199 views 12 secs 0 comments

ਵੱਡਾ ਘੱਲੂਘਾਰਾ

ਲੇਖ
January 31, 2025

ਲਾਹੌਰ ਦੀ ਜਿੱਤ ਮਗਰੋਂ ਇਕ ਨਵੇਂ ਦੌਰ ਦਾ ਅਰੰਭ ਹੋਇਆ। ਇਤਿਹਾਸ ਦਾ ਰੁਖ਼ ਬਦਲ ਗਿਆ। ਲਾਹੌਰ ‘ਤੇ ਭਾਵੇਂ ਸਿੱਖਾਂ ਦਾ ਪੂਰੀ ਤਰ੍ਹਾਂ ਕਬਜ਼ਾ ਨਹੀਂ ਸੀ ਹੋਇਆ ਪਰ ਉਨ੍ਹਾਂ ਦੀ ਜਿੱਤ ਨਾਲ ਹਿੰਦੁਸਤਾਨ ਵਿਚ ਅਫ਼ਗਾਨੀ ਸਲਤਨਤ ਦੀਆਂ ਦੀਵਾਰਾਂ ਹਿੱਲ ਗਈਆਂ। ਹੁਣ ਸਿੱਖਾਂ ਨੇ ਆਪਣੇ ਆਪ ਨੂੰ ਮੁੜ ਕੇ ਸੰਗਠਿਤ ਕੀਤਾ। ਜਿਸ ਤਰ੍ਹਾਂ ਕਿ ਗੁਰਮਤਾ ਪਾਸ ਕੀਤਾ ਜਾ ਚੁੱਕਿਆ ਸੀ, ਸਿੱਖਾਂ ਦਾ ਧਿਆਨ ਜੰਡਿਆਲੇ ਦੇ ਆਕਲ ਦਾਸ ਵੱਲ ਗਿਆ ਜਿਸ ਨੇ ਸਿੱਖਾਂ ਵਿਰੁੱਧ ਮੁਗ਼ਲ ਹਾਕਮਾਂ ਦਾ ਸਾਥ ਦਿੱਤਾ ਸੀ। ਆਕਲ ਦਾਸ ਦੇ ਵਡੇਰੇ ਨਰਿੰਜਨੀਏ ਸਦਾ ਮੁਗ਼ਲ ਹਾਕਮਾਂ ਦਾ ਸਾਥ ਦਿੰਦੇ ਸਨ। ਇਹ ਨਿਰਅਪਰਾਧੀ ਸਿੱਖਾਂ ਦਾ ਮੁਗ਼ਲ ਹਾਕਮਾਂ ਨੂੰ ਪਤਾ ਦੱਸਦੇ ਸਨ ਅਤੇ ਮਗਰੋਂ ਉਨ੍ਹਾਂ ਨੂੰ ਫੜ੍ਹ-ਫੜ੍ਹ ਕੇ ਲਾਹੌਰ ਭੇਜਦੇ ਸਨ। ਭਾਈ ਸੁੱਖਾ ਸਿੰਘ ਨੂੰ ਗ੍ਰਿਫ਼ਤਾਰ ਕਰਵਾਉਣ ਵਾਲੇ ਵੀ ਇਹੋ ਲੋਕ ਸਨ ਤੇ ਮਗਰੋਂ ਉਸ ਦੀ ਸ਼ਹੀਦੀ ਵਿਚ ਵੀ ਇਨ੍ਹਾਂ ਨੇ ਆਪਣਾ ਹਿੱਸਾ ਪਾਇਆ। ਇਸ ਤੋਂ ਇਲਾਵਾ ਨਰਿੰਜਨੀਆਂ ਨੇ ਭਾਈ ਮਹਿਤਾਬ ਸਿੰਘ ਦੇ ਪਿੰਡ ‘ਤੇ ਹਮਲਾ ਕਰਵਾਇਆ ਤੇ ਉਸ ਦੇ ਪਰਵਾਰ ਨੂੰ ਮਰਵਾਇਆ।

