈ। ਮਾਤਾ ਭਾਸ਼ਾ ਗ੍ਰਹਿਣ ਕਰਨ ਲਈ ਉਹ ਚੇਤੰਨ ਹੋ ਕੇ ਕੋਈ ਕਾਰਜ ਨਹੀਂ ਕਰਦਾ ਸਗੋਂ ਇਹ ਸਹਿਜ ਸੁਭਾਅ ਹੀ ਮਨੁੱਖ ਦੇ ਜੀਵਨ ਅਤੇ ਉਸ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਦੇ ਸੰਚਾਰ ਦਾ ਇੱਕ ਮਹੱਤਵਪੂਰਨ ਮਾਧਿਅਮ ਹੋ ਨਿੱਬੜਦਾ ਹੈ। ਮਾਤ ਭਾਸ਼ਾ ਮਨੁੱਖ ਲਈ ਆਪਣੇ ਆਲੇ-ਦੁਆਲੇ ਨੂੰ ਵਧੀਆ ਤਰੀਕੇ ਨਾਲ ਸਮਝਣ ਵਿਚ ਸਹਾਈ ਹੁੰਦੀ ਹੈ। ਮਾਤ ਭਾਸ਼ਾ ਮਨੁੱਖ ਦੀਆਂ ਯੋਗਤਾਵਾਂ ਨੂੰ ਵਧਾਉਣ ਵਿਚ ਬਹੁਪੱਖੀ ਭੂਮਿਕਾ ਅਦਾ ਕਰਦੀ ਹੈ ਅਤੇ ਇਹੀ ਮਾਤ ਭਾਸ਼ਾ ਇੱਕ ਮਨੁੱਖ ਵਿਚ ਆਤਮ-ਵਿਸ਼ਵਾਸ ਪੈਦਾ ਕਰਨ ਵਿਚ ਵੀ ਸਹਾਈ ਹੁੰਦੀ ਹੈ। ਵਿਅਕਤੀ ਵਿਚਲਾ ਇਹ ਆਤਮ-ਵਿਸ਼ਵਾਸ ਉਸ ਨੂੰ ਜ਼ਿੰਦਗੀ ਦੇ ਬਾਕੀ ਪੱਖਾਂ ਨੂੰ ਸਮਝਣ ਵਿਚ ਵੀ ਅਦਭੁੱਤ ਤਰੀਕੇ ਨਾਲ ਮਦਦਗਾਰ ਸਾਬਿਤ ਹੁੰਦਾ ਹੈ।
ਮਾਤ ਭਾਸ਼ਾ ਦੀ ਮਹੱਤਤਾ ਅਤੇ ਇਸ ਦੀ ਸੰਭਾਲ ਆਦਿ ਅਨੇਕਾਂ ਪੱਖਾਂ ਬਾਰੇ ਅੱਜਕਲ੍ਹ ਵਿਦਵਾਨਾਂ ਵਿਚ ਬਹੁਤ ਸਾਰੇ ਵਿਚਾਰ-ਵਟਾਂਦਰੇ ਚਲਦੇ ਰਹਿੰਦੇ ਹਨ। ਇਸ ਲਈ ਦੁਨੀਆ ਦੇ ਵੱਡੇ-ਵੱਡੇ ਵਿਦਵਾਨਾਂ ਅਤੇ ਭਾਸ਼ਾ ਵਿਗਿਆਨੀਆਂ ਦੁਆਰਾ ਸਮੇਂ-ਸਮੇਂ ’ਤੇ ਇਸ ਸੰਬੰਧੀ ਆਪਣੇ ਵਿਚਾਰਾਂ ਨੂੰ ਲੋਕਾਈ ਅੱਗੇ ਪੇਸ਼ ਕੀਤਾ ਜਾਂਦਾ ਰਿਹਾ ਹੈ, ਜਿਵੇਂ ਕਿ ਦੱਖਣੀ ਅਫਰੀਕਾ ਦੇ ਪ੍ਰਸਿੱਧ ਸੁਤੰਤਰਤਾ ਸੰਗਰਾਮੀ ਅਤੇ ਨੇਤਾ ਮਿ. ਨੈਲਸਨ ਮੰਡੇਲਾ ਨੇ ਮਾਤ-ਭਾਸ਼ਾ ਦੀ ਮਹੱਤਤਾ ਨੂੰ ਬੜੇ ਸੋਹਣੇ ਢੰਗ ਨਾਲ ਆਪਣੇ ਸ਼ਬਦਾਂ ਵਿਚ ਬਿਆਨ ਕੀਤਾ ਹੈ : “ਜੇ ਤੁਸੀਂ ਕਿਸੇ ਵਿਅਕਤੀ ਨਾਲ ਅਜਿਹੀ ਭਾਸ਼ਾ ਵਿਚ ਗੱਲ ਕਰਦੇ ਹੋ ਜਿਸਨੂੰ ਉਹ ਸਮਝਦਾ ਹੈ ਤਾਂ ਉਹ ਗੱਲ ਉਸਦੇ ਦਿਮਾਗæ ਤਕ ਪਹੁੰਚ ਕਰਦੀ ਹੈ ਅਤੇ ਜੇ ਤੁਸੀਂ ਕਿਸੇ ਵਿਅਕਤੀ ਨਾਲ ਉਸ ਦੀ ਆਪਣੀ ਮਾਤ-ਭਾਸ਼ਾ ਵਿਚ ਗੱਲ ਕਰਦੇ ਹੋ ਤਾਂ ਉਹ ਉਸ ਦੇ ਦਿਲ ਤਕ ਪਹੁੰਚ ਕਰਦੀ ਹੈ।”
ਉਪਰੋਕਤ ਵਿਚਾਰ ਤੋਂ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਕਿਸੇ ਵੀ ਵਿਅਕਤੀ ਦੀ ਮਾਤ ਭਾਸ਼ਾ ਦਾ ਸੰਬੰਧ ਉਸ ਦੇ ਦਿਲ ਅਤੇ ਉਸ ਦੀਆਂ ਭਾਵਨਾਵਾਂ ਨਾਲ ਗਹਿਰਾਈ ਵਿਚ ਜੁੜਿਆ ਹੁੰਦਾ ਹੈ ਅਤੇ ਇਹੀ ਸੰਬੰਧ ਉਸ ਨੂੰ ਇੱਕ ਮਜ਼ਬੂਤ ਆਧਾਰ ਦਿੰਦਾ ਹੈ। ਮਨੁੱਖ ਦੇ ਅੰਦਰ ਕਈ ਤਰ੍ਹਾਂ ਦੀਆਂ ਭਾਵਨਾਵਾਂ ਰੂਪੀ ਰਸ ਮੌਜੂਦ ਹੁੰਦੇ ਹਨ, ਜਿਵੇਂ ਗੁੱਸਾ, ਪਿਆਰ, ਦੁੱਖ, ਘ੍ਰਿਣਾ ਆਦਿ। ਮਨੁੱਖ ਆਪਣੀਆਂ ਇਨ੍ਹਾਂ ਭਾਵਨਾਵਾਂ ਦੀ ਪੇਸ਼ਕਾਰੀ ਵਿਚ ਜਦੋਂ ਸਿਖਰ’ਤੇ ਪਹੁੰਚਦਾ ਹੈ ਤਾਂ ਕੇਵਲ ਆਪਣੀ ਮਾਤ-ਭਾਸ਼ਾ ਦਾ ਹੀ ਪ੍ਰਯੋਗ ਕਰਦਾ ਹੈ। ਅਜਿਹੇ ਸਮੇਂ ਵਿਅਕਤੀ ਆਪਣੀਆਂ ਭਾਵਨਾਵਾਂ ਨੂੰ ਜਿੰਨੀ ਗਹਿਰਾਈ ਨਾਲ ਆਪਣੀ ਭਾਸ਼ਾ ਵਿਚ ਪੇਸ਼ ਕਰ ਸਕਦਾ ਹੈ ਉਨਾਂ ਕਿਸੇ ਵੀ ਦੂਜੀ ਸਿੱਖੀ ਹੋਈ ਭਾਸ਼ਾ ਵਿਚ ਨਹੀਂ ਕਰ ਸਕਦਾ।
