113 views 5 secs 0 comments

ਰਾਜਨੀਤੀ ਅਤੇ ਮੁੱਲ੍ਹਾਂ ਨੀਤੀ

ਲੇਖ
January 10, 2025

ਗਿ. ਦਿੱਤ ਸਿੰਘ
(ਖ਼ਾਲਸਾ ਅਖ਼ਬਾਰ ਲਾਹੌਰ, 17 ਮਈ 1895 ਪੰਨਾ 3)

ਇਸ ਉਪਰਲੇ ਸਰਨਾਮੇ ਦਾ ਇਹ ਭਾਵ ਹੈ ਕਿ ਅਧ੍ਯਾਤਮਕ ਦੁਨੀਆਂ ਦਾ ਇੰਤਜ਼ਾਮ ਠੀਕ ਰਖਨ ਲਈ ਬੁਧਿ ਅਤੇ ਰੂਹਾਨੀ ਫੌਜ ਦੀ ਜ਼ਰੂਰਤ ਹੁੰਦੀ ਹੈ ਇਸੀ ਪਰਕਾਰ ਸੰਸਾਰਕ ਇੰਤਜਾਮ ਦੇ ਵਾਸਤੇ ਬੁਧਿ ਬਲ ਨਾਲ ਸੂਰਬੀਰਤਾ ਦੀ ਲੋੜ ਹੁੰਦੀ ਹੈ ਜੋ ਲੋਕ ਸੰਸਾਰਕ ਅਤੇ ਅਧਯਾਤਮਕ ਦੁਨੀਆਂ ਦਾ ਇਕੋ ਇੰਤਜਾਮ ਸਮਝਦੇ ਹਨ ਜੋ ਇਸ ਪ੍ਰਕਾਰ ਕਰਦੇ ਹਨ ਜਿਸ ਪ੍ਰਕਾਰ ਕੋਈ ਤਸਮਈ ਅਤੇ ਮਹਾਂ ਪ੍ਰਸਾਦਿ ਦੇ ਬਨਾਉਨ ਲਈ ਇਕੋ ਪ੍ਰਕਾਰ ਦੇ ਮਸਾਲੇ ਢੂੰਡਦਾ ਹੈ। ਅਜੇਹੇ ਆਦਮੀਆਂ ਪਰ ਇਕ ਅਖਾਵਤ ਹੈ ਕਿ ਇਕ ਬਾਦਸ਼ਾਹ ਹਮੇਸਾ ਹੀ ਆਪਣੇ ਦੁਸਮਨਾ ਦੇ ਡਰ ਤੇ ਵਜੇ 2 ਸੂਰਬੀਰ ਸਸ਼ਤ੍ਰਧਾਰੀ ਆਦਮੀਆਂ ਦੀ ਫੌਜ ਨੂੰ ਤਯਾਰ ਰੱਖਦਾ ਸੀ ਜਿਸ ਪਰ ਉਸ ਦੇ ਦੁਸਮਨ ਉਸ ਦੀ ਇਹ ਸਰੀਰਕ ਸਮਰਥਾ ਦੇਖ ਅਤੇ ਸੁਨ ਕੇ ਅਰ ਇਹ ਜਾਨ ਕੇ ਕਿ ਉਸ ਦੇ ਪਾਸ ਵੱਡੇ-ਵੱਡੇ ਲੜਾਕੇ ਬਹਾਦਰ ਹਨ ਦਬੇ ਰਹਦੇ ਸਨ।

