ਰਾਵਣ ਹਿੰਦੂ ਧਰਮ ਦੇ ਮਹਾਂਕਾਵਿ ਰਮਾਇਣ ਦਾ ਇੱਕ ਮਹੱਤਵਪੂਰਨ ਪਾਤਰ ਹੈ। ਉਹ ਲੰਕਾ ਦਾ ਰਾਜਾ ਔਰ ਉਸ ਦੀ ਗਿਣਤੀ ਬੁੱਧੀਮਾਨ ਪਰ ਅਹੰਕਾਰੀ ਰਾਜਿਆਂ ਦੇ ਵਿੱਚ ਕੀਤੀ ਜਾਂਦੀ ਹੈ। ਰਾਵਣ ਸ਼ਿਵ ਭਗਤ ਸੀ ਅਤੇ ਉਸਨੇ ਆਪਣੀ ਤਪੱਸਿਆ ਦੇ ਨਾਲ ਸ਼ਿਵਜੀ ਤੋਂ ਕਈ ਵਰਦਾਨ ਪ੍ਰਾਪਤ ਕੀਤੇ। ਰਾਵਣ ਬਹੁਤ ਹੀ ਵਿਦਵਾਨ, ਸ਼ਕਤੀਸ਼ਾਲੀ ਅਤੇ ਸੰਗੀਤਕਾਰ ਸੀ, ਉਸ ਨੇ ਸੰਸਕ੍ਰਿਤ, ਆਯੁਰਵੇਦ, ਜੋਤਿਸ਼ ਤੇ ਸੰਗੀਤ ਦੇ ਵਿੱਚ ਪ੍ਰਵੀਨਤਾ ਹਾਸਿਲ ਕੀਤੀ ਸੀ, ਮੰਨਿਆ ਜਾਂਦਾ ਹੈ ਕਿ ਉਸ ਨੇ ਰਾਵਣ ਸੰਹਿਤਾ ਦੀ ਰਚਨਾ ਕੀਤੀ, ਜੋ ਜੋਤਿਸ਼ ਅਤੇ ਤੰਤਰ ਵਿਦਿਆ ਨਾਲ ਸੰਬੰਧਿਤ ਗ੍ਰੰਥ ਹੈ. ਵੱਖ-ਵੱਖ ਗੁਣਾਂ ਦੇ ਕਰਕੇ ਉਸਨੂੰ ਅਨੇਕਾਂ ਨਾਮਾਂ ਦੇ ਨਾਲ ਸੰਬੋਧਨ ਕੀਤਾ ਗਿਆ, ਪੁਲਸਤਿਆਨੰਦਨ
( ਰਿਸ਼ੀ ਪੁਲਸਤਿਆ ਦਾ ਪੋਤਾ) ਦਸ਼ਾਨਨ, ਦਸ਼ਮੁਖ, ਰਾਕਸ਼ਸਰਾਜ, ਦਸਕੰਠ, ਤ੍ਰੈਲੋਕਯ – ਵਿਜੇਤਾ, ਲੰਕੇਸ਼, ਲੰਕਾਧੀਸ਼, ਵੈਸ਼੍ਰਵਣ- ਭਰਾਤਾ, ਪਰ ਰਾਵਨ ਉਸ ਦਾ ਸਭ ਤੋਂ ਵੱਧ ਪ੍ਰਸਿੱਧ ਨਾਮ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਉਸ ਨੂੰ ਰਾਵਨ ਦੇ ਨਾਮ ਨਾਲ ਹੀ ਸੰਬੋਧਨ ਕਰਦੀ ਹੈ;
ਸੰਮਨ ਜਉ ਇਸ ਪ੍ਰੇਮ ਕੀ ਦਮ ਕਿ੍ਹੁ ਹੋਤੀ ਸਾਟ।।
ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ।। ( ਸ੍ਰੀ ਗੁਰੂ ਗ੍ਰੰਥ ਸਾਹਿਬ,੧੩੬੩)
ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ਦੇ ਵਿੱਚ ਰਾਵਨ ਦੇ ਅਰਥ ਵੈਰੀਆਂ ਨੂੰ ਰੁਆ ਦੇਣ ਵਾਲਾ ਵਿਸ਼੍ਰਵਾ ਦਾ ਪੁੱਤਰ ਜੋ ਕੈਕਸੀ( ਕੇਸ਼ਨੀ ਅਥਵਾ ਨਿਕਸਾ) ਦੇ ਉਦਰ ਤੋਂ ਜਨਮਿਆ, ਰਮਾਇਣ ਵਿੱਚ ਲਿਖਿਆ ਹੈ ਕਿ ਸੁਮਾਲੀ ਰਾਕਸ਼ ਦੀ ਪੁਤ੍ਰੀ ਵਿਸ਼ਵ੍ਰਾ ਨੂੰ ਵਰਨ ਦੇ ਲਈ ਸੰਝ ਦੇ ਸਮੇਂ ਪਹੁੰਚੀ, ਵਿਸ਼ਵ੍ਰਾ ਨੇ ਉਸ ਨੂੰ ਅੰਗੀਕਾਰ ਕੀਤਾ, ਪਰ ਸੰਝ ਦਾ ਵੇਲਾ ਹੋਣ ਕਰਕੇ ਭਿਅੰਕਰ ਪੁੱਤਰ ਰਾਵਣ ਤੇ ਕੁੰਭਕਰਨ ਪੈਦਾ ਹੋਏ, ਇਹਨਾਂ ਤੋਂ ਪਿੱਛੋਂ ਕ੍ਰੂਰ ਸੁਭਾਓ ਵਾਲੀ ਸੂਰਪਨਖਾ ਜਨਮੀ। ਕੈਕਸੀ ਦੀ ਪ੍ਰਾਰਥਨਾ ਪੁਰ ਵਿਸ਼ਵ੍ਰਾ ਨੇ ਇੱਕ ਸ਼ਾਂਤ ਸੁਭਾਉ ਵਾਲਾ ਪੁੱਤਰ ਵਿਭੀਸਣ ਵੀ ਉਸ ਨੂੰ ਬਖਸ਼ਿਆ। ਰਾਵਣ ਦੇ ਦਸ ਸਿਰ ਤੇ ਵੀਹ ਬਾਹਾਂ ਸਨ, ਇਸ ਨੇ ਤਪ ਕਰ ਕੇ ਬ੍ਰਹਮਾ ਤੋਂ ਸਾਰੇ ਜਗਤ ਨੂੰ ਜਿੱਤਣ ਦਾ ਵਰ ਲਿਆ ਸੀ, ਪਰ ਆਪਣੇ ਮਤੇਰ ਭਾਈ ਕੁਬੇਰ ਨੂੰ ਲੰਕਾ ਤੋਂ ਕੱਢ ਕੇ ਆਪ ਰਾਜਾ ਬਣਿਆ, ਉਸ ਤੋਂ ਪੁਸ਼ਪਕ ਵਿਮਾਨ ਖੋਹ ਲਿਆ, ਰਾਵਣ ਨੇ ਬਹੁਤ ਇਸਤਰੀਆਂ ਵਿਆਹੀਆਂ, ਪਰ ਮਯ ਦਾਨਵ ਦੀ ਪੁੱਤਰੀ ਮੰਦੋਦਰੀ ਸਭ ਤੋਂ ਸਿਰੋਮਣਿ ਸੀ, ਜਿਸ ਤੋਂ ਇੰਦ੍ਰਜਿਤ (ਮੇਘਨਾਥ) ਜਨਮਿਆ।
ਡਾ. ਗੁਰਚਰਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਵਿੱਚ ਰਾਵਨ ਨੂੰ ਲੰਕਾ ਦਾ ਰਾਜਾ, ਜਿਸ ਨੇ ਸੀਤਾ ਹਰਨ ਕੀਤਾ ਸੀ। ਭਾਈ ਵੀਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਵਿੱਚ ਰਾਵਣ (ਸੰਸਕ੍ਰਿਤ) ਲੰਕਾ ਦਾ ਰਾਜਾ ਜਿਸ ਨੇ ਸ਼੍ਰੀ ਰਾਮ ਨਾਲ ਲੜ ਕੇ ਹਾਰ ਖਾਧੀ, ਇਸ ਨੂੰ ਰਾਖਸ਼ ਮੰਨਦੇ ਹਨ, ਪਰ ਵੇਦਾਂ ਦਾ ਪੰਡਿਤ ਵੀ ਸੀ।
ਰਾਵਨ: ਰਾਜ ਸੁਵਰਨ ਦੋ ਸੰਖੇਪ ਹੈ।
ਭਾਵ ਜਿਸ ਦੇ ਰਾਜ ਵਿੱਚ ਸਭ ਕੁਝ ਸੋਨੇ ਦਾ ਹੈ, ਜਿਸ ਨੇ ਆਪਣੀ ਨਗਰੀ ਲੰਕਾ ਸੋਨੇ ਦੀ ਬਣਾਈ ਹੈ। ਜਗਤ ਦੇ ਵਿੱਚ ਅੱਠ ਧਾਤਾਂ ਬੜੀਆਂ ਪ੍ਰਸਿੱਧ ਮੰਨੀਆਂ ਜਾਂਦੀਆਂ ਹਨ, ਸੋਨਾ,ਚਾਂਦੀ, ਤਾਂਬਾ, ਜਿਸਤ,ਪਾਰਾ,ਕਲੀ,ਲੋਹਾ, ਸਿਕਾ। ਅੱਠਾਂ ਧਾਤਾਂ ਦੇ ਵਿੱਚੋਂ ਸੋਨਾ ਉੱਤਮ ਕਰਕੇ ਮੰਨਿਆ ਜਾਂਦਾ, ਇਸੇ ਧਾਤ ਦੀ ਬਹੁਤਾਤ ਦੇ ਕਾਰਨ ਉਸ ਦਾ ਨਾਮ ਰਾਵਨ ਪਿਆ।
ਲੰਕਾ ਗਢੁ ਸੋਨੇ ਕਾ ਭਇਆ।। ( ਅੰਗ,੧੧੫੭)
ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਈ ।।
ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ।। ( ਅੰਗ,੬੯੨)
ਰਾਵਣ ਦਾ ਲੰਕਾ ਦੇ ਨਾਲ ਬੜਾ ਪਿਆਰ, ਮਰਨ ਲੱਗਿਆ ਵੀ ਸੋਨੇ ਦੀ ਲੰਕਾ ਦਾ ਵਿਛੋੜਾ ਰਾਵਣ ਦੇ ਮਨ ਵਿੱਚ ਰੋਣਾ ਪੈਦਾ ਕਰਦਾ
ਰੋਵੈ ਦਹਸਿਰੁ ਲੰਕ ਗਵਾਏ ।। ਜਿਨਿ ਸੀਤਾ ਆਦੀ ਡਉਰੂ ਵਾਇ।।( ਅੰਗ,੯੫੩)
ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