169 views 2 secs 0 comments

ਵੈਸਾਖੀ

ਲੇਖ
April 12, 2025

-ਗਿਆਨੀ ਗੁਰਜੀਤ ਸਿੰਘ

ਬਸੰਤ ਰੁੱਤ ਦਾ ਦੂਸਰਾ ਮਹੀਨਾ ਵੈਸਾਖ ਆਪਣੇ ਆਪ ਦੇ ਵਿੱਚ ਸਮਾਜਿਕ ਅਧਿਆਤਮਕ ਤੇ ਇਤਿਹਾਸਿਕ ਪੱਖ ਨੂੰ ਸਮੋਈ ਬੈਠਾ ਹੈ। ਕਣਕ ਦੀ ਫਸਲ ਪੱਕ ਜਾਣ ‘ਤੇ ਖੁਸ਼ੀਆਂ ਦੇ ਮੇਲੇ ਦੇ ਵਜੋਂ ਵੈਸਾਖੀ ਮਨਾਈ ਜਾਂਦੀ ਹੈ। ਸਨਾਤਨ ਮਤ ਵਿਸਾਖਾ ਨਛੱਤਰ ਤੋਂ ਆਰੰਭ ਹੋਣ ਕਰਕੇ ਮਹੀਨੇ ਦਾ ਨਾਮ ਵਿਸਾਖ ਮੰਨਦੇ ਹਨ। ਗੁਰੂ ਨਾਨਕ ਸਾਹਿਬ ਵੈਸਾਖ ਦੇ ਅਰਥ :-

ਵੈਸਾਖ ਭਲਾ ਸਾਖਾ ਵੇਸ ਕਰੇ ( ਤੁਖਾਰੀ ਮਹਲਾ 1 ਅੰਗ 1107) ਕਰਕੇ ਸਮਝਾਉਂਦੇ ਹਨ।
ਇਸ ਮਹੀਨੇ ਵਿੱਚ ਦਰਖਤਾਂ ਦੀਆਂ ਸ਼ਾਖਾਵਾਂ ਜੋ ਪੱਤਝੜ ਦੇ ਮਹੀਨੇ ਦੇ ਵਿੱਚ ਬਿਲਕੁਲ ਪੱਤਿਆਂ ਤੋਂ ਬਿਨਾਂ ਹੋ ਜਾਂਦੀਆਂ, ਉਹਨਾਂ ਸਾਰਿਆਂ ਉੱਪਰ ਪੱਤੇ ਆ ਜਾਂਦੇ ਨੇ, ਸਾਰੇ ਦਰਖਤ ਹਰੇ ਜਾਂ ਹੋਰ ਅਨੇਕਾਂ ਰੰਗ ਦੇ ਪੱਤਿਆਂ ਦੇ ਨਾਲ ਭਰ ਜਾਂਦੇ ਨੇ।

ਸਿੱਖ ਜਗਤ ਦੇ ਵਿੱਚ ਭਾਈ ਪਾਰੋ ਜੁਲਕਾ ਜੀ ਨੇ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਪਾ ਕਰਕੇ ਗੋਇੰਦਵਾਲ ਸਾਹਿਬ ਦੇ ਵਿੱਚ ਵੈਸਾਖੀ ਦਾ ਜੋੜ ਮੇਲਾ ਆਰੰਭ ਕੀਤਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦੀ ਵੈਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ।

