ਰਘੁਨਾਥ ਸ਼ਬਦ ਸਨਾਤਨ ਤੇ ਸਿੱਖ ਮਤ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਮੌਜੂਦ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਇਹ ਸ਼ਬਦ ਤਿੰਨ ਰੂਪਾਂ ਦੇ ਵਿੱਚ ਆਇਆ ਹੈ : ਰਘੁਨਾਥ,ਰਘੁਰਾਇਆ ਰਘੁਰਾਇਓ |
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਦੇ ਸਮੇਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਉਚਾਰਨ ਸਲੋਕਾਂ ਦੇ ਵਿੱਚ ਸਤਿਗੁਰ ਫਰਮਾਉਂਦੇ ਹਨ : ਐਸੀ ਬਿਪਤਾ ਪਈ ਕਿ ਨਾਲ ਦੇ ਸੰਗੀ ਸਾਥੀ ਸਾਰੇ ਸਾਥ ਛੱਡ ਕੇ ਚਲੇ ਗਏ, ਕੋਈ ਵੀ ਬਿਪਤਾ ਦੇ ਵਿੱਚ ਨਹੀਂ ਨਿਭਿਆ, ਉਸ ਬਿਪਤਾ ਦੇ ਵਿੱਚ ਮੈਨੂੰ ਇੱਕ ਰਘੁਨਾਥ ਦੀ ਹੀ ਟੇਕ ਹੈ ਫੁਰਮਾਨ ਹੈ:
ਸੰਗ ਸਖਾ ਸਭਿ ਤਜਿ ਗਏ ਕੋਉ ਨ ਨਿਬਹਿਓ ਸਾਥਿ ||
ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ||
ਸਨਾਤਨ ਮੱਤ ਅਨੁਸਾਰ ਰਘ ਸੁਦਕਸਿਣਾ ਦੇ ਗਰਭ ਤੋਂ ਦਲੀਪ ਦਾ ਪੁੱਤਰ, ਅੱਜ ਦਾ ਪਿਤਾ ਸੂਰਜ ਵੰਸ਼ੀ ਅਯੋਧਿਆ ਦਾ ਰਾਜਾ ਜਿਸ ਤੋਂ ਵੰਸ਼ ਦਾ ਨਾਂ ਰਘੁਵੰਸ਼ ਹੋਇਆ:
ਤਿਨ ਕੇ ਬੰਸ ਬਿਖੈ ਰਘੁ ਭਇਓ ।।
ਰਘੁ ਬੰਸਹਿ ਜਿਹ ਜਗਹੇ ਚਲਿਓ||
( ਅਕਾਲ ਉਸਤਤਿ)
ਦਸ਼ਰਥ ਪੁੱਤਰ ਰਾਮ ਚੰਦਰ ਜੀ ਨੂੰ ਵਿਸ਼ੇਸ਼ ਤੌਰ ਤੇ ਰਘੁਨਾਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜੰਮੂ ਦੇ ਵਿੱਚ ਉਨਾਂ ਦਾ ਇਸ ਨਾਮ ਦੇ ਉੱਪਰ ਮੰਦਰ ਵੀ ਮੌਜੂਦ ਹੈ। ਸਤਿਕਾਰ ਯੋਗ ਭਟ ਸਾਹਿਬਾਨ ਆਪਣੇ ਸਵਈਆਂ ਦੇ ਵਿੱਚ ਉਚਾਰਨ ਕਰਦੇ ਹਨ, ਹੇ ਪਰਮਾਤਮਾ! ਤੈਨੂੰ ਜਮਦਗਨਿ ਜਿਸ ਨੂੰ ਪਰਸਰਾਮ ਨੇ ਮਾਰਿਆ ਸੀ, ਤੇ ਫਿਰ ਜਿਸ ਦਾ ਪ੍ਰਤਾਪ ਰਘੁ ( ਰਾਮ ਚੰਦਰ ) ਨੇ ਭਰੀ ਸਭਾ ਦੇ ਵਿੱਚ ਖਿੱਚ ਲਿਆ ਸੀ ਉਹ ਵੀ ਗਾ ਰਿਹਾ ਹੈ:-
ਗਾਵਹਿ ਜਮਦਗਨਿ ਪਰਸਰਾਮੇਸੁਰ ਕਰ ਕਠਾਰੁ ਰਘੁ ਤੇਜੁ ਹਰਿਓ ।।
( ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1389)
ਗੁਰੂ ਸਾਹਿਬਾਨ ਜਿਸ ਰਘੁਨਾਥ ਦੀ ਟੇਕ ਬਿਪਤਾ ਦੇ ਸਮੇਂ ਲੈਣ ਦਾ ਜ਼ਿਕਰ ਕਰਦੇ ਨੇ। ਉਹਨੂੰ ਸਮਝਣ ਵਾਸਤੇ ਜਦੋਂ ਜਗਿਆਸੂ ਭਾਈ ਕਾਨ੍ਹ ਸਿੰਘ ਨਾਭਾ ਦਾ ਲਿਖਿਆ ਮਹਾਨ ਕੋਸ਼ ਪੜਦਾ ਹੈ ਤਾਂ ਅਰਥ ਕੇਵਲ ਕਰਤਾਰ ਦਾ ਬੋਧਕ ਹੀ ਮਿਲਦੇ ਹਨ, ਭਾਈ ਵੀਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਵਿੱਚ ਰਘੁਨਾਥ ਨੂੰ ਸੰਸਕ੍ਰਿਤ ਦਾ ਸ਼ਬਦ ਮੰਨਦੇ ਹਨ ਤੇ ਅਰਥ ਪ੍ਰਕਾਸ਼ ਰੂਪੀ ਸੁਆਮੀ ਕਰਦੇ ਹਨ, ਪ੍ਰੋਫੈਸਰ ਸਾਹਿਬ ਸਿੰਘ ਰਘੂਨਾਥ ਦੇ ਅਰਥ ਪਰਮਾਤਮਾ ਕਰਦੇ ਹਨ:
ਰਘੁਨਾਥ ਰਾਖਾ ਘਰ ਗੁਪਤ ਨਥ ਹਾਥ
ਰਘੁਨਾਥ ਪਰਮਾਤਮਾ ਦਾ ਕਿਰਤਮ ਨਾਮ ਹੈ, ਹਰਨਾਕਸ਼ ਦੈਂਤ ਦੇ ਘਰ ਭਗਤ ਪ੍ਰਹਿਲਾਦ ਪੈਦਾ ਹੋਇਆ, ਜਿਵੇਂ ਕਲਰ ਦੇ ਵਿੱਚ ਕਵਲ ਦਾ ਫੁੱਲ ਉੱਗ ਜਾਏ, ਪਾਂਧੇ ਸੰਡਾ ਤੇ ਅਮਰਕ ਦੇ ਕੋਲ ਪ੍ਰਹਿਲਾਦ ਨੂੰ ਪੜ੍ਹਨ ਦੇ ਵਾਸਤੇ ਭੇਜਿਆ, ਪਰ ਉਹ ਚਾਟਸਾਲ ਦੇ ਵਿੱਚ ਰਾਮ ਨਾਮ ਤੋਂ ਬਿਨਾਂ ਕੁਝ ਵੀ ਪਟੀਆ ਦੇ ਉੱਪਰ ਲਿਖਣ ਵਾਸਤੇ ਤਿਆਰ ਨਹੀਂ, ਪ੍ਰਹਿਲਾਦ ਦੀ ਸੰਗਤ ਨੇ ਨਾਲ ਦੇ ਚਟੀਆ ਵਿਗਾੜ ਦਿੱਤੇ ਨੇ, ਉਹ ਵੀ ਤਾਲ ਵਜਾ ਕਰਕੇ ਰਾਮ ਨਾਮ ਦਾ ਜਪ ਕਰਦੇ ਨੇ :-
