ਜੋ ਕੁਛ ਪ੍ਰਾਪਤ ਹੋਇਆ ਹੈ। ‘ਮੇਹਰ’ ਹੈ। ਇਸ ਮੇਹਰ ਨੂੰ ਪਚਾਉਣ ਦਾ ਦਾਰੂ ‘ਸ਼ੁਕਰ’ ਹੈ।
‘ਅਸੀ ਕਿਸੇ ਯੋਗ ਨਹੀ, ਦਾਤਾ ਮੇਹਰ ਕਰ ਕੇ ਸਾਨੂੰ ਪ੍ਰਤਿਪਾਲਦਾ ਹੈ’ ਇਸ ਭਾਵ ਵਿਚ ਰਿਹਾ ਕਰੋ।
ਜਦੋਂ ਕੁਛ ਸੁਖ ਮਿਲਣ ਲੱਗੇ ਸਦਾ ਮੇਹਰ ਸਮਝੋ, ਜਦੋਂ ਕੁਛ ਵਿਭੂਤੀ ਦੀ ਸ਼ਕਲ ਦਾ ਦਿਸ ਪਵੇ ਯਾ ਕੁਛ ਹੋ ਆਵੇ ਤਾਂ ਓਸ ਨੂੰ ਜਰੋ।
‘ਪਾ ਕੇ ਜਰਨਾ’- ਇਸ ਰਾਹੇ ਤੁਰਨ ਦਾ ਭਾਰੀ ਨੇਮ ਹੈ।
‘ਕੁਛ ਹੋ ਆਉਣਾ’ ਇਸ ਨਾਲੋਂ ਹਿਰਦੇ ਦੀ ਠੰਢ ਵੱਡੀ ਚੀਜ਼ ਹੈ। ਠੰਢ ਤੇ ਸੁਖ ਰਸ, ਜੋ ਪ੍ਰਾਪਤ ਹੁੰਦੇ ਹਨ, ਉਹ ਸਦਾ ਜਰਨੇ ਹੀ ਬਣਦੇ ਹਨ। ਹੁਕਮ:-
‘ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ ।।”
ਇਸ ਦਾ ਫਲ ਹੁੰਦਾ ਹੈ-
ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ॥
(ਅੰਗ ੩੨੦)
ਗੁਰੂ ਅੰਗ ਸੰਗ ਰਹੇ। ਸੁਖੀ ਰਖੇ।
ਮੇਹਰ ਦਾ ਅਹਿਸਾਸ-ਸ਼ੁਕਰ ਦਾ ਭਾਵ, ਪਾ ਕੇ ਜਰਣ ਦਾ ਦਾਨ ਬਖਸ਼ੇ। (ਡਿਹਰਾਦੂਨ, ੭.੫,੫੧)
ਭਾਈ ਸਾਹਿਬ ਭਾਈ ਵੀਰ ਸਿੰਘ ਜੀ
