
ਖਸਮ ਕੀ ਬਾਣੀ ਦੇ ਵਿੱਚ ਵਿਸਮਾਦੁ ਸ਼ਬਦ ਅਨੇਕਾਂ ਵਾਰ ਮੌਜੂਦ ਹੈ, ਆਸਾ ਕੀ ਵਾਰ ਦੇ ਵਿੱਚ ਪਹਿਲੇ ਪਾਤਸ਼ਾਹ ਦੁਆਰਾ ਉਚਾਰਨ ਪਾਵਨ ਸਲੋਕ ਦੇ ਵਿੱਚ ਵਿਸਮਾਦੁ 25 ਵਾਰ ਆਇਆ ਹੈ ਸਤਿਗੁਰੂ ਨਾਦ, ਵੇਦ, ਜੀਅ, ਭੇਦ, ਰੂਪ, ਰੰਗ, ਨੰਗੇ ਫਿਰਹਿ ਜੰਤ, ਪੌਣ ਪਾਣੀ, ਅਗਨੀ ਦੀਆਂ ਖੇਡਾਂ, ਧਰਤੀ, ਖਾਣੀ, ਸੰਯੋਗ ਵਿਜੋਗ, ਭੁਖ, ਭੋਗ, ਸਿਫਤ ਸਲਾਹ ਉਝੜ ਰਾਹ, ਨੇੜੈ ਦੂਰ, ਹਾਜਰਾ ਹਜੂਰ ਸਭ ਨੂੰ ਦੇਖ ਕੇ ਵਿਸਮਾਦੁ ਚ ਹੁੰਦੇ ਹਨ , ਪੂਰੇ ਭਾਗਾਂ ਦੇ ਸਦਕਾ ਮਨੁੱਖ ਇਸ ਅਵਸਥਾ ਨੂੰ ਬੁਝਦਾ ਹੈ:
ਵਿਸਮਾਦੁ ਨਾਦ ਵਿਸਮਾਦੁ ਵੇਦ ।।
ਵਿਸਮਾਦੁ ਜੀ ਵਿਸਮਾਦੁ ਭੇਦ ।।
ਵਿਸਮਾਦੁ ਰੂਪ ਵਿਸਮਾਦੁ ਰੰਗ ।।
ਵਿਸਮਾਦੁ ਨਾਗੇ ਫਿਰਹਿ ਜੰਤ ।।
ਵਿਸਮਾਦੁ ਪਉਣ ਵਿਸਮਾਦੁ ਪਾਣੀ।।
ਵਿਸਮਾਦੁ ਅਗਨੀ ਖੇਡੇ ਬਿਡਾਣੀ ।।
ਵਿਸਮਾਦੁ ਧਰਤੀ ਵਿਸਮਾਦੁ ਖਾਣੀ।।
ਵਿਸਮਾਦੁ ਸਾਦ ਲੱਗੇ ਪ੍ਰਾਣੀ ।।
ਵਿਸਮਾਦੁ ਸੰਜੋਗ ਵਿਸਮਾਦੁ ਵਿਜੋਗ।।
ਵਿਸਮਾਦੁ ਭੁਖ ਵਿਸਮਾਦੁ ਭੋਗ ।।
ਵਿਸਮਾਦ ਸਿਫਤ ਵਿਸਮਾਦ ਸਾਲਾਹ।।
ਵਿਸਮਾਦ ਉਜੜ ਵਿਸਮਾਦ ਰਾਹ ।।
ਵਿਸਮਾਦੁ ਨੇੜੈ ਬਿਸਮਾਦੁ ਦੂਰ ।।
ਵਿਸਮਾਦੁ ਦੇਖੇ ਹਾਜਰਾ ਹਜੂਰ ।।
ਵੇਖ ਵਿਡਾਣ ਰਹਿਆ ਵਿਸਮਾਦੁ ।।
ਨਾਨਕ ਬੁਝਣ ਪੂਰੈ ਭਾਗ ।।
( ਸ੍ਰੀ ਗੁਰੂ ਗ੍ਰੰਥ ਸਾਹਿਬ, 463)
‘ ਮਹਾਨ ਕੋਸ਼ ‘ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਵਿਸਮਾਦੁ ਸੰਸਕ੍ਰਿਤ ਦਾ ਸ਼ਬਦ ਤੇ ਅਰਥ ਹੈਰਾਨਗੀ ਦੇਣ ਵਾਲਾ, ਅਸਚਰਜ ਕਰਨ ਵਾਲਾ ਤੇ ਆਤਮਿਕ ਰਸ ਨੂੰ ਪ੍ਰਾਪਤ ਹੋ ਕੇ ਅੰਤਹ ਕਰਨ ਦਾ ਸਹਜ ਆਨੰਦ ਦੀ ਦਸ਼ਾ ਹਨ।
