views 4 secs 0 comments

ਮੋਹਾਕਾ  

ਲੇਖ
October 01, 2025

ਮਨੁੱਖੀ ਬੋਲ ਚਾਲ ਦੇ ਵਿੱਚ ਬਿਲਕੁਲ ਵੀ ਨਾ ਵਰਤਿਆ ਜਾਣ ਵਾਲਾ ਸ਼ਬਦ ਮੋਹਾਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਵਿੱਚ ਕੇਵਲ ਇੱਕੋ ਵਾਰ ‘ਆਸਾ ਕੀ ਵਾਰ’ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦੁਆਰਾ ਉਚਾਰਨ ਪਾਵਨ ਇਕ ਸਲੋਕ ਦੇ ਵਿੱਚ ਆਇਆ ਹੈ, ਸਨਾਤਨ ਮਤ ਦੇ ਸ਼ਰਧਾਲੂਆਂ ਦੁਆਰਾ ਪਿੱਤਰਾਂ ਦੇ ਨਮਿਤ ਸ਼ਰਾਧ ਦੇ ਸਮੇਂ ਪਦਾਰਥ ਅਰਪਣ ਕੀਤੇ ਜਾਂਦੇ ਹਨ। ਸਤਿਗੁਰੂ ਫੁਰਮਾਉਂਦੇ ਹਨ ਕਿ ਜੇ ਕੋਈ ਮੁਹਾਕਾ ਘਰ ਨੂੰ ਮੁੁਹੈ ਤੇ ਆਪਣੇ ਪਿੱਤਰਾਂ ਨੂੰ ਪਦਾਰਥ ਅਰਪਣ ਕਰ ਦੇਵੇ, ਤੇ ਜੇ ਸੱਚਮੁੱਚ ਹੀ ਦਿੱਤਾ ਹੋਇਆ ਪਹੁੰਚਦਾ ਹੈ, ਤਾਂ ਪਰਲੋਕ ਵਿੱਚ ਉਹ ਵਸਤੂਆਂ ਪਛਾਣੀਆ ਜਾਣਗੀਆਂ। ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿੱਤਰਾਂ ਨੂੰ ਵੀ ਚੋਰ ਬਣਾਉਂਦਾ ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ, ਅੱਗੋਂ ਪ੍ਰਭੂ ਇਹ ਨਿਆਂ ਕਰਦਾ ਹੈ ਕਿ ਚੋਰੀ ਦਾ ਮਾਲ ਅਪੜਾਉਣ ਵਾਲੇ ਬ੍ਰਾਹਮਣ ਦੇ ਨਾਲ ਦੇ ਹੱਥ ਵੱਢੇ ਜਾਂਦੇ ਹਨ। ਹੇ ਨਾਨਕ! ਕਿਸੇ ਦਾ ਅਪੜਾਇਆ ਹੋਇਆ ਕੀ ਪਹੁੰਚਣਾ ਹੈ, ਅਗਾਹਾਂ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਆਪ ਖੱਟਦਾ, ਕਮਾਉਂਦਾ ਤੇ ਹੱਥੀਂ ਦਿੰਦਾ ਹੈ:

ਜੇ ਮੋਹਾਕਾ ਘਰੁ ਮੁਹੈ ਘਰੁ ਮਹਿ ਪਿਤਰੀ ਦੇਇ ।।
