ਯੂ.ਕੇ. ਵਿਚ ਸਿੱਖ ਬੱਚੀਆਂ ਨੂੰ ਮੁਸਲਿਮ ਪਿਛੋਕੜ ਵਾਲੇ ਗਰੋਹਾਂ ਵਲੋਂ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਸ਼ਹਿਰ ਹੰਸਲੋ ਵਿਚ ਸਿੱਖ ਭਾਈਚਾਰੇ ਨੇ ਇਕੱਠੇ ਹੋ ਕੇ ਇੱਕ ਮੁਸਲਿਮ ਵਿਅਕਤੀ ਦੇ ਕਬਜ਼ੇ ‘ਚੋਂ ਇੱਕ ਨਾਬਾਲਗ ਸਿੱਖ ਲੜਕੀ ਨੂੰ ਛੁਡਵਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ 40 ਕੁ ਸਾਲਾ ਵਿਅਕਤੀ ਨੇ ਸਕੂਲ ਪੜ੍ਹਦੀ ਬੱਚੀ ਨੂੰ ਗੁੰਮਰਾਹ ਕਰਕੇ ਉਸ ਦੇ ਮਾਪਿਆਂ ਤੋਂ ਦੂਰ ਰੱਖਿਆ ਹੋਇਆ ਸੀ। ਇਸ ਸਬੰਧੀ ਏ.ਕੇ. ਮੀਡੀਆ ਦੇ ਜੱਸਾ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਤੋਂ ਜਦੋਂ ਪੁਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਲੰਮੇਂ ਸਮੇਂ ਤੋਂ ਬੱਚੀ ਨੂੰ ਜਾਣਦਾ ਹੈ ਅਤੇ ਬੱਚੀ ਦੀ ਉਮਰ 16 ਸਾਲ ਹੈ। ਜਦਕਿ ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਬੱਚੀ ਨੂੰ ਪਿਛਲੇ ਦੋ ਸਾਲ ਤੋਂ ਇਥੇ ਆਉਂਦੇ ਜਾਂਦੇ ਵੇਖਿਆ ਹੈ। ਲੋਕਾਂ ਮੁਤਾਬਕ ਇਥੇ ਹੋਰ ਵੀ ਨਾਬਾਲਗ ਲੜਕੇ ਲੜਕੀਆਂ ਆਉਂਦੇ ਹਨ। ਜੱਸਾ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਨੇ ਭਰਪੂਰ ਸਹਿਯੋਗ ਦਿੱਤਾ ਹੈ। ਬੱਚੀ ਦੇ ਮਾਪਿਆਂ ਅਤੇ ਭਾਈਚਾਰੇ ਦੇ 100 ਦੇ ਕਰੀਬ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਦੇਰ ਰਾਤ 10 ਵਜੇ ਦੇ ਕਰੀਬ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਨ ਉਪਰੰਤ ਲੜਕੀ ਨੂੰ ਮਾਪਿਆਂ ਦੇ ਹਵਾਲੇ ਕੀਤਾ। ਗਿਆ। ਯੂ.ਕੇ. ਵਿਚ ਸਿੱਖ ਬੱਚੀਆਂ ਨੂੰ ਮੁਸਲਿਮ ਪਿਛੋਕੜ ਵਾਲੇ ਗਰੋਹਾਂ ਵਲੋਂ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਸ ਦਾ ਮੁੱਖ ਕਾਰਨ ਕਈ ਮਾਪੇ ਅਜਿਹੀਆਂ ਘਟਨਾਵਾਂ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰਦੇ ਅਤੇ ਸ਼ਰਮਿੰਦਗੀ ਮਹਿਸੂਸ ਕਰਨ ਕਾਰਨ ਅਪਰਾਧੀ ਲੋਕ ਮਾਸੂਮ ਬੱਚੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਜਿਕਰਯੋਗ ਹੈ ਕਿ ਯੂ.ਕੇ. ਵਿਚ ਨਾਬਾਲਗ ਲੜਕੀਆਂ ਨੂੰ ਗੁੰਮਰਾਹ ਕਰਨ ਦੀਆਂ ਘਟਨਾਵਾਂ ਅਤੇ ਜਿਣਸੀ ਅਪਰਾਧਾਂ ਬਾਰੇ ਸਰਕਾਰ ਵਲੋਂ ਇੱਕ ਜਾਂਚ ਵੀ ਕੀਤੀ ਜਾ ਰਹੀ ਹੈ। ਭਾਵੇਂ ਕਿ ਪੁਲਿਸ ਮਾਮਲੇ ਦੀ ਤੈਅ ਤੱਕ ਜਾਣ ਲਈ ਜਾਂਚ ਕਰ ਰਹੀ ਹੈ। ਪ੍ਰੰਤੂ ਉਸ ਇਲਾਕੇ ਦੇ ਲੋਕਾਂ ਦੇ ਬਿਆਨਾਂ ਅਧਾਰਿਤ ਸਿੱਖ ਭਾਈਚਾਰੇ ਵਲੋਂ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