ਮਾਤ ਭਾਸ਼ਾ ਦੇ ਮਹੱਤਵ ਨੂੰ ਦਰਸਾਉਣ ਲਈ ਹਰ ਸਾਲ 21 ਫਰਵਰੀ ਨੂੰ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਜਾਂਦਾ ਹੈ। ਮਾਤ ਭਾਸ਼ਾ ਦਿਵਸ ਮਨਾਉਣ ਦਾ ਇਹ ਪ੍ਰਸਤਾਵ ਬੰਗਲਾਦੇਸ਼ ਦੁਆਰਾ ਪੇਸ਼ ਕੀਤਾ ਗਿਆ ਸੀ ਜਿਸਨੂੰ 1999 ਈ. ਵਿਚ ਯੁਨੈਸਕੋ ਦੀ ਜਨਰਲ ਕਾਨਫਰੰਸ ਵਿਚ ਸਵਿਕਾਰ ਕੀਤਾ ਗਿਆ ਅਤੇ ਹੁਣ ਇਹ ਸੰਨ 2000 ਤੋਂ ਹੀ ਹਰ ਸਾਲ ਪੂਰੀ ਦੁਨੀਆ ਦੇ ਮੈਂਬਰ ਦੇਸ਼ਾਂ ਵੱਲੋਂ ਮਨਾਇਆ ਜਾਂਦਾ ਹੈ।
ਮਾਤ ਭਾਸ਼ਾ ਦੇ ਸੰਬੰਧ ਵਿਚ ਅਜਿਹੇ ਬਹੁਤ ਸਾਰੇ ਕਾਰਨ ਹਨ ਜਿਹੜੇ ਇਸ ਦੇ ਮਹੱਤਵ ਨੂੰ ਦਰਸਾਉਂਦੇ ਹਨ ਜਿਨ੍ਹਾਂ ਵਿੱਚੋਂ ਹੇਠ ਲਿਖੇ ਕਾਰਨਾਂ ਨੂੰ ਮੁੱਖ ਤੌਰ ’ਤੇ ਵਾਚਿਆ ਜਾ ਸਕਦਾ ਹੈ :-
ਵੱਖ-ਵੱਖ ਸਮੇਂ ’ਤੇ ਵਿਦਵਾਨਾਂ ਦੁਆਰਾ ਕੀਤੀਆਂ ਖੋਜਾਂ ਨੇ ਇਹ ਸਿੱਧ ਕੀਤਾ ਹੈ ਕਿ ਮਾਤ ਭਾਸ਼ਾ ਵਿਅਕਤੀ ਦੇ ਬੌਧਿਕ ਵਿਕਾਸ ਵਿਚ ਬਹੁਤ ਸਹਾਈ ਹੁੰਦੀ ਹੈ। ਇੱਥੋਂ ਤਕ ਕਿ ਜੇ ਕੋਈ ਬੱਚਾ ਆਪਣੀ ਸਿੱਖਿਆ ਆਪਣੀ ਮਾਤ ਭਾਸ਼ਾ ਵਿਚ ਗ੍ਰਹਿਣ ਕਰਦਾ ਹੈ ਤਾਂ ਉਸ ਦਾ ਮਾਨਸਿਕ ਵਿਕਾਸ ਉਨ੍ਹਾਂ ਬੱਚਿਆਂ ਦੀ ਤੁਲਨਾ ਵਿਚ ਜ਼ਿਆਦਾ ਤੇਜ਼ੀ ਨਾਲ ਹੁੰਦਾ ਹੈ ਜਿਹੜੇ ਕਿਸੇ ਦੂਜੀ ਭਾਸ਼ਾ ਵਿਚ ਸਿੱਖਿਆ ਗ੍ਰਹਿਣ ਕਰਦੇ ਹਨ। ਸੰਯੁਕਤ ਰਾਸ਼ਟਰ ਸੰਘ ਦੀ ਸੰਸਥਾ ਯੁਨੈਸਕੋ ਸੰਨ ਵੱਲੋਂ 1953 ਵਿਚ ਛਪੀ ਪੁਸਤਕ ‘ਸਿੱਖਿਆ ਵਿਚ ਸਥਾਨਿਕ ਭਾਸ਼ਾਵਾਂ ਦੀ ਵਰਤੋਂ’ ਅਨੁਸਾਰ ਇਹ ਆਪਣੇ ਆਪ ਹੀ ਸਿੱਧ ਹੈ ਕਿ ਬੱਚੇ ਲਈ ਸਿੱਖਿਆ ਦਾ ਸਭ ਤੋਂ ਵਧੀਆ ਮਾਧਿਅਮ ਉਸ ਦੀ ਮਾਤ-ਭਾਸ਼ਾ ਹੈ। ਮਨੋਵਿਗਿਆਨਿਕ ਤੌਰ ’ਤੇ ਇਹ ਸਾਰਥਿਕ ਚਿੰਨ੍ਹਾਂ ਦੀ ਅਜਿਹੀ ਪ੍ਰਣਾਲੀ ਹੁੰਦੀ ਹੈ ਜਿਹੜੀ ਪ੍ਰਗਟਾਅ ਅਤੇ ਸਮਝ ਲਈ ਉਸ ਦੇ ਦਿਮਾਗ਼ ਵਿਚ ਆਪਣੇ ਆਪ ਹੀ ਕੰਮ ਕਰਦੀ ਹੈ। ਸਮਾਜਿਕ ਤੌਰ ’ਤੇ ਜਿਸ ਜਨ-ਸਮੂਹ ਦੇ ਮੈਂਬਰਾਂ ਨਾਲ ਉਸਦਾ ਸੰਬੰਧ ਹੁੰਦਾ ਹੈ, ਉਸ ਨਾਲ ਇਕਮਿਕ ਹੋਣ ਦਾ ਸਾਧਨ ਹੈ। ਸਿੱਖਿਆਵੀ ਤੌਰ ’ਤੇ ਉਹ ਮਾਤ ਭਾਸ਼ਾ ਰਾਹੀਂ ਇੱਕ ਅਣਜਾਣੇ ਭਾਸ਼ਾਈ ਮਾਧਿਅਮ ਨਾਲੋਂ ਤੇਜ਼ੀ ਨਾਲ ਸਿੱਖਦਾ ਹੈ। (ਸਿੱਖਿਆ ਵਿਚ ਸਥਾਨਿਕ ਭਾਸ਼ਾਵਾਂ ਦੀ ਵਰਤੋਂ, ਪੰਨਾ 11) ਜਿਵੇਂ ਕਿ ਪਹਿਲਾਂ ਵੀ ਕਿਹਾ ਗਿਆ ਹੈ ਕਿ ਬੱਚੇ ਦਾ ਮਾਤ ਭਾਸ਼ਾ ਨਾਲ ਸੰਪਰਕ ਉਸ ਦੀ ਮਾਂ ਦੀ ਕੁੱਖ ਵਿਚ ਹੀ ਹੋ ਜਾਂਦਾ ਹੈ ਅਤੇ ਜਨਮ ਤੋਂ ਬਾਅਦ ਵੀ ਲੋਰੀਆਂ ਰਾਹੀਂ ਉਸ ਦਾ ਪਹਿਲਾ ਸੰਪਰਕ ਉਸਦੀ ਆਪਣੀ ਮਾਤ-ਭਾਸ਼ਾ ਨਾਲ ਹੀ ਹੁੰਦਾ ਹੈ। ਇਹ ਸੰਪਰਕ ਮਨੁੱਖ ਨੂੰ ਭਾਵਨਾਤਮਕ ਰੂਪ ਵਿਚ ਆਪਣੇ ਆਲੇ-ਦੁਆਲੇ, ਆਪਣੇ ਪਰਵਾਰ ਤੇ ਆਪਣੇ ਸੱਭਿਆਚਾਰ ਨਾਲ ਮਜ਼ਬੂਤੀ ਨਾਲ ਜੋੜਦਾ ਹੈ। ਆਪਣੇ ਸਮਾਜ ਅਤੇ ਆਪਣੇ ਸੱਭਿਆਚਾਰ ਦੀ ਪਛਾਣ ਅਤੇ ਸਮਝ ਵਿਅਕਤੀ ਨੂੰ ਦੂਜੇ ਸੱਭਿਆਚਾਰਾਂ ਨੂੰ ਸਮਝਣ ਵਿਚ ਵੀ ਮਦਦਗਾਰ ਹੁੰਦੀ ਹੈ। ਇਹ ਸਮਝ ਹੀ ਉਸ ਅੰਦਰ ਅਨੇਕਤਾ ਵਿਚ ਏਕਤਾ ਨੂੰ ਸਵਿਕਾਰਨ ਦੀ ਭਾਵਨਾ ਪੈਦਾ ਕਰਦੀ ਹੈ। ਆਪਣੇ ਸਮਾਜ ਅਤੇ ਸੱਭਿਆਚਾਰ ਦੀ ਮਹੱਤਤਾ ਉਸ ਨੂੰ ਸਿਖਾਉਂਦੀ ਹੈ ਕਿ ਕਿਸੇ ਦੂਜੇ ਸਮਾਜ ਦੇ ਮਨੁੱਖਾਂ ਲਈ ਉਨ੍ਹਾਂ ਦਾ ਸਮਾਜ ਅਤੇ ਸੱਭਿਆਚਾਰ ਕਿੰਨਾ ਮਹੱਤਵ ਰੱਖਦਾ ਹੈ।
ਸਾਲ 1990 ਵਿਚ ਥਾਈਲੈਂਡ ਵਿਖੇ ਾਂੋਰਲਦ ਚੋਨਡੲਰੲਨਚੲ ੋਨ ਓਦੁਚੳਟiੋਨ ਡੋਰ ਅਲਲ (ਾਂਛਓਢਅ) ਵਿਚ ਹੇਠ ਲਿਖੇ ਵਿਚਾਰ ਪੇਸ਼ ਕੀਤੇ ਗਏ:
ਮਾਤ ਭਾਸ਼ਾ ਵਿਚ ਸਿੱਖਿਆ ਆਚਾਰਕ ਪਛਾਣ ਅਤੇ ਵਿਰਾਸਤ ਨੂੰ ਮਜ਼ਬੂਤ ਕਰਦੀ ਹੈ। (ਉਹੀ,ਪੰਨਾ 6),
ਰਵਾਇਤੀ ਗਿਆਨ ਅਤੇ ਸਵਦੇਸ਼ੀ ਆਚਾਰਕ ਵਿਰਾਸਤ ਦਾ ਆਪਣੇ ਆਪ ਵਿਚ ਇੱਕ ਮੁੱਲ ਅਤੇ ਪ੍ਰਮਾਣਿਕਤਾ ਹੈ ਅਤੇ ਵਿਕਾਸ ਨੂੰ ਪਰਿਭਾਸ਼ਿਤ ਕਰਨ ਅਤੇ ਉਤਸ਼ਾਹਿਤ ਕਰਨ ਦੀ ਸਮਰੱਥਾ ਹੈ।(ਉਹੀ, ਪੰਨਾ 2)
ਭਾਸ਼ਾ ਵਿਗਿਆਨੀਆਂ ਨੇ ਇਸ ਗੱਲ ਨੂੰ ਹੁਣ ਪੂਰੀ ਤਰ੍ਹਾਂ ਸਵਿਕਾਰ ਕਰ ਲਿਆ ਹੈ ਕਿ ਜਿਸ ਵਿਅਕਤੀ ਨੂੰ ਆਪਣੀ ਭਾਸ਼ਾ ਦੀ ਪੂਰੀ ਤਰ੍ਹਾਂ ਸਮਝ ਹੈ ਜਾਂ ਆਪਣੀ ਭਾਸ਼ਾ ਨੂੰ ਚੰਗੀ ਤਰ੍ਹਾਂ ਲਿਖ-ਪੜ੍ਹ ਲੈਂਦਾ ਹੈ ਉਸ ਲਈ ਦੂਜੀਆਂ ਭਾਸ਼ਾਵਾਂ ਨੂੰ ਸਿੱਖਣਾ ਅਜਿਹੇ ਵਿਅਕਤੀਆਂ ਦੇ ਮੁਕਾਬਲੇ ਜ਼ਿਆਦਾ ਆਸਾਨ ਹੁੰਦਾ ਹੈ ਜੋ ਆਪਣੀ ਮਾਤ-ਭਾਸ਼ਾ ਦੀ ਪੂਰੀ ਸਮਝ ਨਹੀਂ ਰੱਖਦੇ। ਇਸ ਤਰ੍ਹਾਂ ਆਪਣੀ ਭਾਸ਼ਾ ਦੇ ਨਾਲ-ਨਾਲ ਦੂਜੀਆਂ ਭਾਸ਼ਾਵਾਂ ਵਿਚਲੀ ਨਿਪੁੰਨਤਾ ਬੱਚਿਆਂ ਨੂੰ ਬਹੁਭਾਸ਼ੀ ਬਣਾਉਂਦੀ ਹੈ ਅਤੇ ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿਚ ਇਹ ਗੁਣ ਬੱਚਿਆਂ ਲਈ ਤਰੱਕੀ ਦੇ ਨਵੇਂ ਰਾਹ ਬਣਾਉਂਦਾ ਹੈ।