ਪੜੈ ਨਹੀਂ ਹਮ ਹੀ ਪਚਿ ਹਾਰੇ ||
ਰਾਮੁ ਕਹੈ ਕਰ ਤਾਲ ਬਜਾਵੈ ਚਟੀਆ ਸਭੈ ਬਿਗਾਰੇ ||
ਬੱਚਾ ਮਾਂ ਦਾ ਅੰਗ ਹੈ, ਚਾਹੇ ਜਨਮ ਦੇ ਬਾਅਦ ਬੱਚਾ ਮਾਂ ਤੋਂ ਵੱਖ ਹੋ ਜਾਂਦਾ, ਪਰ ਮਾਂ ਦਾ ਧਿਆਨ ਸਾਰੀ ਜ਼ਿੰਦਗੀ ਬਣਿਆ ਰਹਿੰਦਾ ਹੈ, ਮਾਤਾ ਪ੍ਰਹਿਲਾਦ ਨੂੰ ਸਮਝਾਉਂਦੀ ਹੈ ਕਿ, ਪੁੱਤਰ! ਪਾਠਸ਼ਾਲਾ ਦੇ ਵਿੱਚ ਤੂੰ ਸੰਸਾਰ ਵਿੱਚ ਪ੍ਰਵਿਰਤ ਹੋਣ ਦੀ ਵਿਦਿਆ ਪ੍ਰਾਪਤੀ ਨਹੀਂ ਕਰਦਾ, ਤੇਰੇ ਪਿਤਾ ਦਾ ਸੁਭਾਅ ਬਹੁਤ ਕਠੋਰ ਹੈ, ਸਭ ਰਾਜੇ ਨੂੰ ਹਰਨਾਕਸ਼ ਨੇ ਆਪਣੇ ਅਧੀਨ ਕਰ ਲਿਆ:-
ਪੁਤ੍ਰ ਪ੍ਰਹਿਲਾਦ ਸਿਉ ਕਹਿਆ ਮਾਇ ||
ਪਰਵਿਰਤਿ ਨ ਪੜਹੁ ਰਹੀ ਸਮਝਾਇ ||
(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1154)
ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ ।।
ਪੂਤ ਪ੍ਰਹਿਲਾਦੁ ਕਹਿਆ ਨਹੀ ਮਾਨੈ ਤਿਨਿ ਤਉ ਅਉਰੈ ਠਾਨੀ।।
( ਭੈਰਉ ਭਗਤ ਨਾਮਦੇਵ ਜੀ, ਅੰਗ 1165)
ਗਿਆਨ ਧਿਆਨ ਦੇ ਨਾਲ ਮਿਲਦਾ, ਮਾਂ ਨੂੰ ਧਿਆਨ ਦੇ ਨਾਲ ਪਤਾ ਚੱਲਦਾ ਪ੍ਰਹਿਲਾਦ ਪਾਠਸ਼ਾਲਾ ਦੇ ਵਿੱਚ ਪੜਦਾ ਨਹੀਂ, ਸੰਡਾ ਤੇ ਅਮਰਕ ਜਾ ਕਰਕੇ ਹਰਨਾਕਸ਼ ਨੂੰ ਦੱਸਦੇ ਹਨ ਕਿ ਅਸੀਂ ਯਤਨ ਕਰਦੇ ਥੱਕ ਗਏ ਹਾਂ ਪਰ ਪ੍ਰਹਿਲਾਦ ਰਾਮ ਦਾ ਨਾਮ ਜਪਦਾ ਪੜ੍ਹਦਾ ਨਹੀਂ, ਬੜੀ ਛੇਤੀ ਦੇ ਨਾਲ ਪ੍ਰਹਿਲਾਦ ਨੂੰ ਸਭਾ ਦੇ ਵਿੱਚ ਬੁਲਾਇਆ, ਤੇ ਰਾਮ ਨਾਮ ਦਾ ਜਪ ਛੱਡਣ ਦੀ ਹਰਨਾਕਸ਼ ਨੇ ਆਗਿਆ ਕੀਤੀ, ਹੁਕਮ ਨਾ ਮੰਨਣ ਤੇ ਹਨੇਰ ਕੋਠੜੀ ਦੇ ਵਿੱਚ ਰੱਖਿਆ:
ਪ੍ਰਹਲਾਦ ਕੋਠੇ ਵਿਚਿ ਰਾਖਿਆ ਬਾਰਿ ਦੀਆ ਤਾਲਾ ।।
ਨਿਰਭਉ ਬਾਲਕੁ ਮੂਲਿ ਨ ਡਰਈ ਮੇਰੈ ਅੰਤਰਿ ਗੁਰ ਗੋਪਾਲਾ।।
ਫਿਰ ਪਾਣੀ ਵਿੱਚ ਡੋਬ ਕੇ ਅੱਗ ਵਿੱਚ ਸਾੜ ਕੇ ਮਾਰਨ ਦਾ ਯਤਨ ਕੀਤਾ ਗਿਆ, ਪਰ ਵਿਆਪਕ ਪਰਮਾਤਮਾ ਨੇ ਆਪਣੀ ਮਾਇਆ ਦੇ ਸੁਭਾਅ ਨੂੰ ਹੀ ਫੇਰ ਦਿੱਤਾ :-
ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ ||
ਗਿਰਿ ਤਰ ਜਲ ਜੁਆਲਾ ਭੈ ਰਾਖਿਓ ਰਾਜਾ ਰਾਮਿ ਮਾਇਆ ਫੇਰੀ ||
( ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1165)
ਫਿਰ ਹਰਨਾਕਸ ਖੜਗ ਕਢ ਕੇ ਪ੍ਰਹਿਲਾਦ ਤੇ ਪ੍ਰਸ਼ਨ ਕਰਦਾ, ਤੇਰਾ ਹਰੀ ਕਿੱਥੇ ਹੈ ਜਿਹੜਾ ਤੈਨੂੰ ਮੇਰੀ ਖੜਗ ਦੇ ਵਾਰ ਤੋਂ ਬਚਾ ਲਵੇਗਾ, ਪ੍ਰਹਿਲਾਦ ਕਹਿੰਦਾ ਪਰਮਾਤਮਾ ਜਲ ਥਲ ਸਾਰੇ ਕਿਤੇ ਵਿਆਪਕ, ਗੁਪਤ ਪਰਮਾਤਮਾ ਥੰਮ ਦੇ ਵਿੱਚੋਂ ਪ੍ਰਗਟ ਹੋ ਕਰਕੇ ਪ੍ਰਹਿਲਾਦ ਦੀ ਰੱਖਿਆ ਕਰਦਾ
ਆਮ ਤੌਰ ਤੇ ਧਾਰਮਿਕ ਮਨੁੱਖ ਬਾਹਰ ਇੱਕ ਜਗ੍ਹਾ ਤੇ ਪ੍ਰਗਟ ਪਰਮਾਤਮਾ ਨੂੰ ਮੰਨਦੇ ਨੇ ਭਗਤ ਬਾਹਰ ਦੇ ਨਾਲ ਘਰ ਦੇ ਵਿੱਚ ਵੀ ਪਰਮਾਤਮਾ ਨੂੰ ਮੰਨਦਾ , ਪਰਮਾਤਮਾ ਦੇ ਪ੍ਰਗਟ ਰੂਪ ਦੇ ਨਾਲ, ਸਾਰੀਆਂ ਥਾਵਾਂ ਤੇ ਉਸਨੂੰ ਗੁਪਤ ਰੂਪ ਦੇ ਵਿੱਚ ਵੀ ਮੰਨਦਾ :-
ਗੁਪਤ ਪ੍ਰਗਟ ਹਰਿ ਘਟਿ ਘਟਿ ਦੇਖਹੁ ਵਰਤੈ ਤਾਕੁ ਸਬਾਇਆ।।
ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ
