4 views 0 secs 0 comments

ਵਿਚਾਰਨਯੋਗ ਭਖਦਾ ਮਸਲਾ: ਕੀ ਸਾਡੇ ਲੋਕ ਰਾਜਵੀਰ ਜਵੰਦੇ ਦੀ ਮੌਤ ਤੋਂ ਕੁਝ ਸਿੱਖਣਗੇ ਜਾਂ ਨਹੀਂ?

ਲੇਖ
October 12, 2025

ਰਾਜਵੀਰ ਸਿੰਘ ਜਵੰਦਾ ਦੀ ਮੌਤ ਨਾਲ ਮਨ ਨੂੰ ਦੁੱਖ ਪਹੁੰਚਿਆ। ਉਸਦਾ ਪਹਿਲਾ ਗੀਤ ਮੈਂ ਇਮਗ੍ਰੇਟ ਸੁਣਿਆ ਸੀ, ਜਿਸ ਵਿੱਚ ਉਹ ਪੰਜਾਬੀਆਂ ਨੂੰ ਹੋਕਾ ਦਿੰਦਾ ਹੈ ਕਿ ਆਪਾਂ ਪੱਕੇ ਪੈਰੀਂ ਜਾਂ ਸਦਾ ਲਈ ਪੰਜਾਬ ਨੂੰ ਛੱਡ ਕੇ ਨਾ ਜਾਈਏ। ਉਸ ਦੇ ਹੋਰ ਗੀਤ ਵੀ ਸੁਣੇ, ਉਸ ਦੀ ਗਾਇਕੀ ਚੰਗੀ ਸੀ। ਉਸ ਦੀ ਮੌਤ ਦਾ ਕਾਰਨ ਮੋਟਰ ਸਾਈਕਲ ਉੱਤੇ ਜਾਂਦੇ ਸਮੇਂ ਅਵਾਰਾ ਪਸ਼ੂਆਂ ਨਾਲ ਟਕਰਾਉਣ ਕਾਰਨ ਸੱਟ ਦੱਸਿਆ ਗਿਆ ਹੈ। ਅਵਾਰਾ ਪਸ਼ੂਆਂ ਦੇ ਸੈਂਕੜੇ ਹੀ ਲੋਕ ਰੋਜ਼ਾਨਾ ਸ਼ਿਕਾਰ ਹੋ ਰਹੇ ਹਨ ਅਤੇ ਕਈ ਘਰਾਂ ਦੇ ਦੀਵੇ ਬੁਝ ਰਹੇ ਹਨ। ਬੀਤੀ 28 ਅਗਸਤ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਜੀਜਾ ਜੀ ਸ. ਗੁਰਵਿੰਦਰ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਸਨ, ਉਹ ਵੀ ਅਜਿਹੇ ਹੀ ਇੱਕ ਸੜਕ ਹਾਦਸੇ ਕਾਰਨ ਚਲਾਣਾ ਕਰ ਗਏ ਸਨ ਜਦੋਂ ਉਨ੍ਹਾਂ ਦੇ ਮੋਟਰ ਸਾਈਕਲ ਵਿੱਚ ਇੱਕ ਅਵਾਰਾ ਗਾਂ ਵੱਜੀ ਸੀ।
ਪੰਜਾਬ ਅੰਦਰ ਸਰਕਾਰ ਲੋਂਕਾਂ ਕੋਲੋਂ ਗਊ ਸੈੱਸ ਵਸੂਲਦੀ ਹੈ, ਲੇਕਿਨ ਅਵਾਰਾ ਪਸ਼ੂਆਂ ਕਾਰਨ ਹੋਈਆਂ ਮੌਤਾਂ ਦੀ ਜ਼ਿੰਮੇਵਾਰੀ ਕਿਸਦੀ ਹੈ। ਇਹ ਗਊ ਸੈੱਸ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਕਿੱਥੇ, ਕਿਵੇਂ ਅਤੇ ਕਦੋਂ ਵਰਤਿਆ ਜਾਂਦਾ ਹੈ, ਇਸ ਬਾਰੇ ਜਨਤਕ ਮੰਚ ਉੱਤੇ ਬਹੁਤ ਘੱਟ ਜਾਣਕਾਰੀ ਹੈ। ਜੇਕਰ ਕਿਸੇ ਪਰਿਵਾਰ ਦਾ ਜੀ ਗਾਂ, ਸਾਂਢ ਜਾਂ ਕਿਸੇ ਹੋਰ ਅਵਾਰਾ ਪਸ਼ੂ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਦੇ ਪਿੱਛੇ ਰਹਿੰਦੇ ਪਰਿਵਾਰ ਦੀ ਸਰਕਾਰ ਕਿਵੇਂ ਮਦਦ ਕਰਦੀ ਹੈ ਜਾਂ ਉਨ੍ਹਾਂ ਦਾ ਸਹਾਰਾ ਕੌਣ ਬਣਦਾ ਹੈ।
