ਵੀਹਵੀਂ ਸਦੀ ਦੇ ਪ੍ਰਮੁੱਖ ਸਿੱਖ ਚਿੰਤਕਾਂ ਵਿਚ ਭਾਈ ਵੀਰ ਸਿੰਘ ਦਾ ਸਥਾਨ ਬੇਜੋੜ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਸਮੇਂ ਦੀਆਂ ਸਿੱਖੀ ਦੀਆਂ ਸਰਬਪੱਖੀ ਸਮੱਸਿਆਵਾਂ ਨੂੰ ਸਮਝਦਿਆਂ ਸਿੱਖ ਕੌਮ ਨੂੰ ਆਪਣੇ ਵਿਚਾਰ-ਚਿੰਤਨ ਦੁਆਰਾ ਇਕ ਨਵਾਂ ਹਲੂਣਾ ਦਿੰਦਿਆਂ ਸੁਚੱਜਾ ਪ੍ਰਮਾਣਿਕ ਮਾਰਗ-ਦਰਸ਼ਨ ਪ੍ਰਦਾਨ ਕੀਤਾ ਹੈ। ਭਾਰਤ ਦੇ ਤਤਕਾਲੀਨ ਸਮਾਜ ਵਿਚ ਸਿੱਖੀ ਦਾ ਸੰਕਟ ਅੰਗਰੇਜ਼ੀ ਸਾਮਰਾਜ ਦੇ ਵਿਆਪਕ ਸੰਦਰਭ ਵਿਚ ਆਪਣੀ ਧਾਰਮਿਕ, ਸਮਾਜਿਕ, ਸੱਭਿਆਚਾਰਕ ਤੇ ਆਰਥਿਕ ਹੋਂਦ ਨੂੰ ਬਰਕਰਾਰ ਰੱਖਣ ਦਾ ਸੀ। ਉਨ੍ਹਾਂ ਆਪਣੇ ਸਮੇਂ ਦੀ ਇਸ ਚੁਣੌਤੀ ਨੂੰ ਸਵੀਕਾਰਦਿਆਂ ਆਪਣੇ ਵਿਚਾਰਾਂ ਦੁਆਰਾ ਸਿੱਖੀ ਦੇ ਸਿਧਾਂਤਕ ਮਿਲਗੋਭੇ, ਸਿੱਖ ਨੈਤਿਕਤਾ ਦੀ ਭਟਕਣਾ ਤੇ ਦਿਸ਼ਾਹੀਣਤਾ ਨੂੰ ਸੇਧ ਦੇਣ ਦਾ ਬੀੜਾ ਚੁੱਕ ਲਿਆ। ਉਨ੍ਹਾਂ ਦਾ ਯਤਨ ਸੀ ਕਿ ਸਿੱਖਾਂ ਦੇ ਮਨਾਂ ਵਿਚ ਸਿੱਖੀ ਦੀ ਮਹਾਨਤਾ ਅਤੇ ਆਪਣੇ ਸਮੇਂ ਦੀ ਸਥਿਤੀ ਪ੍ਰਤੀ ਜਾਗ੍ਰਿਤੀ ਉਤਪੰਨ ਹੋਏ। ਉਨ੍ਹਾਂ ਅੰਗਰੇਜ਼ੀ ਰਾਜ ਦੀ ਪੱਛਮੀ ਉੱਨਤੀ ਅਤੇ ਜੀਵਨ-ਜਾਚ ਦੇ ਸਨਮੁਖ ਉਤਸ਼ਾਹੀਣ ਦੀ ਥਾਂ ਅਧਿਆਤਮਿਕ ਪੱਧਰ ’ਤੇ ਬਰਾਬਰੀ ਹੀ ਨਹੀਂ ਬਲਕਿ ਇਸ ਤੋਂ ਉੱਤਮਤਾ ਸਥਾਪਿਤ ਕਰਨ ਦਾ ਸਾਹਸ ਕੀਤਾ ਅਤੇ ਆਪਣੇ ਸੱਭਿਆਚਾਰ ਪ੍ਰਤੀ ਲੋਕਾਂ ਵਿਚ ਉਲਾਸ-ਮਈ ਉਤਸ਼ਾਹ ਜਗਾਉਣ ਦਾ ਯਤਨ ਕੀਤਾ ਹੈ।
ਭਾਈ ਸਾਹਿਬ ਦੇ ਜਨਮ ਦਾ ਸਮਾਂ ਸਿੰਘ ਸਭਾ ਲਹਿਰ ਦਾ ਸਮਕਾਲ ਸੀ।
ਸਿੰਘ ਸਭਾ ਲਹਿਰ ਦੇ ਨਿਸ਼ਾਨੇ:-
ੳ. ਸਿੱਖ ਧਰਮ ਨੂੰ ਆਪਣੇ ਅਸਲੀ ਰੂਪ ਵਿਚ ਮੁੜ ਪ੍ਰਗਟ ਕਰਨਾ।
ਅ. ਸਿੱਖ ਧਾਰਮਿਕ ਤੇ ਇਤਿਹਾਸਿਕ ਪੁਸਤਕਾਂ ਦਾ ਸੰਪਾਦਨ ਕਰ ਕੇ ਪ੍ਰਕਾਸ਼ਿਤ ਕਰਨੀਆਂ।
ੲ. ਪੰਜਾਬੀ ਬੋਲੀ ਦਾ ਪ੍ਰਚਾਰ ਅਤੇ ਵਰਤਮਾਨ ਵਿੱਦਿਆ ਦਾ ਪ੍ਰਸਾਰ ਕਰਨਾ ਤੇ ਟ੍ਰੈਕਟ, ਅਖ਼ਬਾਰ ਤੇ ਰਸਾਲੇ ਜਾਰੀ ਕਰਨੇ।
ਸ. ਕੁਰਾਹੇ ਜਾਂਦਿਆਂ ਨੂੰ ਮੁੜ ਸਿੱਖ ਧਰਮ ਵਿਚ ਸ਼ਾਮਲ ਕਰਨਾ।
ਹ. ਸਿੱਖਾਂ ਦੇ ਵਿੱਦਿਅਕ ਪ੍ਰੋਗਰਾਮ ਵਿਚ ਅੰਗਰੇਜ਼ਾਂ ਦੀ ਦਿਲਚਸਪੀ ਅਤੇ ਸਹਕਾਰਤਾ ਪ੍ਰਾਪਤ ਕਰਨਾ ਸੀ।
ਦਰਅਸਲ ਸਿੰਘ ਸਭਾ ਲਹਿਰ ਦਾ ਜਨਮ ਸਿੱਖ ਸਿਧਾਂਤਾਂ, ਸਿੱਖ ਧਰਮ ਅਸਥਾਨਾਂ ਅਤੇ ਜਨਤਾ ਵਿਚ ਘੁਸੜੇ ਬ੍ਰਾਹਮਣਵਾਦੀ ਪ੍ਰਭਾਵ, ਈਸਾਈ ਮਿਸ਼ਨਰੀਆਂ ਅਤੇ ਆਰੀਆ ਸਮਾਜੀਆਂ ਦੇ ਸਿੱਖੀ ਉੱਤੇ ਕੀਤੇ ਜਾ ਰਹੇ ਹਮਲਿਆਂ ਦੇ ਪ੍ਰਤੀਕਰਮ ਵਜੋਂ ਹੋਇਆ ਸੀ। ਇਸ ਦੇ ਨਾਲ ਹੀ ਉਸ ਵੇਲੇ ਸਿੰਘਾਂ ਵਿਚ ਆਪਸ ਦੀ ਫੁੱਟ ਕਾਰਨ ਧੜੇਬਾਜ਼ੀ ਬਣੀ ਹੋਈ ਸੀ। ਦੂਸਰੇ ਮਤ ਵਾਲਿਆਂ ਤੇ ਸਿੱਖਾਂ ਵਿਚ ‘ਸਿੱਖ ਹਿੰਦੂ ਹੈ’ ਤੇ ‘ਸਿੱਖ ਹਿੰਦੂ ਨਹੀਂ’ ਦਾ ਵਿਵਾਦ ਗਰਮ ਸੀ। ਇਸ ਪਰਸਪਰ ਖਿੱਚੋਤਾਣ ਨਾਲ ਮਾਨਸਿਕ ਵਾਤਾਵਰਨ ਵਿਗੜਿਆ ਹੋਇਆ ਸੀ ਤੇ ਜਾਤੀ ਉੱਤੇ ਹਮਲਿਆਂ ਦੀ ਕੁੜੱਤਣ ਨਾਲ ਦਿਮਾਗੀ ਵਾਯੂਮੰਡਲ ਵਿਸ਼ੈਲਾ ਬਣਿਆ ਹੋਇਆ ਸੀ।
ਭਾਈ ਸਾਹਿਬ ਦੇ ਪਿਤਾ ਡਾ. ਚਰਨ ਸਿੰਘ ਹੋਰੀਂ ਸਿੰਘ ਸਭਾ ਲਹਿਰ ਦੇ ਪ੍ਰੋੜ੍ਹਤਾਕਾਰ ਸਨ। ਉਨ੍ਹਾਂ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਉੱਘੇ ਵਿਦਵਾਨ ਸਨ। ਉਨ੍ਹਾਂ ਦੇ ਘਰ ਦਾ ਮਾਹੌਲ ਸਿੱਖੀ ਪਿਆਰ ਅਤੇ ਗੁਰਬਾਣੀ ਦੇ ਅਧਿਐਨ ਨਾਲ ਓਤ-ਪੋਤ ਸੀ। ਉਨ੍ਹਾਂ ਦੇ ਹਿਰਦੇ ਵਿਚ ਸਿੱਖੀ ਪਿਆਰ ਦੀ ਤਾਂਘ ਬੜੀ ਡੂੰਘੀ ਤਰ੍ਹਾਂ ਸਰਸ਼ਾਰ ਹੋ ਗਈ। ਭਾਈ ਸਾਹਿਬ ਦੀ ਸਿੱਖੀ ਪਿਆਰ ਦੀ ਚਿਣਗ ਨੂੰ ਹਲੂਣਾ ਮਿਲਣ ਬਾਰੇ ਉਹ ਲਿਖਦੇ ਹਨ: “ਸਾਡੀ ਦਸਵੀਂ ਜਮਾਤ ਵਿਚ ਪ੍ਰਸਤਾਵਾਂ (ਓਸਸੳੇਸ) ਦੀ ਇਕ ਕਿਤਾਬ, ਜਿਸ ਵਿਚ ਆਖਰੀ ਫਿਕਰਾ ਸੀ: ਠਹੲ ਸ਼ਕਿਹਸ ੳਰੲ ਡੳਸਟ ਦਸਿੳਪਪੲੳਰਨਿਗ ਭਾਵ ਕਿ ਸਿੱਖ ਬੜੀ ਤੇਜ਼ੀ ਨਾਲ ਮਿਟ ਰਹੇ ਹਨ। ਇਹ ਪੜ੍ਹ ਕੇ ਮੇਰੇ ਜੀਅ ਵਿਚ ਆਈ, “ਨਹੀਂ! ਸਿੱਖ ਕਦੇ ਨਹੀਂ ਮਿਟ ਸਕਦੇ। ਗੁਰੂ ਕਰੇ, ਤਾਂ ਮੈਂ ਆਪਣਾ ਜੀਵਨ ਸਿੱਖੀ ਦੀ ਸੇਵਾ ਵਿਚ ਸਫਲਤਾਵਾਂ।”
ਅਜਿਹੀਆਂ ਘਾਤਕ, ਦੁਖਦਾਈ ਤੇ ਧਰਮ-ਡੋਲਾਊ ਸਥਿਤੀਆਂ ਨੇ ਮਨ-ਅੰਦਰ ਵੀਰ ਸਿੰਘ ਨੂੰ ਇਸ ਗੱਲ ਦਾ ਯਕੀਨ ਦੁਆ ਦਿੱਤਾ ਕਿ ਸਿੱਖੀ ਨੂੰ ਚਾਰੇ ਪਾਸਿਓਂ ਢਾਹ ਲੱਗ ਰਹੀ ਹੈ; ਸਿੱਖੀ ਬਚ ਤਾਂ ਹੀ ਸਕਦੀ ਹੈ ਜੇ ਇਸ ਦੇ ਬਚਾਉ ਲਈ ਈਸਾਈ ਪਾਦਰੀਆਂ ਵਾਲੀ ਲਗਨ, ਹਿੰਮਤ ਤੇ ਮਿਹਨਤ ਨਾਲ ਛੇਤੀ ਤੋਂ ਛੇਤੀ ਨਿੱਗਰ ਤੇ ਉਸਾਰੂ ਕੰਮ ਛੋਹਿਆ ਜਾਵੇ। ਇਹ ਕੁਝ ਕਰਨ ਲਈ ਸਿੰਘ ਸਭਾ ਲਹਿਰ ਨੂੰ ਵਿਕਸਾਉਂਦਿਆਂ ਇਸ ਦੇ ਆਸ਼ੇ ਨੂੰ ਪ੍ਰਚਾਰਨ ਲਈ ਤੇ ਇਸ ਦੇ ਪ੍ਰਭਾਵ ਨੂੰ ਪ੍ਰਸਾਰਨ ਲਈ ਇਸ ਦੇ ਪ੍ਰਚਾਰਕਾਂ ਦੇ ਹੱਥ ਲੋੜੀਂਦਾ ਤੇ ਲਾਭਦਾਇਕ ਸਿੱਖ ਸਾਹਿਤ ਤਿਆਰ ਕਰ ਕੇ ਮੁਹੱਈਆ ਕਰਵਾਇਆ ਜਾਵੇ। ਅਜਿਹਾ ਸਾਹਿਤ ਤਾਂਹੀ ਪ੍ਰਾਪਤ ਹੋ ਸਕਦਾ ਹੈ, ਜੇ ਉਸ ਨੂੰ ਉਪਜਾਉਣ ਲਈ ਟੈ੍ਰਕਟ, ਅਖ਼ਬਾਰ ਅਤੇ ਹੋਰ ਸਾਹਿਤ ਛਾਪਿਆ ਜਾਏ ਤਾਂ ਜੋ ਇਨ੍ਹਾਂ ਰਾਹੀਂ ਗੁਰਮਤਿ ਨੂੰ ਪ੍ਰਚਾਰਨ ਤੇ ਮਨਮਤ ਨੂੰ ਸੁਧਾਰਨ ਦਾ ਸਿਲਸਿਲਾ ਚੱਲ ਪਵੇ। ਇਹ ਕੰਮ ਸੁਲਝੀ ਹੋਈ ਸੰਸਥਾ ਬਿਨਾ ਨਿੱਭਣਾ ਤੇ ਨਿਭਾਉਣਾ ਅਸੰਭਵ ਹੈ।
ਭਾਈ ਸਾਹਿਬ ਉੱਪਰ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਡੂੰਘਾ ਅਸਰ ਤਾਂ ਸੀ ਹੀ, ਉਨ੍ਹਾਂ ਦਾ ਨਿਸ਼ਚਾ ਬਣ ਗਿਆ ਸੀ ਕਿ ਇਸ ਦੈਵੀ ਬਾਣੀ ਦੇ ਪ੍ਰਭਾਵ ਵਿਚ ਇਹ ਗੁਣ ਹੈ ਕਿ ਇਹ ਜੀਵਨ ਪਲਟ ਦਿੰਦੀ ਹੈ। ਚੰਗੇ ਜੀਵਨ ਦੀ ਅਣਹੋਂਦ ਵਿਚ ਹੀ ਸਾਰੀਆਂ ਵਿਖਮਤਾਵਾਂ ਉਤਪੰਨ ਹੁੰਦੀਆਂ ਹਨ। ਉਨ੍ਹਾਂ ਦੀ ਦ੍ਰਿੜ੍ਹ ਧਾਰਨਾ ਬਣ ਗਈ ਕਿ ਸਿੱਖ ਕੌਮ ਦੀ ਦੁਰਦਸ਼ਾ ਦਾ ਕਾਰਨ ਸਮਾਜ ਦੀ ਧਾਰਮਿਕ ਗਿਰਾਵਟ ਹੈ। ਇਹ ਖਿਆਲ ਬਣਾ ਕੇ ਉਨ੍ਹਾਂ ਨੇ ਆਪਣਾ ਪ੍ਰਯੋਜਨ ਗੁਰਬਾਣੀ ਦੇ ਨਾਦ ਦੀ ਗੁੰਜਾਰ ਦੇ ਵਿਸਮਾਦ ਨੂੰ ਪ੍ਰਸਾਰਨਾ, ਗੁਰੂ ਨਾਨਕ ਜੋਤਿ ਨੂੰ ਗੁਰ-ਵਿਅਕਤੀਆਂ ਦੇ ਜੀਵਨ ਵਿੱਚੋਂ ਪ੍ਰਜਵਲਿਤ ਕਰਨਾ, ਸਿੱਖੀ ਦੇ ਸਾਹਿਤਕ ਵਿਰਸੇ ਦੀ ਘਾਲਣਾ ਨੂੰ ਮਾਂਜ-ਸੰਵਾਰ ਤੇ ਲਿਸ਼ਕਾਅ ਕੇ ਪ੍ਰਕਾਸ਼ਮਾਨ ਕਰਨਾ ਅਤੇ ਜਿੱਥੇ ਕਿੱਥੇ ਕੋਈ ਰਲਾ ਪੈ ਗਿਆ ਹੈ ਉਸ ਨੂੰ ਗੁਰਮਤਿ ਦੀ ਕੁਠਾਲੀ ਵਿਚ ਪਾ ਕੇ ਨਿਖੇੜਨਾ ਹੀ ਰਿਹਾ ਹੈ।
ਭਾਈ ਵੀਰ ਸਿੰਘ ਨੇ ਗੁਰਮਤਿ ਦਰਸ਼ਨ ਤੇ ਸਿੱਖੀ ਵਿਚਾਰਧਾਰਾ ਦੀ ਨਵ-ਵਿਆਖਿਆ ਹੀ ਕੀਤੀ ਹੈ। ਗੁਰਬਾਣੀ, ਗੁਰ-ਇਤਿਹਾਸ ਤੇ ਗੁਰਸਿੱਖੀ ਦੀ ਹੋਂਦ ਉਨ੍ਹਾਂ ਦੀ ਵਿਆਖਿਆ ਦੀ ਚੂਲ ਹੈ। ਉਨ੍ਹਾਂ ਦੀ ਵਿਸ਼ੇਸ਼ਤਾ ਰਹੀ ਹੈ ਕਿ ਉਨ੍ਹਾਂ ਗੁਰਬਾਣੀ ਦੇ ਆਧਾਰ ’ਤੇ ਜੋ ਆਪਣਾ ਵਿਚਾਰ-ਪ੍ਰਬੰਧ ਉਸਾਰਿਆ ਹੈ ਉਸ ਵਿਚ ਸਿੱਖ ਫ਼ਲਸਫ਼ਾ, ਸਿੱਖ ਨੈਤਿਕਤਾ, ਸਿੱਖ ਸਮਾਜਿਕਤਾ, ਸਿੱਖ ਰਾਜ-ਵਿਧਾਨ ਤੇ ਸਿੱਖ ਇਤਿਹਾਸ ਇਕ ਤਰਕਸ਼ੀਲ ਪੈਟਰਨ ਵਿਚ ਉਜਾਗਰ ਹੁੰਦੇ ਹਨ। ਉਨ੍ਹਾਂ ਦੇ ਸਾਹਮਣੇ ਮੁੱਖ ਮਸਲਾ ਸਿੱਖੀਅਤ ਦੇ ਭਵਿੱਖ ਦਾ ਸਵਾਲ ਸੀ। ਇਹ ਮਸਲਾ ਸਿਰਫ ਅਧਿਆਤਮਿਕ ਨਹੀਂ, ਨਾ ਫਿਰਕੂ ਹੈ, ਇਹ ਤਾਂ ਸਿੱਖੀ ਦੇ ਮੂਲ ਸਿਧਾਂਤਾਂ ਨੂੰ ਸਮਝਣ ਤੇ ਸਮਝਾਉਣ ਦਾ ਹੈ। ਉਹ ਚੇਤੰਨ ਸਨ ਕਿ ਸਿੱਖ ਘੱਟ-ਗਿਣਤੀ ਇਕ ਪਾਸੇ ਮੁਸਲਿਮ ਤੇ ਦੂਜੇ ਪਾਸੇ ਹਿੰਦੂ ਬਹੁ-ਗਿਣਤੀ ਅਤੇ ਅੰਗਰੇਜ਼ਾਂ ਦੀ ਈਸਾਈਅਤ ਫੈਲਾਅ ਦੀ ਲਾਲਸਾ ਵਿਚਕਾਰ ਘਿਰੀ ਚੱਲੀ ਆ ਰਹੀ ਹੈ। ਇਸ ਦੇ ਨਾਲ ਹੀ ਉਸ ਸਮੇਂ ਸਿੱਖੀ ਦਾ ਇਕ ਇਹੀ ਵਿਚਾਰਧਾਰਕ ਰੂਪ ਉਸਰਿਆ ਹੋਇਆ ਸੀ, ਜਿਸ ਵਿਚ ਸਿੱਖ ਮਤ ਨੂੰ ਸਨਾਤਨੀ ਹਿੰਦੂ ਪਰੰਪਰਾ ਨਾਲ ਜੋੜਨ ਦੀ ਚੇਸ਼ਟਾ ਸ਼ੁਰੂ ਸੀ। ਹੋਰ ਇਹ ਵਿਚਾਰ ਵੀ ਉਭਾਰਿਆ ਜਾ ਰਿਹਾ ਸੀ ਕਿ ਸਿੱਖ ਧਰਮ ਹਿੰਦੂ ਧਰਮ ਦਾ ਹੀ ਇਕ ਸੋਧਿਆ ਰੂਪ ਹੈ, ਜਿਸ ਨਾਲ ਭਾਰਤੀ ਪਰੰਪਰਾ ਨੇ ਮੱਧਕਾਲ ਵਿਚ ਇਸਲਾਮ ਦੇ ਟਾਕਰੇ ਦਾ ਸਫ਼ਲ ਮੁਕਾਬਲਾ ਕੀਤਾ। ਇਸ ਪੱਖ ਤੋਂ ਸਿੱਖ ਮਤ ਨੂੰ ਕੇਵਲ ਹਿੰਦੂ ਧਰਮ ਦੀ ਰੱਖਿਆ ਲਈ ਪੈਦਾ ਹੋਇਆ ਹੀ ਮੰਨਿਆ ਜਾ ਰਿਹਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਚੰਡੀ ਪੂਜ ਸਿੱਧ ਕਰਨ ਦੇ ਯਤਨ ਹੋ ਰਹੇ ਸਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਵੀ ਸਿਰਫ ਤਿਲਕ-ਜੰਞੂ ਦੀ ਰਾਖੀ ਨਾਲ ਹੀ ਜੋੜਿਆ ਜਾ ਰਿਹਾ ਸੀ। ਇਸ ਦੇ ਨਾਲ ਹੀ ਇਕ ਹੋਰ ਵਿਚਾਰਦਾਇਕ ਰੂਪ ਸਿੱਖ ਮਤ ਦੀ ਲਹਿਰ ਨੂੰ ਇਸਲਾਮ ਅਤੇ ਹਿੰਦੂ ਧਰਮ ਵਿਚਾਰਕ ਇਕ ਪੁਲ਼ ਦਰਸਾਅ ਰਿਹਾ ਸੀ।
ਅਜਿਹੇ ਹਾਲਾਤ ਵਿਚ ਭਾਈ ਸਾਹਿਬ ਨੇ ਵਰਤਮਾਨ ਦੇ ਤਕਾਜਿਆਂ ਤੇ ਭਵਿੱਖ ਦੇ ਸਮਾਜੀ ਨਿਜ਼ਾਮ ਦੀ ਰੂਪ-ਰੇਖਾ ਨੂੰ ਧਿਆਨ ਵਿਚ ਰੱਖ ਕੇ ਗੁਰਬਾਣੀ ਨੂੰ ਇਕ ਨਵੀਂ ਵਿਚਾਰਧਾਰਕ ਦ੍ਰਿਸ਼ਟੀ ਤੋਂ ਵਿਕਸਿਤ ਕਰਨ ਦਾ ਉਪਰਾਲਾ ਸ਼ੁਰੂ ਕਰ ਦਿੱਤਾ, ਜਿਸ ਦਾ ਮਨੋਰਥ ਸਿੱਖ ਸਿਧਾਂਤਾਂ ਦੀ ਵਿਲੱਖਣ ਰੋਸ਼ਨੀ ਦੇ ਆਧਾਰ ’ਤੇ ਮਨੁੱਖ-ਮਾਤ੍ਰ ਨੂੰ ਜ਼ਿੰਦਗੀ ਲਈ ਇਕ ਜੀਵਨ ਸੇਧ ਦੇਣੀ ਤੇ ਸਿੱਖੀ ਦੀ ਨਿਵੇਕਲੀ ਮਹਾਨਤਾ ਨੂੰ ਪ੍ਰਗਟ ਕਰਨਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਸਮੇਂ ਦੀ ਲੋੜ ਨੂੰ ਪਛਾਣਦਿਆਂ ਉਪਜਾਊ ਕੰਮ ਕਰਨ ਦਾ ਦ੍ਰਿੜ੍ਹ ਸੰਕਲਪ ਧਾਰ ਲਿਆ। ਉਨ੍ਹਾਂ ਨੇ ਆਪਣੇ ਸਾਹਮਣੇ ਜੋ ਸਥੂਲ ਕਾਰਜਾਂ ਦੀ ਕਾਰਜ-ਸੂਚੀ ਤਿਆਰ ਕੀਤੀ ਹੋਈ ਸੀ, ਉਸ ਉੱਤੇ ਨਿਡਰ ਹੋ ਕੇ ਤੁਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਪਹਿਲੀ ਧਾਰਨਾ ਸੀ ਕਿ ਸਭ ਤੋਂ ਵੱਡੀ ਲੋੜ ਸਮਾਜੀ ਸੰਗਠਨ ਦੀ ਹੈ। ਸਮਾਜੀ ਸੰਗਠਨ ਦੁਆਲੇ ਹੀ ਕਿਸੇ ਜਾਤੀ ਦੀਆਂ ਧਾਰਮਿਕ, ਸਾਹਿਤਕ, ਸੰਸਕ੍ਰਿਤਕ, ਰਾਜਸੀ ਤੇ ਮਾਇਕ ਲੋੜਾਂ ਘੁੰਮਦੀਆਂ ਹਨ। ਇਕ ਵਿਅਕਤੀ ਵਾਂਗ ਜਾਤੀਆਂ ਵੀ ਸ੍ਵੈਮਾਣ ਤੇ ਸ੍ਵੈ-ਵਿਸ਼ਵਾਸ ’ਤੇ ਪਲਦੀਆਂ ਤੇ ਜਵਾਨ ਹੁੰਦੀਆਂ ਹਨ। ਜਿਹੜੀ ਜਾਤੀ ਇਨ੍ਹਾਂ ਗੁਣਾਂ ਤੋਂ ਸੱਖਣੀ ਹੈ, ਉਸ ਜਾਤੀ ਦਾ ਭਵਿੱਖ ਧੁੰਦਲਾ ਹੋ ਜਾਂਦਾ ਹੈ। ਉਨ੍ਹਾਂ ਮਹਿਸੂਸ ਕਰ ਲਿਆ ਸੀ ਕਿ ਜੇ ਸਾਡਾ ਸਿੱਖ ਸਮਾਜ ਕਈ ਇਕ ਲਹਿਰਾਂ ਦੇ ਵਗਦੇ ਹੜ੍ਹ ਅੱਗੇ ਰੁੜ੍ਹ ਜਾਏ ਤਾਂ ਕਿਸੇ ਪ੍ਰਕਾਰ ਦੀ ਮਾਇਕ ਜਾਂ ਸਾਹਿਤਕ ਜਾਂ ਰਾਜਸੀ ਸੰਗਠਨ ਦੀ ਤਾਕਤ ਸਾਨੂੰ ਜੀਉਂਦਿਆਂ ਨਹੀਂ ਰੱਖ ਸਕੇਗੀ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਕਿਸੇ ਜਾਤੀ ਦੀ ਸੇ੍ਰਸ਼ਟਤਾ ਤੇ ਭਿੰਨਤਾ ਦਰਸਾਉਣ ਲਈ ਉਸ ਦੇ ਧਰਮ, ਸਾਹਿਤ, ਸੱਭਿਅਤਾ ਤੇ ਸੰਸਕ੍ਰਿਤੀ ਨੂੰ ਇਕ-ਦੂਜੇ ਨਾਲੋਂ ਨਿਖੇੜਿਆ ਨਹੀਂ ਜਾ ਸਕਦਾ। ਇਸ ਲਈ ਸਿੱਖੀ ਦੇ ਇਨ੍ਹਾਂ ਅੰਗਾਂ ਦੀ ਸੁਮੇਲਵੀ ਸੰਭਾਲ ਲਈ ਉਨ੍ਹਾਂ ਸਿਰਜਣਾਤਮਿਕ ਕਾਰਜ ਸ਼ੁਰੂ ਕਰ ਦਿੱਤਾ।
