ਮੈਂ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਜਾ ਰਿਹਾ ਸਾਂ। ਛਿਆਂ ਦਿਨਾਂ ਵਿੱਚ ਉੱਥੇ ਪਹੁੰਚਣਾ ਸੀ। ਰਸਤੇ ਵਿੱਚ ਪੰਜ ਪੜਾਅ ਪੈਂਦੇ ਸਨ। ਹੇਮਕੁੰਟ ਸਾਹਿਬ ਫਾਊਂਡੇਸ਼ਨ ਦਾ ਇੰਤਜ਼ਾਮ ਸੀ। ਕੋਈ ਦੋ ਕੁ ਸੌ ਦਾ ਜਥਾ ਜਾ ਰਿਹਾ ਸੀ। ਰਾਗੀ ਜਥੇ ਨਾਲ ਸਨ, ਉਹ ਥਾਂ ਪੁਰ ਥਾਂ, ਜਿੱਥੇ ਠਹਿਰਨਾ ਹੁੰਦਾ ਕੀਰਤਨ ਕਰਦੇ ਸਨ। ਸੰਗਤਾਂ ਆਪ ਵੀ ਕੀਰਤਨ ਕਰਦੀਆਂ ਜਾ ਰਹੀਆਂ ਸਨ ।
ਮੈਂ ਸਾਰਾ ਰਸਤਾ ਆਪਣੀ ਹਉਮੈ ਨਾਲ ਜੰਗ ਕਰਦਿਆਂ ਤੁਰਿਆ ਗਿਆ। ਮੈਨੂੰ ਕਦੇ ਖ਼ਿਆਲ ਤਕ ਨਹੀਂ ਸੀ ਆਇਆ ਕਿ ਇਸ ਨੂੰ ਵੀ ਢਾਹ ਸਕਣਾ ਕਿਤਨਾ ਕਠਿਨ ਹੋਵੇਗਾ। ਉਹ ਮੈਨੂੰ ਕੀਰਤਨ ਕਰਦੇ ਨੂੰ ਵੀ ਆਪਣਾ ਦਿਲ ਖੋਲ੍ਹਣ ਨਹੀਂ ਸੀ ਦੇਂਦੀ ਤਾਂ ਜੁ ਰੱਬ ਮੇਰੇ ਅੰਦਰ ਨਾ ਆ ਸਕੇ। ਸਿਮਰਨ ਵਿੱਚ ਬੈਠਾ ਤਾਂ ਮੂੰਹੋਂ ‘ਵਾਹਿਗੁਰੂ, ਵਾਹਿਗੁਰੂ’ ਕਰੀ ਜਾਵਾਂ ਪਰ ਧਿਆਨ ਹੋਰ ਕਈ ਊਲ ਜਲੂਲ ਪਾਸਿਆਂ ਵੱਲ ਭਟਕਦਾ ਫਿਰੇ ।
ਕੋਈ ਨਹੀਂ ਸੀ ਜੁ ਰਹਿਨੁਮਾਈ ਕਰ ਸਕੇ। ਮੇਰੀ ਡਿਊਟੀ, ਡਾਕਟਰੀ ਦੀ ਵੀ ਸੀ, ਜੇਕਰ ਕੋਈ ਬੀਮਾਰ ਹੋ ਜਾਵੇ ਤਾਂ ਉਸ ਦੀ ਦੇਖਭਾਲ ਕਰਾਂ ।
