
-ਸ. ਸਤਿਨਾਮ ਸਿੰਘ ਕੋਮਲ
ਇਕ ਸਰਦਾਰ ਬਘੇਲ ਸਿੰਘ, ਹੋਇਆ ਸਿੰਘ ਮਹਾਨ।
ਵੈਰੀ ਥਰ ਥਰ ਕੰਬਦੇ ਤੇ ਲਲਕਾਰੇ ਕੱਢਦੇ ਜਾਨ।
ਦਾਅ ਪੇਚ ਜਾਣੇ ਜੰਗ ਦੇ ਸੀ ਗੁੱਜਦਾ ਵਿਚ ਮੈਦਾਨ।
ਕਰਨਾ ਆਉਂਦਾ ਰਾਜ ਵੀ, ਵੱਡਾ ਸਿਆਸਤ ਦਾਨ।
ਜਿੱਤਾਂ ਪੈਰੀਂ-ਝੁਕਦੀਆਂ, ਜਦ ਚੱਲੇ ਉਹਦੀ ਕਿਰਪਾਨ।
ਸੰਤ ਸਿਪਾਹੀ ਕੌਮ ਦਾ, ਅਤੇ ਸਿੱਖੀ ਦੀ ਸ਼ਾਨ।
ਲੱਗਾ ਕਰਨ ਹਾਂ ਵਾਰ ਵਿਚ, ਸਿਆਸਤ ਓਹਦੀ ਬਿਆਨ।
ਲੜਿਆ ਅਕਲਾਂ ਨਾਲ ਹੈ, ਮਿਆਨੇ ਪਾ ਕਿਰਪਾਨ।
ਸਤਾਰ੍ਹਾਂ ਸੌ ਅਠੱਤਰ ਦਾ ਵਾਕਿਆ, ਦਿੱਲੀ ਸ਼ਾਹ ਆਲਮ ਦਾ ਰਾਜ।
ਉਹ ਮਾਲਕ ਦਿੱਲੀ ਤਖਤ ਦਾ, ਜੀਹਦਾ ਸੀ ਉਸ ਨੂੰ ਨਾਜ।
ਅਹਿਦ ਖਾਨ ਵਜੀਰ ਇਕ, ਉਸ ਦਾ ਸੀ ਹਮਰਾਜ।
ਚਾਪਲੂਸ ਚਲਾਕ ਸੀ, ਦਿਲੋਂ ਖੋਟਾ ਦਗਾਬਾਜ।
ਗੱਲਾਂ ਦਾ ਖੱਟਿਆ ਖਾਂਵਦਾ, ਹਾਕਮ ਦੀ ਬਣੇ ਅਵਾਜ।
ਸਿੱਖਾਂ ’ਨਾ ਖਾਂਦਾ ਖਾਰ ਸੀ, ਤੇ ਢਿੱਡੋਂ ਬਹੁਤ ਨਾਰਾਜ।
ਭਰਾ ਸਿੱਖਾਂ ਹੱਥੋਂ ਮਰ ਗਿਆ, ਉਹਦੇ ਹੋਵੇ ਹੱਥਾਂ ਵਿਚ ਖਾਜ।
ਅੰਦਰ ਬਦਲੇ ਦੀ ਭਾਵਨਾ, ਉਹ ਰਿਹਾ ਸੀ ਸੁਪਨੇ ਸਾਜ।
ਇਹ ਜਿਵੇਂ ਨੇ ਮਾਰਾਂ ਮਾਰਦੇ, ਇਨ੍ਹਾਂ ਖੋਹਣੇ ਸਾਡੇ ਤਾਜ।
ਗੰਢੀਏ ਇਨ੍ਹਾਂ ਸੰਗ ਦੋਸਤੀ, ਸਮਝੀਏ ਇਨ੍ਹਾਂ ਦੇ ਰਾਜ।
ਇਵਜ਼ਾਨੇ ਮਿਲਦੇ ਇਸ ਤਰ੍ਹਾਂ, ਜਿਵੇਂ ਦੇਂਦੇ ਲੋਕੀਂ ਦਾਜ।