ਆਕਲ ਦਾਸ ਨੇ ਆਪਣੇ ਆਪ ਨੂੰ ਅਹਿਮਦ ਸ਼ਾਹ ਅਬਦਾਲੀ ਅੱਗੇ ਲੰਮਾ ਪਾ ਦਿੱਤਾ ਸੀ। ਸਿੱਖਾਂ ਨੇ ਜੰਡਿਆਲੇ ਵੱਲ ਕੂਚ ਕੀਤਾ ਪਰ ਆਕਲ ਦਾਸ ਨੂੰ ਸੂਚਨਾ ਮਿਲ ਗਈ ਕਿ ਸਿੱਖ ਉਸ ਦੇ ਉੱਤੇ ਹਮਲਾ ਕਰਨ ਵਾਲੇ ਹਨ। ਉਸ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਸੁਨੇਹਾ ਭੇਜਿਆ ਕਿ ਉਹ ਝੱਟ-ਪਟ ਹਿੰਦੁਸਤਾਨ ‘ਤੇ ਹਮਲਾ ਕਰ ਦੇਵੇ। ਆਕਲ ਦਾਸ ਦਾ ਏਲਚੀ ਅਬਦਾਲੀ ਨੂੰ ਰੁਹਤਾਸ ਮਿਲਿਆ। ਅਬਦਾਲੀ ਪਹਿਲਾਂ ਹੀ ਉੱਥੇ ਪਹੁੰਚਿਆ ਹੋਇਆ ਸੀ। ਹੁਣ ਉਹ ਤੇਜ਼ੀ ਨਾਲ ਅੱਗੇ ਵਧਿਆ ਤੇ ੩ ਫਰਵਰੀ, ੧੭੬੨ ਨੂੰ ਲਾਹੌਰ ਪਹੁੰਚ ਗਿਆ।

ਸਿੱਖਾਂ ਨੇ ਜੰਡਿਆਲੇ ਨੂੰ ਘੇਰਾ ਪਾ ਲਿਆ ਸੀ। ਕੁਝ ਦਿਨਾਂ ਬਾਦ ਉਨ੍ਹਾਂ ਸ਼ਹਿਰ ਦਾ ਘੇਰਾ ਉਠਾ ਲਿਆ ਅਤੇ ਸਰਹਿੰਦ ਕੂਚ ਕੀਤਾ। ਜਦ ਅਬਦਾਲੀ ਜੰਡਿਆਲੇ ਪਹੁੰਚਿਆ ਤਾਂ ਸਿੱਖ ਉੱਥੋਂ ਜਾ ਚੁੱਕੇ ਸਨ। ਉਸ ਸਮੇਂ ਸਰਹਿੰਦ ਦਾ ਸੂਬੇਦਾਰ ਜੈਨ ਖਾਨ ਸੀ। ਅਬਦਾਲੀ ਜੰਡਿਆਲੇ ਤੋਂ ਲਾਹੌਰ ਪਰਤ ਗਿਆ ਜਿੱਥੇ ਉਸ ਨੂੰ ਪਤਾ ਚੱਲਿਆ ਕਿ ਮਲੇਰਕੋਟਲੇ ਦੇ ਨੇੜੇ ਸਿੱਖ ਸੈਨਾ ਤੇ ਜੈਨ ਖਾਨ ਦਾ ਟਕਰਾਉ ਹੋ ਰਿਹਾ ਹੈ। ਅਬਦਾਲੀ ਦੇ ਗੁੱਸੇ ਦਾ ਕੋਈ ਅੰਤ ਨਹੀਂ ਸੀ। ਉਹ ਸਿੱਖਾਂ ਦਾ ਬੀਜ ਨਾਸ ਕਰਨਾ ਚਾਹੁੰਦਾ ਸੀ। ਉਸ ਨੇ ਮਲੇਰਕੋਟਲੇ ਵੱਲ ਕੂਚ ਕੀਤਾ ਅਤੇ ੫ ਫਰਵਰੀ, ੧੭੬੨ ਨੂੰ ਆਪਣੀ ਸੈਨਾ ਸਹਿਤ ਉੱਥੇ ਪਹੁੰਚ ਗਿਆ। ਜਦ ਜੈਨ ਖਾਨ ਨੂੰ ਅਬਦਾਲੀ ਦੇ ਆਉਣ ਦੀ ਸੂਚਨਾ ਮਿਲੀ ਤਾਂ ਉਸ ਦਾ ਉਤਸ਼ਾਹ ਤੇ ਹੌਂਸਲਾ ਹੋਰ ਵੀ ਵੱਧ ਗਿਆ। ਉਸ ਨੇ ਸਿੱਖਾਂ ਉੱਤੇ ਜ਼ੋਰਦਾਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ।

ਸਵੇਰ ਦਾ ਵੇਲਾ, ਸਿੰਘ ਹਾਲੇ ਸਜੇ ਵੀ ਨਹੀਂ ਸਨ ਕਿ ਅਚਾਨਕ ਹਮਲਾ ਹੋ ਗਿਆ। ਅਬਦਾਲੀ ਨੇ ਆਪਣੀ ਸੈਨਾ ਨੂੰ ਦੋ ਭਾਗਾਂ ਵਿਚ ਵੰਡਿਆ। ਇਕ ਭਾਗ ਦੀ ਕਮਾਨ ਆਪ ਸੰਭਾਲੀ ਅਤੇ ਦੂਜੇ ਦੀ ਆਪਣੇ ਵਜ਼ੀਰ ਸ਼ਾਹ ਵਲੀ ਖਾਨ ਨੂੰ ਸੌਂਪੀ। ਉਨ੍ਹਾਂ ਸਿੱਖਾਂ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਸਿੱਖਾਂ ਦੀ ਕੁੱਲ ਗਿਣਤੀ ੫੦,੦੦੦ ਦੇ ਕਰੀਬ ਸੀ ਜਿਹੜੇ ਪਿੰਡ ਕੁੱਪ ਰੁਹੀੜੇ ਵਿਚ ਡੇਰਾ ਜਮਾਈ ਬੈਠੇ ਸਨ। ਪਿੰਡ ਕੁੱਪ ਰਹੀੜਾ ਮਲੇਰਕੋਟਲੇ ਤੋਂ ੮ ਕਿਲੋਮੀਟਰ ਦੀ ਦੂਰੀ ’ਤੇ ਹੈ। ਸਿੱਖਾਂ ਦੇ ਪਰਵਾਰ ਗੁਰਮਾ ਪਿੰਡ ਵਿਚ ਬੈਠੇ ਸਨ। ਜੈਨ ਖਾਨ ਸਿੱਖਾਂ ’ਤੇ ਟੁੱਟ ਕੇ ਪੈ ਗਿਆ ਤਾਂ ਜੋ ਉਹ ਪਿੰਡ ਗੁਰਮਾ ਆਪਣੇ ਪਰਵਾਰਾਂ ਕੋਲ ਨਾ ਪਹੁੰਚ ਸਕਣ। ਜੈਨ ਖਾਨ ਮੁਸ਼ਕਿਲ ਨਾਲ ਹਾਲੇ ਢਾਈ ਕਿਲੋਮੀਟਰ ਹੀ ਵਧਿਆ ਸੀ ਕਿ ਸਿੱਖ ਉਸ ਦੀ ਸੈਨਾ ‘ਤੇ ਟੁੱਟ ਪਏ। ਉਸ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਿੱਤੀ ਅਤੇ ਆਪਣੇ ਪਰਵਾਰਾਂ ਵੱਲ ਵਧਣ ਲੱਗੇ। ਜਦ ਉਹ ਗੁਰਮਾ ਪਿੰਡ ਵਿਚ ਦਾਖ਼ਲ ਹੋਣ ਲੱਗੇ ਤਾਂ ਅਫ਼ਗਾਨੀਆਂ ਨੇ ਜ਼ੋਰਦਾਰ ਹਮਲਾ ਕੀਤਾ। ਸਾਰੇ ਸਿੱਖ ਘੇਰੇ ਵਿਚ ਆ ਗਏ। ਉਨ੍ਹਾਂ ਨੇ ਜਮ ਕੇ ਲੜਾਈ ਲੜ੍ਹੀ। ਕੁਝ ਸਰਦਾਰਾਂ ਨੂੰ ਪਰਵਾਰਾਂ ਦੀ ਦੇਖ-ਭਾਲ ਲਈ ਭੇਜਿਆ ਤਾਂ ਜੋ ਵਹੀਰ ਨੂੰ ਬਰਨਾਲੇ ਪਹੁੰਚਾ ਦਿੱਤਾ ਜਾਵੇ। ਸਿੱਖਾਂ ਦੇ ਪੈਰ ਉਖੜ ਗਏ। ਬੇਅੰਤ ਸਿੱਖ ਸ਼ਹੀਦ ਹੋਏ। ਪਰਵਾਰਾਂ ਦੇ ਪਰਵਾਰ ਮਾਰੇ ਗਏ। ਵਹੀਰ ਦਾ ਬਹੁਤ ਨੁਕਸਾਨ ਹੋਇਆ। ਅਬਦਾਲੀ ਦੀ ਇਹ ਇੱਛਾ ਸੀ ਕਿ ਵਹੀਰ ਦੇ ਐਨ ਵਿਚਕਾਰ ਪਹੁੰਚ ਕੇ ਇਹੋ ਜਿਹਾ ਕਤਲ-ਏ-ਆਮ ਕੀਤਾ ਜਾਏ ਕਿ ਸਿੱਖਾਂ ਦੀ ਕਮਰ ਟੁੱਟ ਜਾਏ। ਅਬਦਾਲੀ ਦੀ ਚਾਲ ਸਿੱਖ ਸਮਝ ਗਏ।ਸਾਰੇ ਜਥੇ ਇਕੱਠੇ ਹੋ ਗਏ ਅਤੇ ਲੜਨ ਦੀ ਨਵੀਂ ਵਿਉਂਤ ਬਣਾਈ।

