ਲਾਹੌਰ ਕਾਲਜ ਦੇ ਗੁਰਦੁਆਰੇ ’ਚ 78 ਸਾਲ ਬਾਅਦ ਅਰਦਾਸ

ਲਾਹੌਰ-ਲਾਹੌਰ ਦੇ ਦਿਲ ਵਿੱਚ ਮਾਲ ਰੋਡ ‘ਤੇ ਸਥਿਤ ਐਚੀਸਨ ਕਾਲਜ (Aitchison College) ਦਾ ਗੁਰਦੁਆਰਾ 78 ਸਾਲਾਂ ਦੇ ਲੰਮੇ ਵਕਫ਼ੇ ਬਾਅਦ ਮੁੜ ਜੀਵੰਤ ਹੋ ਉੱਠਿਆ, ਜਦੋਂ ਤਿੰਨ ਸਥਾਨਕ ਪਾਕਿਸਤਾਨੀ ਸਿੱਖ ਨੌਜਵਾਨਾਂ ਨੇ ਇੱਥੇ ਕੀਰਤਨ ਕੀਤਾ, ਜਿਸ ਵਿੱਚ ਸਕੂਲ ਦੇ ਵਿਦਿਆਰਥੀ ਅਤੇ ਸ਼ਹਿਰ ਦੇ ਮੁਸਲਿਮ ਨਾਗਰਿਕ (ਮਰਦ ਅਤੇ ਔਰਤਾਂ ਦੋਵੇਂ) ਸ਼ਾਮਲ ਹੋਏ।
1947 ਤੋਂ ਬਾਅਦ ਪਹਿਲੀ ਵਾਰ ਗੁਰਦੁਆਰੇ ਦੇ ਚਾਰੇ ਦਰਵਾਜ਼ੇ ਖੋਲ੍ਹੇ ਗਏ, ਜੋ ਕਿ ਸਾਰੇ ਧਰਮਾਂ ਦੇ ਲੋਕਾਂ ਦਾ ਸੁਆਗਤ ਕਰ ਰਹੇ ਸਨ। ਜਦੋਂ ਤਿੰਨ ਸਿੱਖ ਨੌਜਵਾਨਾਂ ਨੇ ਸ਼ਬਦ — ਅਵਲਿ ਅਲਹ ਨੂਰੁ ਉਪਾਇਆ, ਫਰੀਦਾ ਬੁਰੇ ਦਾ ਭਲਾ ਕਰ, ਅਤੇ ਕੋਈ ਬੋਲੈ ਰਾਮ ਰਾਮ ਕੋਈ ਖੁਦਾਇ — ਗਾਏ ਤਾਂ ਮਾਹੌਲ ਭਾਵੁਕ ਅਤੇ ਰੁਹਾਨੀ ਹੋ ਗਿਆ।
ਪਾਕਿਸਤਾਨ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਸਮੇਤ ਲਗਪਗ 75 ਲੋਕਾਂ ਅਤੇ ਪੁਰਾਣੇ ਵਿਦਿਆਰਥੀਆਂ ਦੇ ਪਰਿਵਾਰਾਂ ਨੇ ਇਸ ਅਰਦਾਸ ਸਭਾ ਵਿੱਚ ਸ਼ਿਰਕਤ ਕੀਤੀ।
