ਨਵੀ ਮੁੰਬਈ, ਮੁੰਬਈ ਅਤੇ ਮਹਾਰਾਸ਼ਟਰ ਦੀ ਸਿੱਖ ਸੰਗਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਜਥੇਦਾਰਾਂ ਬਦਲਣ ਦੇ ਫੈਸਲੇ ’ਤੇ ਗੰਭੀਰ ਚਿੰਤਾ ਜਤਾਉਂਦਿਆਂ ਉਸ ਦੀ ਵਾਪਸੀ ਦੀ ਮੰਗ ਕੀਤੀ ਹੈ। ਸੰਗਤ ਨੇ ਸ਼੍ਰੋਮਣੀ ਕਮੇਟੀ ਨੂੰ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਆਪਣਾ ਫੈਸਲਾ ਵਾਪਸ ਲੈਣ ਅਤੇ ਪੂਰਾ ਕਾਰਜ ਪੰਥਕ ਰਵਾਇਤਾਂ ਅਨੁਸਾਰ ਕੀਤਾ ਜਾਵੇ।
ਸ਼੍ਰੋਮਣੀ ਕਮੇਟੀ ਨੂੰ ਭੇਜੇ ਪੱਤਰ ਵਿੱਚ ਮੁੱਖ ਮੰਗਾਂ:
-ਸ਼੍ਰੋਮਣੀ ਕਮੇਟੀ ਨੇ ਹਾਲ ਹੀ ਵਿੱਚ ਗਿਆਨੀ ਰਘਬੀਰ ਸਿੰਘ ਜੀ (ਸ੍ਰੀ ਅਕਾਲ ਤਖ਼ਤ ਸਾਹਿਬ), ਗਿਆਨੀ ਸੁਲਤਾਨ ਸਿੰਘ ਜੀ (ਤਖ਼ਤ ਸ੍ਰੀ ਕੇਸਗੜ੍ਹ ਸਾਹਿਬ) ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ (ਤਖ਼ਤ ਸ੍ਰੀ ਦਮਦਮਾ ਸਾਹਿਬ) ਨੂੰ ਅਣਸੁਣੀ ਤਰੀਕੇ ਨਾਲ ਹਟਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਨੂੰ ਆਪਣੇ ਇਸ ਫੈਸਲੇ ’ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ।
– ਭਾਈ ਕੁਲਦੀਪ ਸਿੰਘ ਗੜਗੱਜ (ਸ੍ਰੀ ਅਕਾਲ ਤਖ਼ਤ ਸਾਹਿਬ) ਅਤੇ ਬਾਬਾ ਟੇਕ ਸਿੰਘ ਧਨੋਲਾ (ਤਖ਼ਤ ਸ੍ਰੀ ਦਮਦਮਾ ਸਾਹਿਬ) ਦੀ ਨਿਯੁਕਤੀ ’ਤੇ ਸਿੱਖ ਪੰਥ ਵਲੋਂ ਗੰਭੀਰ ਸਵਾਲ ਉਠਾਏ ਗਏ ਹਨ। ਸ਼੍ਰੋਮਣੀ ਕਮੇਟੀ ਨੂੰ ਇਹ ਨਿਯੁਕਤੀਆਂ ਰੱਦ ਕਰਕੇ ਨਵੀਂ ਤਰੀਕਾ-ਕਾਰ ਤਿਆਰ ਕਰਨੀ ਚਾਹੀਦੀ ਹੈ।
– ਸ਼੍ਰੋਮਣੀ ਕਮੇਟੀ ਨੂੰ ਸੰਤ ਸਮਾਜ, ਨਿਹੰਗ ਸਿੰਘ ਸੰਪਰਦਾਵਾਂ ਅਤੇ ਪੰਥਕ ਵਿਦਵਾਨਾਂ ਦੀ ਸਲਾਹ ਲੈਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਦਖਲਅੰਦਾਜ਼ੀ ਤੋਂ ਬਚਿਆ ਜਾ ਸਕੇ। ਇੱਕ ਲਿਖਤੀ ਅਤੇ ਸੁਚੱਜੀ ਪ੍ਰਕਿਰਿਆ ਬਣਾਈ ਜਾਵੇ ਜੋ ਭਵਿੱਖ ਵਿੱਚ ਇਸ ਤਰਾਂ ਦੀਆਂ ਵਿਵਾਦਤ ਨਿਯੁਕਤੀਆਂ ਨੂੰ ਰੋਕੇ।
– ਸ਼੍ਰੋਮਣੀ ਕਮੇਟੀ ਦੇ 28 ਮਾਰਚ 2025 ਨੂੰ ਹੋਣ ਵਾਲੇ ਬਜਟ ਸੈਸ਼ਨ ਤੋਂ ਪਹਿਲਾਂ ਇਹ ਫੈਸਲਾ ਵਾਪਸ ਲਿਆ ਜਾਣਾ ਚਾਹੀਦਾ ਹੈ। ਜੇਕਰ ਸ਼੍ਰੋਮਣੀ ਕਮੇਟੀ ਨੇ ਇਹ ਮਾਮਲਾ ਗੰਭੀਰਤਾ ਨਾਲ ਨਹੀਂ ਲਿਆ ਤਾਂ ਦੁਨੀਆ ਭਰ ਦੀ ਸਿੱਖ ਸੰਗਤ ਸ਼੍ਰੋਮਣੀ ਕਮੇਟੀ ਦੇ ਖ਼ਿਲਾਫ਼ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਅਤੇ ਪੰਥਕ ਬਾਈਕਾਟ ਵੀ ਕਰ ਸਕਦੀ ਹੈ।
ਸਿੱਖ ਪੰਥ ਨੇ ਸ਼੍ਰੋਮਣੀ ਕਮੇਟੀ ਦੀ ਪੰਥਕ ਅਤੇ ਆਧਿਕਾਰਕ ਨਿਰਪੱਖਤਾ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਨਵੀਂ ਮੁੰਬਈ ਗੁਰੂਦੁਆਰਾ ਸੁਪਰੀਮ ਕੌਂਸਿਲ ਦੇ ਚੈਅਰਮੈਨ ਜਸਪਾਲ ਸਿੰਘ ਸਿੱਧੂ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹ ਪੰਥਕ ਭਾਵਨਾਵਾਂ ਦਾ ਆਦਰ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਤੁਰੰਤ ਢੁਕਵੇਂ ਕਦਮ ਚੁੱਕਣ।
ਸ਼੍ਰੋਮਣੀ ਕਮੇਟੀ ਵੱਲੋਂ ਹੁਣ ਤੱਕ ਇਸ ਬਾਰੇ ਕੋਈ ਸਰਕਾਰੀ ਪ੍ਰਤੀਕਿਰਿਆ ਨਹੀਂ ਆਈ ਪਰ ਸਿੱਖ ਸੰਗਤ ਦਾ ਦਬਾਅ ਵਧਦਾ ਜਾ ਰਿਹਾ ਹੈ।