ਵੀਰਵਾਰਿ ਵੀਰ ਭਰਮਿ ਭੁਲਾਏ॥
ਪ੍ਰੇਤ ਭੂਤ ਸਭਿ ਦੂਜੈ ਲਾਏ॥ ਆਪਿ ਉਪਾਏ ਕਰਿ ਵੇਖੈ ਵੇਕਾ॥
ਸਭਨਾ ਕਰਤੇ ਤੇਰੀ ਟੇਕਾ॥ ਜੀਅ ਜੰਤ ਤੇਰੀ ਸਰਣਾਈ॥ ਸੋ ਮਿਲੈ ਜਿਸੁ ਲੈਹਿ ਮਿਲਾਈ॥੬॥( ਅੰਗ ੮੪੧)
ਅਸੀਂ ਵਾਰ ਸਤ ਬਾਣੀ ਨੂੰ ਅਧਾਰ ਬਣਾ ਕੇ ਸਤਿਗੁਰਾਂ ਦਾ ਬਖ਼ਸ਼ਿਆ ਉਪਦੇਸ਼ ਤੇ ਲੋਕ ਵਿਸ਼ਵਾਸਾਂ ਦਾ ਮੰਥਨ ਕਰਦਿਆਂ ਇਸ ਦੀ ਸਿੱਖ ਸੱਭਿਆਚਾਰ ਦੀ ਦ੍ਰਿਸ਼ਟੀ ਤੋਂ ਵਿਚਾਰ ਕਰ ਰਹੇ ਹਾਂ। ਅਸੀਂ ਵੀਰਵਾਰ ਪ੍ਰਥਾਇ ਸਤਿਗੁਰਾਂ ਵੱਲੋਂ ਬਖ਼ਸ਼ੀ ਸਿੱਖਿਆ ਨੂੰ ਮੰਨਣਾ ਹੈ ਅਤੇ ਭਰਮ ਤਿਆਗਣੇ ਹਨ।
‘ਮਹਾਨ ਕੋਸ਼’ ਅਨੁਸਾਰ ਵੀਰਵਾਰ ਨੂੰ ਬ੍ਰਿਹਸਪਤਿਵਾਰ ਕਿਹਾ ਹੈ। ‘ਸੰਖਿਆ ਕੋਸ਼’ ਵਿਚ ਬ੍ਰਿਹਸਪਤਿ ਦੀ ਵਿਆਖਿਆ ਇਉਂ ਹੈ : “ਇਸ ਨੂੰ ਅਰਬੀ ਵਿਚ ਮੁਸ਼ਤਰੀ ਤੇ ਅੰਗਰੇਜ਼ੀ ਵਿਚ (Jupiter) ਦੇਵਤਿਆਂ ਦਾ ਗੁਰੂ ਮੰਨਿਆ ਗਿਆ ਹੈ। ਅੰਗਰੇਜ਼ੀ ਪੰਜਾਬੀ ਕੋਸ਼ ਵਿਚ ਜੂਪੀਟਰ ਨੂੰ ਬ੍ਰਿਹਸਪਤਿ ਨਛੱਤਰ, ਇੰਦਰ ਦੇਵਤਾ ਲਿਖਿਆ ਹੈ। ਨਵੀਨ ਖੋਜ ਅਨੁਸਾਰ ਜੂਪੀਟਰ ਗ੍ਰਹਿ ਸਾਰੇ ਗ੍ਰਹਿਆਂ ਤੋਂ ਵੱਡਾ ਹੈ ਅਤੇ ਸਾਡੀ ਧਰਤੀ ਵਰਗੀਆਂ ਸੈਂਕੜੇ ਧਰਤੀਆਂ ਇਸ ਵਿਚ ਸਮਾ ਸਕਦੀਆਂ ਹਨ। ਕੁਝ ਸੱਭਿਆਤਾਵਾਂ ਵਿਚ ਗਰਜ ਵਾਲੇ ਦੇਵਤੇ ਨੂੰ THOR ਕਹਿੰਦੇ ਹਨ ਅਤੇ ਇਸੇ ਨਾਉਂ ਤੋਂ God of Thunder ਅਤੇ ਫਿਰ Thor’s day ਹੋਇਆ ਅਤੇ ਅੰਗਰੇਜ਼ੀ ਵਿਚ Thursday ਪ੍ਰਚੱਲਤ ਹੋਇਆ ਮੰਨਿਆ ਜਾਂਦਾ ਹੈ। ਰਿਗਵੇਦ ਵਿਚ ਬ੍ਰਿਹਸਪਤਿ ਉਹ ਦੇਵਤਾ ਹੈ, ਜੋ ਲੋਕਾਂ ਦੀਆਂ ਆਹੂਤੀਆਂ ਦੇਵਤਿਆਂ ਨੂੰ ਪਹੁੰਚਾਉਂਦਾ ਅਤੇ ਰੱਖਿਆ ਕਰਦਾ ਹੈ। ਇਸੇ ਲਈ ਇਹ ਦੇਵਤਿਆਂ ਦਾ ਪ੍ਰੋਹਿਤ ਮੰਨਿਆ ਗਿਆ ਹੈ। ਇਕ ਥਾਂ ਇਸ ਨੂੰ ਦੇਵਤਿਆਂ ਦਾ ਪਿਤਾ ਭੀ ਵਰਣਨ ਕੀਤਾ ਗਿਆ ਹੈ। ਪੌਰਾਣਿਕ ਸਮੇਂ ਇਸ ਨੂੰ ਇਕ ਰਿਖੀ ਸਮਝਣ ਲੱਗ ਪਏ ਸਨ ਅਤੇ ਇਹ ਨਾਮ ਬ੍ਰਿਹਸਪਤ ਤਾਰੇ ਲਈ ਕਲਪਿਆ ਗਿਆ।” ਸਮ ਅਰਥ ਕੋਸ਼ ਵਿਚ ਵੀਰਵਾਰ ਦਾ ਸਮਾਨਅਰਥੀ ਸ਼ਬਦ ਗੁਰਵਾਰ ਤੇ ਬ੍ਰਿਹਸਪਤਿ ਹੈ। ਉਂਜ ਵੀਰ ਦਾ ਅਰਥ ਬਹਾਦਰ, ਯੋਧਾ, ਸੂਰਤ ਵਾਲਾ ਤੇ ਭਾਈ ਵੀ ਹੈ ਅਤੇ ਕਵਿਤਾ ਦੇ ਨੌਂ ਰਸਾਂ ਵਿੱਚੋਂ ਇਕ ਰਸ ਵੀ ਹੈ।
ਭਗਤ ਕਬੀਰ ਜੀ ਦੀ ਬਾਣੀ ਵਿਚ ਵੀਰਵਾਰ ਲਈ ਸ਼ਬਦ ਬ੍ਰਿਹਸਪਤਿ ਹੀ ਹੈ।
ਵੀਰਵਾਰ ਪ੍ਰਥਾਇ ਭਗਤ ਜੀ ਦਾ ਉਪਦੇਸ਼ ਹੈ:
ਬ੍ਰਿਹਸਪਤਿ ਬਿਖਿਆ ਦੇਇ ਬਹਾਇ॥
ਤੀਨਿ ਦੇਵ ਏਕ ਸੰਗਿ ਲਾਇ॥
ਤੀਨਿ ਨਦੀ ਤਹ ਤ੍ਰਿਕੁਟੀ ਮਾਹਿ॥
ਅਹਿਨਿਸਿ ਕਸਮਲ ਧੋਵਹਿ ਨਾਹਿ॥੫॥
(ਅੰਗ ੩੪੪)
ਭਾਵ – ਬ੍ਰਿਹਸਪਤਿ (ਵੀਰਵਾਰ) ਬਿਖਿਆ (ਮਾਇਆ) ਦੇ ਪ੍ਰਭਾਵ ਨੂੰ ਮਨੁੱਖ ਪ੍ਰਭੂ ਦੇ ਗੁਣ ਗਾ-ਗਾ ਕੇ ਰੋਹੜ ਦਿੰਦਾ ਹੈ ਤੇ ਤੀਨਿ ਦੇਵ (ਮਾਇਆ ਦੇ ਤਿੰਨੇ ਦੇਵਤੇ) ਭਾਵ ਮਾਇਆ ਦੇ ਤਿੰਨ ਗੁਣਾਂ ਨੂੰ ਇਕ ਪ੍ਰਭੂ (ਦੀ ਯਾਦ) ਵਿਚ ਲੀਨ ਕਰ ਦਿੰਦਾ ਹੈ। ਜੋ ਲੋਕ ਪ੍ਰਭੂ ਨੂੰ ਵਿਸਾਰ ਦਿੰਦੇ ਹਨ, ਉਹ ਮਾਇਆ ਦੀਆਂ ਤ੍ਰਿਗੁਣੀ ਨਦੀਆਂ ਵਿਚ ਹੀ ਗੋਤੇ ਖਾਂਦੇ ਹਨ ਤੇ ਦਿਨ ਰਾਤ (ਅਹਿਨਿਸਿ) ਮੰਦ ਕਰਮ ਕਰਦੇ, ਪਾਪਾਂ ਦੀ ਮੈਲ ਤੋਂ ਮੁਕਤ ਨਹੀਂ ਹੁੰਦੇ ਭਾਵ ਮਲੀਨ ਮੱਤ ਨੂੰ ਪ੍ਰਭੂ ਸਿਫਤੀ ਨਾਲ ਧੋਂਦੇ ਨਹੀਂ ਹਨ।
ਹੁਣ ਇਕ ਪਾਸੇ ਵੀਰਵਾਰ ਪ੍ਰਥਾਇ ਉਪਰੋਕਤ ਉਪਦੇਸ਼ ਹੈ ਅਤੇ ਦੂਜੇ ਪਾਸੇ ਸਾਡੇ ਲੋਕ ਵਿਸ਼ਵਾਸਾਂ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਚੰਗਾ ਦਿਨ ਨਹੀਂ ਸਮਝਿਆ ਜਾਂਦਾ। ਇਸ ਦਿਨ ਭੈਣਾਂ ਆਪਣੇ ਭਰਾ ਨੂੰ ਘਰੋਂ ਨਹੀਂ ਤੋਰਦੀਆਂ। ਇਹ ਵੀ ਅੰਧਵਿਸ਼ਵਾਸ ਹੈ ਕਿ ਵੀਰਵਾਰ ਦੇ ਵਿਛੜਿਆਂ ਵੀਰਾਂ ਦੇ ਫਿਰ ਛੇਤੀ ਮਿਲਾਪ ਨਹੀਂ ਹੁੰਦੇ। ਇਸ ਦਿਨ ਰਿਸ਼ਤਿਆਂ-ਨਾਤਿਆਂ ਵਿਚ ਜਾਣਾ ਵੀ ਚੰਗਾ ਨਹੀਂ ਸਮਝਿਆ ਜਾਂਦਾ। ਲੋਕ ਮੁਹਾਵਰਾ ਹੈ :
ਵੀਰਵਾਰ ਨਾ ਜਾਈਏ ਲੰਮੇ, ਭਾਵੇਂ ਘਰ ਬਹਿ ਰਹੀਏ ਨਿਕੰਮੇ।
ਵੀਰਵਾਰ ਸਬੰਧੀ ਇਹ ਵੀ ਵਿਸ਼ਵਾਸ ਹੈ ਕਿ ਇਸ ਦਿਨ ਦੱਖਣ ਦਿਸ਼ਾ ਵੱਲ ਜਾਣਾ ਸ਼ੁੱਭ ਹੈ। ਇਹ ਵੀ ਮਨਾਉਤ ਹੈ ਕਿ ਵੀਰਵਾਰ ਵਧੀਕ ਹਾਦਸੇ ਹੁੰਦੇ ਹਨ। ਇਹ ਵੀ ਭਰਮ ਹੈ ਕਿ ਵੀਰਵਾਰ ਕੱਪੜੇ ਨਹੀਂ ਧੋਣੇ ਚਾਹੀਦੇ, ਇਹ ਮੈਲ ਪਿੱਤਰਾਂ ਨੂੰ ਜਾਂਦੀ ਹੈ। ਵੀਰਵਾਰ ਇਕ ਭਰਾ ਵਾਲੀ ਭੈਣ ਸਿਰ ਨਹੀਂ ਧੋਂਦੀ, ਜੇ ਧੋਵੇ ਤਾਂ ਪਾਣੀ ਦਾ ਗਿਲਾਸ ਭਰ ਕੇ ਰੱਖਣਾ ਤੇ ਫ਼ਲਦਾਰ ਪੌਦੇ ਨੂੰ ਪਾ ਦੇਣ ਨਾਲ ਇਹਦੇ ਮੰਦੇ ਪ੍ਰਭਾਵ ਤੋਂ ਬਚਣ ਦਾ ਕਲਪਿਤ ਤਰੀਕਾ ਵੀ ਮਿਥਿਆ ਹੈ। ਵੀਰਵਾਰ ਕਿਧਰੇ ਅਫਸੋਸ ਕਰਨ ਜਾਣਾ ਵੀ ਚੰਗਾ ਨਹੀਂ ਸਮਝਿਆ ਜਾਂਦਾ। ਉਂਜ ਦੂਜੇ ਪਾਸੇ ‘ਬ੍ਰਿਹਸਪਤ ਗ੍ਰਹਿ’ ਸ਼ੁੱਭ ਮੰਨਿਆ ਜਾਂਦਾ ਹੈ।
ਕੁਝ ਇਲਾਕਿਆਂ ਵਿਚ ਵੀਰਵਾਰ ਨੂੰ ਪੀਰਾਂ ਦਾ ਵਾਰ ਵੀ ਕਹਿੰਦੇ ਹਨ। ਸ਼ਾਇਦ ਇਸੇ ਕਰਕੇ ਪੀਰਾਂ ਦੀਆਂ ਦਰਗਾਹਾਂ ਜਾਂ ਕਬਰਾਂ ਉੱਪਰ ਦੀਵੇ ਬਾਲਣ ਦੀ ਭਰਮੀ ਲੋਕਾਂ ਦੀ ਪਰੰਪਰਾ ਹੈ। ਕਈ ਇਸ ਦਿਨ ਦਾ ਵਰਤ ਬ੍ਰਿਹਸਪਤੀ ਗ੍ਰਹਿ ਦੇ ਕ੍ਰੋਧ ਤੋਂ ਬਚਣ ਲਈ ਰੱਖਦੇ ਹਨ। ਇਹ ਵੀ ਭਰਮ ਹੈ ਕਿ ਵੀਰਵਾਰ ਦਾ ਵਰਤ ਰੱਖਿਆਂ ਬੁੱਧੀ ਤੇਜ਼ ਹੁੰਦੀ ਹੈ ਅਤੇ ਇਸ ਦਿਨ ਪੀਲੇ ਰੰਗ ਦੀਆਂ ਵਸਤੂਆਂ ਖਾਣੀਆਂ ਤੇ ਦਾਨ ਕਰਨੀਆਂ ਚੰਗੀਆਂ ਮੰਨੀਆਂ ਜਾਂਦੀਆਂ ਹਨ। ਮਿੱਥ ਅਨੁਸਾਰ ਬ੍ਰਿਹਸਪਤ ਦੇ ਰੱਥ ਦਾ ਨਾਮ ‘ਨੀਤਿ ਘੋਸ਼’ ਹੈ, ਜਿਸ ਨੂੰ ਅੱਠ ਪੀਲੇ ਰੰਗ ਦੇ ਘੋੜੇ ਖਿੱਚਦੇ ਹਨ। ਹੋ ਸਕਦਾ ਹੈ ਪੀਲੇ ਰੰਗ ਦੀਆਂ ਵਸਤਾਂ ਖਾਣ ਤੇ ਦਾਨ ਕਰਨ ਦਾ ਭਰਮ ਇੱਥੋਂ ਪੈਦਾ ਹੋਇਆ ਹੋਵੇ। ਕੁਝ ਅੰਧਵਿਸ਼ਵਾਸੀ ਲੋਕ ਮਨੋਕਾਮਨਾਵਾਂ ਦੀ ਪੂਰਤੀ ਲਈ ਸੱਤ ਵੀਰਵਾਰ ਵਰਤ ਰੱਖਦੇ ਹਨ। ਬਿਪਰਵਾਦੀ ਸੋਚ ਅਨੁਸਾਰ ਇਸ ਦਿਨ ਖੰਡ, ਹਲਦੀ, ਘੋੜਾ, ਪੀਲਾ ਅਨਾਜ, ਲੂਣ, ਦਾਲ ਛੋਲੇ, ਪੁਖਰਾਜ ਆਦਿ ਦਾਨ ਕਰਨ ਦਾ ਵੀ ਵਿਧੀ-ਵਿਧਾਨ ਹੈ। ਇਸ ਤਰ੍ਹਾਂ ਦੀਆਂ ਵੱਖ-ਵੱਖ ਇਲਾਕਿਆਂ ਵਿਚ ਹੋਰ ਵੀ ਭਰਮ-ਵਿਚਾਰਾਂ ਹੋ ਸਕਦੀਆਂ ਹਨ ਪਰ ਸਿੱਖ ਸਮਾਜ ਨੂੰ ਤਾਂ ਸਤਿਗੁਰਾਂ ਤੋਂ ਬਲਿਹਾਰੇ ਜਾਣਾ ਚਾਹੀਦਾ ਹੈ, ਜਿਨ੍ਹਾਂ ਇਲਾਹੀ ਬਾਣੀ ਰਾਹੀਂ ਉਪਦੇਸ਼ ਬਖ਼ਸ਼ ਕੇ ਸਾਨੂੰ ਦਿਨਾਂ-ਵਾਰਾਂ ਦੇ ਭਰਮਾਂ ਤੋਂ ਮੁਕਤ ਕੀਤਾ ਹੈ। ਜੇਕਰ ਕੋਈ ਗੁਰੂ ਨਾਨਕ ਨਾਮ ਲੇਵਾ ਅਜੇ ਵੀ ਇਸੇ ਥਿਤ, ਵਾਰ ਤੇ ਭਰਮ ਵਿਚ ਹੈ ਤਾਂ ਉਸ ਨੂੰ ਚਿੰਤਨ ਕਰਨਾ ਚਾਹੀਦਾ ਹੈ।
ਇੱਥੇ ਸਾਡੀ ਜੋ ਲੜੀਵਾਰ ਵਿਚਾਰ ਹੈ ਅਤੇ ਜੋ ਤੀਸਰੇ ਪਾਤਸ਼ਾਹ ਜੀ ਨੇ ਵੀਰਵਾਰ ਰਾਹੀਂ ਉਪਦੇਸ਼ ਬਖ਼ਸ਼ਿਆ ਹੈ, ਉਹ ਗੁਰਬਾਣੀ ਦੀਆਂ ਪਾਵਨ ਸਤਰਾਂ ਇਸ ਨਿਬੰਧ ਦੇ ਅਰੰਭ ਵਿਚ ਦਿੱਤੀਆਂ ਗਈਆਂ ਹਨ:
“ਵੀਰਵਾਰਿ ਵੀਰ ਭਰਮਿ ਭੁਲਾਏ॥…।’
ਹੇ ਭਾਈ ! ਵੀਰਵਾਰ ਰਾਹੀਂ ਵੀਰ (ਹਨੂੰਮਾਨ ਆਦਿਕ) ਬਵੰਜਾ ਬੀਰਾਂ ਨੂੰ ਪ੍ਰਭੂ ਨੇ ਭਟਕਣਾ ਵਿਚ ਪਾ ਕੇ ਮਾਇਆ ਦੇ ਮੋਹ ‘ਚ ਭੁਲਾਈ ਰੱਖਿਆ ਅਤੇ ਸਾਰੇ ਭੂਤ-ਪ੍ਰੇਤ ਵੀ ਮਾਇਆ ਦੇ ਮੋਹ ਵਿਚ ਲਾਏ ਹੋਏ ਹਨ। ਗੁਰਬਾਣੀ ਵਿਚ ‘ਭੂਤ’ ਦੀ ਸੰਗਿਆ ਇਹ ਵੀ ਹੈ:
ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ॥
ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ॥
(ਅੰਗ ੧੩੭੪)
ਇਸੇ ਤਰ੍ਹਾਂ ਗੁਰਬਾਣੀ ਵਿਚ ਪ੍ਰੇਤ ਦੀ ਸੰਗਿਆ ਇਹ ਹੈ:
ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ॥੧॥
(ਅੰਗ ੭੦੬)
ਅਗਲੀਆਂ ਪੰਕਤੀਆਂ ਦੇ ਭਾਵ-ਅਰਥ ਹਨ ਕਿ ਇਹ ਪ੍ਰਭੂ ਨੇ ਆਪ ਹੀ ਪੈਦਾ ਕੀਤੇ ਤੇ ਕਰਤੇ ਤੇਰੀ ਹੀ ਟੇਕ ਹੈ। ਹੇ ਪ੍ਰਭੂ ! ਸਭ ਜੀਵ-ਜੰਤ ਤੇਰੀ ਸ਼ਰਨ ਹਨ, ਉਹੀ ਮਨੁੱਖ ਤੈਨੂੰ ਮਿਲਦਾ ਹੈ ਜਿਸ ਨੂੰ ਤੂੰ ਆਪ ਹੀ ਕਿਰਪਾ ਕਰ ਕੇ ਆਪਣੇ ਨਾਲ ਮਿਲਾਂਦਾ ਹੈ। ਇਸ ਲਈ ਅਸੀਂ ਵੀਰਵਾਰ ਦੇ ਕਿਸੇ ਭਰਮ ਵਿਚ ਨਹੀਂ ਪੈਣਾ, ਸਗੋਂ ਗੁਰਬਾਣੀ ਉੱਪਰ ਭਰੋਸਾ ਰੱਖਣਾ ਹੈ।
ਡਾ. ਇੰਦਰਜੀਤ ਸਿੰਘ ਗੋਗੋਆਣੀ
