ਵਿਧਾਇਕ ਰੰਧਾਵਾ ਵੱਲੋਂ ‘ਪੱਗਾਂ’ ਬਾਰੇ ਇਤਰਾਜ਼ਯੋਗ ਬਿਆਨ ਦੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਸਖ਼ਤ ਨਿੰਦਾ, ਕਰਨੈਲ ਸਿੰਘ ਪੀਰ ਮੁਹੰਮਦ ਨੇ ਤੁਰੰਤ ਕਾਰਵਾਈ ਦੀ ਮੰਗ ਕੀਤੀ

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੁੱਖ ਬੁਲਾਰੇ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ, ਸ੍ਰੀ ਗੁਰਦੀਪ ਸਿੰਘ ਰੰਧਾਵਾ ਵੱਲੋਂ ਨਾਮਜ਼ਦਗੀਆਂ ਦੌਰਾਨ ਦਿੱਤੇ ਗਏ ਅਤਿ-ਸ਼ਰਮਨਾਕ ਅਤੇ ਭੜਕਾਊ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਅੱਜ ਬਲਾਕ ਸੰਮਤੀ ਚੋਣਾਂ ਦੇ ਲਈ ਉਮੀਦਵਾਰਾਂ ਦੀਆ ਅਰਜ਼ੀਆਂ ਦੇਣ ਸਮੇਂ ਹੋਏ ਝਗੜੇ ਮੌਕੇ ਰੰਧਾਵਾ ਨੇ ਜਨਤਕ ਤੌਰ ‘ਤੇ ਇਹ ਇਤਰਾਜ਼ਯੋਗ ਟਿੱਪਣੀ ਕੀਤੀ ਕਿ “ਪੱਗਾਂ ਨੂੰ ਕਿਹੜੇ ਕਿੱਲ ਲੱਗੇ ਹੁੰਦੇ ਨੇ ਲੜਾਈ ਵਿੱਚ ਲਹਿ ਹੀ ਜਾਂਦੀਆਂ ਨੇ
ਸ. ਪੀਰ ਮੁਹੰਮਦ ਨੇ ਕਿਹਾ, “ਇਹ ਬਿਆਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ। ਸਿੱਖ ਧਰਮ ਵਿੱਚ ਪੱਗ ਸਿਰਫ਼ ਇੱਕ ਕੱਪੜਾ ਨਹੀਂ, ਸਗੋਂ ਸਾਡੀ ਇੱਜ਼ਤ, ਸਾਡੀ ਪਛਾਣ ਅਤੇ ਸਾਡੇ ਵਿਸ਼ਵਾਸ ਦਾ ਪ੍ਰਤੀਕ ਹੈ। ਇੱਕ ਵਿਧਾਇਕ ਵੱਲੋਂ ਚੋਣਾਂ ਵਿੱਚ ਫਾਇਦਾ ਲੈਣ ਲਈ ਇਸ ਤਰ੍ਹਾਂ ਦੀ ਧਮਕੀ ਭਰੀ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨਾ ਸੂਬੇ ਦੀ ਰਾਜਨੀਤੀ ਲਈ ਕਾਲਾ ਦਿਨ ਹੈ।” ਤੁਰੰਤ ਕਾਰਵਾਈ ਦੀ ਮੰਗ:
ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਮੀਡੀਆ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਮੁੱਖ ਚੋਣ ਅਫ਼ਸਰ ਨੂੰ ਤੁਰੰਤ ਹੇਠ ਲਿਖੀਆਂ ਮੰਗਾਂ ਕਰਨ ਲਈ ਜ਼ੋਰ ਪਾਇਆ:
* FIR ਦਰਜ ਹੋਵੇ: ਸ੍ਰੀ ਗੁਰਦੀਪ ਸਿੰਘ ਰੰਧਾਵਾ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਤਹਿਤ ਤੁਰੰਤ ਫੌਜਦਾਰੀ ਕੇਸ (FIR) ਦਰਜ ਕੀਤਾ ਜਾਵੇ।
* ਪ੍ਰਚਾਰ ‘ਤੇ ਰੋਕ: ਚੋਣ ਕਮਿਸ਼ਨ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਚੋਣ ਪ੍ਰਚਾਰ ਕਰਨ ਤੋਂ ਰੋਕੇ
* ਮਾਫ਼ੀ ਦੀ ਮੰਗ: ਆਮ ਆਦਮੀ ਪਾਰਟੀ ਨੂੰ ਜਨਤਕ ਤੌਰ ‘ਤੇ ਇਸ ਬਿਆਨ ਲਈ ਸਿੱਖ ਸੰਗਤ ਤੋਂ ਬਿਨਾਂ ਸ਼ਰਤ ਮਾਫ਼ੀ ਮੰਗਣੀ ਚਾਹੀਦੀ ਹੈ।
ਸ. ਪੀਰ ਮੁਹੰਮਦ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾ ਚੁੱਕਾ ਹੈ ਅਤੇ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ, ਉਹ ਸ਼ਾਂਤ ਨਹੀਂ ਬੈਠਣਗੇ।