ਜਿਵੇਂ ਜਿਹੜੇ ਦਰਖਤਾਂ ਦੀਆਂ ਜੜਾਂ ਹਰੀਆਂ ਨੇ ਉਹਨਾਂ ਨੂੰ ਬਾਹਰ ਪੱਤੇ ਆਉਂਦੇ ਨੇ, ਜਿਹੜੇ ਮਨੁੱਖਾਂ ਦੀ ਸ਼ਬਦ ਦੇ ਵਿੱਚ ਸੁਰਤ ਜੁੜੀ ਹੈ ਉਹਨਾਂ ਦੇ ਬਾਹਰ ਵੀ ਕੁਝ ਧਾਰਮਿਕ ਚਿੰਨ ਪ੍ਰਗਟ ਹੁੰਦੇ, ਔਰ ਹਰੇਕ ਮੱਤ ਦੇ ਵਿੱਚ ਵੀ ਉਹਨਾਂ ਦੇ ਬਾਹਰੀ ਨਿਸ਼ਾਨੀਆਂ ਨੂੰ ਦੇਖ ਕੇ, ਕੰਨਾਂ ਦੇ ਵਿੱਚ ਮੁੰਦਰਾਂ ਪਾਈਆਂ ਨੇ ਇਹ ਯੋਗ ਮੱਤ ਨੂੰ ਧਾਰਨ ਕਰਨ ਵਾਲਾ, ਮੱਥੇ ਤੇ ਟਿੱਕਾ ਲੱਗਿਆ ਪਤਾ ਲੱਗਦਾ ਵੀ ਇਹ ਇਹ ਸਨਾਤਨੀ ਹੈ, ਇਸੇ ਤਰ੍ਹਾਂ ਦੇ ਨਾਲ ਜੈਨੀ ਬੋਧੀ ਮੁਸਲਮਾਨ ਸਾਰਿਆਂ ਦੇ ਆਪੋ ਆਪਣੇ ਧਾਰਮਿਕ ਚਿੰਨ ਜਿਨਾਂ ਤੋਂ ਉਹਨਾਂ ਦੀ ਪਛਾਣ ਹੁੰਦੀ, ਖਾਲਸੇ ਦੀਆਂ ਪੰਜ ਨਿਸ਼ਾਨੀਆਂ ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ:-
1. ਕੇਸ ਗਿਆਨ ਦੀ ਮੋਹਰ ਨੇ, ਇਹ ਭਾਣਾ ਤੇ ਗਿਆਨ ਦਾ ਪ੍ਰਤੀਕ ਨੇ, ਕੇਸ ਇੱਕ ਸੀਮਾ ਤੱਕ ਵੱਧਦੇ ਨੇ, ਕੁਦਰਤ ਇਹਨਾਂ ਨੂੰ ਵਧਾਉਣਾ ਚਾਹੁੰਦੀ ਹੈ, ਤੇ ਇਹਨਾਂ ਦੇ ਵਾਧੇ ਵਿੱਚ ਰੁਕਾਵਟ ਨਾ ਪਾਉਣਾ ਭਾਣਾ ਮੰਨਣਾ, ਦੂਸਰਾ ਇਹ ਸਮਾਂ ਪਾ ਕਰਕੇ ਕਾਲੇ ਤੋਂ ਚਿੱਟੇ ਹੋ ਜਾਂਦੇ ਨੇ, ਇਹ ਮਨੁੱਖ ਨੂੰ ਗਿਆਨ ਦਿੰਦੇ ਨੇ ਵੀ ਤੇਰੀ ਜਵਾਨੀ ਬਤੀਤ ਹੋ ਗਈ ਹੈ ਹੁਣ ਬੁਢੇਪਾ ਆ ਗਿਆ ਤੇਰੇ ਕੋਲ ਬਹੁਤ ਸਮਾਂ ਥੋੜਾ ਰਹਿ ਗਿਆ,
ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ।।
ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ।। ( ਅੰਗ 1378 ), ਇਹ ਸਿਰ ਦੇ ਕੇਸ ਮੁੱਛਾਂ ਦਾੜੀ ਸਰੀਰ ਦੀ ਯਾਤਰਾ ਦਾ ਗਿਆਨ ਦਿੰਦੇ ਨੇ:-

2. ਕੰਘਾ: ਕੰਘਾ ਕੇਸਾਂ ਦੀ ਸਫਾਈ ਸਰੀਰ ਦੇ ਬਾਕੀ ਅੰਗਾਂ ਦੀ ਤਰ੍ਹਾਂ ਜਰੂਰੀ ਹੈ, ਕੰਘਾ ਕੇਸਾਂ ਦੀ ਸਫਾਈ ਕਰਦਾ, ਭੰਗਾਣੀ ਦੀ ਜੰਗ ਤੋਂ ਬਾਅਦ ਜਦ ਕਲਗੀਧਰ ਮਹਾਰਾਜ ਨੇ ਪੀਰ ਬੁੱਧੂ ਸ਼ਾਹ ਨੂੰ ਕੁਝ ਮੰਗਣ ਵਾਸਤੇ ਆਖਿਆ ਤਾਂ ਉਹਨੇ ਕਲਗੀਧਰ ਮਹਾਰਾਜ ਤੋਂ ਉਨਾਂ ਦੇ ਕੇਸਾਂ ਦੇ ਸਮੇਤ ਕੰਘੇ ਨੂੰ ਮੰਗਿਆ।