ਸਿੱਖੀ ਦੀ ਪਰੰਪਰਾ ਵਿਚ ਧਰਮ, ਇਤਿਹਾਸ ਅਤੇ ਸਾਹਿਤ ਤਿੰਨੋਂ ਹੀ ਸੰਜੁਗਤ ਰੂਪ ਵਿਚ ਮਿਲਦੇ ਹਨ। ਭਾਈ ਸਾਹਿਬ ਨੇ ਅਨੁਭਵ ਕੀਤਾ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬਾਣੀ ਜਿੱਥੇ ਗੁਰੂ ਸਾਹਿਬਾਨ ਦੇ ਅਧਿਆਤਮਿਕ ਰਹੱਸਵਾਦੀ ਅਨੁਭਵ ਦਾ ਵਿਸਮਾਦੀ ਉਲੇਖ ਹੈ, ਉੱਥੇ ਦਾਰਸ਼ਨਿਕ ਤੱਤਾਂ ਤੇ ਬੌਧਿਕ ਵਿਚਾਰਾਂ, ਸਮਾਜਿਕ ਤੇ ਰਾਜਨੀਤਿਕ ਦ੍ਰਿਸ਼ਟੀਆਂ ਦਾ ਸੰਕੇਤਕ ਚਿੰਨ੍ਹ ਵੀ ਹੈ।
ਇਸ ਚੇਤਨਤਾ ਦੇ ਫਲਸਰੂਪ ਭਾਈ ਸਾਹਿਬ ਦੀ ਗੁਰਬਾਣੀ ਵਿਆਖਿਆ ਤੇ ਸਿਰਜਣਾਤਮਿਕ ਕਾਰਜ ਵਿਚ ਪ੍ਰਬਲ ਆਤਮਿਕ ਜਿਗਿਆਸਾ, ਰਹੱਸਵਾਦੀ ਅਨੁਭਵ ਤੇ ਦਾਰਸ਼ਨਿਕ ਬੌਧਿਕ ਚਿੰਤਨ ਦਾ ਸਮਾਵੇਸ਼ ਹੋਇਆ ਮਿਲਦਾ ਹੈ।
ਭਾਈ ਵੀਰ ਸਿੰਘ ਨੇ ਗੁਰਮਤਿ ਦੇ ਧਰਮ ਦੇ ਆਧਾਰ ’ਤੇ ਇਹ ਸਿਧਾਂਤ ਮੰਨੇ ਹਨ:-
ੳ. ਪੂਜਾ ਯੋਗ ਕੇਵਲ ਅਕਾਲ ਪੁਰਖ ਹੈ।
ਅ. ਉਸ ਅਕਾਲ ਪੁਰਖ ਵਿਚ ਪ੍ਰਤੀਤ ਰੱਖਣੀ ਹੈ।
ੲ. ਉਸ ਅਕਾਲ ਪੁਰਖ ਨੂੰ ਜਪ ਕੇ ਸਿਮਰਨ ਕਰਨਾ ਹੈ।
ਸ. ਉਸ ਅਕਾਲ ਪੁਰਖ ਵਿਚ ਧਿਆਨ ਲਗਾਉਣਾ ਹੈ।
ਹ. ਅਕਾਲ ਪੁਰਖ ਨੂੰ ਧਿਆਨ ਵਿਚ ਵਸਾ ਕੇ ਇਨ੍ਹਾਂ ਨੂੰ ਹਿਰਦੇ ਵਿਚ ਵਸਾ ਕੇ ਅਮਲੀ ਜੀਵਨ ਵਿਚ ਲਿਆਉਣਾ ਹੈ।
ਕ. ਪਾਪਾਂ ’ਤੇ ਬੁਰਾਈਆਂ ਤੋਂ ਬਚਣਾ ਹੈ।
ਖ. ਕਿਰਤ ਕਰਨੀ ਹੈ, ਮੰਗ ਕੇ ਉਦਰ ਪੂਰਤੀ ਨਹੀਂ ਕਰਨੀ।
ਗ. ਸਾਰੇ ਜੀਵਾਂ ਨੂੰ ਬਿਨਾ ਕਿਸੇ ਵਿਤਕਰੇ ਭਰਾਤਰੀ ਭਾਵ ਦੇਣਾ ਹੈ।
ਘ. ਜੋ ਮਿਲਦਾ ਹੈ, ਉਸ ਨੂੰ ਲੋੜਵੰਦਾਂ ਨਾਲ ਸਾਂਝਾ ਕਰਨਾ ਹੈ, ਦੁਖੀਆਂ ਦੀ ਸੇਵਾ ਕਰਨੀ ਹੈ ਅਤੇ ਦੂਜਿਆਂ ਦੇ ਦੁੱਖਾਂ ਤੇ ਕਸ਼ਟਾਂ ਨੂੰ ਘਟਾਉਣ ਲਈ ਪਰਉਪਕਾਰ ਵਾਲੀ ਬਿਰਤੀ ਦਾ ਧਾਰਨੀ ਹੋਣਾ ਹੈ।
ਭਾਈ ਸਾਹਿਬ ਨੇ ਸਭ ਤੋਂ ਪਹਿਲਾ ਕਰਤਵ ਗੁਰੂ-ਸ਼ਬਦ ਦੀ ਵਿਆਖਿਆ ਨੂੰ ਬਣਾਇਆ ਸੀ। ਉਨ੍ਹਾਂ ਨੇ ਜੋ ਗੁਰਮਤਿ ਨਿਰਣੈ ਕੀਤੇ ਸਨ, ਇਹ ਉਨ੍ਹਾਂ ਦੇ ਗੁਰਬਾਣੀ ਦੇ ਟੀਕਿਆਂ ਅਤੇ ਸੰਥਯਾ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ (ਜਿਸ ਦਾ ਕਾਰਜ ਉਨ੍ਹਾਂ ਦੇ ਅਕਾਲ ਚਲਾਣੇ ਤਕ ਕੇਵਲ ੬੦੭ ਪੰਨਿਆਂ ਤਕ ਹੀ ਹੋ ਸਕਿਆ ਸੀ) ਤੇ ਹੋਰ ਸਿਰਜਣਾਤਮਿਕਤਾ ਵਿਚ ਵਿਦਮਾਨ ਸਨ। ਉਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਨ੍ਹਾਂ ਗੁਰ-ਸ਼ਬਦ ਦੀ ਵਿਆਖਿਆ ਨੂੰ ਉਦਾਸੀਆਂ, ਨਿਰਮਲਿਆਂ ਤੇ ਗਿਆਨੀ ਸੰਪਰਦਾ ਤੋਂ ਅੱਗੇ ਖੜ੍ਹ ਕੇ, ਪੁਰਾਤਨਵਾਦੀ ਰੁਚੀਆਂ ਦਾ ਤਿਆਗ ਕਰ ਕੇ ਤੇ ਪੌਰਾਣਿਕ ਢੰਗ ਦੀ ਚੇਤਨਾ ਤੋਂ ਉੱਤੇ ਉੱਠ ਕੇ ਸਿੱਖ ਸਿਧਾਂਤਾਂ ਦੇ ਸੰਕਲਪਾਂ ਤੇ ਹੋਰ ਬਾਣੀ ਦੀ ਜੋ ਵਿਆਖਿਆ ਕੀਤੀ ਹੈ, ਉਹ ਸਿੰਘ ਸਭਾਈ ਧਾਰਨਾਵਾਂ ਦੀ ਅਨੁਸਾਰੀ ਹੋ ਕੇ ਵੱਖਰੀ ਹੀ ਤਰ੍ਹਾਂ ਦੀ ਹੈ। ਉਨ੍ਹਾਂ ਦੀ ਗੁਰਮਤਿ ਵਿਆਖਿਆ ਦਾ ਕਾਰਜ ਗੁਰਬਾਣੀ ਦੀ ਡੂੰਘੀ ਪਕੜ ਦਾ ਪਰਿਚਾਇਕ ਹੈ। ਉਨ੍ਹਾਂ ਦੇ ਇਸ ਕੰਮ ਨਾਲ ਗੁਰਮਤਿ ਵਿਆਖਿਆ ਦੀ ਇਕ ਨਵੀਂ ਪਰੰਪਰਾ ਤੁਰੀ ਹੈ।