ਸੁਣਿਆ ਆਏ ਸ਼ਰਨ ਜੋ, ਨੇ ਰੱਖਦੇ ਉਹਦੀ ਲਾਜ।
ਆਪੋ ਵਿਚ ਪਊ ਦੁਸ਼ਮਣੀ, ਤਾਂ ਉਘੜਨਗੇ ਸਭ ਪਾਜ।
ਮਨਾਅ ਲਿਆ ਆਲਮ ਸ਼ਾਹ ਨੂੰ, ਬੜਾ ਵਧੀਆ ਏਹ ਕਾਜ।
ਫਿਰ ਇਨ੍ਹਾਂ ਦੇ ਅੰਬਰੀਂ, ਨੇ ਉੱਡਣੇ ਸ਼ਾਹੀ ਬਾਜ।
ਮੁੱਕਣੇ ਰਾਜ ਨੇ ਅਣਖ ਦੇ, ਟੁੱਟਣਗੇ ਜਦ ਸਾਜ।
ਸ਼ਾਲੀਮਾਰ ਬਾਗ ਵਿਚ, ਸਿੰਘਾਂ ਦਿੱਤੇ ਡੇਰੇ ਲਾਅ।
ਸੁਣ ਤਖਤ ਆਲਮ ਸ਼ਾਹ ਦਾ, ਕੀਕੂੰ ਹੈ ਕੰਬ ਗਿਆ।
ਖਿਲਅਤ ਭੇਜੀ ਦੋਸਤੀ ਲਈ ਦਿੱਤਾ ਹੱਥ ਵਧਾਅ।
ਜਰਕਿਆ ਵੇਖ ਬਾਦਸ਼ਾਹ ਗਏ ਚੜ੍ਹ ਸਿੰਘਾਂ ਨੂੰ ਚਾਅ।
ਵਿਚ ਬੰਗਲਾ ਸਾਹਿਬ ਮਸੀਤ ਸੀ, ਜਾ ਦਿੱਤੀ ਸਿੰਘਾਂ ਢਾਅ।
ਕੋਈ ਰੋਕੇ ਕਾਰੇ ਏਸ ਤੋਂ, ਨਾ ਕਿਸੇ ਦਾ ਹੀਆ ਪਿਆ।
ਅਹਿਦ ਖਾਨ ਨੂੰ ਦੋਸਤੀ ਦੇ ਦਿੱਤੇ ਅਰਥ ਸਮਝਾ ।
ਸਮਝੇ ਬੜਾ ਚਲਾਕ ਮੈਂ ਨਾ ਸਮਝੇ ਸਿੰਘਾਂ ਦੇ ਦਾਅ।
“ਸਰਦਾਰਾ ਇਲਾਕਾ ਖੁੱਸਿਆ, ਵਿਚ ਆਪਾਂ ਲਈਏ ਰਲਾਅ।”
“ਸਿੰਘ ਵੀ ਆਪਣੇ ਹਿਸਾਬ ਸਿਰ, ਹਾਂ ਵਿਚ ਦਿੱਤੀ ਹਾਂ ਮਿਲਾਅ।”
ਸ਼ਾਹ ਆਲਮ ਇਸ ਕੰਮ ਲਈ, ਲਿਆ ਏ ਓਸ ਮਨਾਅ।
ਸ਼ਾਹੀ ਫੌਜ ਦੇ ਕੂਚ ਲਈ, ਵੱਜ ਜੰਗੀ ਬਿਗਲ ਗਿਆ।
ਚੜ੍ਹ ਪਏ ਖਾਸ ਮੁਹਿੰਮ ਤੇ, ਮੁਗ਼ਲ ਤੇ ਸਿੰਘ ਸਰਦਾਰ।
ਸਣੇ ਇਹ ਤੋਪਾਂ ਨਾਲ ਸੀ, ਨੇ ਘੋੜਿਆਂ ਤੇ ਅਸਵਾਰ।
ਅੰਦਰੋਂ ਸਿੰਘ ਪੰਜਾਬ ਦੇ, ਉਸ ਕਰ ਦਿੱਤੇ ਹੁਸ਼ਿਆਰ।
