127 views 7 secs 0 comments

ਲੋਭ

ਲੇਖ
June 23, 2025

ਜਿਸ ਵਕਤ ਆਦਮੀ ਆਪਣੇ ਹਕ ਤੋਂ ਬਗੈਰ ਦੂਸਰੇ ਦੀ ਚੀਜ਼ ਬਦੋ ਬਦੀ ਲੈ ਲਵੇ, ਯਾ ਲਾਲਚ ਵਿਚ ਲਗ ਕੇ, ਧਰਮ ਨੂੰ ਦੂਰ ਤਿਆਗ ਕੇ, ਪੈਸੇ ਬਦਲੇ ਅਨੁਚਿਤ ਕੰਮ ਕਰੇ, ਐਸਾ ਕਰਣ ਦਾ ਨਾਮ ‘ਲੋਭ’ ਹੈ ।
ਸੋ ਇਹ ਲੋਭ ਆਦਮੀ ਨੂੰ ਆਦਮੀਯਤ ਤੋਂ ਡੇਗ ਦੇਂਦਾ ਹੈ ਤੇ ਜੋ ਜੋ ਅਨੁਚਿਤ ਕੰਮ ਹਨ, ਉਹ ਭੀ ਕਰਾ ਦੇਂਦਾ ਹੈ, ਇਸੀ ਵਾਸਤੇ ਸਿਆਣੇ ਲੋਕ ਕਹਿੰਦੇ ਹਨ ਕਿ ‘ਲੋਭ ਪਾਪਾਂ ਦਾ ਮੂਲ ਹੈ’ ਲੋਭ ਦੇ ਵਸ ਹੋ ਕੇ ਆਦਮੀ ਕਈ ਖੂਨ ਕਰਦੇ ਹਨ, ਕਈ ਭਰਾਵਾਂ ਨੂੰ ਮਾਰ ਦੇਂਦੇ ਹਨ, ਕਈ ਉਪੱਦਰ ਨਵੇਂ ਤੋਂ ਨਵੇਂ ਕਰਦੇ ਹਨ। ਇਸੀ ਵਾਸਤੇ ਹੀ ‘ਲੋਭ ਪਾਪਾਂ ਦਾ ਮੂਲ ਹੈ’ ਬਲਕਿ ਲੋਭੀ ਪੁਰਸ਼ ਲੋਭ ਦੇ ਵਸ ਹੋ ਕੇ ਆਪਣੇ ਸਰੀਰ ਦਾ ਵੀ ਨਾਸ ਕਰ ਲੈਂਦੇ ਹਨ ।
ਜੈਸੇ ਸਾਖੀ ਹੈ ਕਿ ਚਾਰ ਪੁਰਸ਼ ਧਨ ਕਮਾਵਨ ਲਈ ਪ੍ਰਦੇਸ ਤੁਰੇ, ਤਾਂ ਕੁਦਰਤ ਨਾਲ ਰਸਤੇ ਵਿਚ ਹੀ ਧਨ ਦੀ ਦੰਗ ਲਭ ਪਈ। ਉਹ ਦੇਖ ਕੇ ਬੜੇ ਖੁਸ਼ ਹੋਏ ਤੇ ਫੇਰ ਸਲਾਹ ਕੀਤੀ, ਭਈ ਧਨ ਤਾਂ ਪ੍ਰਾਪਤ ਹੋ ਗਿਆ ਹੈ ਹੁਣ ਰੋਟੀਆਂ ਖਾ ਲਈਏ। ਤਾਂ ਦੋ ਆਦਮੀ ਦੇਗ ਕੋਲ ਰਾਖੇ ਬੈਠੇ ਤੇ ਦੋ ਰੋਟੀਆਂ ਪਕਵਾਣ ਵਾਸਤੇ ਕਿਸੇ ਨਜਦੀਕ ਦੇ ਨਗਰ ਗਏ।
ਰਾਹ ਵਿਚ ਸਲਾਹ ਕੀਤੀ ਕਿ ਜੇ ਉਨ੍ਹਾਂ ਦੁਹਾਂ ਨੂੰ ਮਾਰ ਦੇਈਏ, ਤਾਂ ਸਾਡੇ ਕੋਲ ਚੋਖਾ ਧਨ ਹੋ ਜਾਵੇਗਾ । ਇਹ ਸਲਾਹ ਪਕਾ ਕੇ ਉਨ੍ਹਾਂ ਦੀਆਂ (ਜੋ ਦੇਗ ਕੋਲ ਬੈਠੇ ਸਨ) ਰੋਟੀਆਂ ਵਿਚ ਜ਼ਹਿਰ ਪਵਾ ਆਂਦਾ ਕਿ ਖਾ ਕੇ ਆਪੇ ਮਰ ਜਾਣਗੇ । ਓਧਰੋਂ ਦੇਗ ਦੇ ਰਾਖਿਆਂ ਨੇ ਸਲਾਹ ਕੀਤੀ ਜੋ ਉਨ੍ਹਾਂ ਦੋਹਾਂ (ਜੋ ਰੋਟੀਆਂ ਲੈਣ ਗਏ ਸਨ) ਨੂੰ ਮਾਰ ਦੇਈਏ, ਤਾਂ ਸਾਡੇ ਕੋਲ ਚੋਖਾ ਧਨ ਹੋ ਜਾਏਗਾ । ਜਦੋਂ ਉਹ ਪ੍ਰਸ਼ਾਦੇ ਲੈ ਕੇ ਪੁਜੇ, ‘ਜੇਹਾ ਵੇਖੇ ਤੇਹਾ ਵੇਖ’ ਤਾਂ ਦੇਗ ਦੇ ਰਾਖਿਆਂ ਨੇ ਓਹਨਾਂ ਨੂੰ ਗਲੀਂ ਬਾਤੀਂ ਪਾ ਕੇ ਮਾਰ ਦਿਤਾ ਤੇ ਆਪ ਬੜੇ ਪ੍ਰਸੰਨ ਹੋ ਕੇ ਪ੍ਰਸ਼ਾਦ ਛਕਣ ਲਗੇ ਤੇ ਮਨ ਵਿਚ ਕਿਹਾ ਕਿ ਪ੍ਰਸ਼ਾਦੇ ਛਕ ਕੇ ਧਨ ਪਦਾਰਥ ਲੈ ਚਲਾਂਗੇ । ਜਦੋਂ ਉਨ੍ਹਾਂ ਰੋਟੀਆਂ ਖਾਧੀਆਂ ਤਾਂ ਉਹ ਭੀ ਮਰ ਗਏ, ਸੋ ਲੋਭ ਦੇ ਵਸ ਹੋ ਕੇ ਚੌਹਵਾਂ ਨੇ ਆਪਣੇ ਪ੍ਰਾਣ ਦੇ ਦਿਤੇ ਤੇ ਮਾਇਆ ਜਿਉਂ ਦੀ ਤਿਉਂ ਉਥੇ ਹੀ ਪਈ ਰਹੀ । ਇਸੀ ਵਾਸਤੇ ਸਤਿਗੁਰੂ ਜੀ ਕਹਿੰਦੇ ਹਨ :-
ਲੋਭੀ ਕਾ ਵੇਸਾਹੁ ਨ ਕੀਜੈ ਜੇਕਾ ਪਾਰਿ ਵਸਾਇ ॥ ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ॥
[ਸਲੋਕ ਵਾਰਾਂ ਤੇ ਵਧੀਕ ਮ: ੧ ਪੰਨਾ ੧੪੧੭
ਗੁਰੂ ਜੀ ਕਹਿੰਦੇ ਹਨ ਕਿ ਲੋਭੀ ਆਦਮੀ ਦਾ ਬਿਲਕੁਲ ਹੀ ਵਿਸਾਹ ਨ ਕਰੋ, ਭਾਵੇਂ ਦਰਿਆਓਂ ਪਾਰ ਹੀ  १६१
ਰਹਿੰਦਾ ਹੋਵੇ, ਕਿਉਂਕਿ ਅੰਤ ਵੇਲੇ ਓਥੇ ਢੋਂਦਾ ਹੈ, ਜਿਥੇ ਕਿ ਹੱਥ ਨਾ ਪਹੁੰਚ ਸਕੇ, ਭਾਵ ਕਿ ਜਿਥੇ ਕੋਈ ਪੇਸ਼ ਨਾ ਜਾ ਸਕੇ।
ਇਸੀ ਤਰ੍ਹਾਂ ਗੁਰੂ ਜੀ ਸਹੰਸਕ੍ਰਿਤ ਸਲੋਕਾਂ ਵਿਚ ਦਸਦੇ ਹਨ-ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ ਕਲੋਲਤੇ ॥ ਧਾਵੰਤ ਜੀਆ ਬਹੁ ਪ੍ਰਕਾਰੰ ਅਨਿਕ ਭਾਂਤਿ ਬਹੁ ਡੋਲਤੇ ॥ ਨਚ ਮਿਤ੍ਰੰ ਨਚ ਇਸਟੰ ਨਚ ਬਾਧਵ ਨਚ ਮਾਤ ਪਿਤਾ ਤਜਲਜਯਾ॥ ਅਕਰਣੰ ਕਰੋਤਿ ਅਖਾਦਿ ਖਾਦਿ ਅਸਾਜੰ ਸਾਜਿ ਸਮਜਯਾ ॥ ਤ੍ਰਾਹਿ ਤ੍ਰਾਹਿ ਸਰਣਿ ਸੁਆਮੀ ਬਿਗਾਪ੍ਰਿ ਨਾਨਕ ਹਰਿ ਨਰ ਹਰਹ॥
(ਸਲੋਕ ਸਹਸਕ੍ਰਿਤੀ ਮ: ੫ ਪੰ: ੧੩੫੮)

ਇਸ ਸ਼ਬਦ ਵਿਚ ਗੁਰੂ ਜੀ ਨੇ ਲੱਭ ਦੇ ਕੰਮ ਦਸੇ ਹਨ,
ਕਿ ਕੇਹੜੇ ਕੇਹੜੇ ਅਨੁਚਿਤ ਕੰਮ ਏਹ ਕਰਦਾ ਹੈ ਤੇ ਕਹਿੰਦੇ ਹਨ ਕਿ ਹੇ ਨਿਰੰਕਾਰ ! ਏਸ ਤੋਂ ਬਚਾ ਲੈ । ਇਕ ਤੂੰ ਹੀ ਏਸ ਤੋਂ ਬਚਾਉਣ ਵਾਲਾ ਹੈਂ ਤੇ ਸਾਨੂੰ ਲੋਭ ਤੋਂ ਬਚਣ ਲਈ ਇਸ ਪ੍ਰਕਾਰ ਉਪਦੇਸ਼ ਦੇਂਦੇ ਹਨ। ਯਥਾ ਗੁਰਵਾਕ :-
ਲਾਲਚ ਲਾਗੇ ਜਨਮੁ ਗਵਾਇਆ ਮਾਇਆ ਭਰਮੁ ਭੁਲਾਹਿਗਾ ॥
(ਮਾਰੂ ਕਬੀਰ ਜੀਉ ਪੰਨਾ ੧੧੦੬)

ਸਲੋਕ ॥
ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ । ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਫੰਧ ॥
(ਗਉੜੀ ਬਾਵਨ ਅਖਰੀ ਮ: ੫ ਪੰਨਾ ੨੫੨)

ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ ॥
(ਆਸਾ ਮ: ੧ ਪੰਨਾ ੪੧੯)

ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ ॥
(ਰਾਮਕਲੀ ਕੀ ਵਾਰ ਰਾਇ ਬਲਵੰਡ ਪੰਨਾ ੯੬੭)

ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ॥
(ਨਟ ਮ: ੪ ਪੰਨਾ ੯੮੩)

ਫਰੀਦਾ ਜਾ ਲਬੁ ਤ ਨੇਹੁ ਕਿਆ ਲਬੁ ਤ ਕੂੜਾ ਨੇਹੁ ॥ ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ ॥
(ਸਲੋਕ ਸੇਖ ਫਰੀਦ ਜੀ ਕੇ ਪੰਨਾ ੧੩੭੮)

ਸੋ ਇਹਨਾਂ ਗੁਰੂ ਜੀ ਦੇ ਉਪਦੇਸ਼ਾਂ ਤੋਂ ਪਤਾ ਲਗਦਾ ਹੈ, ਕਿ ਲੋਭ ਕੈਸੀ ਬੁਰੀ ਚੀਜ਼ ਹੈ, ਜਿਸ ਤੋਂ ਬਚਣ ਦਾ ਉਪਦੇਸ਼ ਗੁਰੂ ਜੀ ਬਾਰੰਬਾਰ ਦੇਂਦੇ ਹਨ। ਜੀਵ ਨੂੰ ਚਾਹੀਏ ਕਿ ਧਰਮ ਦੀ ਕਿਰਤ ਕਰਕੇ ਨਿਰਬਾਹ ਕਰੇ ਤੇ ਲੋਭ (ਜੋ ਪਾਪਾਂ ਦਾ ਮੂਲ ਹੈ ਤੇ ਪਰਮੇਸ਼੍ਵਰ ਦੀ ਪ੍ਰਾਪਤੀ ਤੋਂ ਦੂਰ ਰਖਦਾ ਹੈ) ਤੋਂ ਸਦਾ ਹੀ ਬਚਿਆ ਰਹੇ ।
ਸਤਿਗੁਰੂ ਜੀ ਲੋਭੀ ਪੁਰਸ਼ ਦੀ ਬਾਬਤ ਇਸ ਪ੍ਰਕਾਰ ਦਸਦੇ ਹਨ-
ਜਿਉ ਕੂਕਰੁ ਹਰਕਾਇਆ ਧਾਵੈ ਦਹਦਿਸ ਜਾਇ॥ ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥
(ਸ੍ਰੀ ਰਾਗ ਮ: ੫ ਪੰਨਾ ੫੫)

ਸਾਕਤ ਸੁਆਨ ਕਹੀਅਹਿ ਬਹੁ ਲੋਭੀ ਬਹੁ ਦੁਰਮਤਿ ਮੈਲੁ ਭਰੀਜੈ ॥ ਆਪਨ ਸੁਆਇ ਕਰਹਿ ਬਹੁ ਬਾਤਾ ਤਿਨਾ ਕਾ ਵਿਸਾਹੁਕਿਆ ਕੀਜੈ॥
[ਕਲਿ: ਅਸਟ: ਮ: ੪ ਪੰਨਾ ੧੩੨੬

ਦੇਖੋ ਇਹਨਾਂ ਵਾਕਾਂ ਵਿਚ ਗੁਰੂ ਜੀ ਲੋਭੀ ਪੁਰਸ਼ ਨੂੰ ਹਲਕਾਏ ਕੂਕਰ ਦੀ ਪਦਵੀ ਦੇਂਦੇ ਹਨ ਤੇ ਦਸਦੇ ਹਨ ਕਿ ਜਿਸ ਤਰ੍ਹਾਂ ਹਲਕਾਇਆ ਕੁਤਾ ਚੰਗੀ ਮੰਦੀ ਖਾਣ ਵਾਲੀ ਚੀਜ਼ ਨਹੀਂ ਪਰਖਦਾ, ਇਸ ਤਰ੍ਹਾਂ ਲੋਭੀ ਪੁਰਸ਼ ਲੋਭ ਦੇ ਵਸ ਹੋ ਕੇ ਭੁੱਖ ਅਭੱਖ ਸਭ ਚੀਜ਼ਾਂ ਛਕ ਜਾਂਦਾ ਹੈ ਤੇ ਜਿਥੇ ਕਿਥੇ ਆਪਣੇ ਮਤਲਬ ਦੀ ਗੱਲ ਹੀ ਕਰਦਾ ਹੈ ਤੇ ਐਸੇ ਕੰਮ ਕਰਨ ਕਰ ਕੇ ਹੀ ਅਧੋਗਤੀ ਨੂੰ ਪ੍ਰਾਪਤ ਹੁੰਦਾ ਹੈ । ਸੋ ਜੀਵ ਚਾਹੀਏ ਕਿ ਲੋਭ ਤੋਂ ਬਚ ਕੇ ਰਹੇ ਤੇ ਗੁਰੂ ਜੀ ਦੇ ਇਸ ਵਾਕ
ਸਦਾ ਯਾਦ ਰਖੇ :-
ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੋਇ ॥
[ਸਾਰੰਗ ਕੀ ਵਾਰ ਮ: ੧ ਪੰਨਾ ੧੨੪੫

ਕਬਿਤ
ਲੋਭ ਅਖਵਾਂਦਾ ਹੈ ਜਗ ਪਾਪਾ ਮੂਲ ਸੰਦਾ,
ਲੋਭ ਦਾ ਪਿਆਰ ਦਿਲੋਂ ਦੇਈਏ ਵਿਸਾਰ ਜੀ !
ਲੋਭ ਸਦਾ ਦਿਲ ਵਿਚੋਂ ਧਰਮ ਨੂੰ ਦੂਰ ਕਰੇ,
ਵੀਰਾਂ ਨੂੰ ਵਿਛੋੜੇ ਫਿਕ ਪਾਵੇ ਵਿਚ ਪਿਆਰ ਜੀ।
ਚੋਰੀ, ਯਾਰੀ, ਠਗੀ ਅਤੇ ਖੂਨ ਹੈ ਕਰਾਂਵਦਾ ਬਹੁ,
ਇਸ ਤੋਂ ਬਚਾਵੇ ਗੁਰ ਸੰਗਤ ਕਰਤਾਰ ਜੀ ।
ਤਾਂ ਤੇ ‘ਭਗਤ’ ਲੋਭ ਦਾ ਖਿਆਲ ਦਿਲੋਂ ਦੂਰ ਕਰੋ, ਤਿਆਗ ਕਰ ਲੋਭ ਜਸ ਖੱਟੀਐ ਸੰਸਾਰ ਜੀ।

ਗਿਆਨੀ ਭਗਤ ਸਿੰਘ