ਭਾਈ ਸਾਹਿਬ ਦੀ ਕਾਰਜ-ਸੂਚੀ ਅਨੁਸਾਰ ਹੀ ਉਨ੍ਹਾਂ ਦੀ ਪ੍ਰੇਰਨਾ ਨਾਲ ੧੮੪੯ ਈ. ਵਿਚ ਖਾਲਸਾ ਟੈ੍ਰਕਟ ਸੋਸਾਇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਦੋ-ਹਫਤੀਏ ਟੈ੍ਰਕਟਾਂ ‘ਨਿਰਗੁਣਿਆਰਾ’ ਅਤੇ ੧੮੯੯ ਈ. ਉਨ੍ਹਾਂ ਦੁਆਰਾ ਸੰਚਾਲਿਤ ‘ਖਾਲਸਾ ਸਮਾਚਾਰ’ ਸਪਤਾਹਿਕ ਸ਼ੁਰੂ ਹੋਇਆ। ਇਨ੍ਹਾਂ ਦੁਆਰਾ ਗੁਰਬਾਣੀ ਪ੍ਰਚਾਰ, ਗੁਰਮਤਿ ਵਿਚਾਰ, ਆਤਮ ਉਧਾਰ, ਮਨਮਤ ਪ੍ਰਹਾਰ ਤੇ ਭਾਈਚਾਰਕ ਸੁਧਾਰ ਦਾ ਕੰਮ ਲਗਾਤਾਰਤਾ ਨਾਲ ਸ਼ੁਰੂ ਹੋੋ ਗਿਆ। ਕੁਝ ਸਮੇਂ ਵਿਚ ਹੀ ਉਨ੍ਹਾਂ ਨੇ ਇਸ ਟੈ੍ਰਕਟ ਤੇ ਅਖ਼ਬਾਰ ਲੜੀ ਨੂੰ ਆਪਣੇ ਵਿਚਾਰਾਂ ਦੁਆਰਾ ਸਿੱਖ ਸਿਧਾਂਤਾਂ ਤੇ ਸਿੱਖ ਆਦਰਸ਼ਾਂ ਦੀ ਇਕ ਮੂੰਹ-ਬੋਲਦੀ ਤਸਵੀਰ ਬਣਾ ਦਿੱਤਾ। ਇਨ੍ਹਾਂ ਵਿਚ ਉਨ੍ਹਾਂ ਨੂੰ ਕਈ ਵਾਰ ਬੜੇ ਵੱਡੇ-ਵੱਡੇ ਸ਼ਾਸਤ੍ਰਾਰਥਾਂ ਵਿਚ ਵੀ ਹਿੱਸਾ ਲੈਣਾ ਪਿਆ। ਈਸਾਈਆਂ, ਮਿਰਜਾਈਆਂ, ਆਰੀਆਂ ਸਮਾਜੀਆਂ ਤੇ ਹੋਰ ਅਨਮਤੀਆਂ ਨਾਲ ਭਰਵੀਂ ਤੇ ਡਟਵੀਂ ਚਰਚਾ ਨਾਲ ਟੱਕਰ ਵੀ ਲੈਣੀ ਪਈ, ਪਰ ਉਹ ਜੋਸ਼-ਭਰੇ ਸਮਿਆਂ ਵਿਚ ਵੀ ਇੱਧਰ-ਉੱਧਰ ਨਾ ਹੋਏ। ਸਿੱਖ ਧਰਮ ਉੱਤੇ ਜਿਹੜੇ ਪਾਸਿਓਂ ਵੀ ਕੋਈ ਵਾਰ ਹੋਇਆ, ਉਸ ਦੇ ਅੱਗੇ ਉਹ ਆਪਣੀ ਉਕਤੀ, ਯੁਕਤੀ ਅਤੇ ਖੋਜ-ਵਿਚਾਰ ਦੀ ਮਦਦ ਨਾਲ ਢਾਲ ਬਣੇ, ਪਰ ਵਿਚਾਰਾਂ ਦੀ ਚਰਚਾ ਨੂੰ ਦੁਸ਼ਮਣੀ ਦੇ ਢੰਗ ਨਾਲ ਕਦੇ ਵੀ ਪੇਸ਼ ਨਹੀਂ ਕੀਤਾ। ਇਸ ਟੈ੍ਰਕਟ ਤੇ ਸਪਤਾਹਿਕ ਲੜੀ ਨੇ ਅੱਧੀ ਸਦੀ ਤੋਂ ਵੱਧ ਸਮੇਂ ਤਕ ਸਿੱਖ ਵਿਚਾਰਧਾਰਾ ਨੂੰ ਕਾਫੀ ਪ੍ਰਭਾਵਿਤ ਕੀਤਾ। ‘ਖਾਲਸਾ ਸਮਾਚਾਰ’ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਵੀ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੈ।
ਭਾਈ ਸਾਹਿਬ ਨੇ ੧੮੯੮ ਈ. ਵਿਚ ‘ਸੁੰਦਰੀ’, ੧੮੯੯ ਈ. ਵਿਚ ‘ਬਿਜੈ ਸਿੰਘ’ ਤੇ ੧੯੦੦ ਈ. ਵਿਚ ‘ਸਤਵੰਤ ਕੌਰ’ ਦੀ ਨਵੀਂ ਨਾਵਲ-ਵਿਧਾ ਲੜੀ ਵਿਚ ੧੭੨੯ ਈ. ਤੋਂ ੧੭੬੨ ਈ. ਤਕ ਦੇ ਸਿੱਖ-ਮੁਗ਼ਲ ਸੰਘਰਸ਼ ਦੇ ਇਤਿਹਾਸਿਕ-ਕਾਲ ਦੇ ਪਿਛੋਕੜ ਵਿਚ ਸਿੰਘਾਂ ਦੀਆਂ ਕੁਰਬਾਨੀਆਂ, ਧਰਮ ਪਿੱਛੇ ਅਸਹਿ ਕਸ਼ਟ ਸਹਾਰਨ ਦੇ ਵੇਰਵੇ, ਸਿੱਖੀ ਦੇ ਅਸੂਲਾਂ ਵਿਚ ਖਾਲਸੇ ਦੀ ਦ੍ਰਿੜ੍ਹਤਾ, ਪੁਰਾਣੇ ਸਿੰਘਾਂ ਦਾ ਆਪਸੀ ਪਿਆਰ-ਸਤਿਕਾਰ ਨੂੰ ਪ੍ਰਗਟਾਉਂਦਿਆਂ, ਇਤਿਹਾਸਿਕ ਘਟਨਾਵਾਂ ਨੂੰ ਜੀਉਂਦਾ ਸਾਕਾਰ ਕੀਤਾ ਹੈ। ਇਸ ਪਿਛੋਕੜ ਵਿਚ ਆਪਣੀ ਸਮਕਾਲੀ ਸਥਿਤੀ ਵਿਚ ਸਿੱਖਾਂ ਦੇ ਧਾਰਮਿਕ, ਭਾਈਚਾਰਕ, ਸਮਾਜਿਕ ਤੇ ਰਾਜਨੀਤਿਕ ਸੁਧਾਰ ਲਈ ਰਾਹ ਸੁਝਾਇਆ ਹੈ ਅਤੇ ਸਿੱਖੀ ਦੇ ਨਿਘਾਰ ’ਤੇ ਚੋਟ ਲਾ ਕੇ ਸਿੱਖੀ ਦੇ ਮੁੱਲਾਂ (ਕਦਰਾਂ-ਕੀਮਤਾਂ) ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਆਪਣੇ ਚੌਥੇ ਨਾਵਲ ‘ਬਾਬਾ ਨੌਧ ਸਿੰਘ’ (੧੯੦੭ ਈ.) ਵਿਚ ਆਪਣੇ ਸਮਕਾਲੀਨ ਸਮੇਂ ਵਿਚ ਨੈਤਿਕ ਅਵਸਥਾ ਦੀ ਗਿਰਾਵਟ, ਅੰਗਰੇਜ਼ੀ ਸੱਭਿਆਚਾਰ ਦੇ ਅੰਤਰ-ਵਿਰੋਧਾਂ, ਸਮਕਾਲੀ ਧਾਰਮਿਕ ਪੁਨਰ-ਜਾਗ੍ਰਿਤੀ ਦੀਆਂ ਲਹਿਰਾਂ ਦੇ ਵਿਖਾਦ (ਵਿਰੋਧ) ਅਤੇ ਅੰਗਰੇਜ਼ਾਂ ਦੀ ਗ਼ੁਲਾਮੀ ਵਿਚ ਰਾਜਸੀ ਦਸ਼ਾ ਦੀ ਗ਼ੁਲਾਮੀ ਵਾਲੀ ਸਥਿਤੀ ਨੂੰ ਉਜਾਗਰ ਕੀਤਾ ਹੈ। ਇਸ ਦੇ ਨਾਲ ਹੀ ਇਸ ਪਿਛੋਕੜ ਵਿਚ ਗੁਰਬਾਣੀ ਤੇ ਸਿੱਖੀ ਦੀ ਵਿਚਾਰਧਾਰਾ ਦੀ ਪ੍ਰਤਿਸ਼ਠਾ ਅਤੇ ਉਤਮਤਾ ਨੂੰ ਸਥਾਪਿਤ ਕੀਤਾ ਹੈ। ਭਾਈ ਸਾਹਿਬ ਨੇ ਇੱਕੋ ਨਾਟਕ ‘ਰਾਜਾ ਲਖਦਾਤਾ ਸਿੰਘ’ (੧੯੧੦ ਈ.) ਨਾਲ ਪੰਜਾਬੀ ਨਾਟਕ ਪਰੰਪਰਾ ਦਾ ਮੁੱਢ ਬੱਝਾ ਹੈ। ਇਸ ਨਾਟਕ ਦੇ ਮੁੱਖ ਸ਼ਬਦ ਵਿਚ ਭਾਈ ਸਾਹਿਬ ਨੇ ਲਿਖਿਆ ਹੈ: “ਸਿੱਖਾਂ ਦੀ ਹਾਲਤ ਜਿਸ ਉਚਾਈ ’ਤੇ ਸੀ, ਇਸ ਤੋਂ ਹੇਠਾਂ ਆ ਕੇ ਅੱਠ-ਅੱਠ ਹੰਝੂ ਢੁਆਣ ਵਾਲੀ ਹੈ . . . ਪਰ ਇਸ ਦੀਆਂ ਝਾਕੀਆਂ ਰਾਹੀਂ ਸਿੱਖਾਂ ਦੀ ਮੌਜੂਦਾ ਦਸ਼ਾ ਦਾ ਹੂ-ਬ-ਹੂ ਦਰਸ਼ਨ ਕਰ ਕੇ ਸੁਧਾਰ ਦਾ ਨਕਸ਼ਾ ਦੇਣ ਦਾ ਪ੍ਰਯਤਨ ਕੀਤਾ ਹੈ।”