ਆਪਣੀ ਮਾਤ ਭਾਸ਼ਾ ਦਾ ਗਿਆਨ ਵਿਅਕਤੀ ਦੇ ਅੰਦਰ ਆਤਮ-ਵਿਸ਼ਵਾਸ ਦੀ ਭਾਵਨਾ ਅਤੇ ਜਾਗਰੂਕਤਾ ਪੈਦਾ ਕਰਦਾ ਹੈ ਜਿਹੜਾ ਉਸ ਨੂੰ ਆਪਣੇ ਆਲੇ-ਦੁਆਲੇ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਲਾਹੇਵੰਦ ਸਾਬਿਤ ਹੁੰਦਾ ਹੈ। ਯੂਨੈਸਕੋ ਦੀ ਸੰਨ 1953 ਦੀ ਇੱਕ ਰਿਪੋਰਟ ਅਨੁਸਾਰ, ਆਪਣੀ ਮਾਂ-ਬੋਲੀ ਰਾਹੀਂ ਹੀ ਹਰ ਮਨੁੱਖ ਸਭ ਤੋਂ ਪਹਿਲਾਂ ਆਪਣੇ ਅਤੇ ਉਸ ਸੰਸਾਰ ਬਾਰੇ ਵਿਚਾਰ ਘੜਨਾ ਅਤੇ ਪ੍ਰਗਟ ਕਰਨਾ ਸਿੱਖਦਾ ਹੈ ਜਿਸ ਵਿਚ ਉਹ ਰਹਿੰਦਾ ਹੈ। ਮਾਤ ਭਾਸ਼ਾ ਦਾ ਗਿਆਨ ਹੋਣਾ ਮਾਣ ਵਾਲੀ ਗੱਲ ਹੈ ਕਿਉਂਕਿ ਆਪਣੀ ਮਾਂ-ਬੋਲੀ ਰੂਪੀ ਜੜ੍ਹਾਂ ਤੋਂ ਟੁੱਟਿਆ ਬੂਟਾ ਜ਼ਿਆਦਾ ਦੇਰ ਤਕ ਹਰਾ ਨਹੀਂ ਰਹਿ ਸਕਦਾ।
ਮਾਤ ਭਾਸ਼ਾ ਪਰਵਾਰਿਕ ਰਿਸ਼ਤਿਆਂ ਨੂੰ ਮਜ਼ਬੂਤ ਆਧਾਰ ਦੇਣ ਵਿਚ ਬੜੀ ਫਾਇਦੇਮੰਦ ਸਾਬਿਤ ਹੁੰਦੀ ਹੈ। ਅੱਜ ਦੇ ਸਮੇਂ ਵਿਚ ਜਿੱਥੇ ਪਰਵਾਰਾਂ ਵਿਚ ਅੰਗਰੇਜ਼ੀ ਦਾ ਬੋਲਬਾਲਾ ਵਧ ਰਿਹਾ ਹੈ ਜਾਂ ਹੋਰ ਭਾਸ਼ਾਵਾਂ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ ਤਾਂ ਅਜਿਹੇ ਮਾਹੌਲ ਵਿਚ ਬਹੁਤੇ ਪਰਵਾਰਾਂ ਦੇ ਬਜ਼ੁਰਗਾਂ ਨੂੰ ਦੂਜੀਆਂ ਭਾਸ਼ਾਵਾਂ ਦੀ ਜ਼ਿਆਦਾ ਸਮਝ ਨਾ ਹੋਣ ਕਾਰਨ ਬਹੁਤੀ ਵਾਰ ਬੱਚੇ ਬਜ਼ੁਰਗਾਂ ਦੁਆਰਾ ਦਿੱਤੀ ਜਾਣ ਵਾਲੀ ਸਿੱਖਿਆ ਅਤੇ ਅਣਮੁੱਲੇ ਗਿਆਨ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਦੇ ਨਾਲ ਹੀ ਕਈ ਵਾਰ ਬਜ਼ੁਰਗ ਆਪਣੇ ਆਪ ਨੂੰ ਪਰਵਾਰਿਕ ਮਾਹੌਲ ਵਿਚ ਇਕੱਲਾ ਮਹਿਸੂਸ ਕਰਨ ਲੱਗ ਜਾਂਦੇ ਹਨ ਕਿਉਂਕਿ ਭਾਸ਼ਾਈ ਸਾਂਝ ਨਾ ਹੋਣ ਕਰਕੇ ਪੀੜ੍ਹੀਆਂ ਵਿਚਲੇ ਰਿਸ਼ਤਿਆਂ ਦੇ ਮੋਹ ਦੀਆਂ ਤੰਦਾਂ ਢਿੱਲੀਆਂ ਪੈਣ ਲੱਗ ਪੈਂਦੀਆਂ ਹਨ।
ਮਾਤ ਭਾਸ਼ਾ ਦੇ ਸੰਬੰਧ ਵਿਚ ਉਪਰੋਕਤ ਗੱਲਾਂ ’ਤੇ ਵਿਚਾਰ ਕਰਨ ਦੀ ਲੋੜ ਹੈ। ਇੱਥੇ ਇਹ ਬਿਲਕੁਲ ਨਹੀਂ ਕਿਹਾ ਜਾ ਰਿਹਾ ਕਿ ਸਾਨੂੰ ਦੂਜੀਆਂ ਭਾਸ਼ਾਵਾਂ ਨੂੰ ਨਹੀਂ ਸਿੱਖਣਾ ਚਾਹੀਦਾ ਜਾਂ ਉਨ੍ਹਾਂ ਬਾਰੇ ਗਿਆਨ ਨਹੀਂ ਹੋਣਾ ਚਾਹੀਦਾ ਸਗੋਂ ਜਿੰਨੀਆਂ ਜਿਆਦਾ ਭਾਸ਼ਾਵਾਂ ਦਾ ਗਿਆਨ ਕਿਸੇ ਵਿਅਕਤੀ ਨੂੰ ਹੋਵੇਗਾ ਉਸ ਦੇ ਤਰੱਕੀ ਦੇ ਰਾਹ ਉਨੇ ਹੀ ਜ਼ਿਆਦਾ ਖੁੱਲਣਗੇ। ਬਸ, ਇਹ ਸਾਰਾ ਗਿਆਨ ਅਤੇ ਆਪਣੀ ਭਾਸ਼ਾ ਦਾ ਤਿਆਗ ਕਰਕੇ ਨਹੀਂ ਹੋਣੀ ਚਾਹੀਦੀ। ਮਾਤ ਭਾਸ਼ਾ ਮਾਂ ਦੀ ਮਮਤਾ ਦੀ ਉਸ ਠੰਡੀ ਛਾਂ ਦੀ ਤਰ੍ਹਾਂ ਹੈ ਜਿਹੜੀ ਵਿਅਕਤੀ ਨੂੰ ਜੀਵਨ ਦੀਆਂ ਧੁੱਪਾਂ ਵਿਚਲੇ ਸੇਕ ਤੋਂ ਬਚ ਕੇ ਉਸ ਨੂੰ ਹਰ ਵੇਲੇ ਠੰਡਕ ਦਾ ਅਹਿਸਾਸ ਕਰਵਾਉਂਦੀ ਰਹਿੰਦੀ ਹੈ।

-ਬੀਬੀ ਰੁਪਾਲੀ ਵਰਮਾ/-ਡਾ. ਸੋਨਾ