ਮੁਕਤਸਰ ਦਾ ਸਰ ਹੈ,
ਇਕ ਤੀਰਥ ਮਹਾਨ।
ਕੁੱਲ ਜਹਾਨੋਂ ਵੱਖਰੀ ਹੈ,
ਇਸ ਦੀ ਸ਼ਾਨ।
ਨਾ ਬਿਆਨੀ ਜਾ ਸਕੇ,
ਹੈ ਬੇਨਜ਼ੀਰ;
ਇਸ ਦੇ ਕੰਢੇ ਵਾਪਰੀ
ਜੋ ਦਾਸਤਾਨ।
ਗੁਰਾਂ ਤੋਂ ਬੇਮੁਖ ਸੀ
ਜੋ ਬੇਦਾਵੀਏ,
ਏਸ ਥਾਂ ਉਨ੍ਹਾਂ ਦਾ
ਹੋਇਆ ਇਮਤਿਹਾਨ।
ਪੁਰਜ਼ਾ-ਪੁਰਜ਼ਾ
ਜੰਗ ਦੇ ਵਿਚ ਜੂਝ ਕੇ,
ਰੀਝਾ ਲਿਆ
ਮਿਹਰਾਂ ਦਾ ਸਾਈਂ,
ਮਿਹਰਵਾਨ।
ਆ ਗਏ ਦਾਤਾ ਜੀ
ਕਰਦੇ ਬਖਸ਼ਿਸ਼ਾਂ,
‘ਤੂੰ ਹਜ਼ਾਰੀ’,
‘ਪੰਜ ਹਜ਼ਾਰੀ’,
‘ਗੁਣਾਂ ਦੀ ਖਾਨ’।
ਪਿਆਰਿਓ ਮੇਰਿਓ!
ਮੈਂ ਵਾਰੇ ਆਪ ਦੇ,
ਆਪ ਮੇਰੇ ਸਿੰਘ ਹੋ
ਸੁੱਘੜ, ਸੁਜਾਨ।”
“ਮਹਾਂ ਸਿੰਘਾ!
ਦੱਸ ਕੀ ਹੈਂ ਮੰਗਦਾ,
ਤੂੰ ਤਾਂ ਮੇਰੇ ਦਿਲ ਦਾ ਟੁਕੜਾ,
ਮੇਰੀ ਜਾਨ।
ਮੰਗ ਲੈ ਹੂਰਾਂ ਤੇ ਹੀਰੇ,
ਰਾਜ-ਭਾਗ,
ਕਰ ਦਿਆਂ ਮੁਸ਼ਕਿਲ
ਮੈਂ ਤੇਰੀ ਸਭ ਆਸਾਨ।”
ਮਹਾਂ ਸਿੰਘ ਕਹਿੰਦਾ,
“ਨਾ ਕੋਈ ਮੰਗ ਹੈ,
ਰਾਜ ਨ ਚਾਹਾਂ,
ਨਾ ਸਵਰਗਾਂ ਵਿਚ ਸਥਾਨ।
ਤੁੱਠੇ ਹੋ ਦਾਤਾ!
ਤਾਂ ਇਕ ਬਖਸ਼ਿਸ਼ ਕਰੋ,
ਪਾੜ ਕੇ ਬੇਦਾਵਾ,
ਸੌਖੀ ਕਰੋ ਜਾਨ।”
ਪਾੜ ਬੇਦਾਵਾ
ਗੁਰੂ ਦਸਮੇਸ਼ ਜੀ,
ਕਹਿੰਦੇ “ਸਿੰਘਾ!
ਰੱਖਿਆ ਸਭ ਦਾ ਨਿਸ਼ਾਨ।
ਮੁਕਤ ਹੋ ਕੇ,
ਮੁਕਤ ਸਭ ਨੂੰ ਕਰ ਗਿਉਂ,
‘ਅਰਸ਼ੀ’ ਤੇਰੇ ਗੀਤ
ਗਾਂਦਾ ਰਹੂ ਜਹਾਨ।
-ਨਿਰਵੈਰ ਸਿੰਘ ਅਰਸ਼ੀ