ਅਗੈ ਵਸਤੁ ਸਿਵਾਣੀਏ ਪਿਤਰੀ ਚੋਰ ਕਰੇਇ।।
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ।।
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ।।
(ਸ੍ਰੀ ਗੁਰੂ ਗ੍ਰੰਥ ਸਾਹਿਬ 472)
ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਦੇ ਵਿੱਚ ਮੋਹਾਕਾ ਸੰਸਕ੍ਰਿਤ ਦੇ ਸ਼ਬਦ ਮੋਸ਼ਕ ਮੁਸ਼ਨ ਭਾਵ ਜੋ ਚੋਰੀ ਕਰਦਾ ਹੈ। ਭਾਈ ਵੀਰ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਵਿੱਚ ਇਸ ਨੂੰ ਸੰਸਕ੍ਰਿਤ ਦੇ ਸ਼ਬਦ ਮੂਸੑ, ਚੋਰੀ ਕਰਨ ਦਾ ਪੰਜਾਬੀ ਰੂਪ ਮੰਨਦੇ ਹਨ। ਡਾਕਟਰ ਗੁਰਚਰਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਵਿੱਚ ਮੋਹਾਕਾ ਨੂੰ ਚੋਰ ਲਿਖਦੇ ਹਨ। ਪ੍ਰੋਫੈਸਰ ਸਾਹਿਬ ਸਿੰਘ ਗੁਰਬਾਣੀ ਪਾਠ ਦਰਪਣ ਦੇ ਵਿੱਚ ਮੋਹਾਕਾ ਦੇ ਅਰਥ ਠੱਗ ਤੇ ਚੋਰ ਕਰਦੇ ਹੋਏ ਲਿਖਦੇ ਹਨ ਕਿ ਜਿਵੇਂ ਸੰਸਕ੍ਰਿਤ ਦੇ ਸ਼ਬਦ ਕਟਕ ਦਾ ਅਖੀਰਲਾ ਕ ਪ੍ਰਾਕ੍ਰਿਤ ਵਿੱਚ ਬਣ ਕੇ ਪੰਜਾਬੀ ਰੂਪ ਵਿੱਚ ਕੜਾ ਬਣ ਗਿਆ ਹੈ, ਤਿਵੇਂ ਸੰਸਕ੍ਰਿਤ ਦੇ ਸ਼ਬਦ ਮੋਸ਼ਕ ਤੋਂ ਮੋਹਾ ਬਣ ਗਿਆ ਹੈ, ਸ਼ਬਦ ਮੋਹਾਕਾ ਦਾ ਅਰਥ ਹੈ ਭੈੜਾ ਜਿਹਾ, ਚੰਦਰਾ ਚੋਰ।
ਮੋਹਾਕਾ: ਮੁਖ ਜੋਰਿ ਹਾਕਾ ਦਾ ਸੰਖੇਪ ਹੈ।
ਅੱਜ ਤੋਂ ਕੋਈ ਤਕਰੀਬਨ 35-40 ਸਾਲ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਰਾਤ ਦੇ ਸਮੇਂ ਚੌਕੀਦਾਰ “ਜਾਗਦੇ ਰਹੋ, ਜਾਗਦੇ ਰਹੋ” ਦੀਆਂ ਹਾਕਾਂ ਆਪਣੇ ਮੁਖ ਤੋਂ ਜ਼ੋਰ ਦੇ ਨਾਲ ਦਿੰਦੇ ਸਨ। ਹੱਥ ਦੇ ਵਿੱਚ ਫੜਿਆ ਹੋਇਆ ਸੋਟਾ ਵਾਰੀ-ਵਾਰੀ ਖੜਕਾਉਂਦੇ ਹੋਏ ਪਿੰਡ ਤੇ ਸ਼ਹਿਰ-ਵਾਸੀਆਂ ਦੀ ਚੋਰਾਂ ਤੋਂ ਰੱਖਿਆ ਕਰਦੇ ਸਨ। ਸਤਿਗੁਰ ਪਹਿਰੇਦਾਰ ਦੇ ਮੁਖੋਂ ਜ਼ੋਰ ਦੇ ਨਾਲ ਹਾਕਾ ਦੇਣ ਦੇ ਕਰਕੇ ਉਸ ਨੂੰ ਮੋਹਾਕਾ ਆਖਦੇ ਹਨ। ਪਰ ਜੇ ਘਰਾਂ ਦੀ ਰੱਖਿਆ ਕਰਨ ਵਾਲਾ ਪਾਹਰੂ ਹੀ ਚੋਰੀ ਕਰ ਲਵੇ:
ਜੇ ਘਰ ਭੰਨੈ ਪਾਹਰੂ ਕਉਣ ਰਖਣਹਾਰਾ ।
(ਭਾਈ ਗੁਰਦਾਸ ਜੀ 35:22)
ਜਗਤ ਦੇ ਵਿੱਚ ਬੜੇ ਵਾਰ ਇਸ ਤਰ੍ਹਾਂ ਦੇ ਨਾਲ ਵਾਪਰਦਾ ਕਿ ਰੱਖਿਆ ਕਰਨ ਵਾਲੇ ਹੀ ਘਰਾਂ ਦੇ ਵਿੱਚ ਲੁੱਟ ਕਰ ਲੈਂਦੇ ਹਨ, ਮਨੁੱਖਾਂ ਦੇ ਵਿੱਚ ਉਹਨਾਂ ਦੇ ਰੱਖਿਅਕ ਦਾ ਛਵੀ ਬਣੇ ਹੋਣ ਕਰਕੇ ਕਿਸੇ ਨੂੰ ਉਹਨਾਂ ਦੇ ਉੱਪਰ ਸ਼ੱਕ ਵੀ ਪੈਦਾ ਨਹੀਂ ਹੁੰਦਾ। ਮਾਤ ਲੋਕ ਦੇ ਵਿੱਚ ਮੋਹਾਕਾ, ਪਾਹਰੂ ਚੋਰੀ ਕਰ ਕੇ ਛੁਪਿਆ ਰਹਿ ਸਕਦਾ ਪਰ ਪਰਲੋਕ ਦੇ ਵਿੱਚ ਉਸ ਦੀ ਇਹ ਕਿਰਿਆ ਵੱਡੇ-ਵਡੇਰਿਆਂ ਲਈ, ਧਾਰਮਿਕ ਰਸਮਾਂ ਨਿਭਾਉਣ ਵਾਲਿਆਂ ਲਈ ਇਸੇ ਜਗਤ ਦੇ ਵਿੱਚ ਦੁੱਖ ਦਾ ਕਾਰਨ ਬਣੇਗੀ
ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਤੀਜੀ ਰੁੱਤ ਦੇ ਵਿੱਚ ਇਸ ਸਬੰਧੀ ਇੱਕ ਸਾਖੀ ਮੌਜੂਦ ਹੈ: ਅਨੰਦਪੁਰ ਸਾਹਿਬ ਭਰੇ ਦੀਵਾਨ ਦੇ ਵਿੱਚ ਦਸਵੇਂ ਪਾਤਸ਼ਾਹ ਬਿਰਾਜਮਾਨ ਨੇ, ਰਾਗੀ ਸਿੰਘਾਂ ਨੇ ਬੜੀ ਪ੍ਰੀਤ ਦੇ ਨਾਲ ਬਿਲਾਵਲ ਦੀ ਚੌਕੀ ਦਾ ਕੀਰਤਨ ਕੀਤਾ ਹੈ। ਸਾਰੀਆਂ ਸਿੱਖ ਸੰਗਤਾਂ ਨੇ ਕੀਰਤਨ ਨੂੰ ਸੁਣ ਕਰਕੇ ਰਾਗੀ ਸਿੰਘਾਂ ਦੀ ਬੜੀ ਪ੍ਰਸੰਸਾ ਕੀਤੀ।ਪ੍ਰਸੰਸਾ ਨੂੰ ਸੁਣ ਕੇ ਦਸਵੇਂ ਪਾਤਸ਼ਾਹ ਨੇ ਉੱਚੀ ਆਵਾਜ਼ ਦੇ ਵਿੱਚ ਫਰਮਾਇਆ: ‘ਭਈ ਕਹੀ ਲਪਾਈ ਕਹੀ ‘