ਕਰਨੇ ਮੁਗ਼ਲ ਜ਼ਲੀਲ ਨੇ, ਤੇ ਵੇਖੂ ਕੁਲ ਸੰਸਾਰ।
ਪਹੁੰਚੇ ਵਿਚ ਕਰਨਾਲ ਦੇ, ਉਹ ਕਰਦੇ ਮਾਰੋ ਮਾਰ।
ਅਗੋਂ ਜੀਂਦ ਦੇ ਗਜਪਤ ਸਿੰਘ ਨੇ, ਨਹੀਂ ਚੁੱਕੇ ਹੱਥਿਆਰ।
ਇਵਜਾਨਾ ਦੋ ਕੁ ਲੱਖ ਦਾ, ਦੇਣ ਲਈ ਹੋਇਆ ਤਿਆਰ।
ਪੱਕਾ ਹੋ ਗਿਆ ਸਿੰਘਾਂ ਦਾ, ਖਾਨਾਂ ਲਈ ਇਤਬਾਰ।
ਉਨ੍ਹਾਂ ਕੈਥਲ ਨੂੰ ਰੁਖ਼ ਕਰਲਿਆ, ਲਈ ਦੇਸਾ ਸਿੰਘ ਦੀ ਸਾਰ।
ਗਿਆ ਤਿੰਨ ਲੱਖ ਉਸ ਤੋਂ ਮੰਗਿਆ, ਉਸ ਕਰ ਦਿੱਤਾ ਇਨਕਾਰ।
ਗਜਪੱਤ ਸਿੰਘ ਦਿੱਤਾ ਮਸ਼ਵਰਾ, ਲਓ ਕਰ ਇਸਨੂੰ ਗ੍ਰਿਫ਼ਤਾਰ।
ਚੱਲੀ ਚਾਲ ਹੈ ਖਾਲਸੇ, ਸਮਝਣਗੇ ਸਮਝਦਾਰ।
ਇਸ ਪਿਛੋਂ ਰਲਵੀ ਫੌਜ ਏਹ, ਹੈ ਪਈ ਪਟਿਆਲੇ ਦੇ ਰਾਹ।
ਮਹਾਰਾਜੇ ਅਮਰ ਸਿੰਘ ਨੂੰ, ਹੈ ਦਿੱਤਾ ਭੇਜ ਸੁਨਾਂਹ।
ਨਜਰਾਨਾ ਲੈ ਕੇ ਪੰਜ ਲੱਖ, ਹੋਵੋ ਹਾਜ਼ਰ ਆ।
ਉਹ ਬਾਗੀ ਸੁਰ ਵਿਚ ਬੋਲਿਆ, ਨਹੀਂ ਕੀਤੀ ਉਸ ਪਰਵਾਹ।
ਪਤਾ ਸੀ ਉਸ ਨੂੰ ਪਿੱਠ ਤੇ, ਹੈ ਖਾਲਸਾ ਸ਼ਹਿਨਸ਼ਾਹ।
ਫਿਰ ਖਾਨ ਨੇ ਸ਼ਾਹੀ ਫੌਜ ਨੂੰ, ਹੈ ਦਿੱਤਾ ਹੁਕਮ ਸੁਣਾਅ।
ਲੁਟ ਲਓ ਪਿੰਡ ਇਸ ਰਾਜ ਦੇ, ਤੇ ਸਭ ਕੁਝ ਕਰੋ ਤਬਾਹ।
ਸੁਣ ਕੇ ਇਹ ਬਘੇਲ ਸਿੰਘ, ਕਿਹਾ ਖਾਨਾਂ ਮੇਰੀ ਸਲਾਹ।
ਅਮਰ ਸਿੰਘ ਦੀ ਪਿੱਠ ’ਤੇ ਆ ਖਾਲਸਾ ਪੰਥ ਗਿਆ।
ਨਾ ਪੱਲੇ ਰਹਿਣਾ ਕੁਝ ਵੀ, ਜੇ ਹੋ ਗਿਆ ਟਕਰਾਅ।
