ਮੈਂ ਇਕ ਸੂਫ਼ੀ ਫ਼ਕੀਰ ਅਤਾਰ ਦਾ ਜੀਵਨ ਗਾਥਾ ਪੜ੍ਹ ਰਿਹਾ ਸੀ।ਫ਼ਰਿਸ਼ਤੇ ਪ੍ਰਗਟ ਹੋਏ ਤੇ ਕਹਿਣ ਲੱਗੇ! “ਮੰਗ ਫਕੀਰਾ, ਕੀ ਚਾਹੀਦਾ।”
ਇਹ ਫ਼ਕੀਰ ਕਹਿਣ ਲੱਗਾ, “ਇਕ ਹੀ ਮੰਗ ਰਹਿ ਗਈ ਹੈ, ਉਹ ਤੁਸੀਂ ਪੂਰੀ ਨਹੀਂ ਕਰ ਸਕਦੇ। ਬਾਕੀ ਤੇ ਕੋਈ ਮੰਗ ਨਹੀਂ, ਬਸ ਇਕੋ ਹੀ ਮੰਗ ਹੈ ਔਰ ਮੈਂ ਐਸਾ ਸਮਝਦਾ ਹਾਂ ਕਿ ਉਹ ਤੁਸੀਂ ਪੂਰੀ ਨਹੀਂ ਕਰ ਸਕਦੇ।”
ਇਸ ਦੇ ਨਾਲ ਫ਼ਰਿਸ਼ਤਿਆਂ ਨੂੰ ਚੋਟ ਲੱਗੀ। ਇਹ ਤੇ ਸਾਡੀ ਤੌਹੀਨ ਪਿਆ ਕਰਦਾ ਹੈ। ਇਸ ਦੀ ਝੋਲੀ ਵਿਚ ਅਸੀਂ ਵਰ ਪਾਉਣ ਆਏ ਹਾਂ, ਸਭ ਕੁਝ ਦੇਣ ਵਾਸਤੇ ਆਏ ਹਾਂ। ਜੋ ਮੰਗੋ ਦਿੰਦੇ ਹਾਂ, ਇਹ ਕਹਿੰਦਾ ਹੈ ਇਕੋ ਹੀ ਮੰਗ ਰਹਿ ਗਈ ਹੈ ਔਰ ਤੁਸੀਂ ਪੂਰੀ ਨਹੀਂ ਕਰ ਸਕਦੇ।
ਫ਼ਰਿਸ਼ਤਿਆਂ ਨੇ ਆਖਿਆ, “ਫ਼ਕੀਰਾ, ਇਹ ਇਲਜ਼ਾਮ ਸਾਡੇ ‘ਤੇ ਬਾਅਦ ਵਿਚ ਲਾਵੀਂ, ਜਦ ਅਸੀਂ ਦੇ ਨਹੀਂ ਸਕਾਂਗੇ। ਪਰ ਕਮਾਲ ਦੀ ਗੱਲ, ਕਸੂਰ ਸਾਡੇ ਪਾਸੋਂ ਹੋਇਆ ਨਹੀਂ ਅਤੇ ਸਜ਼ਾ ਪਹਿਲੇ ਹੀ ਦੇਣ ਲੱਗੇ ਹੋ। ਤੂੰ ਮੰਗ ਅਸੀਂ ਦੇਵਾਂਗੇ, ਕੀ ਮੰਗ ਹੈ ਤੇਰੀ?”
“ਹੇ ਫ਼ਰਿਸ਼ਤਿਉ! ਇਕੋ ਹੀ ਮੰਗ ਹੈ ਮੇਰੀ, ਮੇਰੇ ਹਿਰਦੇ ਵਿਚ ਕੋਈ ਮੰਗ ਨਾ ਰਹੇ।”
ਇਹ ਅੱਤਾਰ ਕਹਿੰਦਾ ਹੈ ਕਿ ਇਹ ਸੁਣ ਕੇ ਫ਼ਰਿਸ਼ਤੇ ਚਲੇ ਗਏ।ਬਿਨਾਂ ਦਿੱਤੇ ਹੀ ਉਹ ਚਲੇ ਗਏ।
ਉਹ ਫ਼ਕੀਰ ਇਸ ਤੋਂ ਇਹ ਨੁਕਤਾ ਬਿਆਨ ਕਰ ਰਿਹਾ ਹੈ ਕਿ ਕੋਈ ਦੇਵਤਾ ਇੱਛਾਵਾਂ ਤੋਂ ਮੁਕਤ ਨਹੀਂ ਕਰ ਸਕਦਾ। ਕੇਵਲ ਪਰਮਾਤਮਾ ਹੀ ਕਰ ਸਕਦਾ ਹੈ। ਉਹ ਜਦ ਮਿਲਦਾ ਹੈ ਫਿਰ ਕੋਈ ਇੱਛਾ ਨਹੀਂ ਰਹਿੰਦੀ :-
‘ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ॥’
{ਅੰਗ ੭੪੭}
ਉਸ ਤੋਂ ਪਹਿਲਾਂ ਤਾਂ ਕੋਈ ਇੱਛਾ ਪੂਰੀ ਨਹੀਂ ਹੁੰਦੀ। ਕਿਉਂ? ਇਕ ਪੂਰੀ ਹੁੰਦੀ ਹੈ, ਦਸ ਵੀਹ ਨੂੰ ਜਨਮ ਦੇ ਜਾਂਦੀ ਹੈ। ਉਹ ਤੇ ਪ੍ਰਵਾਹ ਚਲਦਾ ਰਹਿੰਦਾ ਹੈ। ਉਸ ਵਿਚ ਕੁਝ ਪੂਰੀਆਂ ਹੁੰਦੀਆਂ ਰਹਿੰਦੀਆਂ ਨੇ ਕੁਝ ਨਿਰੰਤਰ ਜਨਮ ਲੈਂਦੀਆਂ ਰਹਿੰਦੀਆਂ ਨੇ।ਇੱਛਾਵਾਂ ਦਾ ਜੰਮਦੇ ਰਹਿਣਾ ਸਾਡੇ ਜਨਮ ਮਰਨ ਦਾ ਕਾਰਣ ਬਣਦਾ ਹੈ। ਇਹ ਮੂਲ ਗੱਲ ਕਿਤੇ ਸਮਝ ਵਿਚ ਆ ਜਾਏ ਤਾਂ ਫਿਰ ਪਾਠ ਕਰਨ ਲੱਗਿਆਂ, ਜਪ ਕਰਨ ਲੱਗਿਆਂ, ਕੱਲ ਦੀ ਗੱਲ ਛੱਡੋ ਅੱਜ ਹੀ ਅਨੰਦ ਮਿਲੇਗਾ, ਹੁਣੇ ਹੀ ਅਨੰਦ ਮਿਲੇਗਾ।
ਗਿਆਨੀ ਸੰਤ ਸਿੰਘ ਜੀ ਮਸਕੀਨ
