ਵਕੀਲਾਂ ਦੀ ਹੜ੍ਹਤਾਲ ਕਾਰਨ ਸੱਜਣ ਕੁਮਾਰ ‘ਤੇ ਅਦਾਲਤ ਦਾ ਫ਼ੈਸਲਾ ਅੱਜ ਵੀ ਟਲਿਆ

1984 ਦੇ ਸਿੱਖ ਨਸਲਕੁਸ਼ੀ ਮਾਮਲੇ ਵਿੱਚ 41 ਸਾਲ ਬਾਅਦ ਵੀ ਨਿਆਂ ਦੀ ਲੜਾਈ ਜਾਰੀ ਹੈ। ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋ ਸਿੱਖਾਂ ਦੇ ਕਤਲ ਨਾਲ ਸਬੰਧਤ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਅੱਜ (18 ਫਰਵਰੀ) ਉਸ ਦੀ ਸਜ਼ਾ ਸੁਣਾਈ ਜਾਣੀ ਸੀ ਪਰ ਰਾਊਸ ਐਵੇਨਿਊ ਅਦਾਲਤ ਨੇ ਬਹਿਸ ਮੁਲਤਵੀ ਕਰ ਦਿੱਤੀ। ਉਧਰ ਸ਼ਿਕਾਇਤਕਰਤਾ ਵੱਲੋਂ ਪੇਸ਼ ਸੀਨੀਅਰ ਵਕੀਲ ਐੱਚ.ਐੱਸ.ਫੂਲਕਾ ਨੇ ਇਸਤਗਾਸਾ ਧਿਰ ਦੀ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਦੀ ਮੰਗ ਦੀ ਹਮਾਇਤ ਕੀਤੀ ਤੇ ਜਿਰ੍ਹਾ ਲਈ ਸਮਾਂ ਮੰਗਿਆ।

12 ਫਰਵਰੀ ਨੂੰ ਅਦਾਲਤ ਨੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ। ਉਸ ‘ਤੇ 1984 ਦੇ ਸਿੱਖ ਨਸਲਕੁਸ਼ੀ ਦੌਰਾਨ ਸਰਸਵਤੀ ਵਿਹਾਰ ਖੇਤਰ ਵਿੱਚ ਇੱਕ ਪਿਤਾ-ਪੁੱਤਰ ਦੀ ਹੱਤਿਆ ਵਿੱਚ ਭੀੜ ਦੀ ਅਗਵਾਈ ਕਰਨ ਦਾ ਦੋਸ਼ ਹੈ। ਦਿੱਲੀ ਪੁਲਿਸ ਅਤੇ ਪੀੜਤ ਧਿਰ ਨੇ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ, ਪਰ ਵਕੀਲਾਂ ਦੀ ਹੜਤਾਲ ਕਾਰਨ ਸਜ਼ਾ ‘ਤੇ ਬਹਿਸ 21 ਫਰਵਰੀ ਤਕ ਟਲ ਗਈ।

ਇਹ 41 ਸਾਲ ਪੁਰਾਣਾ ਮਾਮਲਾ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਦੋ ਸਿੱਖਾਂ ਦੇ ਕਤਲ ਨਾਲ ਜੁੜਿਆ ਹੋਇਆ ਹੈ। ਸੱਜਣ ਕੁਮਾਰ ਉੱਤੇ 1984 ਦੇ ਦਿੱਲੀ ਦੰਗਿਆਂ ਵਿੱਚ 3 ਤੋਂ ਵੱਧ ਮਾਮਲੇ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਵਿੱਚ ਬਰੀ ਹੋ ਚੁੱਕਾ ਹੈ। ਦਸੰਬਰ 2018 ਵਿੱਚ ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਹਿੰਸਾ ਅਤੇ ਦੰਗੇ ਭੜਕਾਉਣ ਦਾ ਦੋਸ਼ੀ ਪਾਇਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਸਮੇਂ ਉਹ ਤਿਹਾੜ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਰਿਹਾ ਹੈ।

1984 ਦੇ ਦੰਗਿਆਂ ਨੇ ਹਜ਼ਾਰਾਂ ਸਿੱਖ ਪਰਿਵਾਰ ਉਜਾੜ ਦਿੱਤੇ ਪਰ ਅਜੇ ਤਕ ਪੂਰਾ ਇਨਸਾਫ਼ ਨਹੀਂ ਮਿਲਿਆ। ਸੱਜਣ ਕੁਮਾਰ ‘ਤੇ ਤਾੜਨਾ ਹੋਣ ਦੇ ਬਾਵਜੂਦ ਵੀ ਹੋਰ ਦੋਸ਼ੀਆਂ ‘ਤੇ ਕੋਈ ਵੱਡੀ ਕਾਰਵਾਈ ਨੂੰ ਅੱਜ ਵੀ ਸਿੱਖ ਜਗਤ ਉਡੀਕ ਰਿਹਾ ਹੈ ।