ਬੀਤੇ ਦਿਨੀਂ ਇੱਕ ਮੁਸਲਿਮ ਨੌਜਵਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਕੁਰਲੀ ਕਰਨ ਦੇ ਮਾਮਲੇ ਨੂੰ ਬੇਅਦਬੀ ਕਰਾਰ ਦਿੰਦਿਆਂ ਅੱਜ 24 ਜਨਵਰੀ 2026 ਨੂੰ ਪ੍ਰਬੰਧਕਾਂ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਈ-ਡਵੀਜ਼ਨ ਪੁਲਿਸ ਥਾਣੇ ਵਿੱਚ ਅਧਿਕਾਰਤ ਰੂਪ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਵਿਅਕਤੀ ਦੀ ਪਛਾਣ ਸੁਬਹਾਨ ਰੰਗਰੀਜ਼ ਵਾਸੀ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ, ਜੋ 13 ਜਨਵਰੀ 2026 ਨੂੰ ਸ੍ਰੀ ਦਰਬਾਰ ਸਾਹਿਬ ਪਰਿਕਰਮਾ ਵਿੱਚ ਆਇਆ ਸੀ। ਪ੍ਰਬੰਧਕਾਂ ਵੱਲੋਂ ਕੀਤੀ ਗਈ ਜਾਂਚ ਵਿੱਚ ਪਾਇਆ ਗਿਆ ਹੈ ਕਿ ਉਸ ਨਾਲ ਉਸ ਦਿਨ ਚਾਰ ਨੌਜਵਾਨ ਹੋਰ ਸਨ, ਜੋ ਇਹ ਸਾਰੇ ਪੰਜ ਜਣੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕੇ ਬਿਨਾਂ ਹੀ ਬਾਹਰ ਚਲੇ ਗਏ ਸਨ। ਪਰਿਕਰਮਾ ਵਿੱਚ ਪਾਵਨ ਸਰੋਵਰ ਅੰਦਰ ਕੁਰਲੀ ਅਤੇ ਚੂਲ਼ਾ ਲੈਂਦਿਆਂ ਸੁਬਹਾਨ ਨੇ ਆਪਣੀ ਰਿਕਾਰਡ ਕੀਤੀ ਵੀਡੀਓ 16 ਜਨਵਰੀ 2026 ਨੂੰ ਆਪਣੇ ਸੋਸ਼ਲ ਮੀਡੀਆ ਮੰਚਾਂ ਉੱਤੇ ਪਾਈ। ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਜਾਂਚ ਅਰੰਭੀ ਅਤੇ ਜਾਂਚ ਵਿੱਚ ਸਬੰਧਤ ਨੌਜਵਾਨਾਂ ਦੀ ਗਤੀਵਿਧੀ ਕੈਮਰਿਆਂ ਰਾਹੀਂ ਵਾਚੀ ਗਈ, ਜਿਸ ਤੋਂ ਪ੍ਰਬੰਧਕਾਂ ਅਨੁਸਾਰ ਇਹ ਸਪੱਸ਼ਟ ਹੁੰਦਾ ਹੈ ਕਿ ਉਸ ਦੀ ਮਨਸ਼ਾ ਸ਼ਰਧਾ ਭਾਵਨਾ ਵਾਲੀ ਘੱਟ ਅਤੇ ਵਿਵਾਦ ਕਰਨ ਵਾਲੀ ਵੱਧ ਸੀ ਜਿਸ ਨੂੰ ਬੇਅਦਬੀ ਮੰਨਿਆ ਗਿਆ ਹੈ। ਇਹ ਕਿਹਾ ਗਿਆ ਹੈ ਕਿ ਦੋਸ਼ੀ ਦੀ ਗਤੀਵਿਧੀਆਂ ਨਾਲ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਹੈ ਇਸ ਲਈ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