ਜੇਕਰ ਕੋਈ ਪਰਿਵਾਰ ਅਜਿਹੇ ਮਾਮਲਿਆਂ ਵਿੱਚ ਅਦਾਲਤ ਅੰਦਰ ਨਾ ਪੂਰਾ ਹੋਣ ਵਾਲੇ ਮੌਤ ਜਿਹੇ ਨੁਕਸਾਨ ਦੇ ਮੁਆਵਜ਼ੇ ਦਾ ਕੇਸ ਪਾ ਵੀ ਦਵੇ ਤਾਂ ਸ਼ਾਇਦ ਕਈ ਸਾਲਾਂ ਦੀ ਕਾਨੂੰਨੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਕੁਝ ਮਿਲਦਾ ਹੋਵੇ ਪਰ ਉਦੋਂ ਤੱਕ ਵਕੀਲਾਂ ਦੀਆਂ ਫ਼ੀਸਾਂ, ਅਦਾਲਤਾਂ ਦੇ ਖੱਜਲ ਖੁਆਰੀ ਜਾਂ ਬਾਅਦ ਵਿੱਚ ਵਕੀਲਾਂ ਦਾ ਕਮਿਸ਼ਨ ਸਹਿਣਾ ਪੈਂਦਾ ਹੈ। ਪਰ ਕੀ ਮੁਆਵਜ਼ਾ ਜਾ ਚੁੱਕੇ ਜੀ ਦੀ ਭਰਪਾਈ ਕਰ ਸਕਦਾ ਹੈ।
ਇਸ ਲਈ ਸਾਡੇ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਤੋਂ ਸਿੱਖਣ ਅਤੇ ਅਵਾਰਾ ਪਸ਼ੂਆਂ ਦੇ ਮਸਲੇ ਉੱਤੇ ਸੰਗਠਤ ਹੋ ਕੇ ਅਵਾਜ਼ ਉਠਾਉਣੀ ਚਾਹੀਦੀ ਹੈ। ਸਰਕਾਰਾਂ ਜਦੋਂ ਲੋਕਾਂ ਕੋਲੋਂ ਸੈੱਸ ਵਸੂਲ ਰਹੀਆਂ ਹਨ ਤਾਂ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਵਾਰਾ ਪਸ਼ੂਆਂ ਦਾ ਸਹੀ ਬੰਦੋਬਸਤ ਕੀਤਾ ਜਾਵੇ ਨਾ ਕਿ ਉਨ੍ਹਾਂ ਨੂੰ ਸੜਕਾਂ ਉੱਤੇ ਚਲਦੇ ਫਿਰਦੇ ਬੰਬ ਬਣਨ ਦਿੱਤਾ ਜਾਵੇ। ਉਨ੍ਹਾਂ ਲੋਕਾਂ ਦੀ ਵੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਜੋ ਗਾਵਾਂ ਨਕਾਰਾ ਹੋ ਜਾਣ ਉੱਤੇ ਅਵਾਰਾ ਛੱਡ ਦਿੰਦੇ ਹਨ।
ਰਾਜਵੀਰ ਸਿੰਘ ਜਵੰਦਾ ਅਤੇ ਸ. ਗੁਰਵਿੰਦਰ ਸਿੰਘ ਦੇ ਪਰਿਵਾਰ ਹੋਰ ਵੀ ਬਿਹਤਰ ਦੱਸ ਸਕਦੇ ਹਨ ਕਿ ਉਨ੍ਹਾਂ ਉੱਤੇ ਕੀ ਬੀਤੀ ਹੈ ਅਤੇ ਇਨ੍ਹਾਂ ਹਾਦਸਿਆਂ ਦਾ ਦਰਦ ਕੀ ਹੈ।

(ਲੇਖਕ ਦੇ ਸੋਸ਼ਲ ਮੀਡੀਆ ਪੇਜ ਤੋਂ)

ਸ. ਜਸਕਰਨ ਸਿੰਘ