23 views 8 secs 0 comments

ਮੁਸਲਮਾਨ

ਲੇਖ
August 13, 2025

ਸੰਸਾਰ ਦੇ ਵਿੱਚ ਅਵਤਾਰ, ਬੁੱਧ , ਪੈਗੰਬਰਾਂ ਗੁਰੂਆਂ ਨੇ ਧਰਮ, ਮਾਰਗ, ਦੀਨ, ਪੰਥ ਨੂੰ ਚਲਾਇਆ। ਅਵਤਾਰ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ ਸਨਾਤਨੀ, ਮਹਾਤਮਾ ਬੁੱਧ ਦੇ ਦਰਸਾਏ ਮਾਰਗ ‘ਤੇ ਚਲਣ ਵਾਲੇ ਬੋਧੀ, ਗੁਰੂ ਸਾਹਿਬਾਨ ਦੇ ਨਿਰਮਲ ਪੰਥ ਤੁਰਨ ਵਾਲੇ ਪੰਥੀਆਂ ਨੂੰ ਸਿੱਖ, ਹਜ਼ਰਤ ਮੁਹੰਮਦ ਸਾਹਿਬ ਦੇ ਦੀਨ ਇਸਲਾਮ ਦੇ ਵਿੱਚ ਆਉਣ ਵਾਲੇ  ਮੁਸਲਮਾਨ ਅਖਵਾਏ।
ਦੁਨੀਆ ਦੇ ਵਿੱਚ ਇਸਾਈਅਤ ਤੋਂ ਬਾਅਦ ਸਭ ਤੋਂ ਜਿਆਦਾ ਗਿਣਤੀ ਮੁਸਲਮਾਨਾਂ ਦੀ ਹੈ। ਜਿੱਥੇ ਜਾਹਰ ਪੀਰ ਜਗਤ ਗੁਰ ਬਾਬਾ, ਇਸਲਾਮ ਦੇ ਮੁਕੱਦਸ  ਅਸਥਾਨ ਮੱਕੇ, ਮਦੀਨੇ ਗਏ । ਕਾਜ਼ੀ ਤੇ ਮੁਲਾਂ ਦੁਆਰਾ ਪੁਛੀਆਂ ਗਲਾਂ ਦੇ ਜਵਾਬ ਦਿੱਤੇ। ਭਾਈ ਗੁਰਦਾਸ ਜੀ ਇਸ ਬਾਬਤ ਫੁਰਮਾਉਂਦੇ ਹਨ:-
ਪੁਛਨਿ ਗਲ ਈਮਾਨ ਦੀ ਕਾਜ਼ੀ ਮੁਲਾਂ ਇਕਠੇ ਹੋਈ ।
ਵਡਾ ਸਾਂਗ ਵਰਤਾਇਆ ਲਖਿ ਨ ਸਕੈ ਕੁਦਰਤਿ ਕੋਈ ।
ਪੁਛਨਿ ਫੋਲ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ ।
ਬਾਬਾ ਆਖੇ ਹਾਜੀਆਂ ਸਭਿ ਅਮਲਾਂ ਬਾਝਹੁ ਦੋਨੋ ਰੋਈ ।
(ਵਾਰ 1, ਪਉੜੀ 33 )
ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ ਦੇ ਅਨੁਸਾਰ ਮੁਸਲਮਾਨ ਫਾਰਸੀ  ਸ਼ਬਦ ਦੇ ਦੋ ਅਰਥ ਹਨ:- 1 ਇਸਲਾਮ ਦੇ ਮੰਨਣ ਵਾਲਾ ਮੁਸਲਿਮ, ਮੁਸਲਿਮ ਦਾ ਬਹੁ ਵਚਨ ਮੁਸਲਮੀਨ, ਮੁਸਲਮੀਨ ਸ਼ਬਦ ਦਾ ਹੀ ਦੂਜਾ ਰੂਪ ਮੁਸਲਮਾਨ ਹੈ, 2. ਮੁਹੰਮਦ ਸਾਹਿਬ ਦੇ ਦੱਸੇ ਧਰਮ ਨੂੰ ਧਾਰਨ ਕਰਨ ਵਾਲਾ ਨਾਲ ਗੁਰਬਾਣੀ ਦੇ ਪ੍ਰਮਾਣ ਵੀ ਦਿੰਦੇ ਹਨ। ਭਾਈ ਵੀਰ ਸਿੰਘ ਜੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਮੁਤਾਬਿਕ ਮੁਸਲਮਾਨ ਅਰਬੀ ਦਾ ਸ਼ਬਦ ਤੇ ਅਰਥ ਮੰਨਣ ਵਾਲਾ, ਜੋ ਮੁਹੰਮਦ ਸਾਹਿਬ ਦੇ ਚਲਾਏ ਦੀਨ ਨੂੰ ਮੰਨੇ, ਮੁਹੰਮਦੀ  ਹਨ।
ਡਾ. ਗੁਰਚਰਨ ਸਿੰਘ ‘ਸ਼੍ਰੀ ਗੁਰੂ ਗ੍ਰੰਥ  ਕੋਸ਼’ ਦੇ ਵਿੱਚ ਇਸਲਾਮ ਨੂੰ ਮੰਨਣ ਵਾਲੇ ਨੂੰ ਮੁਸਲਮਾਨ ਆਖਦੇ ਹਨ, ਪ੍ਰੋਫੈਸਰ ਸਾਹਿਬ ਸਿੰਘ ‘ਗੁਰਬਾਣੀ ਪਾਠ ਦਰਪਣ’  ਦੇ ਵਿੱਚ ਆਪਣਾ ਸਾਰਾ ਧਿਆਨ ਵਿਆਕਰਨ ਤੇ ਰੱਖਦੇ ਹਨ, ਸ਼ਬਦਾਂ ਨੂੰ ਨਹੀਂ ਖੋਲਦੇ, ਮੁਸਲਮਾਨ ਦੇ ਅਰਥ ਮੁਸਲਮਾਨ ਹੀ ਲਿਖਦੇ ਹਨ:-
ਮੁਸਲਮਾਨ:      ਮੁਹੰਮਦ ਰਸੂਲ ਇਮਾਨ ਦਾ ਸੰਖੇਪ ਹੈ ।
ਅੱਲਾਹ ਤੋਂ ਇਲਾਵਾ ਕੋਈ ਇਲਾਹ ਨਹੀਂ, ਤੇ ਮੁਹੰਮਦ ਸਾਹਿਬ ਉਸ ਅੱਲਾਹ ਦੇ ਰਸੂਲ ਨੇ, ਕਲਿਮਾ -ਏ -ਤੱਯਿਬਾ ਦਾ ਵੀ ਇਹੀ ਫੁਰਮਾਨ ਹੈ, ਮੁਹੰਮਦ ਸਾਹਿਬ ਰਸੂਲ ਨੇ ਇਸ ਗੱਲ ਤੇ ਈਮਾਨ, ਵਿਸ਼ਵਾਸ ਭਰੋਸਾ ਲਿਆਉਣ ਵਾਲਾ ਮਨੁੱਖ ਮੁਸਲਮਾਨ ਹੈ।
ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ  ‘ਜ਼ਫ਼ਰਨਾਮਾ’ ਦੇ ਵਿੱਚ ਜ਼ਿਕਰ ਕਰਦੇ ਹਨ ਕਿ , ਔਰੰਗਜ਼ੇਬ ਨਾ ਤੇ ਤੂੰ ਈਮਾਨ ਪ੍ਰਸਤ ਹੈ, ਨਾ ਹੀ ਦੀਨ ਦੇ ਵਿਧਾਨ ਨੂੰ ਤੂੰ ਮੰਨਦਾ ਹੈ, ਨਾ ਤੈਨੂੰ ਖੁਦਾ ਦੀ ਪਛਾਣ ਹੈ, ਤੇ ਨਾ ਹੀ ਤੇਰਾ ਮੁਹੰਮਦ ਸਾਹਿਬ ਤੇ ਯਕੀਨ ਹੈ
ਨ ਈਮਾ ਪ੍ਰਸਤੀ ਨ ਔਜਾਇ ਦੀਂ
ਨ ਸਾਹਿਬ ਸ਼ਨਾਸੀ ਨ ਮੁਹੰਮਦ ਯਕੀਂ।।
(ਜਫਰਨਾਮਾ)
ਪਾਤਸ਼ਾਹੀ ਦਸਵੀਂ ਔਰੰਗਜ਼ੇਬ ਸ਼ੀਆ ਮੁਸਲਮਾਨ, ਪੰਜ ਵਕਤ ਦੀ ਨਮਾਜ਼ ਪੜਨ ਵਾਲਾ, ਰੋਜ਼ੇ , ਕੁਰਾਨ ਦੀ ਤਿਲਾਵਤ, ਜਕਾਤ ਦੇਣ ਵਾਲਾ, ਸ਼ਰਾ ਦਾ ਪਾਬੰਦ, ਦੂਸਰਿਆਂ ਨੂੰ ਵੀ ਦੀਨ ਦੇ ਵਿੱਚ ਲਿਆਉਣ ਵਾਲਾ, ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਕਾਜ਼ੀ ਹੱਥ ਕੁਰਾਨ ਦੀ ਕਸਮ ਵਾਲਾ ਖਤ ਭੇਜਦਾ ਹੈ ਕਿ , ਤੁਸੀਂ ਅਨੰਦਪੁਰ ਸਾਹਿਬ ਛੱਡ ਜਾਓ ਤੁਹਾਡੇ ਤੇ ਕੋਈ ਹਮਲਾ ਨਹੀਂ ਹੋਵੇਗਾ, ਦਸਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਛੱਡ ਕੇ ਸਰਸਾ ਨਦੀ ਦੇ ਕਿਨਾਰੇ ‘ਤੇ ਪਹੁੰਚਦੇ ਨੇ, ਔਰੰਗਜ਼ੇਬ ਦੀ ਫੌਜ ਕੁਰਾਨ ਦੀ ਕਸਮ ਨੂੰ ਭੁੱਲ ਕੇ ਸਤਿਗੁਰਾਂ ਤੇ ਹਮਲਾ ਕਰ ਦਿੰਦੀ, ਸਤਿਗੁਰ ਲਾਚਾਰਗੀ ਦੇ ਨਾਲ ਜੰਗ ਦੇ ਦਰਮਿਆਨ ਆਉਂਦੇ ਨੇ, ਤਲਵਾਰ, ਤੀਰ ਤੇ ਬੰਦੂਕਾਂ ਦੇ ਨਾਲ ਹਮਲੇ ਦਾ ਜਵਾਬ ਦਿੰਦੇ ਹਨ। ਦੀਨੇ ਕਾਂਗੜ ਵਾਲੇ ਅਸਥਾਨ ਤੋਂ  ਜ਼ਫ਼ਰਨਾਮਾ ਲਿਖ ਕੇ ਔਰੰਗਜ਼ੇਬ ਨੂੰ ਕਹਿੰਦੇ ਹਨ ਕਿ ਜਿਸ ਦਾ ਵੀ ਮੁਹੰਮਦ ਸਾਹਿਬ ਤੇ ਈਮਾਨ ਹੁੰਦਾ ਹੈ, ਉਹ ਕੁਰਾਨ ਦੀ ਖਾਧੀ ਹੋਈ ਕਸਮ ਨੂੰ ਭੰਗ ਨਹੀਂ ਕਰਦਾ:
ਹਰ ਆਂ ਕਸ ਕਿ ਈਮਾਂ ਪ੍ਰਸਤੀ ਕੁਨਦ ।।
ਨ ਪੈਮਾ ਖੁਦਸ਼ ਪੇਸੋ ਪਸਤੀ ਕੁਨਦ।।

ਗਿਆਨੀ ਗੁਰਜੀਤ ਸਿੰਘ ਪਟਿਆਲਾ ਮੁੱਖ ਸੰਪਾਦਕ