ਸੰਗਤਾਂ ਕਹਿਣ ਲੱਗੀਆਂ, ਮਹਾਰਾਜ ਸਾਡੀ ਤੇ ਕੁਝ ਸਮਝ ਦੇ ਵਿੱਚ ਨਹੀਂ ਆਇਆ ਸਤਿਗੁਰੂ ਸਮ ਸੰਗਤਾਂ ਨੂੰ ਇੱਕ ਪਿੰਡ ਦੇ ਚੌਧਰੀ ਦੀ ਕਥਾ ਸੁਣਾਉਣ ਲੱਗੇ ਕਿ ਚੌਧਰੀ ਆਪਣੇ ਖੇਤਾਂ ਦੇ ਵਿੱਚ ਪਾਣੀ ਲਾਉਣ ਵਾਸਤੇ ਗਿਆ, ਹਰਟ ਵਾਲੇ ਖੂਹ ਦੇ ਨਾਲ ਉਹਨੇ ਬਲਦ ਜੋੜੇ, ਕਹੀ ਖੇਤ ਦੇ ਕਿਆਰੇ ਦੇ ਉੱਪਰ ਰੱਖ ਦਿੱਤੀ ਪਰ ਬਾਅਦ ਵਿੱਚ ਚੌਧਰੀ ਨੂੰ ਕਹੀ ਨ ਲੱਭੀ, ਮਨ ਦੇ ਵਿੱਚ ਸੋਚਣ ਲੱਗਾ ਕਿ ਜੇ ਮੇਰੇ ਨਾਲ ਇਸ ਤਰ੍ਹਾਂ ਵਾਪਰ ਸਕਦਾ ਫਿਰ ਬਾਕੀਆਂ ਦੇ ਨਾਲ ਕੀ ਹੋਵੇਗਾ, ਢੋਲ ਵਜਾਉਣ ਵਾਲੇ ਨੂੰ ਨਾਲ ਲੈ ਕਰਕੇ ਸਾਰੇ ਪਿੰਡ ਦੇ ਵਿੱਚ ਕਹੀ ਗੁੰਮਣ ਦੀ ਡੌਂਡੀ ਫਿਰਵਾਈ, ਸਾਰਿਆਂ ਨੇ ਸੁਣਿਆ ਪਰ ਕਹੀ ਫਿਰ ਵੀ ਨਹੀਂ ਲੱਭੀ, ਫਿਰ ਇੱਕ ਬੰਦਾ ਕਹਿਣ ਲੱਗਾ ਵੀ ਇਹ ਡੌਂਡੀ ਪਿੱਟਣ ਵਾਲੇ ਦੇ ਘਰੇ ਦੇਖ ਲਵੋ ਸ਼ਾਇਦ ਉਥੇ ਮਿਲ ਜਾਵੇ, ਸਾਰਿਆਂ ਨੇ ਆ ਕੇ ਉਹਦੇ ਘਰ ਦੇ ਵਿੱਚ ਖੋਜ ਕੀਤੀ ਤਾਂ ਕਹੀ ਉਹਦੇ ਘਰ ਪਿੱਛੇ ਇੱਕ ਕਮਰੇ ਦੇ ਵਿੱਚੋਂ ਮਿਲ ਗਈ।
ਪਿਖਿ ਕਰਿ ਬੋਲਯੋ ਚੌਧਰੀ, -ਸੁਨਿ ਮੂਢ ਭਿਰਾਈ!
ਢੋਲ ਸੁਨਾਵਹਿ ਸਭਿਨਿ ਕੋ, ਘਰ ਕਹੀ ਛੁਪਾਈ ।।੨੩।।
ਸਤਿਗੁਰੂ ਸਿੱਖ ਸੰਗਤਾਂ ਨੂੰ ਕਹਿਣ ਲੱਗੇ ਕਿ ਬਿਨਾਂ ਕਮਾਏ, ਬਿਨਾਂ ਗੁਰਬਾਣੀ ਦੇ ਅਮਲ ਕੀਤਿਆਂ ਦੂਸਰਿਆਂ ਨੂੰ ਸੁਣਾਉਣਾ, ਆਪਣੇ ਘਰ ਦੇ ਵਿੱਚ ਕਹੀ ਲੁਕੋ ਕੇ ਦੂਜਿਆਂ ਡੌਂਡੀ ਪਿੱਟਣੀ ਮੋਹਾਕਾ ਦੀ ਨਿਆਈਂ ਹੈ।

ਗਿਆਨੀ ਗੁਰਜੀਤ ਸਿੰਘ ਪਟਿਆਲਾ