੧੯੦੦ ਈ. ਤੋਂ ਭਾਈ ਸਾਹਿਬ ਨੇ ‘ਨਨਾਣ-ਭਰਜਾਈ ਦਾ ਸਿਖਿਆਦਾਇਕ ਵਾਰਤਾਲਾਪ’, ‘ਲਹਿਰਾਂ ਦੇ ਹਾਰ’, ‘ਮਟਕ ਹੁਲਾਰੇ’, ‘ਬਿਜਲੀਆਂ ਦੇ ਹਾਰ’, ‘ਪ੍ਰੀਤ ਵੀਣਾ’, ‘ਕੰਤ ਮਹੇਲੀ ਦਾ ਬਾਰਾਂਮਾਹਾ’, ‘ਮੇਰੇ ਸਾਈਆਂ ਜੀਓ’ ਨਾਮੀ ਕਾਵਿ-ਪੁਸਤਕਾਂ ਅਤੇ ਮਹਾਂਕਾਵਿ ‘ਰਾਣਾ ਸੂਰਤ ਸਿੰਘ’ ਵਿਚ ਵੀ ਗੁਰੂ-ਚਿੰਤਨ ਅਤੇ ਗੁਰ-ਆਸ਼ਿਆਂ ਦੀ ਨਵੇਂ ਕਾਵਿ-ਰੂਪਾਂ ਵਿਚ ਮੌਲਿਕ ਢੰਗ ਨਾਲ ਵਿਆਖਿਆ ਨੂੰ ਇਕ ਨਵੇਂ ਮੁਹਾਂਦਰੇ ਵਿਚ ਪ੍ਰਗਟ ਕਰਨ ਦੀ ਜੁਗਤ ਨੂੰ ਅਪਣਾਇਆ ਹੈ। ਇਸ ਯਤਨ ਵਿਚ ਉਨ੍ਹਾਂ ਨੇ ਗੁਰਬਾਣੀ ਦੀ ਪਰਿਭਾਸ਼ਕ ਸ਼ਬਦਾਵਲੀ ‘ਹਰਿ’, ‘ਰਾਮ’, ‘ਓਅੰਕਾਰ’, ‘ਨਾਮ’, ‘ਸ਼ਬਦ’, ‘ਹੁਕਮ’, ‘ਜਗਤ’, ‘ਆਤਮਾ’, ‘ਜੀਵ’, ‘ਕਰਮ’, ‘ਮੁਕਤੀ’, ‘ਵਿਗਾਸ’, ਆਦਿ ਦੇ ਸਮਾਨਾਂਤਰ ਆਪਣੀ ਨਵੀਂ ਮੌਲਿਕ ਸ਼ਬਦਾਵਲੀ ‘ਅਨੰਤ’, ‘ਰਸਦਾਤਾ’, ‘ਰਸ’, ‘ਛੂਹ’, ‘ਲਗਨ’, ‘ਵਰਜਿਤਵਾੜੀ’, ‘ਖੇੜਾ’ ਆਦਿ ਦਾ ਪ੍ਰਯੋਗ ਸ਼ੁਰੂ ਕੀਤਾ ਜੋ ਕਾਫੀ ਮਕਬੂਲ ਹੋਇਆ ਹੈ ਅਤੇ ਗੁਰਬਾਣੀ ਦੇ ਆਸ਼ਿਆਂ ਨੂੰ ਨਵੇਂ ਅੰਦਾਜ਼ ਵਿਚ ਪੇਸ਼ ਕਰਨ ਕਰਕੇ ਪਾਠਕਾਂ ਨੂੰ ਕਾਫੀ ਮੁਤਾਸਿਰ ਕਰਨ ਦੇ ਸਮਰੱਥ ਹੋਇਆ ਹੈ।
ਭਾਈ ਸਾਹਿਬ ਨੇ ਆਪਣੇ ਕਾਵਿ ਵਿਚ ਗੰਭੀਰ, ਦਾਰਸ਼ਨਿਕ ਅਤੇ ਨੈਤਿਕ ਪ੍ਰਸ਼ਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਮੁੱਖ ਰੂਪ ਵਿਚ ਦੋ ਪ੍ਰਸ਼ਨ ਉਠਾਏ ਹਨ: ਜੀਵਨ ਕੀ ਹੈ? ਅਤੇ ਜੀਵਨ ਦਾ ਉਦੇਸ਼ ਕੀ ਹੈ? ਇਸ ਉਦੇਸ਼ ਦੀ ਪ੍ਰਾਪਤੀ ਦੀ ਵਿਧੀ ਕਿਹੜੀ ਹੋਣੀ ਚਾਹੀਦੀ ਹੈ। ਉਨ੍ਹਾਂ ਦੇ ਦਾਰਸ਼ਨਿਕ ਵਿਚਾਰ ਸਿੱਖ-ਸਿਧਾਂਤਾਂ ਦੇ ਚੌਖਟੇ ਵਿਚ ਹੀ ਵਿਚਰਦੇ ਸਨ। ਇਹ ਪ੍ਰਸ਼ਨ ਦਾਰਸ਼ਨਿਕ ਕਿਆਸਕਾਰੀ ਨਾਲ ਸੰਬੰਧਿਤ ਹਨ, ਜਿਨ੍ਹਾਂ ਨੂੰ ਸਮੁੱਚੇ ਵਿਸ਼ਵ ਦੀ ਹਕੀਕਤ ਦੇ ਪ੍ਰਸ਼ਨ ਨਾਲ ਜੋੜ ਕੇ ਸਮਝਣ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਇਸ ਦਾ ਸੰਖੇਪ ਵਿਚ ਉੱਤਰ ਦਿੱਤਾ ਹੈ ਕਿ ਜੀਵਨ ਖੇੜਾ ਹੈ। ਇਸ ਪ੍ਰਸ਼ਨ ਦਾ ਆਧਾਰ ਜੀਵਨ ਹੀ ਹੋਂਦ ਹੈ, ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਜੀਵਨ ਦੀ ਪੂਰਨਤਾ ਇਕ ਖੇੜਾ ਹੈ। ਹਰ ਅਧੂਰਾ ਜੀਵਨ ਆਪਣੇ ਵਿਚ ਸ਼ਕਤੀ ਰੱਖਦਾ ਹੈ; ਪੂਰਨਤਾ ਦੇ ਖੇੜੇ ਵਿਚ ਖਿੜ ਪੈਣ ਦੀ ਤੇ ਇੰਝ ਖੁਸ਼ੀਆਂ ਦੇ ਸੋਮੇਂ ਵਾਂਗ ਫੁੱਟ ਪੈਣ ਦੀ:
ਅੰਦਰ ਫੁੱਟ ਪਿਆ ਜਿਉਂ ਸੋਮਾ, ਕੜ ਖੁਸ਼ੀਆਂ ਦਾ ਫੁਟਿਆ
ਹੁਸਨ ਅੰਦਰੋਂ ਅੰਦਰਲੇ ਦਾ, ਚਸ਼ਮੇ ਜਿਉਂ ਫਟ ਫੁਟਿਆ।
ਕਿੱਥੇ ਹੈ ਉਹ ਪੁਛਣ ਵਾਲੀ? ਏ ਜੀਵਨ ਕੀ ਹੈ?
ਖੇੜੇ ਖੇੜ ਲਈ ਹੈ ਸਾਰੀ, ਕੀ ਦੇਹੀ ਕੀ ਜੀ ਹੈ।
ਖੇੜਾ ਹੈ ਹੁਣ ਆਪ ਹੈ ਰਹੀ, ਖੇੜਾ ਜੀਵਨ ਖੇੜਾ।
(ਜੀਵਨ ਕੀ ਹੈ, ਲਹਿਰਾਂ ਦੇ ਹਾਰ, ਪੰਨਾ ੫੧)
ਭਾਈ ਸਾਹਿਬ ਨੇ ਖੇੜੇ ਨੂੰ ਦੇਹਾਂ ਨਾਲ ਜੋੜਿਆ ਹੈ। ਗ਼ੁਲਾਬ ਦਾ ਫੁੱਲ ਆਪਣੀਆਂ ਸਾਰੀਆਂ ਤਾਕਤਾਂ ਨੂੰ ਇਕਾਗਰ ਕਰ ਕੇ ਸ਼ਗੂਫੇ ਦੇ ਰੂਪ ਵਿਚ ਖਿੜਦਾ ਤਾਂ ਉਹ ਕਿਸੇ ਖੁਸ਼ਬੋ ਦੀ ਖਾਤਰ। ਉਹ ਫੁੱਲ ਜੋ ਆਪਣੇ ਆਪ ਵਿਚ ਖੁਸ਼ਬੋ ਪੈਦਾ ਕਰ ਲੈਂਦਾ ਹੈ, ਉਹ ਕਿਸੇ ਵੱਡੇ ਦਾਇਰੇ ਵਿਚ ਮਾਹਿਕ ਮਚਾਉਣ ਦੇ ਪਰਉਪਕਾਰ ਦਾ ਜ਼ਰੀਆ ਹੋ ਜਾਂਦਾ ਹੈ। ਖੇੜਾ ਵਿਕਾਸ ਨਾਲ ਜੁੜਿਆ ਹੋਇਆ ਹੈ। ‘ਰਾਣਾ ਸੂਰਤ ਸਿੰਘ’ ਮਹਾਂਕਾਵਿ ਦੇ ਪੰਜ ਖੰਡਾਂ ਦੀ ਸ਼ਬਦਾਵਲੀ “ਤਿਥੈ ਹੋਰੁ ਨ ਕੋਈ ਹੋਰੁ” ਕਰਮ ਖੰਡ ਵਿਚ ਹੀ ਲੈ ਜਾਂਦੀ ਹੈ, ਜਿੱਥੇ ਸਾਧਕ ਲਈ ਉੱਚ ਅਵਸਥਾ ਦੀ ਪ੍ਰਾਪਤੀ ਤੋਂ ਬਾਅਦ ਸੰਸਾਰ ਵਿਚ ਸੇਵਾ ਤੇ ਪਰਉਪਕਾਰ ਲਈ ਆਪਣੇ ਸੁੱਖ ਤੇ ਹਿੱਤਾਂ ਨੂੰ ਵਾਰ ਦੇਣਾ ਸੁਭਾਵਿਕ ਗੁਣ ਹੋ ਜਾਂਦਾ ਹੈ। ਗੁਰਬਾਣੀ ਵਿਚਲੇ ਸ਼ਬਦਾਂ “ਨਾਨਕ ਭਗਤਾ ਸਦਾ ਵਿਗਾਸੁ” ਸਿਧਾਂਤ ਦੇ ਸਮਰੂਪ ਇਹ ਸ਼ਬਦ ਖੇੜਾ ਹੈ।
