83 views 6 secs 0 comments

ਰਾਮਦਾਸ ਸੋਢੀ ਤਿਲਕੁ ਦੀਆ…

ਲੇਖ
September 05, 2025

ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਅਦ ਗੁਰਤਾਗੱਦੀ ਦੇ ਲਈ ਚਾਰ ਮੁੱਖ ਦਾਅਵੇਦਾਰ ਸੀ। ਚਾਰਾਂ ਨਾਲ ਗੁਰਦੇਵ ਦਾ ਸੰਸਾਰਕ ਰਿਸ਼ਤਾ ਵੀ ਸੀ। ਦੋ ਗੁਰੂ ਪੁੱਤਰ: ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ, ਦੋ ਸਤਿਗੁਰਾਂ ਦੇ ਜਵਾਈ: ਭਾਈ ਰਾਮਾ ਜੀ ਤੇ ਭਾਈ ਜੇਠਾ ਜੀ। ਗੁਰੂ ਅਮਰਦਾਸ ਜੀ ਦੀਆਂ ਦੋ ਧੀਆਂ ਸੀ, ਵੱਡੀ ਬੀਬੀ ਦਾਨੀ ਜੀ ਤੇ ਛੋਟੀ ਬੀਬੀ ਭਾਨੀ ਜੀ। ਬੀਬੀ ਦਾਨੀ ਜੀ ਭਾਈ ਰਾਮੇ ਨਾਲ ਤੇ ਬੀਬੀ ਭਾਨੀ ਜੀ ਭਾਈ ਜੇਠਾ ਜੀ ਵਿਆਹੀ ਹੋਈ ਸੀ। ਦੋਵੇਂ ਜਵਾਈ ਗੋਇੰਦਵਾਲ ਹੀ ਰਹਿੰਦੇ ਦਿਨ ਰਾਤ ਸੇਵਾ ਕਰਦੇ ਸੀ।
ਜਦੋਂ ਪਹਿਲੇ ਤੇ ਦੂਜੇ ਸਤਿਗੁਰਾਂ ਦੀ ਤਰ੍ਹਾਂ ਅੰਤਰਜਾਮੀ ਧੰਨ ਗੁਰੂ ਅਮਰਦਾਸ ਜੀ ਨੇ ਪਰਖ ਕੀਤੀ ਤਾਂ ਭਾਈ ਜੇਠਾ ਜੀ ਹੀ ਖਰੇ ਉਤਰੇ। ਪੁੱਤ ਤੇ ਪਹਿਲਾਂ ਪਰਖ ਲਏ ਸੀ, ਦੋਵਾਂ ਜਵਾਈਆਂ- ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨੂੰ ਪਰਖਣ ਦੀ ਵਿਧੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ‘ਚ ਬੜੀ ਸੋਹਣੀ ਬਿਆਨੀ ਹੈ;
ਇੱਕ ਦਿਨ ਸਤਿਗੁਰੂ ਜੀ ਨੇ ਦੋਵਾਂ ਨੂੰ ਕੋਲ ਬੁਲਾਇਆ ਤੇ ਭਾਈ ਰਾਮਾ ਜੀ ਨੂੰ ਕਿਹਾ, “ਬਉਲੀ ਦੇ ਕੋਲ ਸਾਡੇ ਬੈਠਣ ਲਈ ਸੋਹਣਾ ਜਿਹਾ ਥੜਾ ਬਣਾਓ!” ਦੂਜੇ ਪਾਸੇ ਜਾ ਕੇ ਭਾਈ ਜੇਠਾ ਜੀ ਨੂੰ ਕਿਹਾ, “ਏਥੇ ਤੁਸੀ ਵੀ ਸਾਡੇ ਲਈ ਸੋਹਣਾ ਥੜ੍ਹਾ ਬਣਾਉ!” ਥੜੇ ਬਣਾਉਣ ਦਾ ਹੁਕਮ ਕਰ ਕੇ ਆਪ ਵਾਪਸ ਆ ਗਏ। ਸਾਰਾ ਦਿਨ ਮਿਹਨਤ ਕਰ ਕੇ ਦੋਵਾਂ ਨੇ ਵੱਖ-ਵੱਖ ਥਡ਼੍ਹੇ ਬਣਾਏ। ਸ਼ਾਮ ਦੇ ਸਮੇਂ ਸਤਿਗੁਰੂ ਵੇਖਣ ਆਏ, ਭਾਈ ਰਾਮੇ ਦਾ ਥੜਾ ਵੇਖ ਕਿਹਾ, “ਪੁੱਤ ਸਹੀ ਨਈਂ ਬਣਾਇਆ, ਢਾਹ ਦੇ! ਦਬਾਰਾ ਬਣਾਓ!!” ਗੁਰਦੇਵ ਜੀ ਨੇ ਆਪ ਲਕੀਰ ਖਿਚ ਕੇ ਦੱਸੀ ਕਿ ਏਦਾਂ , ਏਦਾ ਬਣਾਉ। ਭਾਈ ਰਾਮੇ ਦੇ ਮਨ ਨੂੰ ਬੜੀ ਸੱਟ ਵੱਜੀ ਤੇ ਉਦਾਸ ਜਿਹੇ ਹੋ ਗਏ, ਪਰ ਹੁਕਮ ਮੰਨ ਕੇ ਥੜਾ ਢਾਹ ਦਿੱਤਾ।
ਗੁਰੂ ਜੀ ਫੇਰ ਭਾਈ ਜੇਠਾ ਜੀ ਕੋਲ ਗਏ, ਵੇਖ ਕੇ ਕਿਹਾ, “ਨਹੀਂ ਜੇਠਿਆ, ਤੂੰ ਵੀ ਸਹੀ ਨੀ ਬਣਾਇਆ!” “ਢਾਹ ਦੇ ਭਾਈ!!” ਭਾਈ ਜੇਠੇ ਨੇ ਹੱਥ ਜੋੜ ਕੇ ਗਲਤੀ ਦੀ ਮੁਆਫੀ ਮੰਗੀ, ਕੋਈ ਮੱਥੇ ਵੱਟ ਨੀ ਪਾਇਆ, ਥੜਾ ਢਾਹ ਦਿੱਤਾ। ਉਨ੍ਹਾਂ ਨੂੰ ਵੀ ਗੁਰਦੇਵ ਨੇ ਸੋਟੀ ਨਾਲ ਲ਼ਕੀਰ ਵਾਹ ਕੇ ਦੱਸਿਆ ਕਿ ਇੰਜ ਬਣਾਓ।
ਕਵੀ ਸੰਤੋਖ ਸਿੰਘ ਜੀ ਲਿਖਦੇ
ਤਬ ਸਤਿਗੁਰ ਨੇ ਦਈ ਢਹਾਇ।
ਕਰੀ ਕਾਰ ਪੁਨ ਭਲੇ ਬਤਾਇ।
ਇਸ ਪ੍ਰਕਾਰ ਕੀਜੈ ਸ਼ੁਭ ਥਰੀ।
ਸੁਰਤਿ ਸੰਭਾਰਹੁ ਉਰ ਮਤਿ ਧਰੀ। (ਸੂਰਜ ਪ੍ਰਕਾਸ਼)
ਅਗਲੇ ਦਿਨ ਫਿਰ ਸਾਰਾ ਦਿਨ ਲਾ ਕੇ ਥੜੇ ਤਿਆਰ ਕੀਤੇ।ਬਾਬਾ ਅਮਰਦਾਸ ਜੀ ਫੇਰ ਵੇਖਣ ਗਏ, ਵੇਖ ਕੇ ਕਿਹਾ ਨਹੀ ਕੰਧਾਂ ਟੇਢੀਆਂ ਹਨ, ਸਾਨੂੰ ਪਸੰਦ ਨਹੀਂ, ਢਾਹ ਦਿਉ, ਸਹੀ ਨਹੀ ਬਣੇ ।

ਇੰਜ 3-4 ਦਿਨ ਲੰਘੇ, ਰੋਜ ਥੜੇ ਤਿਆਰ ਕਰਨੇ ਰੋਜ ਨੁਕਸ ਕੱਢ ਕੇ ਢਵਾ ਦੇਣ । ਆਖੀਰ ਭਾਈ ਰਾਮੇ ਜੀ ਦਾ ਸਬਰ ਟੁੱਟ ਗਿਆ । ਚੌਥੇ ਦਿਨ ਕਹਿ ਈ ਦਿੱਤਾ, ਮਹਾਰਾਜ! “ਏਤੋ ਵਧੀਆ ਮੈ ਨੀ ਬਣਾ ਸਕਦਾ ਜੀ, ਮੈ ਸਾਰਾ ਦਿਨ ਮਿਹਨਤ ਕਰਦਾਂ, ਪਰ ਤੁਹਾਡੇ ਪਸੰਦ ਪਤਾ ਨੀ ਕਿਉੰ ਨ੍ਹੀ ਅਉੰਦਾ ਜੀ!” ਜਿਵੇਂ ਤੁਸੀਂ ਕਹਿ ਕੇ ਜਾਂਦੇ ਹੋ, ਮੈਂ ਬਿਲਕੁਲ ਉਸੇ ਤਰ੍ਹਾਂ ਹੀ ਬਣਾਉਂਦਾ ਹਾਂ, ਤੁਸੀ ਆਪ ਹੀ ਲਕੀਰ ਖਿੱਚਦੇ ਹੋ, ਪਰ ਲਗਦਾ ਤੁਹਾਡੀ ਉਮਰ ਵਡੇਰੀ ਹੋਗੀ, ਚੇਤਾ ਭੁੱਲ ਜਾਂਦਾ, ਪਰ ਮੇਰਾ ਕੋਈ ਕਸੂਰ ਨਹੀ ਮੈਥੋ ਨ੍ਹੀ ਬਣਦੇ ਹੁਣ ।… ਸੁਣ ਕੇ ਗੁਰਦੇਵ ਚੁਪ ਰਹੇ ਤੇ ਹੋਲੀ ਹੋਲੀ ਤੁਰਣਕੇ ਭਾਈ ਜੇਠੇ ਜੀ ਕੋਲ ਆ ਗਏ , ਥੜਾ ਚੰਗੀ ਤਰ੍ਹਾਂ ਵੇਖਿਆ ਪਰ ਉਹ ਵੀ ਪਸੰਦ ਨਾ ਆਇਆ ਤੇ ਢਾਉਣ ਦਾ ਹੁਕਮ ਕੀਤਾ। ਭਾਈ ਜੇਠਾ ਜੀ ਨੇ ਮੱਥੇ ਵੱਟ ਨੀ ਪਾਇਆ, ਸਗੋੰ ਗੱਲ ਪੱਲਾ ਪਾ ਕੇ ਹੱਥ ਜੋੜ ਮਾਫੀ ਮੰਗੀ , “ਪਾਤਸ਼ਾਹ ! ਤੁਸੀ ਕਿੰਨੀ ਵਾਰ ਸਮਝਾ ਕੇ ਗਏ ਹੋ, ਪਰ ਮੈਂ ਹੀ ਮੂਰਖ ਹਾਂ ! ਵਾਰ ਵਾਰ ਭੁਲ ਜਾਂਨਾ!! ਮੇਰੀ ਮਤਿ ਥੋੜ੍ਹੀ ਆ, ਤੁਸੀਂ ਬਖਸਣਹਾਰ ਹੋ , ਮਿਹਰ ਕਰੋ, ਭੁਲਣਹਾਰ ਨੂੰ ਬਖਸ਼ ਦਿਉ, ਤੇ ਸੁਮਤਿ ਬਖਸ਼ੋ , ਜਿਵੇ ਦਾ ਤੁਸੀ ਚਹੁੰਦੇ ਹੋ, ਉਂਝ ਦਾ ਥੜਾ ਬਣਾ ਸਕਾਂ, ਜੋ ਤੁਹਾਡੇ ਬੈਠਣ ਦੇ ਜੋਗ ਹੋਵੇ!” ਪਹਿਲਾ ਵੀ ਜੇਠਾ ਜੀ ਨੇ ਕਦੇ ਕੋਈ ਗਿਲਾ ਨਹੀਂ ਕੀਤਾ ਸੀ, ਪਰ ਆ ਨਿਰਮਾਣਤਾ ਵੇਖ ਸਤਿਗੁਰੂ ਬੜੇ ਰੀਝੇ, ਕਿਹਾ “ਬਸ ਜੇਠਿਆ! ਬਸ ਪੁੱਤ!! ਜਿਸ ਥੜੇ ‘ਤੇ ਅਸੀ ਬੈਣਾ ਉਹ ਤਿਆਰ ਹੋ ਗਿਆ, ਅਸੀ ਬਾਹਰ ਨਹੀ, ਤੇਰੇ ਅੰਦਰ ਬਹਿਣਾ! ਸਾਨੂੰ ਥੜਾ ਪਸੰਦ ਆ, ਤੇਰੇ ਵਰਗਾ ਥੜਾ ਦੁਨੀਆ ਤੇ ਹੋਰ ਕੋਈ ਨਹੀ ਬਣਾ ਸਕਦਾ ਜਿਥੇ ਅਸੀ ਬਹਿ ਸਕੀਏ!!”
ਇੰਜ ਪਰਖ ਹੋਈ ਜਿਸ ‘ਵਿਚੋਂ ਜੇਠਾ ਜੀ ਖਰੇ ਉਤਰੇ, ਭਾਈ ਰਾਮਾ ਜੀ ਵੀ ਕੋਈ ਘਟ ਨਹੀ ਸਨ, ਪਰ ਗੁਰੂ ਦੀ ਪਰਖ ‘ਤੇ ਪੂਰੇ ਅਉਣਾ ਵੱਖਰੀ ਖੇਡ ਹੈ। ਖੈਰ, ਸਮਾਂ ਵੇਖ ਭਾਦਰੋਂ ਸੁਦੀ 13 ਨੂੰ ਧੰਨ ਗੁਰੂ ਅਮਰਦਾਸ ਜੀ ਨੇ ਸਾਰੀ ਸੰਗਤ ਨੂੰ ਇਕੱਤਰ ਕੀਤਾ ਭਰੇ ਦਰਬਾਰ ‘ਚ ਭਾਈ ਜੇਠੇ ਨੂੰ ਨਵਾਂ ਚੋਲਾ ਪਵਾ ਕੇ ਆਪਣੇ ਤਖ਼ਤ ‘ਤੇ ਬਿਠਾਇਆ, ਪੰਜ ਪੈਸੇ ਅਤੇ ਨਾਰੀਅਲ ਰੱਖ ਕੇ, ਤਿੰਨ ਪਰਿਕਰਮਾ ਕਰ, ਮੱਥਾ ਟੇਕਿਆ। ਗੁਰੂ ਹੁਕਮ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਗੱਦੀ ਦਾ ਤਿਲਕ ਲਾਇਆ ।