ਇੱਕ ਭਾਰਤੀ ਸਿੱਖ ਅਜੈਬੀਰ ਸੋਢੀ, ਜਿਨ੍ਹਾਂ ਦੇ ਪਿਤਾ ਅਤੇ ਉਨ੍ਹਾਂ ਤੋਂ ਪਹਿਲਾਂ ਦੀਆਂ ਤਿੰਨ ਪੀੜ੍ਹੀਆਂ ਨੇ ਐਚੀਸਨ ਕਾਲਜ ਵਿੱਚ ਪੜ੍ਹਾਈ ਕੀਤੀ ਸੀ, ਉਹ ਭਾਰਤੀ ਉਪਮਹਾਂਦੀਪ ਦੇ ਸਭ ਤੋਂ ਪੁਰਾਣੇ ਪਬਲਿਕ ਸਕੂਲ ਦੀ 140ਵੀਂ ਵਰ੍ਹੇਗੰਢ ਦੇ ਜਸ਼ਨਾਂ ਦਾ ਹਿੱਸਾ ਬਣਨ ਲਈ ਕੁਝ ਦਿਨ ਪਹਿਲਾਂ ਹੀ ਲਾਹੌਰ ਪਹੁੰਚੇ ਸਨ। ਇਹ ਉਹ ਸੰਸਥਾ ਹੈ ਜਿੱਥੇ ਕਦੇ ਅਣਵੰਡੇ ਪੰਜਾਬ ਦੇ ਸਾਬਕਾ ਰਾਜ ਘਰਾਣਿਆਂ ਅਤੇ ਕੁਲੀਨ ਪਰਿਵਾਰਾਂ ਦੇ ਬੱਚੇ ਪੜ੍ਹਦੇ ਹੁੰਦੇ ਸਨ।
ਸੋਢੀ ਨੇ ਕਿਹਾ, “ਇਸ ਗੁਰਦੁਆਰੇ ਵਿੱਚ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ ਜਿੱਥੇ ਮੇਰੇ ਪਿਤਾ ਨੇ ਐਚੀਸਨ ਕਾਲਜ ਦੇ ਵਿਦਿਆਰਥੀ ਵਜੋਂ ਕਈ ਸਾਲਾਂ ਤੱਕ ਹਰ ਸ਼ਾਮ ਪ੍ਰਾਰਥਨਾ ਕੀਤੀ ਸੀ। ਮੈਂ ਜਲਦੀ ਹੀ ਉਨ੍ਹਾਂ ਨੂੰ ਇੱਥੇ ਵਾਪਸ ਲਿਆਉਣ ਦੀ ਉਮੀਦ ਕਰਦਾ ਹਾਂ।”

ਲਗਪਗ 15 ਭਾਰਤੀ ਸਿੱਖਾਂ ਨੂੰ ਇਸ ਮਹਾਨ ਸੰਸਥਾ ਵਿੱਚ ਬਿਤਾਇਆ ਆਪਣਾ ਬਚਪਨ ਚੰਗੀ ਤਰ੍ਹਾਂ ਯਾਦ ਹੈ। ਹਾਲਾਂਕਿ ਉਨ੍ਹਾਂ ਵਿੱਚੋਂ ਕੋਈ ਵੀ ਪਾਕਿਸਤਾਨ ਦੀ ਯਾਤਰਾ ਨਹੀਂ ਕਰ ਸਕਿਆ। ਗੱਲਬਾਤ ਅਤੇ ਇੰਟਰਵਿਊ ਦੌਰਾਨ ਕਈਆਂ ਨੇ ਕਿਹਾ ਕਿ ਉਨ੍ਹਾਂ ਨੂੰ ਗੁਰਦੁਆਰੇ ਵਿੱਚ ਕੀਤੀ ਇਬਾਦਤ, ਇਸ ਦਾ ਕਾਲੇ ਅਤੇ ਚਿੱਟੇ ਸੰਗਮਰਮਰ ਦਾ ਫਰਸ਼ ਅਤੇ ਇਸ ਦੀ ਖੂਬਸੂਰਤ ਵਾਸਤੂਕਲਾ ਬਹੁਤ ਯਾਦ ਆਉਂਦੀ ਹੈ, ਜੋ ਕਿਸੇ ਮਹਿਲ ਵਰਗੀ ਲੱਗਦੀ ਸੀ।
(ਪੰਜਾਬੀ ਟ੍ਰਿਬਿਊਨ ਵਿਚੋਂ ਧੰਨਵਾਦ ਸਹਿਤ)