3. ਕੜਾ: ਕਰ ਦੇ ਵਿੱਚ ਪਾਉਣ ਦੇ ਕਰਕੇ ਇਸ ਦਾ ਨਾਮ ਕੜਾ ਪਿਆ
ਕਰ ਪੜਾ – ਕੜਾ, ਇਸ ਕਰਮ ਇੰਦਰੇ ਦੇ ਨਾਲ ਮਨੁੱਖ ਆਪਣੀ ਕਰਨੀ ਕਰਦਾ, ਮਨ ਦੀ ਤਲ ਤੇ ਗੁਰੂ ਦਾ ਉਪਦੇਸ਼ ਮਾੜੇ ਕਰਮ ਨਾ ਕਰਨ ਦਾ, ਸਰੀਰਕ ਤਲ ਤੇ ਹੱਥ ਦੇ ਵਿੱਚ ਪਾਇਆ ਹੋਇਆ ਕੜਾ ਮੰਦੀ ਕਰਮ ਤੋਂ ਰੋਕਣ ਦਾ ਪ੍ਰਤੀਕ ਹੈ।

4. ਕਛਹਿਰਾ ਕਮਰ ਛਪਾਉਣ ਹਿੱਤ ਪਹਿਰਾ, ਫਾਰਸੀ ਦੇ ਵਿੱਚ ਲੱਕ ਨੂੰ ਕਮਰ ਆਖਦੇ ਨੇ, ਮਨ ਦੇ ਤਲ ਤੇ ਜਤ ਜੋ ਤਿਆਗ, ਆਪਣੀ ਪਤਨੀ ਤੋਂ ਬਿਨਾਂ ਬਾਕੀ ਸਾਰੀਆਂ ਇਸਤਰੀਆਂ ਨੂੰ ਮਾਵਾਂ ਭੈਣਾਂ ਧੀਆਂ ਜਾਨਣਾ
ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ।।

5. ਕਿਰਪਾਨ ਕਕਾਰਾਂ ਦੇ ਵਿੱਚ ਇੱਕ ਕਕਾਰ ਕਿਰਪਾਨ ਹੈ, ਜੋ ਕਿ ਜੰਗ ਦੇ ਵਿੱਚ ਸ਼ਸਤਰ ਦੇ ਤੌਰ ਤੇ ਵਰਤੀ ਜਾਂਦੀ ਹੈ,
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਨੇ ਦੋ ਕਿਰਪਾਨਾਂ ਧਾਰਨ ਕੀਤੀਆਂ, ਔਰ ਵੈਰੀਆਂ ਦੇ ਨਾਲ ਜੰਗ ਕਰਕੇ ਉਹਨਾਂ ਨੂੰ ਨਾਸ ਵੀ ਕੀਤਾ, ਔਰ ਉਨਾਂ ਦੇ ਇਹ ਜੰਗ ਪਰਉਪਕਾਰ ਹਿੱਤ ਨੇ, ਦੁਸ਼ਟਾਂ ਦੇ ਉੱਪਰ ਪਰਉਪਕਾਰ ਕਰਨਾ ਉਹਨਾਂ ਦਾ ਨਾਸ ਕਰਕੇ ਇਸ ਵਾਸਤੇ ਨਾਮ ਕਿਰਪਾ ਆਨ ਕਿਰਪਾਨ ਪਿਆ,
ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਰਨ ਮੰਡੰ ਬਰਬੰਡੰ
ਭੁਜ ਦੰਡ ਅਖੰਡੰ ਤੇਜ਼ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ
ਸੁਖ ਸੰਤਾਂ ਕਰਨੰ ਦੁਰਮਤ ਹਰਣੰ ਕਿਲਵਿਖ ਹਰਨੰ ਅਸ ਸਰਣੰ।।
ਜੈ ਜੈ ਜਗ ਕਾਰਨ ਸ੍ਰਿਸਟਿ ਉਬਾਰਨ ਮਮ ਪ੍ਰਤਿ ਪਾਰਨ ਜੈ ਤੇਗੰ।।

ਕਲਗੀਧਰ ਮਹਾਰਾਜ ਵੀ ਇਸ ਦੀ ਬੜੀ ਮਹਿਮਾ ਗਾਇਨ ਕਰਦੇ ਨੇ ਕਿ ਇਹ ਮੂਰਖਾਂ ਨੂੰ ਨਾਸ ਕਰਨ ਵਾਲੀ ਹੈ ਸੰਤਾਂ ਨੂੰ ਸੁੱਖ ਦੇਣ ਵਾਲੀ ਹੈ।