ਇਕ ਲੜਕੀ ਕੋਈ ਸਤਾਰਾਂ-ਅਠਾਰਾਂ ਸਾਲ ਦੀ ਪੈਦਲ ਤੁਰਦੀ ਪਈ ਸੀ, ਉਸਨੂੰ ਠੇਡਾ ਵੱਜਣ ‘ਤੇ ਉਹ ਉੱਲਰ ਕੇ ਡਿੱਗ ਪਈ। ਉਸਦੀ ਇਕ ਬਾਂਹ ਮੰਚਕੋੜੀ ਗਈ ਤੇ ਦੂਜੀ ਖਰੂੰਡੀ ਗਈ। ਉਸ ਨੂੰ ਦਰਦਨਾਸ਼ਕ ਦਵਾਈ ਦਿੱਤੀ। ਉਸ ਦੇ ਪੈਰਾਂ ‘ਤੇ ਦਰਦਨਾਸ਼ਕ ਕਰੀਮ ਦੀ ਮਾਲਿਸ਼ ਕੀਤੀ। ਬੜੀ ਬਹਾਦਰ ਕੁੜੀ ਸੀ, ਸਾਰੀਆਂ ਸੱਟਾਂ-ਫੇਟਾਂ ਉਸ ਨੇ ਹੱਸਦੇ-ਹੱਸਦੇ ਝੱਲੀਆਂ। ਜਦ ਮੈਂ ਆਪਣੀ ਸੇਵਾ ਸਮਾਪਤ ਕਰਕੇ ਵਿਦਾ ਹੋਣ ਲੱਗਾ ਤਾਂ ਉਸ ਨੇ ਮੇਰੇ ਕੁਰਤੇ ਦਾ ਦਾਮਨ ਫੜ ਕੇ ਮੈਨੂੰ ਰੋਕ ਲਿਆ। ਹੰਝੂ ਉਸ ਦੀਆਂ ਅੱਖਾਂ ਵਿੱਚੋਂ ਇਕਦਮ ਵਹਿ ਤੁਰੇ ਤੇ ਕਹਿਣ ਲੱਗੀ, “ਕਾਸ਼ ਤੁਸੀਂ ਮੇਰੇ ਪਿਤਾ ਹੁੰਦੇ ।” ਮੈਂ ਕਿਹਾ, “ਬੇਟੀ ਮੈਂ ਵੀ ਤੇ ਪਿਤਾ ਜਿਹਾ ਹੀ ਹਾਂ।” ਉਹ ਭੁੱਬਾਂ ਮਾਰ ਕੇ ਰੋ ਪਈ ਤੇ ਕਹਿਣ ਲੱਗੀ, ਇਉਂ ਨਾ ਕਹੋ। ਰੱਬ ਕਰੇ ਕਿਸੇ ਦਾ ਪਿਤਾ ਵੀ ਮੇਰੇ ਪਿਤਾ ਵਰਗਾ ਨਾ ਹੋਵੇ। ਉਹਨਾਂ ਨੂੰ ਤਾਂ ਜਾਂ ਆਪਣੀ ਸ਼ਰਾਬ ਦਰਕਾਰ ਹੈ ਜਾਂ ਸਾਡੀ ਚੁੱਪ ਕੀਤੀ ਸੇਵਾ। ਜਦ ਮੈਂ ਏਥੇ ਡਿੱਗੀ, ਜੇਕਰ ਮੇਰੇ ਪਿਤਾ ਜੀ ਕੋਲ ਹੁੰਦੇ ਤਾਂ ਪਹਿਲਾਂ ਮੈਨੂੰ ਦੋ ਥੱਪੜ ਪੈਂਦੇ ਤੇ ਕਹਿੰਦੇ, ‘ਤੇਰੀਆਂ ਅੱਖਾਂ ਫੁੱਟੀਆਂ ਹੋਈਆਂ ਹਨ, ਵੇਖ ਕੇ ਨਹੀਂ ਤੁਰਿਆ ਜਾਂਦਾ।” ਫਿਰ ਜੇ ਮੈਂ ਪੈਰ ਮਚਕੋੜੇ ਜਾਣ ਕਰਕੇ ਲੰਗੜਾਂਦੀ ਤਾਂ ਕਹਿੰਦੇ, “ਐਵੇਂ ਮਚਲ ਨਾ ਮਾਰ ਮੈਂ ਸਭ ਬਹਾਨੇ ਵੀ ਜਾਣਨਾ ਤੇ ਇਹ ਵੀ ਜਾਣਨਾ ਉਹਨਾਂ ਨੂੰ ਭੰਨੀ ਦਾ ਕਿਵੇਂ ਹੈ।”