ਇਸ ਬਾਤ ਨੂੰ ਦੇਖ ਕੇ ਉਸ ਬਾਦਸਾਹ ਦੇ ਮੁਲਾਣਿਆਂ ਨੈ ਦਿਲ ਵਿਚ ਇਹ ਆਖਯਾ ਕਿ ਦੇਖੋ ਇਹ ਕੇਹਾ ਜੇਹਾ ਬਾਦਸਾਹ ਹੈ ਜੋ ਇਸ ਦਾ ਸ਼ਰਾ ਦੇ ਮਸਲਿਆਂ ਵੱਲ ਕੁਝ ਖਯਾਲ ਨਹੀ ਹੈ ਜਿਸ ਪਰ ਇਹ ਕਾਫਰਾਂ ਦੇ ਬਰਾਬਰ ਬਣਦਾ ਜਾਂਦਾ ਹੈ ਅਰ ਹਮੇਸਾਂ ਅਪਨੇ ਪਾਸ ਲੜਨੇ ਭਿੜਨੇ ਵਾਲੇ ਆਦਮੀ ਜੋ ਬੇ-ਇਲਮ ਅਤੇ ਜਾਹਲ ਹਨ ਰੱਖ ਕੇ ਖੁਸ ਰਹਿੰਦਾ ਹੈ ਇਸ ਵਾਸਤੇ ਚਲ ਕੇ ਇਸ ਨੂੰ ਸ਼ਰਾ ਦੇ ਮਸਲੇ ਭੀ ਦੱਸਨੇ ਚਾਹੀਏ। ਜਿਸ ਪਰ ਇਕ ਦਿਨ ਸਭ ਕਠੇ ਹੋ ਕੇ ਬਾਦਸਾਹ ਦੇ ਪਾਸ ਗਏ ਅਰ ਜਾ ਕੇ ਬੋਲੇ ਕਿ ਹਜਰਤ ਜੇ ਆਪ ਇਨ੍ਹਾਂ ਬੇ-ਇਲਮਾਂ ਦੀ ਸੰਗਤ ਨੂੰ ਛੱਡ ਕੇ ਸ਼ਰਾ (ਸ਼ਰਾ ) ਕੇ ਜਾਨਨ ਵਾਲਿਆਂ ਦੀ ਸੰਗਤ ਕਰੋ ਤਾ ਦੀਨ ਦੁਨੀਆਂ ਵਿਚ ਸੁਖ ਪਾਓਗੇ, ਜਿਸ ਪਰ ਬਾਦਸਾਹ ਨੈ ਸਭ ਸੂਰਬੀਰਾਂ ਨੂੰ ਤਾ ਵਿਦਾ ਕਰ ਦਿਤਾ ਅਰ ਉਨਾ ਮੁਲਾਣਿਆਂ ਨੂੰ ਅਪਨੇ ਪਾਸ ਰੱਖਲਿਆ ਜਿਸ ਪਰ ਉਹ ਮੁਲਾਣੇ ਕਤਾਬਾਂ ਨੂੰ ਖੋਲ੍ਹ-ਖੋਲ੍ਹ ਕੇ ਲੱਗੇ ਮਸਲੇ ਸ਼ਰਾ ਦੇ ਦਸਨ ਅਰ ਬਾਦਸਾਹ ਨੂੰ ਪੱਕਾ ਸ਼ਰਈ ਬਨਾ ਕੇ ਹਦੀਸਾਂ ਦੀ ਤਾਰ ਬਜਾਉਨ।