ਅਚਾਨਕ ਹਮਲਿਆਂ ਕਾਰਨ ਸਿੱਖ ਸਰਦਾਰਾਂ ਨੇ ਬੜੀ ਹੁਸ਼ਿਆਰੀ ਤੇ ਫੁਰਤੀ ਨਾਲ ਆਪਣੇ ਆਪ ਨੂੰ ਬਚਾਇਆ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਸ਼ਾਮ ਸਿੰਘ ਅਤੇ ਸਰਦਾਰ ਚੜਤ ਸਿੰਘ ਨੇ ਉਹ ਹੱਥ ਦਿਖਾਏ ਕਿ ਦੁਨੀਆ ਵੇਖ-ਸੁਣ ਕੇ ਦੰਗ ਰਹਿ ਗਈ। ਸਰਦਾਰ ਆਹਲੂਵਾਲੀਆ ਦੇ ਸਰੀਰ ’ਤੇ ੨੨ ਅਤੇ ਸ਼ੁਕਰਚੱਕੀਆ ਸਰਦਾਰ ਦੇ ਸਰੀਰ ‘ਤੇ ੧੯ ਜ਼ਖ਼ਮ ਆਏ।

ਤੋਪਾਂ ਦੀ ਗੜਗੜਾਹਟ ਮੈਦਾਨ-ਏ-ਜੰਗ ਵਿਚ ਗੂੰਜ ਰਹੀ ਸੀ। ਅਬਦਾਲੀ ਦੀ ਸੈਨਾ ੧,੫੦,੦੦੦ ਤੋਂ ਵੱਧ ਸੀ। ਸਿੱਖਾਂ ਵਿਚ ਦ੍ਰਿੜ੍ਹਤਾ ਅਤੇ ਨਿਸ਼ਚਾ ਸੀ। ਕੌਮ ਦਾ ਸਿਰ ਉੱਚਾ ਕਰਨ ਦੀ ਭਾਵਨਾ ਸੀ। ਹਜ਼ਾਰਾਂ ਬੁੱਢੇ, ਬੱਚੇ ਤੇ ਇਸਤਰੀਆਂ ਵੀ ਸ਼ਹੀਦ ਹੋਈਆਂ। ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਹਰ ਪਾਸੇ ਲਹੂ ਦਾ ਦਰਿਆ ਵਗ ਰਿਹਾ ਸੀ। ਕੱਟ-ਵੱਢ ਹੁੰਦੀ ਰਹੀ ਪਰ ਸਿੱਖ ਅੱਗੇ ਵਧਦੇ-ਵਧਦੇ ਰਾਤ ਪੈਣ ਤਕ ਕੁਤਬ ਪਿੰਡ ਪਹੁੰਚ ਗਏ। ਉੱਥੇ ਇਕ ਤਲਾਅ ਸੀ। ਅਬਦਾਲੀ ਦੀ ਸੈਨਾ ਨੇ ਰੱਜ ਕੇ ਪਾਣੀ ਪੀਤਾ। ਸਿੱਖਾਂ ਨੇ ਵੀ ਆਪਣੀ ਪਿਆਸ ਬੁਝਾਈ। ਇਕ ਪਾਸੇ ਅਫ਼ਗਾਨੀ ਤੇ ਦੂਜੇ ਪਾਸੇ ਸਿੱਖ ਪਾਣੀ ਪੀ ਰਹੇ ਸਨ। ਇੱਥੇ ਅਬਦਾਲੀ ਦੀ ਸੈਨਾ ਰਾਤ ਲਈ ਰੁਕ ਗਈ ਪਰ ਸਿੱਖ ਅੱਗੇ ਚੱਲਦੇ-ਚੱਲਦੇ ਬਰਨਾਲੇ ਜਾ ਪਹੁੰਚੇ।

ਸਿੱਖਾਂ ਦਾ ਬਹੁਤ ਨੁਕਸਾਨ ਹੋਇਆ। ਇੱਕੋ ਦਿਨ ਵਿਚ ਤਕਰੀਬਨ ੩੦,੦੦੦ ਸਿੱਖ ਸ਼ਹੀਦ ਹੋ ਗਏ। ਕੁੱਲ ਗਿਣਤੀ ੫੦,੦੦੦ ਤੇ ਸ਼ਹੀਦ ੩੦,੦੦੦। ਇਹੋ ਜਿਹੀ ਇੱਕਠਿਆਂ ਸ਼ਹਾਦਤ ਵਾਲੀ ਉਦਾਹਰਨ ਇਤਿਹਾਸ ਵਿਚ ਕਿਤੇ ਨਹੀਂ ਮਿਲਦੀ। ਇਸ ਖ਼ੂਨੀ ਘਟਨਾ ਨੂੰ ‘ਵੱਡਾ ਘੱਲੂਘਾਰਾ’ ਕਹਿ ਕੇ ਯਾਦ ਕੀਤਾ ਜਾਂਦਾ ਹੈ। ਸਿੱਖਾਂ ਦੇ ਮਨ ਛਲਣੀ ਹੋ ਗਏ ਜਦ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਪਵਿੱਤਰ ਬੀੜਾਂ ਦੇ ਸੜਨ ਦਾ ਪਤਾ ਲੱਗਾ।

ਅਬਦਾਲੀ ਨੇ ਸੋਚਿਆ ਸੀ ਕਿ ਸਿੱਖ ਹੁਣ ਮੁੜ ਕਦੇ ਵੀ ਨਹੀਂ ਉਠ ਸਕਣਗੇ। ਅੱਧੀ ਤੋਂ ਵੱਧ ਕੌਮ ਸ਼ਹੀਦ, ਉਸ ਦਾ ਸੋਚਣਾ ਸੁਭਾਵਕ ਸੀ ਪਰ ਉਸ ਦਾ ਅੰਦਾਜ਼ਾ ਗਲਤ ਨਿਕਲਿਆ। ਸਿੱਖਾਂ ਨੂੰ ਮੌਤ ਨਾ ਡਰਾ ਸਕੀ। ਜ਼ੁਲਮ ਉਨ੍ਹਾਂ ਨੂੰ ਦਬਾ ਨਾ ਸਕਿਆ। ਲੜਾਈ ਤੋਂ ਅਗਲੇ ਦਿਨ ਸਿੱਖਾਂ ਨੇ ਅਕਾਲ ਪੁਰਖ ਅੱਗੇ ਮੁੜ ਚੜ੍ਹਦੀ ਕਲਾ ਲਈ ਅਰਦਾਸ ਕੀਤੀ, ਜਿਸ ਸਦਕਾ ਸਿੱਖਾਂ ਨੇ ਤਿੰਨਾਂ ਮਹੀਨਿਆਂ ਦੇ ਵਿਚ-ਵਿਚ ਸਰਹਿੰਦ ਉੱਤੇ ਹਮਲਾ ਕਰ ਕੇ ਜੈਨ ਖਾਨ ਕੋਲੋਂ ਈਨ ਮਨਵਾਈ।