ਭਾਈ ਵੀਰ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਵਿੱਚ ਵਿਸਮਾਦ ਦੀ ਬੜੀ ਵਿਦਵਤਾ ਭਰਪੂਰ ਵਿਆਖਿਆ ਕਰਦੇ ਹੋਏ ਲਿਖਦੇ ਹਨ ਕਿ ਉਹ ਅਵਸਥਾ ਜਦੋਂ ਕੋਈ ਅਕਹ ਸੁੰਦਰਤਾ ਝਲਕਾਰਾ ਮਾਰੇ ਤਾਂ ਮਨ ਸੋਚ ਮੰਡਲਾਂ ਤੋਂ ਉੱਚਾ ਹੋ ਕੇ ਇੱਕ ਅਸਚਰਜ ਦੀ ਰਸ ਦਾ ਇੱਕ ਅਵਸਥਾ ਵਿੱਚ ਮਾਨੋ ਮੈਗਨ ਹੋ ਜਾਂਦਾ ਹੈ, ਸਿਫਤ ਸਲਾਹ ਦੇ ਭਾਅ ਵਿੱਚ ਮਨ ਦਾ ਉੱਚਾ ਤੇ ਰਸ ਭਰੇ ਹੋ ਜਾਣ ਦੀ ਦਸ਼ਾ।
ਪ੍ਰੋਫੈਸਰ ਸਾਹਿਬ ਸਿੰਘ ਜੀ ‘ਗੁਰਬਾਣੀ ਪਾਠ ਦਰਪਣ’ ਦੇ ਵਿੱਚ ਅਰਥ ਵਿਸਮਾਦ ਹੀ ਕਰਦੇ ਹਨ, ਸਾਰੇ ਵਿਦਵਾਨਾਂ ਦੇ ਅਰਥ ਤਾਂ ਠੀਕ ਨੇ ਪਰ ਸ਼ਬਦ ਨੂੰ ਪੂਰੀ ਤਰ੍ਹਾਂ ਦੇ ਨਾਲ ਨਹੀਂ ਖੋਲਦੇ
ਵਿਸਮਾਦੁ; ਵਿਣ ਸਮਝ ਸੁਆਦ ਦਾ ਸੰਖੇਪ ਹੈ।
ਬਾਲ ਬੁਧ ਦੇ ਵਿੱਚ ਸੁਧ ਨਾ ਹੋਣ ਕਰਕੇ ਜੀਵਨ ਬੜੇ ਵਿਸਮਾਦੁ ਦੇ ਵਿੱਚ ਹੁੰਦਾ, ਪੰਛੀਆਂ ਦਾ ਉੱਡਣਾ, ਬਦਲਾਂ ਦਾ ਬਾਰਿਸ਼ ਕਰਨਾ, ਪੱਤਿਆਂ ਦਾ ਝੜਨਾ, ਬਸੰਤ ਦਾ ਆਉਣਾ, ਹਰੇਕ ਪੱਖ ਤੋਂ ਬੱਚੇ ਦੇ ਅੰਦਰ ਅਸਚਰਜਤਾ ਪੈਦਾ ਹੁੰਦੀ ਹੈ, ਪਰ ਬੱਚਾ ਜੈਸੇ ਹੀ ਸਮੇਂ ਦੇ ਨਾਲ ਵੱਧਦਾ ਹੈ ਉਸਨੂੰ ਸਮਝ ਆਉਣ ਲੱਗ ਪੈਂਦੀ, ਵਿਸਮਾਦ ਖੋ ਜਾਂਦਾ, ਧਾਰਮਿਕ ਅਵਸਥਾ ਦੀ ਸ਼ਿਖਰਤਾ ਆਪਣੀ ਮਤ ਥੋੜੀ ਤੇ ਪਰਮਾਤਮਾ ਵੱਡਾ ਦਿਖਾਈ ਪੈਂਦਾ,
ਤੂੰ ਸਮਰਥ ਵਡਾ ਮੇਰੀ ਮਤਿ ਥੋਰੀ ਰਾਮ ।।
( ਸ੍ਰੀ ਗੁਰੂ ਗ੍ਰੰਥ ਸਾਹਿਬ, 547 )
ਪਰਮਾਤਮਾ ਦਾ ਵੱਡਾ ਦਿਖਾਈ ਪੈਣਾ, ਅਥਾਹ ਰਸ ਦੇ ਨਾਲ ਭਰ ਦਿੰਦਾ ਹੈ, ਆਪਣੀ ਥੋਰੀ ਮਤਿ ਗੁੰਗੀ ਹੋ ਜਾਂਦੀ, ਪਰਮਾਤਮਾ ਪੂਰਨ ਤੌਰ ‘ਤੇ ਸਮਝ ਦੇ ਵਿੱਚ ਤੇ ਨਹੀਂ ਆਉਂਦਾ ਪਰ ਸਵਾਦ ਉਹਨੂੰ ਬਹੁਤ ਆਉਂਦਾ:
ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ।।
ਕਹੁ ਨਾਨਕ ਸੰਤਨ ਰਸੁ ਆਈ ਹੈ ਜੋ ਚਾਖਿ ਗੂੰਗਾ ਮੁਸਕਾਰੈ ||
( ਸ੍ਰੀ ਗੁਰੂ ਗ੍ਰੰਥ ਸਾਹਿਬ,1301)
ਗਿਆਨੀ ਗੁਰਜੀਤ ਸਿੰਘ ਪਟਿਆਲਾ,
ਮੁੱਖ ਸੰਪਾਦਕ