-ਮੇਜਰ ਸਿੰਘ
13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਅੰਗਰੇਜ਼ੀ ਹਕੂਮਤ ਦੇ ਵੱਲੋਂ ਜੋ ਕਤਲੇਆਮ ਕੀਤਾ ਗਿਆ ਉਸ ਦਾ ਬਦਲਾ ਸਰਦਾਰ ਊਧਮ ਸਿੰਘ ਨੇ 21 ਸਾਲਾਂ ਦੇ ਬਾਅਦ 13 ਮਾਰਚ 1940 ਨੂੰ ਸਰ ਮਾਈਕਲ ਓਡਵਾਇਰ ਨੂੰ ਮਾਰ ਕੇ ਲਿਆ।
ਊਧਮ ਸਿੰਘ ਕਾਫੀ ਸਮੇਂ ਤੋਂ ਲੰਡਨ ‘ਚ ਸੀ ਤੇ ਮੌਕੇ ਦੀ ਭਾਲ ਵਿੱਚ ਸੀ। ਊਧਮ ਸਿੰਘ ਨੇ ਆਪਣੇ ਮਿੱਤਰ ਸ਼ਿਵ ਸਿੰਘ ਨੂੰ ਦੱਸਿਆ ਕੇ ਮੈਂ ਉਡਵਾਇਰ ਤੇ ਜੈਟਲੈਂਡ ਨੂੰ ਇਕੱਠਿਆਂ ਲੈਣਾ ਚਾਹੁੰਦਾ ਹਾਂ। ਇਕ ਦਿਨ ਊਧਮ ਸਿੰਘ ਨੇ ਇੰਡੀਅਨ ਆਫ਼ਿਸ ਦੇ ਬਾਹਰ ਇਕ ਨੋਟਿਸ ਦੇਖਿਆ। ਇੱਥੇ ਕੈਕਸਟਨ ਹਾਲ ਦੀ ਮੀਟਿੰਗ ਬਾਰੇ ਲਿਖਿਆ ਸੀ। ਨੋਟਿਸ ‘ਚ ਉਡਵਾਇਰ ਤੇ ਜੈਟਲੈਂਡ ਦੇ ਪਹੁੰਚਣ ਦਾ ਵੀ ਜ਼ਿਕਰ ਸੀ। ਨੋਟਿਸ ਪੜ੍ਹਦਿਆਂ ਊਧਮ ਸਿੰਘ ਨੇ ਮਨ ‘ਚ ਸਾਰੀ ਤਰਤੀਬ ਬਣਾ ਲਈ। ਉਸੇ ਦਿਨ ਤੋਂ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਪਿਸਟਲ ਲੁਕੋਣ ਦੇ ਲਈ ਇਕ ਕਿਤਾਬ ਦੇ ਵਰਕਿਆਂ ਨੂੰ ਕੱਟ ਕੇ ਥਾਂ ਬਣਾ ਲਈ। ਹੋਰ ਵੀ ਲੋੜੀਂਦੀ ਤਿਆਰੀ ਥੋੜ੍ਹੇ ਸਮੇਂ ‘ਚ ਕਰਕੇ ਊਧਮ ਸਿੰਘ ਮੀਟਿੰਗ ਵਾਲੇ ਦਿਨ ਹਾਲ ਦੇ ਬਾਹਰ ਜਾ ਪਹੁੰਚਿਆ। ਥੋੜ੍ਹੀ ਜਿਹੀ ਤਲਾਸ਼ੀ ਹੋਈ ਫਿਰ ਅੰਦਰ ਚਲੇ ਗਿਆ।
ਜਦੋਂ ਓਡਵਾਇਰ ਬੋਲਿਆ ਤਾਂ ਊਧਮ ਸਿੰਘ ਨੇ ਅੱਗੇ ਵਧ ਕੇ 6 ਗੋਲੀਆਂ ਚਲਾਈਆਂ। 4 ਓਡਵਾਇਰ ਦੇ 2 ਜੈਟਲੈਂਡ ਦੇ। ਸਾਰੇ ਪਾਸੇ ਰੌਲਾ ਪੈ ਗਿਆ। ਪਰ ਸਰਦਾਰ ਭੱਜਿਆ ਨਹੀਂ। ਓਡਵਾਇਰ ਉਹਦੇ ਨੇੜੇ ਫਰਸ਼ ‘ਤੇ ਪਿਆ ਸੀ। ਜੈਟਲੈਂਡ ਵੀ ਥੱਲੇ ਪਿਆ ਸੀ।
ਬਾਅਦ ‘ਚ ਪੁਲਿਸ ਨੂੰ ਪਤਾ ਚੱਲਿਆ ਉਹਦੇ ਕੋਲ ਹੋਰ ਵੀ ਗੋਲੀਆਂ ਸੀ। ਕੁਝ ਪੈਂਟ ਦੀ ਜੇਬ ‘ਚੋਂ ਨਿਕਲੀਆਂ ਤੇ ਕੁਝ ਕੋਟ ਦੀ ਜੇਬ ‘ਚੋਂ। ਉਹਦੇ ਕੋਲ ਮੋਚੀ ਵਾਲਾ ਇੱਕ ਚਾਕੂ ਵੀ ਸੀ ਜਿੱਥੋਂ ਪਤਾ ਚੱਲਦਾ ਹੈ ਕਿ ਪੂਰੀ ਤਿਆਰੀ ਦੇ ਨਾਲ ਗਿਆ ਸੀ। ਜਦੋਂ ਪੁਲਿਸ ਨੇ ਹਿਰਾਸਤ ‘ਚ ਲਿਆ ਪਸਤੌਲ ਫੜ ਲਿਆ ਤੇ ਇੱਕ ਅਫਸਰ ਨੇ ਕਿਹਾ ਤਫ਼ਤੀਸ਼ ਤਕ ਤੁਹਾਨੂੰ ਹਵਾਲਾਤ ‘ਚ ਰੱਖਿਆ ਜਾਊ। ਊਧਮ ਸਿੰਘ ਨੇ ਕਿਹਾ ਕੀ ਫ਼ਾਇਦਾ?? ਨੇੜੇ ਪਈ ਉਡਵਾਇਰ ਦੀ ਲਾਸ਼ ਵੱਲ ਇਸ਼ਾਰਾ ਕਰਕੇ ਕਿਹਾ “ਗੱਲ ਤੇ ਬਸ ਆਹ ਹੈ”। ਇੱਕ ਅਫਸਰ ਤੋਂ ਊਧਮ ਸਿੰਘ ਨੇ ਪੁੱਛਿਆ “ਕੀ ਜੈਟਲੈਂਡ ਮਰ ਗਿਆ….?” ਆਪ ਈ ਕਹਿੰਦਾ ਮਰਨਾ ਚਾਹੀਦਾ ਸੀ। ਆਪਣੀ ਵੱਖੀ ‘ਤੇ ਹੱਥ ਰੱਖ ਕੇ ਕਹਿੰਦਾ ਮੈਂ ਉਹਦੇ ਇੱਥੇ ਦੋ ਧਰੀਆਂ ਸੀ ਮਰਨਾ ਚਾਹੀਦਾ ਸੀ।
ਬਾਅਦ ‘ਚ ਪਤਾ ਚੱਲਿਆ ਸੀ ਕੇ ਉਡਵਾਇਰ ਦੇ ਗੋਲੀਆਂ 6 ਤੋਂ 8 ਇੰਚ ਦੀ ਦੂਰੀ ਤੋਂ ਵੱਜੀਆਂ ਸਨ। ਮਤਲਬ ਸੀ ਕਿ ਕਿੰਨਾ ਨੇੜੇ ਪਹੁੰਚ ਗਿਆ ਸੀ ਸਰਦਾਰ ਊਧਮ ਉਹਦੇ। ਉਡਵਾਇਰ ਦੀ ਛਾਤੀ ਦੇ ਸੱਜੇ ਪਾਸੇ ਵੱਜੀਆਂ ਦੋ ਗੋਲੀਆਂ ਕਰਕੇ ਉਹਦੀ ਮੌਤ ਹੋਈ ਸੀ।
ਊਧਮ ਸਿੰਘ ਦੇ ਅਦਾਲਤੀ ਬਿਆਨ ਵੀ ਉਸ ਦੀ ਦ੍ਰਿੜ੍ਹਤਾ ਤੇ ਨਿਡਰਤਾ ਨੂੰ ਜ਼ਾਹਿਰ ਕਰਦੇ ਹਨ। ਅਦਾਲਤ ‘ਚ ਕਿਹਾ “ਮੈਨੂੰ ਇਹ ਚਿੰਤਾ ਨਹੀਂ ਕਿ ਮੈਨੂੰ ਕੀ ਸਜ਼ਾ ਮਿਲਦੀ ਹੈ। ਦਸ ਸਾਲ ਵੀਹ ਸਾਲ ਜਾਂ ਫਿਰ ਫਾਂਸੀ ਦੀ। ਪਰ ਮੈਂ ਆਪਣਾ ਫ਼ਰਜ਼ ਨਿਭਾ ਦਿੱਤਾ ਹੈ। ਮੈਨੂੰ ਕੋਈ ਪਰਵਾਹ ਨਹੀਂ। ਮੈਂ ਮਰਨ ਤੋਂ ਝਿਜਕਦਾ ਨਹੀਂ। ਮਰਨ ਦੇ ਲਈ ਬੁੱਢੇ ਹੋ ਜਾਣਾ ਕੋਈ ਚੰਗੀ ਗੱਲ ਨਹੀਂ। ਬੰਦੇ ਨੂੰ ਜਵਾਨੀ ਵਿੱਚ ਹੀ ਮਰ ਜਾਣਾ ਚਾਹੀਦਾ ਹੈ ਪਰ ਕੁਝ ਕਰਕੇ। ਸੋ ਮੈਂ ਆਪਣਾ ਫ਼ਰਜ਼ ਨਿਭਾ ਦਿੱਤਾ”। ਕੁਝ ਸ਼ੁਭਚਿੰਤਕਾਂ ਨੇ ਇਹ ਵੀ ਕਿਹਾ ਸੀ ਤੁਸੀਂ ਇਕਬਾਲ ਨਾ ਕਰੋ। ਮਾਮਲਾ ਲਟਕਾਇਆ ਜਾ ਸਕਦਾ ਹੈ। ਤੁਹਾਨੂੰ ਬਚਾਇਆ ਵੀ ਜਾ ਸਕਦਾ ਹੈ। ਪਰ ਸਰਦਾਰ ਜੀ ਕਹਿੰਦੇ ਕੋਈ ਫ਼ਾਇਦਾ ਨਹੀਂ ਹੁਣ ਤੇ ਕਹਾਣੀ ਖ਼ਤਮ ਹੈ। 5 ਜੂਨ ਨੂੰ ਊਧਮ ਸਿੰਘ ਜੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ 31 ਜੁਲਾਈ 1940 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ।