ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ — ਉਹ ਅਟੱਲ ਸ਼ਬਦ-ਗੁਰੂ, ਜੋ ਨਾ ਸਿਰਫ਼ ਇੱਕ ਰੂਹਾਨੀ ਗ੍ਰੰਥ ਹੈ ਬਲਕਿ ਇੱਕ ਜਾਗਦੀ ਜੋਤ ਹੈ, ਇੱਕ ਅਨਾਦਿ ਸਾਗਰ ਹੈ ਜੋ ਬ੍ਰਹਿਮੰਡੀ ਚੇਤਨਾ ਵਿੱਚ ਵਹਿੰਦਾ ਹੈ। ਪਰ ਅੱਜ ਪੰਜਾਬ ਦੀ ਸਿਆਸੀ ਅਤੇ ਸਮਾਜਿਕ ਫ਼ਿਜ਼ਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਉੱਤੇ ਇੱਕ ਤਿੱਖੀ ਬਹਿਸ ਛਿੜੀ ਹੋਈ ਹੈ ।
ਮਾਨਸਾ ਵਿੱਚ ਲੱਗਾ ਇਹ ਧਰਮ ਯੁੱਧ ਮੋਰਚਾ ਗੁਰੂ ਦੀ ਅਜ਼ਮਤ ਨੂੰ ਅਖੋਂ ਪਰੋਖੇ ਰੱਖ ਕੇ ਇੱਕ ਅਜਿਹੇ ਉਤਾਵਲੇਪਨ ਵਿੱਚ ਫਸਿਆ ਹੋਇਆ ਹੈ ਜੋ ਰੱਬੀ ਗਿਆਨ ਗੁਰੂ ਗ੍ਰੰਥ ਸਾਹਿਬ ਨੂੰ ਕਾਨੂੰਨੀ ਉਲਝਣਾਂ ਨਾਲ ਬੰਨ੍ਹਣਾ ਚਾਹੁੰਦਾ ਹੈ। ਇਹ ਮਸਲਾ ਜਜ਼ਬਾਤੀ ਨਹੀਂ, ਇਹ ਗੂੜ੍ਹ ਦਾਰਸ਼ਨਿਕ ਅਤੇ ਸਿਧਾਂਤਕ ਹੈ। ਸਵਾਲ ਇਹ ਪੈਦਾ ਹੁੰਦਾ ਹੈ — ਕੀ ਅਜੂਨੀ, ਅਵਿਨਾਸ਼ੀ ਸ਼ਬਦ-ਗੁਰੂ ਸਤਿਗੁਰੂ ਗ੍ਰੰਥ ਸਾਹਿਬ ਨੂੰ ਦੁਨਿਆਵੀ ਅਦਾਲਤਾਂ, ਪੁਲਿਸ ਧਾਰਾਵਾਂ ਜਾਂ ਸਰਕਾਰੀ ਫ਼ੈਸਲਿਆਂ ਰਾਹੀਂ ਸੁਰੱਖਿਅਤ ਕੀਤਾ ਜਾ ਸਕਦਾ ਹੈ? ਜਾਂ ਫਿਰ ਇਸ ਅਣਜਾਣ ਕੋਸ਼ਿਸ਼ ਵਿੱਚ ਅਸੀਂ ਆਪਣੇ ਉਸ ਬੀਜ ਦਾ ਨਾਸ਼ ਤਾਂ ਨਹੀਂ ਕਰ ਰਹੇ ਹਾਂ ਜਿਸ ਸ਼ਬਦ ਗੁਰੂ ਉੱਤੇ ਸਿੱਖ ਪੰਥ ਦੀ ਸਮੁੱਚੀ ਬੁਨਿਆਦ ਖੜ੍ਹੀ ਹੈ?
ਸਿਖ ਪੰਥ ਦੀ ਸਿਰਜਣਾ ਲਈ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਅਜਿਹਾ ਚੁਣੌਤੀ ਭਰਪੂਰ ਸਫ਼ਰ ਤੈਅ ਕੀਤਾ ਸੀ ਜਿਸਨੇ ਸਿਖ ਧਰਮ ਦਾ ਸਰਬਪੱਖੀ ਵਿਕਾਸ ਕੀਤਾ ਤੇ ਸ਼ਬਦ ਗੁਰੂ ਉਪਰ ਆਧਾਰਿਤ ਸਿਖ ਇਨਕਲਾਬ ਖੜਾ ਕੀਤਾ।
ਸੋ ਸਿੱਖ ਪੰਥ ਦੀ ਬੁਨਿਆਦ ‘ਗੁਰੂ ਮਾਨਿਓ ਗ੍ਰੰਥ’ ਉੱਤੇ ਟਿਕੀ ਹੋਈ ਹੈ। ਇਹ ਉਹ ਬਾਣੀ ਹੈ ਜੋ ਹਿਰਦੇ ਵਿੱਚ ਬ੍ਰਹਿਮੰਡੀ ਪ੍ਰਕਾਸ਼ ਫੈਲਾਉਂਦੀ ਹੈ। ਸ਼ਬਦ ਗੁਰੂ ਦਾ ਉਦੇਸ਼ ਬਾਹਰੀ ਰੀਤੀ-ਰਿਵਾਜ ਤੇ ਕਰਮਕਾਂਡ ਨਹੀਂ, ਬਲਕਿ ਰੂਹਾਨੀ ਤਬਦੀਲੀ ਹੈ ।ਮਨਮੁਖ ਤੋਂ ਗੁਰਮੁਖ ਬਣਨ ਵਲ ਸਫਰ ਹੈ।— ਉਹ ਇੱਕ ਅਜਿਹਾ ਚਾਨਣ ਹੈ ਜੋ ਮਨੁੱਖ ਨੂੰ ਡਰ ਤੋਂ ਰਹਿਤ ਕਰਦਾ ਹੈ ਅਤੇ ਨਿਡਰ ਬਣਾਉਂਦਾ ਹੈ। ਇਹ ਉਹ ਫਲਸਫ਼ਾ ਹੈ ਜੋ ‘ਹੱਕ’ ਅਤੇ ‘ਸੱਚ’ ਉੱਤੇ ਖੜ੍ਹਾ ਹੈ।ਗੁਰੂ ਗ੍ਰੰਥ ਸਾਹਿਬ ਵਿਚਲਾ ‘ਸਤਿ’ ਸ਼ਬਦ ਸਿਰਫ਼ ਅਕਾਲ ਪੁਰਖ ਨਹੀਂ, ਬਲਕਿ ਇੱਕ ਅਜਿਹਾ ਮਨੁੱਖ ਬਣਨ ਦਾ ਸੰਕਲਪ ਹੈ ਜੋ ਅੰਦਰੋਂ-ਬਾਹਰੋਂ ਸੱਚਾ ਹੋਵੇ। ‘ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ’ ਵਾਲਾ ਸਿਧਾਂਤ ਹੈ ਜੋ ਮਨੁੱਖ ਨੂੰ ਦੇਵਤਾ ਬਣਾਉਂਦਾ ਹੈ।
ਦਸਵੀਂ ਪਾਤਸ਼ਾਹੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਦੇਹਧਾਰੀ ਗੁਰੂਆਂ ਦੀ ਪਰੰਪਰਾ ਨੂੰ ਸਮਾਪਤ ਕਰਕੇ ਇਸ ਬਾਣੀ ਨੂੰ ਸਦੀਵੀ ਗੁਰਿਆਈ ਸੌਂਪੀ ਸੀ।ਇਸ ਗ੍ਰੰਥ ਨੂੰ ਕਾਗਜ਼ ਅਤੇ ਸਿਆਹੀ ਵਿੱਚ ਬੰਦ ਨਹੀਂ ਕੀਤਾ ਜਾਣਾ ਚਾਹੀਦਾ, ਬਲਕਿ ਇਸ ਨੂੰ ਹਰ ਸਿਖ ਹਿਰਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਜੀਵੰਤ ਸ਼ਬਦ ਵਜੋਂ ਵਸਾਉਣ ਦੀ ਲੋੜ ਹੈ। ਬਾਣੀ ਅਗੰਮੀ ਹੈ, ਉਸ ਨੂੰ ਨਾ ਕੋਈ ਸਾੜ ਸਕਦਾ ਹੈ, ਨਾ ਮਿਟਾ ਸਕਦਾ ਹੈ ਅਤੇ ਨਾ ਹੀ ਕਿਸੇ ਅਦਾਲਤੀ ਫ਼ੈਸਲੇ ਨਾਲ ਇਸ ਨੂੰ ਬੰਨਣ ਦੀ ਲੋੜ ਹੈ। ਜਦੋਂ ਅਸੀਂ ਇਸ ਨੂੰ ਕਾਨੂੰਨੀ ਪਰਿਭਾਸ਼ਾਵਾਂ ਵਿੱਚ ਬੰਨ੍ਹਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਉਸ ਸਲੋਕ ਨੂੰ ਰੱਦ ਕਰ ਰਹੇ ਹਾਂ ਜਿਸ ਵਿੱਚ ਗੁਰੂ ਨੇ ਆਖਿਆ ਸੀ — ‘ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ’। ਇਸ ਬਾਣੀ ਨੂੰ ਰੱਬੀ ਰੂਪ ਵਜੋਂ ਮੰਨਣ ਵਾਲਾ ਸਿੱਖ ਕਿਉਂ ਫਿਰ ਇਸ ਨੂੰ ਕਨੂੰਨ ਦੇ ਬੰਧਨਾਂ ਵਿੱਚ ਬੰਨ੍ਹਣ ਲਈ ਉਤਾਵਲਾ ਹੋਵੇ?
ਕੀ ਇੱਕ ਦੁਨਿਆਵੀ ਜੱਜ ਗੁਰੂ ਦੀ ਪਵਿੱਤਰਤਾ ਦਾ ਮਾਪਦੰਡ ਤੈਅ ਕਰ ਸਕਦਾ ਹੈ? ਇਹ ਤਾਂ ਖੁਦ ਗੁਰੂ ਦੀ ਸਰਵਉੱਚਤਾ ਨੂੰ ਚੁਣੌਤੀ ਹੈ।
ਅੱਜਕੱਲ੍ਹ ਇੱਕ ਰੁਝਾਨ ਵਧ ਰਿਹਾ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਹਰ ਰੂਪ ਨੂੰ ਇੱਕ ਸੰਸਥਾਗਤ ਨਿਗਰਾਨੀ ਹੇਠ ਲਿਆਉਣਾ ਚਾਹੁੰਦਾ ਹੈ — ਚਾਹੇ ਉਹ ਸਰੂਪਾਂ ਦੀ ਵਿਦੇਸ਼ ਯਾਤਰਾ ਹੋਵੇ ਜਾਂ ਘਰਾਂ ਵਿੱਚ ਪ੍ਰਕਾਸ਼ ਦਾ ਨਿਯਮ। ਇਹ ਰੁਝਾਨ ਗੁਰੂ ਗ੍ਰੰਥ ਸਾਹਿਬ ਦੇ ਦਾਰਸ਼ਨਿਕ ਵਿਕਾਸ ਅਗੇ ਕੂੜ ਦੀ ਕੰਧ ਖੜੀ ਕਰ ਰਿਹਾ ਹੈ।
ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਯੁੱਧਾਂ ਅਤੇ ਬਿਖੜੀਆਂ ਰਾਤਾਂ ਵਿੱਚ ਵੀ ਗੁਰੂ ਸਾਹਿਬ ਦੇ ਸਰੂਪ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਹੈ — ਹਰ ਕੋਈ ਸਿਖ ਆਪਣੀ ਸ਼ਰਧਾ ਅਨੁਸਾਰ ਉਸ ਛੱਤਰ-ਛਾਇਆ ਹੇਠ ਜੀਵਨ ਬਤੀਤ ਕਰਦਾ ਆਇਆ ਹੈ। ਪਰ ਅੱਜ ਅਸੀਂ ਉਸ ਰੂਹਾਨੀ ਰਿਸ਼ਤੇ ਨੂੰ ਰੀਤੀ-ਰਿਵਾਜਾਂ, ਕਰਮਕਾਂਡਾਂ, ਆਪਣੀਆਂ ਮਿਥੀਆਂ ਮਰਿਆਦਾਵਾਂ ਵਿੱਚ ਜਕੜ ਕੇ ਆਪਣੇ ਰੂਹਾਨੀ ਵਿਕਾਸ ਵਿਚ ਇੱਕ ਬੇਲੋੜੀ ਕੰਧ ਖੜ੍ਹੀ ਕਰ ਰਹੇ ਹਾਂ। ਗੁਰੂ ਤਾਂ ਰਹਿਬਰ ਹੈ ਜੋ ਸਿੱਖ ਦੇ ਨਾਲ ਉਸਦੇ ਹਰ ਸਫ਼ਰ ਵਿੱਚ ਸਾਥ ਦਿੰਦਾ ਹੈ — ਉਸ ਨੂੰ ਨਿਯਮਾਂ ਦੀਆਂ ਬੰਦਿਸ਼ਾਂ ਵਿੱਚ ਕੈਦ ਕਰਨਾ ਤਾਂ ਉਸ ਅਨੰਤ ਪ੍ਰਕਾਸ਼ ਨੂੰ ਰੋਕਣ ਵਰਗਾ ਹੈ।
ਅਸਲ ਬੇਅਦਬੀ ਦੀ ਪਰਿਭਾਸ਼ਾ ਇੱਥੇ ਹੀ ਖੁਲ੍ਹ ਕੇ ਸਾਹਮਣੇ ਆਉਂਦੀ ਹੈ। ਕਾਨੂੰਨੀ ਨਜ਼ਰੀਏ ਤੋਂ ਕਿਸੇ ਭੌਤਿਕ ਵਸਤੂ ਨੂੰ ਨੁਕਸਾਨ ਪਹੁੰਚਾਉਣਾ ਅਪਰਾਧ ਹੋ ਸਕਦਾ ਹੈ, ਪਰ ਸਿੱਖੀ ਦੀ ਨਜ਼ਰ ਵਿੱਚ ਅਸਲ ਬੇਅਦਬੀ ਗੁਰੂ ਦੇ ਮਾਰਗ ਤੋਂ ਭਟਕਣਾ ਹੈ — ਉਹ ਸੱਚ, ਹੱਕ ਅਤੇ ਹਲਾਲ ਤੋਂ ਮੁਨਕਰ ਹੋਣਾ ਹੈ। ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਵਾਲੀ ਬਾਣੀ ਦੇ ਉਲਟ ਜਾ ਕੇ ਜਾਤੀਵਾਦੀ ਸਿਸਟਮ ਅਪਣਾਉਣਾ, ਬਿਪਰੀ ਰਸਮਾਂ ਵਿੱਚ ਫਸਣਾ ਅਤੇ ਭ੍ਰਿਸ਼ਟਾਚਾਰ ਨੂੰ ਆਪਣਾ ਲੈਣਾ — ਇਹੀ ਅਸਲ ਬੇਅਦਬੀ ਹੈ। ਜਦੋਂ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਬਾਹਰੀ ਰੀਤੀ-ਰਿਵਾਜਾਂ ਅਤੇ ਦਿਖਾਵੇ ਤੱਕ ਸੀਮਤ ਕਰ ਦਿੰਦੇ ਹਾਂ ਤਾਂ ਅਸੀਂ ਉਸ ਮਕਸਦ ਤੋਂ ਭਟਕ ਜਾਂਦੇ ਹਾਂ ਜਿਸ ਲਈ ਗੁਰੂ ਨੇ ਸ਼ਬਦ ਨੂੰ ਗੁਰੂ ਥਾਪਿਆ ਸੀ। ਮਕੈਨੀਕਲ ਸਤਿਕਾਰ ਕਦੇ ਵੀ ਅੰਦਰੂਨੀ ਸ਼ਰਧਾ ਦੀ ਥਾਂ ਨਹੀਂ ਲੈ ਸਕਦਾ ਨਾ ਹੀ ਸਿਖੀ ਦਾ ਵਿਕਾਸ ਕਰ ਸਕਦਾ ਹੈ। —
ਵਿਸ਼ੇਸ਼ ਧਰਮ ਲਈ ਵੱਖਰੇ ਅਤੇ ਵਧੇਰੇ ਸਖ਼ਤ ਕਾਨੂੰਨਾਂ ਦੀ ਮੰਗ ਇੱਕ ਅਜਿਹਾ ਰਾਹ ਖੋਲ੍ਹ ਸਕਦੀ ਹੈ ਜਿੱਥੇ ਸਟੇਟ ਤੇ ਕਨੂੰਨ ਸਿੱਖ ਧਰਮ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਸ਼ੁਰੂ ਕਰ ਦੇਵੇ। ਇਹ ਤਾਂ ਇੱਕ ਅਜਿਹੀ ਖਾਈ ਹੈ ਜਿਸ ਵਿੱਚ ਸਿੱਖ ਪੰਥ ਦੀ ਅਜ਼ਾਦੀ ,ਵਾਜੂਦ ਡਿੱਗ ਸਕਦਾ ਹੈ। ਜੇਕਲ੍ਹ ਅਦਾਲਤਾਂ ਇਹ ਤੈਅ ਕਰਨ ਲੱਗ ਪਈਆਂ ਕਿ ਗੁਰੂ ਸਾਹਿਬ ਦਾ ਸਤਿਕਾਰ ਕਿਵੇਂ ਹੋਣਾ ਚਾਹੀਦਾ ਹੈ ਤਾਂ ਇਹ ਖੁਦ ਗੁਰੂ ਦੀ ਸਰਵਉੱਚਤਾ ਉੱਤੇ ਪ੍ਰਸ਼ਨ ਚਿੰਨ੍ਹ ਹੋਵੇਗਾ।ਇਸ ਤੋਂ ਵਡੀ ਬੇਅਦਬੀ ਕੀ ਹੋਵੇਗੀ ?
ਸਚ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਕਿਸੇ ਕਾਨੂੰਨੀ ਸੁਰੱਖਿਆ ਜਾਂ ਸਰਕਾਰੀ ਛੱਤਰ ਦੀ ਮੁਹਤਾਜ ਨਹੀਂ। ਇਹ ਉਹ ਅਨੰਤ ਪ੍ਰਕਾਸ਼ ਹੈ ਜੋ ਸਦੀਆਂ ਤੋਂ ਹਨੇਰੇ ਵਿੱਚ ਭਟਕਦੀ ਮਨੁੱਖਤਾ ਨੂੰ ਰਾਹ ਦਿਖਾਉਂਦਾ ਆਇਆ ਹੈ। ਸਿੱਖ ਪੰਥ ਨੂੰ ਚਾਹੀਦਾ ਹੈ ਕਿ ਉਹ ਗੁਰੂ ਸਾਹਿਬ ਦੇ ਸਰੂਪ ਨੂੰ ਕਾਨੂੰਨੀ ਜਾਇਦਾਦ ਵਜੋਂ ਪੇਸ਼ ਕਰਨ ਦੀ ਬਜਾਏ ਉਨ੍ਹਾਂ ਦੇ ਗਿਆਨ ਨੂੰ ਘਰ-ਘਰ, ਹਿਰਦੇ-ਹਿਰਦੇ ਤੱਕ ਪਹੁੰਚਾਉਣ ਵੱਲ ਧਿਆਨ ਦੇਵੇ। ਗੁਰੂ ਦੀ ਸੁਰੱਖਿਆ ਕਾਨੂੰਨ ਦੀਆਂ ਕਿਤਾਬਾਂ ਵਿੱਚ ਨਹੀਂ, ਬਲਕਿ ਸਿੱਖ ਦੇ ਹਿਰਦੇ ਅਤੇ ਅਮਲੀ ਜੀਵਨ ਵਿੱਚ ਹੋਣੀ ਚਾਹੀਦੀ ਹੈ। ਜਿਸ ਦਿਨ ਸਿੱਖ ਗੁਰੂ ਦੀ ਸਿੱਖਿਆ ਉੱਤੇ ਚੱਲਣਾ ਸ਼ੁਰੂ ਕਰ ਦੇਵੇਗਾ, ਉਸ ਦਿਨ ਕੋਈ ਵੀ ਦੁਨਿਆਵੀ ਤਾਕਤ ਬੇਅਦਬੀ ਕਰਨ ਦਾ ਹੌਸਲਾ ਨਹੀਂ ਕਰ ਸਕੇਗੀ। ਸ਼ਬਦ ਅਟੱਲ ਹੈ, ਅਵਿਨਾਸ਼ੀ ਹੈ ਅਤੇ ਇਸ ਦੀ ਅਜ਼ਮਤ ਨੂੰ ਕਿਸੇ ਕਾਨੂੰਨੀ ਕੰਧ ਵਿੱਚ ਚਿਣਿਆ ਨਹੀਂ ਜਾ ਸਕਦਾ। ਇਸ ਨੂੰ ਸਿਰਫ਼ ਅੰਦਰੂਨੀ ਰੂਹਾਨੀ ਯਾਤਰਾ ਰਾਹੀਂ ਹੀ ਸਿੱਖ ਸਮਝ ਸਕਦਾ ਹੈ।
ਬਲਵਿੰਦਰਪਾਲ ਸਿੰਘ ਪ੍ਰੋਫੈਸਰ