ਮਹਿਮਾ ਪ੍ਰਕਾਸ਼ ਦੇ ਕਰਤਾ ਬਾਵਾ ਸਰੂਪ ਸਿੰਘ ਭੱਲਾ ਜੀ ਲਿਖਦੇ ਹਨ, ਰਾਮਦਾਸ ਨਾਮ ਵੀ ਗੁਰੂ ਅਮਰਦਾਸ ਜੀ ਨੇ ਗੁਰਤਾਗੱਦੀ ਸਮੇ ਬਖਸ਼ਿਆ ਸੀ ਜਿਵੇੰ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਹੋਏ, ਏਦਾਂ ਭਾਈ ਜੇਠਾ ਜੀ ਤੋ ਗੁਰੂ ਰਾਮਦਾਸ ਹੋਏ।
ਗੁਰੂ ਅਮਰਦਾਸ ਜੀ ਨੇ ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਰਾਮਦਾਸ “ਗੁਰੂ” ਹੋਣਗੇ, ਏਹਨਾ ਨੂੰ ਸਾਡਾ ਈ ਰੂਪ ਕਰਕੇ ਜਾਣਨਾ। ਏਨਾਂ ਵਿਚ ਤੇ ਸਾਡੇ ਵਿਚ ਕੋਈ ਭੇਦ ਨਹੀ। ਸਾਰੇ ਇਨ੍ਹਾਂ ਦੇ ਚਰਨਾਂ ਤੇ ਸਿਰ ਮੱਥਾ ਟੇਕੋ, ਗੁਰੂ ਸਾਹਿਬ ਦੇ ਵੱਡੇ ਪੁਤਰ ਤੇ ਬਾਬਾ ਮੋਹਨ ਜੀ ਬਾਗੀ ਹੋ ਗਏ, ਓ ਨਰਾਜ ਸੀ। ਉਨ੍ਹਾਂ ਸਿਰ ਨੀ ਝੁਕਾਇਆ ਪਰ ਗੁਰੂ ਪਿਤਾ ਦਾ ਹੁਕਮ ਮੰਨਕੇ ਛੋਟਾ ਪੁਤਰ ਬਾਬਾ ਮੋਹਰੀ ਜੀ ਅੱਗੇ ਹੋਏ। ਸੰਸਾਰਿਕ ਰਿਸ਼ਤਿਆਂ ਤੋਂ ਉਪਰ ਉਠ ਗੁਰੂ ਰਾਮਦਾਸ ਜੀ ਨੂੰ ਗੁਰੂ ਰੂਪ ਜਾਣ ਚਰਨਾਂ ਤੇ ਨਮਸਕਾਰ ਕੀਤੀ। ਗੁਰੂ ਅਮਰਦਾਸ ਜੀ ਬੜੇ ਖੁਸ਼ ਹੋਏ। ਕਿਹਾ, ਪੁਤਰ ਜੀ ਭਗਤਾਂ ਦੀਆਂ ਇੱਕੀ ਕੁਲਾਂ ਤਰਦੀਆਂ , ਤੇਰੀਆਂ 42 ਕੁਲਾਂ ਦਾ ਉਧਾਰ ਕੀਤਾ। ਇਸ ਤੋਂ ਬਾਅਦ ਫਿਰ ਸਾਰੇ ਗੁਰੁਸਿੱਖਾਂ ਨੇ ਵੀ ਵਾਰੀ ਵਾਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ‘ਤੇ ਮੱਥਾ ਟੇਕਿਆ। ਭੇਟਾ ਰਖੀ , ਉਸ ਸਮੇਂ ਦਾ ਸਾਰਾ ਹਾਲ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਬਾਬਾ ਸੁੰਦਰ ਜੀ ਨੇ ਸਦ ਬਾਣੀ ਚ ਇੰਜ ਬਿਆਨ ਕੀਤਾ :
ਰਾਮਦਾਸ ਸੋਢੀ ਤਿਲਕੁ ਦੀਆ
ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥
………
ਸਤਿਗੁਰੁ ਪੁਰਖੁ ਜਿ ਬੋਲਿਆ
ਗੁਰਸਿਖਾ ਮੰਨਿ ਲਈ ਰਜਾਇ ਜੀਉ ॥

ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥
ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥ (ਅੰਗ -੯੨੩/੨੪ )

ਏਦਾਂ ਭਾਦੋਂ ਸੁਦੀ ਤੇਰਾਂ , ਪੰਨਿਆ ਤੋਂ ਦੋ ਦਿਨ ਪਹਿਲਾਂ ਸੰਮਤ ੧੬੩੧ ਦੇ ਦਿਨ ਸੰਨ ੧੫੭੪ ਨੂੰ ਚੌਥੇ ਗੁਰਦੇਵ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਗੁਰ ਤਖ਼ਤ ‘ਤੇ ਬਿਰਾਜਮਾਨ ਹੋਏ।

ਐਸੀਆ ਅਪਾਰ ਰਹਿਮਤਾਂ ਨੂੰ ਵੇਖ ਗੁਰੂ ਰਾਮਦਾਸ ਜੀ ਦਾ ਹਿਰਦਾ ਗੁਰੂ ਪਿਆਰ ਨਾਲ ਉਛਲਿਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮੁਖਾਤਬ ਹੋ ਕੇ ਬਚਨ ਕਹੇ:
ਹੇ ਸਤਿਗੁਰੂ! ਤੁਸੀਂ ਜਾਣਦੇ ਹੋ ਜੋ ਮੇਰੀ ਹਾਲਤ ਸੀ, ਮੈਂ ਤੇ ਲਾਹੌਰ ਤੇ ਫਿਰ ਬਾਸਰਕੇ ਦੀਆਂ ਗਲੀਆਂ ਵਿਚ ਰੁਲਦਾ ਫਿਰਦਾ ਸੀ , ਕੋਈ ਮੇਰੀ ਬਾਤ ਪੁੱਛਣ ਵਾਲਾ ਨਹੀਂ ਸੀ , ਪਰ ਤੁਸੀਂ ਮਿਹਰਾਂ ਕੀਤੀਆਂ ਚਰਨਾਂ ਦੀ ਸੇਵਾ ਬਖਸ਼ੀ ਤੇ ਮੈਨੂੰ ਕੀੜੇ ਨੂੰ ਆਪਣੇ ਤਖਤ ਤੇ ਥਾਪ ਦਿੱਤਾ ਹੈ!

ਗੁਰੂ ਰਾਮਦਾਸ ਜੀ ਦੇ ਬਚਨ ਨੇ:

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ
ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥

ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥
~(ਅੰਗ ੧੬੭)

ਭੱਟ ਸਾਹਿਬਾਨ ਵੀ ਬਚਨ ਕਰਦੇ ਨੇ ਕਿ ਸਾਰੀ ਸ੍ਰਿਸ਼ਟੀ ਦਾ ਉਧਾਰ ਕਰਨ ਦੇ ਲਈ ਗੁਰੂ ਅਮਰਦਾਸ ਜੀ ਨੇ ਸੋਢੀ ਕੁਲ ਦੇ ਗੁਰੂ ਰਾਮਦਾਸ ਮਹਾਰਾਜ ਨੂੰ ਤਖ਼ਤ ਬਖਸ਼ਿਸ਼ ਕੀਤਾ ਉਹ ਤਖਤ ਜੋ ਰਾਜ ਯੋਗ ਦਾ ਤਖ਼ਤ ਆ-
ਸੋਢੀ ਸ੍ਰਿਸਿਟ ਸਕਲ ਤਾਰਣ ਕਉ
ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥ ~(ਅੰਗ ੧੪੦੬)

ਮੇਜਰ ਸਿੰਘ, ਉਪ ਸੰਪਾਦਕ