ਮੈਂ ਉਸ ਨੂੰ ਕਿਹਾ, “ਤੂੰ ਆਪਣੇ ਪਿਤਾ ਪਾਸੋਂ ਆਪਣਾ ਪਿਆਰ ਨਾ ਪਰਤਾ ਤੇ ਉਹਨਾਂ ਨੂੰ ਪਿਆਰ ਕਰੀ ਜਾ। ਪਰ ਦਲੇਰ ਹੋ ਜਾ। ਡਰ ਨਹੀਂ, ਡਰਾ ਕੇ ਰੱਖ। ਬਹਾਦਰ ਬੰਦੇ ਸਾਹਮਣੇ ਸ਼ਰਾਬੀ ਟਿੱਕ ਨਹੀਂ ਸਕਦਾ।”
ਪਤਾ ਨਹੀਂ ਗੁਰੂ ਨੇ ਕੀ ਬਖ਼ਸ਼ਿਸ਼ ਕੀਤੀ, ਉਹ ਬੱਚੀ ਇਕਦਮ ਉੱਠ ਖਲੋਤੀ ਤੇ ਜੈਕਾਰਾ ਮਾਰਿਆ, “ਬੋਲੇ ਸੋ ਨਿਹਾਲ।” ਲਾਗਲੀ ਸੰਗਤ ਨੇ “ਸਤਿ ਸ੍ਰੀ ਅਕਾਲ” ਆਖ ਕੇ ਜੈਕਾਰੇ ਦਾ ਉੱਤਰ ਦਿੱਤਾ।
ਸ਼ਾਮ ਨੂੰ ਅੰਮ੍ਰਿਤ ਸੰਚਾਰ ਸੀ, ਉਸ ਬੱਚੀ ਨੇ ਅੰਮ੍ਰਿਤਪਾਨ ਕਰ ਲਿਆ। ਉਸ ਤੋਂ ਬਾਅਦ ਮੈਨੂੰ ਮਿਲਣ ਆਈ। ਕਹਿਣ ਲੱਗੀ, “ਅੱਜ ਤੋਂ ਗੁਰੂ ਗੋਬਿੰਦ ਸਿੰਘ ਮੇਰੇ ਪਿਤਾ ਹੋ ਗਏ ਹਨ। ਹੁਣ ਮੈਨੂੰ ਕੋਈ ਡਰ ਨਹੀਂ।”
ਅੱਠ-ਨੌ ਮਹੀਨੇ ਲੰਘ ਗਏ। ਇਕ ਦਿਨ ਉਹ ਬੱਚੀ ਮੇਰੇ ਹਸਪਤਾਲ ਆਈ ਤੇ ਮੈਨੂੰ ਮਿਲ ਗਈ। ਉਸ ਦਾ ਚਿਹਰਾ ਹੰਸੂ-ਹੰਸੂ ਕਰ ਰਿਹਾ ਸੀ। ਮੈਨੂੰ ਉਸ ਨੇ ਘੁੱਟ ਕੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਕਹਿਣ ਲੱਗੀ, “ਡਾਕਟਰ ਜੀ, ਜਦੋਂ ਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਪਿਤਾ ਧਾਰ ਲਿਆ, ਮੇਰੇ ਅੰਦਰ ਦੇ ਆਕਾਸ਼ ਤੋਂ ਬੱਦਲ ਹਟਣੇ ਸ਼ੁਰੂ ਹੋ ਗਏ। ਮੈਂ ਜਦ ਘਰ ਪਰਤੀ ਤਾਂ ਮੈਂ ਐਲਾਨ ਕਰ ਦਿੱਤਾ ਕਿ ਮੈਂ ਅੰਮ੍ਰਿਤਪਾਨ ਕਰ ਕੇ ਆਈ ਹਾਂ। ਅੱਜ ਤੋਂ ਗੁਰੂ ਗੋਬਿੰਦ ਸਿੰਘ ਮੇਰੇ ਪਿਤਾ ਹਨ, ਉਹਨਾਂ ਦਾ ਪਿਆਰ ਤੇ ਉਹਨਾਂ ਦੀ ਸ਼ਕਤੀ ਮੇਰੇ ਨਾਲ ਹੈ। ਅੱਜ ਤੋਂ ਘਰ ਵਿੱਚ ਕੋਈ ਕੁਰਹਿਤ ਨਹੀਂ ਹੋਵੇਗੀ। ਪਰ ਸ਼ਾਮ ਨੂੰ ਰੋਜ਼ ਵਾਂਗ ਮੇਰੇ ਦੁਨਿਆਵੀ ਪਿਤਾ ਜੀ, ਸ਼ਰਾਬ ਦੀ ਬੋਤਲ ਲੈ ਆਏ ਤੇ ਗਿਲਾਸ ਵਿੱਚ ਸ਼ਰਾਬ ਪਾਉਣ ਲੱਗ ਪਏ। ਮੈਂ ਰਸੋਈ ‘ਚੋਂ ਚਿਮਟਾ ਚੁੱਕ ਲਿਆਈ ਤੇ ਉਹਨਾਂ ਦੀ ਬੋਤਲ ਵੀ ਭੰਨ ਦਿੱਤੀ ਤੇ ਗਿਲਾਸ ਵੀ। ਉਹ ਤਿਲਮਿਲਾ ਉੱਠੇ ਤੇ ਮੇਰੇ ਉੱਪਰ ਹੱਥ ਉਠਾਇਆ। ਮੈਂ ਹੱਥ ਪਕੜ ਲਿਆ ਤੇ ਕਿਹਾ, “ਗੁਰੂ ਗੋਬਿੰਦ ਸਿੰਘ ਨਾਲ ਲੜ ਸਕਣ ਦਾ ਸਾਹਸ ਰੱਖਦੇ ਹੋ? ਹੁਣ ਮੇਰੇ ਅੰਦਰ ਗੁਰੂ ਜੀ ਆਪ ਵਸਦੇ ਹਨ। ਮੇਰੀਆਂ ਅੱਖਾਂ ਵੀ ਉਸ ਵੇਲੇ ਅਤਿ ਕ੍ਰੋਧਵਾਨ ਹੋਈਆਂ ਸਨ। ਮੇਰੇ ਪਿਤਾ ਜੀ ਠਠੰਬਰ ਗਏ ਤੇ ਮੰਜੇ ‘ਤੇ ਬੈਠ ਗਏ। ਫਿਰ ਆਪਣੇ ਹੱਥਾਂ ਵਿੱਚ ਆਪਣਾ ਸਿਰ ਲੈ ਕੇ ਬੈਠੇ ਰਹੇ। ਮੈਂ ਕਿਹਾ, “ਵਾਹਿਗੁਰੂ ਬੋਲੋ, ਪੰਜ ਵਾਰੀ।” ਉਹਨਾਂ ਪੰਜ ਵਾਰੀ ਵਾਹਿਗੁਰੂ ਬੋਲ ਦਿੱਤਾ ਤੇ ਮੈਂ ਉੱਥੋਂ ਆਪਣੇ ਕਮਰੇ ਨੂੰ ਚਲੀ ਆਈ। ਰਾਤੀਂ ਇੱਕ ਵਜੇ ਦੇ ਕਰੀਬ ਉਹ ਮੇਰੇ ਕਮਰੇ ਵਿੱਚ ਆਏ ਤੇ ਮੇਰੇ ਪੈਰਾਂ ‘ਚ ਸਿਰ ਰੱਖ ਕੇ ਰੋਣ ਲੱਗ ਪਏ। ਉਹਨਾਂ ਦਾ ਸਰੀਰ ਕੰਬ ਰਿਹਾ ਸੀ।
ਡਾ. ਜਸਵੰਤ ਸਿੰਘ ਨੇਕੀ