ਜਦ ਇਸ ਬਾਤ ਨੂੰ ਦੂਸਰੇ ਬਾਦਸਾਹਾਂ ਨੈ ਸੁਨਿਆ ਕਿ ਹੁਣ ਉਸ ਦੇ ਪਾਸ ਨਿਰੇ ਗਿਿਟਆਂ ਤੋੜੀ ਤੰਬੇ ਪਾ ਕੇ ਮਸਲੇ ਕਰਨ ਵਾਲੇ ਹੀ ਰਹਦੇ ਹਨ ਅਤੇ ਦੂਸਰੇ ਸੂਰਬੀਰ ਸਭ ਆਪੋ ਆਪਨੇ ਘਰੀਂ ਜਾਇ ਬੈਠੇ ਹਨ ਸੋ ਇਸ ਹਾਲਤ ਵਿਚ ਫੌਜਾਂ ਲੈ ਕੇ ਉਸ ਪਰ ਹੁਣ ਚੜਾਈ (ਚੜਾਈ) ਕਰੋ ਅਤੇ ਅਸੀ ਜਰੂਰ ਜਾ ਕੇ ਫਤੇ ਪਾਏਂਗੇ। ਇਸ ਪਰ ਸਭ ਦੁਸਮਨਾ ਨੈ ਆ ਕੇ ਉਸ ਦੇ ਮੁਲਕ ਪਰ ਕਬਜਾ ਕਰ ਲੀਤਾ ਅਰ ਜੰਗ ਦਾ ਸੁਨੇਹਾ ਭੇਜ ਦਿਤਾ ਜਿਸ ਨੂੰ ਸੁਨ ਕੇ ਉਹ ਬਾਦਸਾਹ ਘਬਰਾਇਆ ਅਰ ਉਨਾ (ਉਨ੍ਹਾਂ ) ਮੁੱਲਾਣਿਆਂ ਨੂੰ ਪਾਸ ਬਠਾਲ ਕੇ ਆਖ੍ਯਾ ਕਿ ਮੀਆਂ ਜੀ ਹੁਣ ਦੱਸੋ ਕਿ ਕੀ ਕੀਤਾ ਜਾਏ ਦੁਸ਼ਮਨ ਤਾਂ ਸਿਰ ਪਰ ਆਇ ਗਿਆ ਹੈ- ਇਸ ਬਾਤ ਨੂੰ ਸੁਨ ਕੇ ਸਭ ਮੁੱਲਾਂ ਬੋਲੇ ਕਿ ਹਜ਼ਰਤ ਕੁਛ ਖੌਫ਼ ਨਹੀਂ ਹੈ ਆਪ ਆਰਾਮ ਨਾਲ ਬੈਠੋ ਅਰ ਅਸੀ ਜਾ ਕੇ ਸ਼ਰਾ ਦੇ ਮਸਲੇ ਸੁਨਾ ਕੇ ਸਭ ਨੂੰ ਪਿੱਛੇ ਮੋੜ ਦੇਵਾਂਗੇ- ਜਿਸ ਪਰ ਕੱਛਾਂ ਵਿੱਚ ਕਿਤਾਬਾਂ ਮਾਰ ਕੇ ਦੁਸ਼ਮਨ ਪਾਸ ਗਏ ਅਰ ਜਾ ਕੇ ਲੱਗੇ ਕਿ ਭਾਈ ਸ਼ਰਾ ਵਿੱਚ ਗੈਰ ਦੇ ਮਾਲ ਪਰ ਦਾਹਵਾ ਕਰਨਾ ਹਰਾਮ ਹੈ ਅਰ ਦੀਨਦਾਰ ਨੂੰ ਦੀਨਦਾਰ ਪਰ ਹਮਲਾ ਕਰਨਾ ਗੁਨਾਹ ਹੈ ਅਤੇ ਆਪਨੇ ਰਾਜ ਪਰ ਹੀ ਕਨਾਇਤ ਕਰਨੀ ਸਬਾਬ ਹੈ- ਇਸ ਵਾਸਤੇ ਆਪ ਈਮਾਨ ਤੇ ਨਾ ਫਿਰੋ ਤਾਂ ਤੇ ਘਰਾਂ ਨੂੰ ਫਿਰ ਜਾਓ-ਜਿਨਾਂ ਦੀ ਅਜੇਹੀਆਂ ਗੱਲਾਂ ਸੁਨ ਕੇ ਉਸ ਬਾਦਸ਼ਾਹ ਨੈ ਕਹਿਆ ਕਿ ਮੀਆਂ ਜੀ ਮਸਲੇ ਘਰ ਵਿੱਚ ਦਸੋ ਪਰੰਤੂ ਬਾਦਸ਼ਾਹਾਂ ਦਾ ਮੁਲਕ ਗੀਰੀ ਕੰਮ ਹੁੰਦਾ ਹੈ ਅਰ ਜਾ ਕੇ ਆਪਨੇ ਬਾਦਸ਼ਾਹ ਨੂੰ ਜੰਗ ਲਈ ਤਯਾਰ ਕਰੋ ਜਿਸ ਪਰ ਇਹ ਟਕੇ ਬਰਗਾ ਜੁਬਾਬ ਲੈ ਕੇ ਅਪਨੇ ਬਾਦਸ਼ਾਹ ਪਾਸ ਆਏ ਜਿਸ ਪਰ ਉਸ ਨੈ ਪੁਛਿਆ ਕਿ (ਮੀਆਂ ਜੀ ਕ੍ਯਾ ਕਰ ਆਏ ਹੋ ) ਇਸ ਪਰ ਸਾਰਿਆਂ ਨੈ ਕਿਤਾਬਾਂ ਖੋਲਕੇ ਦੀਨੀ ਮਸਲੇ ਸੁਨਾ ਕੇ ਆਖ੍ਯਾ ਕਿ (ਹਜ਼ਰਤ ਉਨਕਾ ਈਮਾਨ ਗਿਆ ਔਰ ਆਪਕਾ ਰਾਜ ਗਿਆ  ) ਕਿਉਂਕਿ ਉਹ ਸ਼ਰਾ ਸੇ ਫਿਰਾਉਨ ਹੈਨ-ਇਸ ਬਾਤ ਨੂੰ ਸੁਨ ਕੇ ਬਾਦਸ਼ਾਹ ਨੈ ਆਖ੍ਯਾ ਕਿ ਆਪ ਇਨਾਂ ਕਿਤਾਬਾਂ ਨੂੰ ਉਥੇ ਹੀ ਜਾ ਕੇ ਰੱਖ ਛਡੋ ਜਿਥੋਂ ਆਂਦੀਆਂ ਹਨ ਅਤੇ ਆਪ ਮਸੀਤਾਂ ਵਿਚ ਬੈਠ ਕੇ ਤਸਬੀਆਂ ਫੇਰੋ-ਇਤਨਾਂ ਆਖ ਕੇ ਓਹੋ ਸੂਰਬੀਰ ਮੰਗਾਏ ਜਿਨ੍ਹਾਂ ਨੈ ਅਪਨੀ ਭੁਜਾ ਦੇ ਬਲ ਨਾਲ ਦੁਸ਼ਮਨਾਂ ਨੂੰ ਨਸਾ ਦਿਤਾ।

ਇਸ ਕਹਾਣੀ ਤੇ ਇਹ ਸਿਧ ਹੁੰਦਾ ਹੈ ਕਿ ਮਹਾਤਮਾਂ ਪੁਰਸ ਸੰਸਾਰਕ ਅਤੇ ਬਿਵਹਾਰਕ ਦੁਨੀਆਂ ਦੇ ਬੰਦੋਬਸਤ ਦਾ ਸਮਾਨ ਜਰੂਰ ਜੁਦਾ-ਜੁਦਾ ਤ੍ਯਾਰ ਰੱਖਣ।