ਭਾਈ ਸਾਹਿਬ ਨੂੰ ਹਿੰਦੁਸਤਾਨ ਦੀ ਗ਼ੁਲਾਮੀ ਨੇ ਅੰਦਰੋਂ ਡੂੰਘਾ ਪੀੜਤ ਕੀਤਾ ਹੋਇਆ ਸੀ। ਉਹ ‘ਸੁਹਣੇ ਪਿੰਜਰੇ’ ਦੀ ਸਲਾਹੁਣਾ ਕਰਨ ਵਾਲੇ ਨੂੰ ਵੰਗਾਰ ਕੇ ਕਹਿੰਦੇ ਹਨ ਕਿ ਪਿੰਜਰੇ ਵਿਚ ਆ ਕੇ ਵੇਖ ਕਿੰਨਾ ਕੁ ਮਨਮੋਹਣਾ ਹੈ। ਉਹ ਅਜ਼ਾਦੀ ਨੂੰ ਰੱਬ ਦੀ ਦਾਤ ਕਹਿੰਦੇ ਹਨ ਤੇ ਪ੍ਰਰਾਥਨਾ ਕਰਦੇ ਹਨ ਕਿ ‘ਖੁਲ੍ਹ ਨਾ ਸਾਡੀ ਕਦੇ ਮਰੇ’ ਦੂਜੇ ਦੇ ਵੱਸ ਪੈ ਕੇ ਮਨ ਦੀ ਮੌਜ ਜਾਂਦੀ ਰਹਿੰਦੀ ਹੈ, ਮੌਜ ਨਾ ਰਹੀ ਤਾਂ ਖੇੜਾ ਖੁਸ ਗਿਆ। ਖੇੜਾ ਨਹੀਂ ਤਾਂ ਜੀਵਨ ਕੀ ਹੈ? ਪਿੰਜਰੇ ਵਿਚ ਪਿਆ ਤੋਤਾ ਤਾਂ ਅਰਦਾਸ ਕਰਦਾ ਹੈ ਕਿ, ਹੇ ਪ੍ਰਭੂ! ਮੈਨੂੰ ਬੇਸ਼ਕ ਗੁਣਾਂ ਤੋਂ ਸੱਖਣਾ ਰਹਿਣ ਦੇ, ਪਰ ਉਹ ਅਕਲ ਉਹ ਵਿੱਦਿਆ, ਉਹ ਸੱਭਿਅਤਾ ਤੇ ਉਹ ਤਹਿਜ਼ੀਬ ਸਾਨੂੰ ਨਾ ਸਿਖਾਈਂ ਜੋ ਜਾਲ ਵਿਛਾਣ, ਪਿੰਜਰੇ ਘੜਨ ਤੇ ਕੈਦ ਵਿਚ ਪਾਉਣ ਦੀ ਕਾਬਲੀਅਤ ਦੇਵੇ। ‘ਖੁਲ ਖੋਹਣ ਤੇ ਖੁਲ ਵੇਚਣ ਦੀ ਜਾਚ ਦੋਵੇਂ ਤ੍ਰਿਸਕਾਰ ਦੇ ਪਾਤਰ ਹਨ। ਕਿਤਨੀ ਗਹਿਰੀ ਚੋਟ ਹੈ, ਅੰਗਰੇਜ਼ੀ ਰਾਜ ਦੀ ਗ਼ੁਲਾਮੀ ਉੱਤੇ, ਜਿਸ ਹੇਠ ਦੇਸ਼ ਨਪੀੜਿਆ ਜਾ ਰਿਹਾ ਸੀ।
ਭਾਈ ਸਾਹਿਬ ਨੇ ‘ਗੁਰੂ ਨਾਨਕ ਚਮਤਕਾਰ’, ‘ਸ੍ਰੀ ਕਲਗੀਧਰ ਚਮਤਕਾਰ’, ‘ਅਸ਼ਟ ਗੁਰੂ ਚਮਤਕਾਰ’ ਵਿਚ ਦਸ ਗੁਰੂ ਸਾਹਿਬਾਨ ਬਾਰੇ ਵਿਸਤ੍ਰਿਤ ਰੂਪ ਵਿਚ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ‘ਅਸ਼ਟ ਗੁਰੂ ਚਮਤਕਾਰ’ ਬਾਰੇ ਲਿਖਿਆ ਹੈ ਕਿ ਇਹ ਨਿਰਾ ਗੁਰ-ਇਤਿਹਾਸ ਨਹੀਂ, ਪਰ ਇਤਿਹਾਸ ਦੀ ਬੋਲੀ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਦਾ ਟੀਕਾ ਹੈ ਜੋ ਭਾਵ ਉਪਦੇਸ਼ ਅਤੇ ਉੱਚ-ਜੀਵਨ ਦੇ ਆਦਰਸ਼ ਇਸ ਇਲਹਾਮ (ਪੋਥੀ ਪਰਮੇਸਰ ਦਾ ਥਾਨੁ) ਵਿਚ ਹੈ, ਉਹ ਐਥੇ ਐਉਂ ਆਏ ਹਨ ਕਿ ਉਹ ਅਮਲੀ ਜੀਵਨ ਬਸਰ ਕਰਨ ਲਈ ਪੂਰਨੇ ਹੋਣ, ‘ਸ੍ਰੀ ਕਲਗੀਧਰ ਚਮਤਕਾਰ’ ਦੀ ਭੂਮਿਕਾ ਵਿਚ ਉਹ ਲਿਖਦੇ ਹਨ: “ਫ਼ਿਲਾਸਫ਼ੀਆਂ ਤੇ ਗਿਆਨ ਸੰਸਾਰ ਵਿਚ ਚਿਰੋਕਣੇ ਹਨ। ਹਿੰਦੁਸਤਾਨ ਵਿਚ ਉਪਨਿਸ਼ਦ ਤੇ ਛੀਏ ਦਰਸ਼ਨ ਵੀ ਸਨ। ਪੰਡਿਤ, ਸੰਨਿਆਸੀ ਤੇ ਸਿੱਧ ਅਖਵਾਉਣ ਵਾਲੇ ਜੋਗੀ ਜੰਗਮ ਵੀ ਸਨ। ਸਭ ਕੁਝ ਸੀ, ਪਰ ਜੀਵਨ ਨਹੀਂ ਸੀ। ਗੱਲਾਂ ਤੇ ਕਥਾ ਦੀ ਦਿਮਾਗੀ ਦੌੜ ਹੀ ਰਹਿ ਗਈ ਸੀ, ਕਰਨੀ ਤੇ ਅਮਲ ਟੁੱਟ ਗਏ ਸਨ। ਗੁਰੂ ਸਾਹਿਬ ਨੇ ਫੋਕੀ ਮਸਲੇਬਾਜ਼ੀ ਨਹੀਂ ਸਿਖਾਈ, ਪਰ ਮੁਰਦਾ ਸਰੀਰਾਂ ਵਿਚ ਜੀਵਨ ਦਾ ਆਪੇ ਚਾਨਣਾ ਕਰ ਦਿੱਤਾ ਤੇ ਆਤਮ-ਜੀਵਨ ਦੀ ਰੌਂ ਲਾ ਦਿੱਤੀ। . . . ਉੱਚਾ ਜੀਵਨ ਹਉਂ ਤੋਂ ਆਤਮਾ ਦਾ ਛੁਟਣਾ ਹੈ, ਸੁਤੰਤਰ ਹੋਣਾ ਹੈ। ਸੁਤੰਤਰ ਹੋ ਕੇ ਆਪਣੇ ਆਪ ਵਿਚ ਅਨੰਦ ਹੈ ਤੇ ਅਨੰਦ ਸਵਰੂਪ ਵਾਹਿਗੁਰੂ ਨਾਲ ਸੰਯੋਗੀ, ਉੱਜਲ ਪੇ੍ਰਮ ਵਿਚ ਪੇ੍ਰਮ ਸਰੂਪ ਹੋਣਾ ਹੈ। ਗੁਰੂ ਸਾਹਿਬਾਨ ਕਦੇ ਬਦੀ ਨਾਲ ਵਟਾਂਦਰਾ ਜਾਂ ਸਾਲਸੀ ਨਹੀਂ ਕੀਤੀ। ਕਦੇ ਕਿਸੇ ਅੱਗੇ ਝੁਕੇ ਨਹੀਂ, ਪਰ ਕਦੇ ਕਦੇ ਕਿਸੇ ਦੇ ਹਿਰਦੇ ਵਿਚ ਅਸੁਰੀ ਭਾਵ ਆਪਣੇ ਪ੍ਰਭਾਵ ਨਾਲ ਨਹੀਂ ਉਪਜਾਣ ਦਿੱਤੇ। ਭੈਅ ਦੇਣਾ ਤੇ ਭੈਅ ਖਾਣਾ ਦੋਵੇਂ ਆਸੁਰੀ ਭਾਵ ਹਨ . . . ਉਨ੍ਹਾਂ ਤਲਵਾਰ ਪਕੜਨ ਦਾ, ਪ੍ਰੇਮ ਨਾਲ ਸਮਝਾਉਣ ਦਾ ਅਤੇ ਮਾਨਸਿਕ ਤੇ ਆਤਮਿਕ ਉੱਚੇ ਖਿਆਲ ਦਰਸਾਅ ਕੇ ਦਰੁਸਤੀ ਦਾ ਕੰਮ ਕੀਤਾ ਹੈ। . . . ਸਾਰੇ ਚੰਗੇ ਲੋਕ ਧਰਮ ਧਾਰ ਕੇ ਤੇ ਧਰਮ ਕੇਵਲ ਤਿਆਗ ਵਿਚ ਸਮਝ ਕੇ ਬਣਾਂ ਨੂੰ ਤੁਰ ਜਾਂਦੇ ਸਨ, ਦੇਸ਼ ਨਿਤਾਣਾ ਹੋ ਤੁਰਕਾਂ ਦੇ ਵੱਸ ਪੈ ਗਿਆ . . . ਇਸ ਕਸ਼ਟ ਨੂੰ ਹਰਨਾ ਹੈ, ਨਾ ਧਰਮ ਨੂੰ ਰਾਜ ਦੇ ਪਿੱਛੇ ਲੱਗ ਕੇ, ਸਗੋਂ ਰਾਜਸੀ ਲੋਕਾਂ ਨੂੰ ਧਰਮੀ ਬਣਾ ਕੇ। ਐਸੇ ਜਾਗੇ ਤੇ ਰੌਸ਼ਨ ਮਨਾਂ ਦੇ ਜਗਤ ਵਿਚ ਰਹਿ ਕੇ ਗ੍ਰਿਹਸਤ ਧਰਮ, ਰਾਜ ਧਰਮ, ਨੀਤੀ ਧਰਮ ਵਿਚ ਜੀਉਣਾ ਜੀਵਨ ਹੈ। ਹਾਂ ਧਰਮ ਮੁੱਖ ਰੱਖਣਾ ਹੈ, ਖਾਲਸੇ ਦਾ ਤੇਜ ਧਰਮ ਦੀ ਨੀਂਹ ਹੈ।”
ਭਾਈ ਸਾਹਿਬ ਨੇ ਸਿੱਖ ਵਿਰਸੇ ਦੇ ਪੁਰਾਣੇ ਗੰ੍ਰਥਾਂ ਦੀ ਸੰਭਾਲ ਕਰ ਕੇ ਭਾਈ ਮਨੀ ਸਿੰਘ ਜੀ ਸ਼ਹੀਦ ਦੀ ‘ਭਗਤ ਰਤਨਾਵਲੀ’ ਜਾਂ ‘ਸਿੱਖਾਂ ਦੀ ਭਗਤਮਾਲਾ’ ਭਾਈ ਰਤਨ ਸਿੰਘ ਭੰਗੂ ਦਾ ‘ਪ੍ਰਾਚੀਨ ਪੰਥ ਪ੍ਰਕਾਸ਼’, ‘ਪੁਰਾਤਨ ਜਨਮਸਾਖੀ’, ‘ਗੁਰ ਪ੍ਰਤਾਪ ਸੂਰਜ ਗੰ੍ਰਥ’ (ਚੌਦਾਂ ਜਿਲਦਾਂ ਵਿਚ), ਭਾਈ ਨੰਦ ਲਾਲ ਜੀ ਦੀ ਫ਼ਾਰਸੀ ਰਚਨਾ ‘ਤੌਸੀਫੋਸਨਾ’ ਦਾ ਉੱਲਥਾ, ‘ਕੱਬਿਤ ਭਾਈ ਗੁਰਦਾਸ ਜੀ’ ਨੂੰ ਸੰਵਾਰ ਤੇ ਸੰਪਾਦਤ ਕਰ ਕੇ ਪ੍ਰਕਾਸ਼ਿਤ ਕਰਨ ਦੀ ਵਡਮੁੱਲੀ ਸੇਵਾ ਕੀਤੀ ਹੈ। ਇਨ੍ਹਾਂ ਗੰ੍ਰਥਾਂ ਵਿਚ ਜਿੱਥੇ ਕੋਈ ਅਸੰਗਤੀਆਂ ਸਨ, ਉਨ੍ਹਾਂ ਦਾ ਗੁਰਮਤਿ ਦੇ ਸਿੱਖ-ਸਿਧਾਂਤ ਦੀ ਰੋਸ਼ਨੀ ਵਿਚ ਨਿਤਾਰਾ ਕੀਤਾ ਹੈ।
ਭਾਈ ਸਾਹਿਬ ਦੀ ਵਿਸ਼ੇਸ਼ਤਾ ਰਹੀ ਹੈ ਕਿ ਉਨ੍ਹਾਂ ਆਪਣੇ ਸਮੇਂ ਦੇ ਧਾਰਮਿਕ ਵਖਰੇਵਿਆਂ ਦੇ ਮਾਹੌਲ ਵਿਚ ਪੰਜਾਬੀ ਪ੍ਰਤੀ ਉਦਾਸੀਨਤਾ ਵਾਲੇ ਰਵੱਈਏ ਨੂੰ ਵੇਖ ਕੇ ਪੰਜਾਬੀ ਨੂੰ ਆਪਣੀ ਸਾਰੀ ਸਿਰਜਣਾਤਮਿਕਤਾ ਵਿਚ ਅਪਣਾਇਆ, ਇਸ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰ ਕੇ ਪ੍ਰਫੁਲਿਤ ਕੀਤਾ ਅਤੇ ਲੋਕਾਂ ਵਿਚ ਮਕਬੂਲ ਬਣਾਇਆ। ਉਨ੍ਹਾਂ ਨੇ ਆਪ ਹੀ ਨਹੀਂ ਹੋਰ ਅਨੇਕ ਪ੍ਰਤੀਭਾਸ਼ੀਲ ਵਿਅਕਤੀਆਂ ਨੂੰ ਪੰਜਾਬੀ ਵਿਚ ਕਾਰਜ ਕਰਨ ਲਈ ਪ੍ਰੇਰਿਆ।
ਭਾਈ ਸਾਹਿਬ ਨੇ ਸਿੱਖੀ ਦੇ ਸੰਦੇਸ਼ ਦੀ ਵਿਆਖਿਆ ਨੂੰ ਆਪਣੀ ਸਿਰਜਣਾਤਮਿਕਤਾ ਦੁਆਰਾ ਉਜਾਗਰ ਕਰਨ ਤਕ ਹੀ ਮਹਿਦੂਦ ਨਹੀਂ ਕੀਤਾ ਬਲਕਿ ਉਨ੍ਹਾਂ ਇਸ ਵਿਚਾਰਧਾਰਾ ਦੇ ਪ੍ਰਚਾਰ ਲਈ ਪਿਛਲੀ ਸਦੀ ਦੀਆਂ ਸਭ ਸਿੱਖ ਸੰਸਥਾਇਕ ਸ਼ਕਤੀਆਂ ਨੂੰ ਉਭਾਰਨ ਵਿਚ ਬਹੁਤ ਵੱਡਾ ਹਿੱਸਾ ਪਾਇਆ ਸੀ। ਉਹ ਸਿੰਘ ਸਭਾ ਲਹਿਰ ਤੇ ਚੀਫ਼ ਖਾਲਸਾ ਦੀਵਾਨ ਸਿੱਖ ਨਵ-ਜਾਗ੍ਰਿਤੀ ਦੀਆਂ ਸੰਸਥਾਵਾਂ ਦੇ ਸੂਝਵਾਨ ਜਥੇਬੰਦਕ ਦੇ ਰੂਪ ਵਿਚ ਉਭਰੇ। ਇਨ੍ਹਾਂ ਜਥੇਬੰਦੀਆਂ ਦੁਆਰਾ ਸਿੱਖੀ ਦਾ ਪਾਸਾਰ, ਵਿੱਦਿਆ ਦਾ ਪ੍ਰਸਾਰ, ਲੋਕ-ਭਲਾਈ ਲਈ ਯਤੀਮਾਂ, ਬਿਰਧਾਂ, ਵਿਦਵਾਨਾਂ, ਸੂਰਮਿਆਂ ਤੇ ਲੋੜਵੰਦਾਂ ਲਈ ਚਲਾਏ ਆਸ਼ਰਮਾਂ ਲਈ ਠੋਸ ਯੋਗਦਾਨ ਪਾਇਆ ਸੀ।
ਭਾਈ ਸਾਹਿਬ ਦੇ ਗੁਰਮਤਿ ਚਿੰਤਨ ਦਾ ਸੰਦੇਸ਼ ਕੇਵਲ ਸਿੱਖਾਂ ਤਕ ਹੀ ਮਹਿਫੂਜ਼ ਨਹੀਂ, ਇਹ ਤਾਂ ਸਮੁੱਚੀ ਮਨੁੱਖਤਾ ਲਈ ਹੈ। ਉਨ੍ਹਾਂ ਦੇ ਗੁਰਮਤਿ ਚਿੰਤਨ ਦੀ ਵਿਆਖਿਆ ਨੇ ਭਾਈ ਕਾਨ੍ਹ ਸਿੰਘ ਨਾਭਾ, ਪ੍ਰਿੰਸੀਪਲ ਜੋਧ ਸਿੰਘ, ਪੋ੍ਰ. ਪੂਰਨ ਸਿੰਘ, ਪਿੰ੍ਰ. ਤੇਜਾ ਸਿੰਘ ਜੀ, ਪ੍ਰਿੰ. ਸਾਹਿਬ ਸਿੰਘ ਆਦਿ ਬਹੁਤ ਪ੍ਰਭਾਵਿਤ ਕੀਤਾ ਅਤੇ ਇਨ੍ਹਾਂ ਵਿਦਵਾਨਾਂ ਅਤੇ ਸਿੱਖ ਚਿੰਤਕਾਂ ਨੇ ਆਪਣੇ ਗੁਰਮਤਿ ਵਿਆਖਿਆ ਦੇ ਕਾਰਜ ਨੂੰ ਹੋਰ ਅੱਗੇ ਤੋਰ ਕੇ ਸਿੱਖੀ ਦੀ ਭਰਵੀਂ ਸੇਵਾ ਕੀਤੀ।
-ਡਾ. ਗੁਰਚਰਨ ਸਿੰਘ*