ਸੁਣਿਆਂ ਦੋ ਲੱਖ ਫੌਜ ਹੈ, ਗਈ ਪਟਿਆਲੇ ਆ।
ਦਿੱਤੇ ਸ਼ਾਹਜ਼ਾਦੇ ਖਾਨ ਦੇ, ਤੋਤੇ ਹੱਥੋਂ ਉਡਾਅ।
ਉਨ੍ਹਾਂ ਮੱਥੇ ਆਉਣ ਤਰੇਲੀਆਂ, ਤੇ ਲੰਮੇ ਲੈਂਦੇ ਸਾਹ।
ਸਾਨੂੰ ਬਘੇਲ ਸਿਆਂ ਤੂੰ, ਹੈ ਦਿੱਤਾ ਕਿੱਥੇ ਫਸਾਅ।
ਇਨ੍ਹਾਂ ਭੱਜਿਆਂ ਦੇਣਾ ਜਾਣ ਨਾ, ਹੁਣ ਕੋਈ ਤਰਕੀਬ ਬਣਾਅ।
“ਰਹਿ ਗਿਆ ਖਾਨਾ ਇਕ ਹੀ, ਬੰਦ ਖਲਾਸੀ ਦਾ ਰਾਹ।
ਮੋੜ ਮਾਲੀਆ ਉਹਨਾਂ ਦਾ, ਹੈ ਲਿਆਂਦਾ ਜੋ ਉਗਰਾਹ।”
ਫਸਿਆ ਹੋਇਆ ਖਾਨ ਹੈ, ਸਭ ਕੁਝ ਮੰਨ ਗਿਆ।
ਦੂਣਾ, ਕਰਕੇ ਮੋੜਿਆ, ਜੋ ਲਿਆ ਸੀ ਹੱਥ ਜੁੜਾਅ।
ਸੱਤ ਲਖ ਖਾਲਸਾ ਦਲ ਨੂੰ ਦੇਣਾ ਹੋਰ ਪਿਆ।
ਤੋਪਾਂ ਘੋੜੇ ਸਮਾਨ ਸਭ, ਹੈ ਪੰਥ ਨੇ ਸਾਂਭ ਲਿਆ।
ਆਏ ਖੋਹਣ ਸੀ ਸਿੱਖਾਂ ਤੋਂ, ਨੇ ਚੱਲੇ ਸਭ ਗੁਆ।
ਕਰ ਮਲੰਗ ਨੇ ਤੋਰ ਤੇ, ਪਾ ਦਿੱਤੇ ਦਿੱਲੀ ਦੇ ਰਾਹ।
ਟੱਪ ਗਏ ਜਦ ਕਰਨਾਲ ਉਹ, ਫਿਰ ਥੋੜਾ ਆਇਆ ਸਾਹ।
ਪੁੱਠੇ ਪੈ ਗਏ ਅਹਿਦ ਖਾਨ, ਤੈਨੂੰ ਹੀ ਤੇਰੇ ਦਾਅ।
ਨਹੀਂ ਪਤਾ ਸੀ ਵੈਰੀ ਵੀ ਹੁੰਦਿਆਂ, ਇਹ ਹੁੰਦੇ ਭਰਾ ਭਰਾ।
ਜਰਨੈਲ ਜੇ ਅੱਜ ਦੇ ਪੜ੍ਹ ਲੈਣ ਇਹੋ ਇਕ ਸਫਾ।
ਹੋਵੇ ਉਨ੍ਹਾਂ ਨੂੰ ਕਦੇ ਨਾ, ਫੁੱਟ ਦਾ ਫੇਰ ਸੁਦਾਅ
ਤੂੰ ਤਾਂ ਏਥੇ ਕੋਮਲਾ ਹੈ ਦਿੱਤੀ ਵਾਰ ਸੁਣਾਅ।
ਹੋਊ ਝੋਲੀ ਇਹਨਾਂ ਦੀ, ਵੀ ਕੁਝ ਨਾ ਕੁਝ ਪਿਆ।