ਹਰ ਵਿਅਕਤੀ ਵਾਰੀ ਵਾਰੀ ਅੰਦਰਲੇ ਤੇ ਬਾਹਰਲੇ ਵਿਅਕਤਿਤਵ ਦੇ ਰੱਥ ‘ਤੇ ਸਵਾਰ ਹੋਇਆ ਰਹਿੰਦਾ ਹੈ।
ਕਾਇਆ ਦੀ ਰਸਾਇਣਕ ਕੀਮਤ ਕੋਈ ਬਹੁਤੀ ਨਹੀਂ। ਜਦ ਮੈਂ ਛੋਟਾ ਸਾਂ ਤਾਂ ਇਸ ਦੀ ਕੀਮਤ 10 ਰੁਪਏ ਜਿਤਨੀ ਵੀ ਨਹੀਂ ਸੀ। ਉੱਨੀ ਸੌ ਸੱਠਵਿਆਂ ਵਿਚ ਕੋਈ ਸਾਢੇ ਤਿੰਨ ਸੌ ਰੁਪਏ ਦੇ ਲਗਭਗ ਹੋ ਗਈ। ਅੱਜ-ਕੱਲ੍ਹ 3-4 ਹਜ਼ਾਰ ਰੁਪਏ ਦੇ ਕਰੀਬ ਹੋਵੇਗੀ। ਇਸ ਦੇ ਤੱਤ ਬੜੇ ਸਾਧਾਰਨ ਜਿਹੇ ਹਨ : ਪਾਣੀ ਕੋਈ 20-25 ਕਿਲੋਗ੍ਰਾਮ: ਚਰਬੀ, ਸਾਬਣ ਦੀਆਂ ਸੱਤ ਚਾਕੀਆਂ ਬਣਾਉਣ ਜੋਗੀ; ਕਾਰਬਨ ਕੋਈ 9000 ਪੈਂਸਲਾਂ ਦੇ ਸਿੱਕੇ ਘੜਨ ਜੋਗਾ; ਚੂਨਾ, ਕੁੱਕੜ ਦੇ ਦਰਬੇ ਦੀ ਕਲੀ ਕਰਨ ਜੋਗਾ; ਫ਼ਾਸਫ਼ੋਰਸ 220 ਦੀਵਾ ਸਲਾਈਆਂ ਜੋਗੀ; ਲੋਹਾ, ਦਰਮਿਆਨੇ ਮੇਚ ਦੀ ਮੇਖ (ਕਿੱਲ) ਘੜਨ ਜੋਗਾ; ਤੇ ਗੰਧਕ ਕਿਸੇ ਕੁੱਤੇ ਦੇ ਚਿੱਚੜ ਝਾੜਨ ਜੋਗੀ।
ਇਹ ਠੀਕ ਹੈ ਕਿ ਕਿਸੇ ਵੇਲੇ ਵੀ ਮਨੁੱਖੀ ਕਾਇਆ, ਉਨ੍ਹਾਂ ਅਣੂਆਂ ਪ੍ਰਮਾਣੂਆਂ ਦੀ ਬਣੀ ਹੁੰਦੀ ਹੈ ਜੋ ਇਸ ਦਾ ਭਾਗ ਹੁੰਦੇ ਹਨ । ਪਰ ਕਾਇਆ ਇਹ ਅਣੂ ਪਰਮਾਣੂ ਆਪਣੇ ਚੌਗਿਰਦੇ ਤੋਂ ਉਧਾਰ ਲੈਂਦੀ ਹੈ, ਉਸੇ ਤਰ੍ਹਾਂ ਜਿਵੇਂ ਸਾਗਰ ਵਿਚ ਵਹਿੰਦੀ ਰੋ, ਆਪਣੀ ਜਲ ਧਾਰਾ ਲਈ ਪਾਣੀ ਸਾਗਰ ਪਾਸੋਂ ਉਧਾਰਾ ਲੈਂਦੀ ਹੈ।
ਅਜੋਕੀ ਸਾਇੰਸ ਜਾਣਦੀ ਹੈ ਕਿ ਕੋਈ ਵੀ ਲਹਿਰ (ਰੌ) ਪਦਾਰਥਕ ਨਹੀਂ ਹੁੰਦੀ ਸਗੋਂ ਊਰਜਾ ਦੀ ਬਣੀ ਹੁੰਦੀ ਹੈ ਤੇ ਊਰਜਾ ਅਵਸਤੂ, ਅਭੌਤਿਕ ਅਥਵਾ ਨਿਰਾਕਾਰ ਹੁੰਦੀ ਹੈ। ਮਿਸਾਲ ਦੇ ਤੌਰ ‘ਤੇ ਸ਼ੂਕਦੀ ਹਵਾ (ਜਿਸ ਵਿਚ ਬੜੀ ਉਰਜਾ ਹੈ) ਕਣਕ ਦੇ ਖੇਤ ਥਾਣੀ ਗੁਜ਼ਰ ਤਾਂ ਜਾਂਦੀ ਹੈ ਪਰ ਕਣਕ ਦਾ ਇਕ ਦਾਣਾ ਵੀ ਉਡਾ ਨਹੀਂ ਸਕਦੀ।
ਫਿਰ ਪ੍ਰਸ਼ਨ ਪੈਦਾ ਹੁੰਦਾ ਹੈ ਇਹ ਕਾਇਆ ਆਖ਼ਰ ਕਾਸ ਦੀ ਬਣੀ ਹੁੰਦੀ ਹੈ ? ਕਿਸੇ ਸਮੇਂ ਵੀ, ਸੱਚ ਜਾਣੋ, ਇਹ ਦੁਨੀਆਂ ਦੀ ਬਣੀ ਹੁੰਦੀ ਹੈ, ਕਿਉਂਕਿ ਇਸ ਦੇ ਤੇ ਦੁਨੀਆਂ ਵਿਚਾਲੇ ਕੋਈ ਪੱਕੀ ਸਰਹੱਦ ਮੌਜੂਦ ਨਹੀਂ।
ਜੇਕਰ ਇਸ ਅਵਸਥਾ ਉੱਪਰ ਪੂਰੇ ਸਮੇਂ ਦੇ ਸੰਦਰਭ ਵਿਚ ਧਿਆਨ ਕੇਂਦਰਿਤ ਕਰੀਏ ਤਾਂ ਇਹ ਕਾਇਆ ਉਤਨੀ ਹੀ ਨਿਰਾਕਾਰ ਜਾਪਣ ਲੱਗੇਗੀ ਜਿਤਨੀ ਕੋਈ ਸੰਗੀਤਕ ਧਾਰਨਾ ਹੁੰਦੀ ਹੈ, ਪਰ ਅਸੀਂ ਹਾਂ ਕਿ ਸਾਨੂੰ ਸਦਾ ਇਹ ਕੋਈ ਪਦਾਰਥਕ ਵਸਤੂ ਹੀ ਜਾਪਦੀ ਹੈ ਤੇ ਸਰੀਰਕ ਵਿਅਕਤਿਤਵ ਸਾਨੂੰ ਪਦਾਰਥਕ ਗੁਣਾਂ-ਅਉਗਣਾਂ ਦਾ ਧਾਰਨੀ ਹੀ ਲੱਗਦਾ ਹੈ।
ਡਾ. ਜਸਵੰਤ ਸਿੰਘ ਨੇਕੀ