ਸਿੱਖ ਬਰਨਾਲੇ ਪਹੁੰਚ ਗਏ। ਉਨ੍ਹਾਂ ਨੂੰ ਪੂਰੀ ਆਸ ਸੀ ਕਿ ਪਟਿਆਲੇ ਦਾ ਆਲਾ ਸਿੰਘ ਉਨ੍ਹਾਂ ਦੀ ਪੂਰੀ ਸਹਾਇਤਾ ਕਰੇਗਾ ਪਰ ਆਲਾ ਸਿੰਘ ਨੇ ਆਪਣੀ ਨਿਰਪੱਖਤਾ ਦੀ ਪੁਰਾਣੀ ਨੀਤੀ ਅਪਣਾਈ ਰੱਖੀ। ਉਹ ਪਟਿਆਲਾ ਛੱਡ ਕੇ ਡੰਡਹੂਟਾ, ਜਿਹੜਾ ਉੱਥੋਂ ੨੫ ਕਿਲੋਮੀਟਰ ਦੂਰ ਸੀ, ਜਾ ਡੇਰਾ ਜਮਾਇਆ।

ਅਹਿਮਦ ਸ਼ਾਹ ਚਾਹੁੰਦਾ ਸੀ ਕਿ ਆਲਾ ਸਿੰਘ ਨੂੰ ਚਾਹੀਦਾ ਹੈ ਕਿ ਉਹ ਉਸ ਦੇ ਦਰਬਾਰ ਵਿਚ ਆ ਕੇ ਸਜਦਾ ਕਰੇ ਕਿਉਂਕਿ ਉਹ ਉਸ ਦੇ ਇਲਾਕੇ ਵਿਚ ਆਇਆ ਹੋਇਆ ਹੈ। ਆਲਾ ਸਿੰਘ ਦੁਚਿੱਤੀ ਵਿਚ ਫੱਸਿਆ ਹੋਇਆ ਸੀ। ਜੇ ਉਹ ਅਬਦਾਲੀ ਅੱਗੇ ਝੁਕਦਾ ਹੈ ਤਾਂ ਸਿੱਖ ਉਸ ਨਾਲ ਸਖਤ ਨਰਾਜ਼ ਹੋ ਜਾਣਗੇ ਅਤੇ ਜੇ ਉਹ ਨਹੀਂ ਜਾਂਦਾ ਤਾਂ ਅਬਦਾਲੀ ਦੀ ਕਰੋਪੀ ਦਾ ਸ਼ਿਕਾਰ ਹੁੰਦਾ ਹੈ। ਅੰਤ ਬੜੀ ਸੋਚ ਵਿਚਾਰ ਮਗਰੋਂ ਉਸ ਨੇ ਅਬਦਾਲੀ ਨੂੰ ਨਾ ਮਿਲਣ ਦਾ ਨਿਸ਼ਚਾ ਕੀਤਾ। ਆਲਾ ਸਿੰਘ ਦੇ ਦੋਖੀ ਹਰਕਤ ਵਿਚ ਆ ਗਏ ਅਤੇ ਅਬਦਾਲੀ ਦੇ ਕੰਨ ਭਰਨ ਲੱਗੇ। ਇਨ੍ਹਾਂ ਦੋਖੀਆਂ ਵਿਚ ਮਲੇਰਕੋਟਲੇ ਦਾ ਨਵਾਬ, ਲਛਮੀ ਨਰਾਇਣ, ਜੈਨ ਖਾਨ ਦਾ ਦੀਵਾਨ ਅਤੇ ਰਾਏ ਕੋਟ ਦਾ ਰਾਏ ਸ਼ਾਮਲ ਸੀ। ਇਸ ਦਾ ਸਿੱਟਾ ਇਹ ਨਿਕਲਿਆ ਕਿ ਅਬਦਾਲੀ ਦੀ ਸੈਨਾ ਨੇ ਬਰਨਾਲੇ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਉਸ ਨੂੰ ਅੱਗ ਲਗਾ ਦਿੱਤੀ ਅਤੇ ਆਲੇ ਦੁਆਲੇ ਦਾ ਸਾਰਾ ਇਲਾਕਾ ਉਜਾੜ ਦਿੱਤਾ। ਫਿਰ ਅਬਦਾਲੀ ਡੰਡਹੂਟਾ ਵੱਲ ਵਧਿਆ ਪਰ ਆਲਾ ਸਿੰਘ ਉੱਥੋਂ ਨਿਕਲ ਗਿਆ। ਉਹ ਨਜੀਬ-ਉਦ-ਦੌਲਾ ਨੂੰ ਮਿਲਿਆ ਜਿਸ ਨੇ ਆਲਾ ਸਿੰਘ ਨੂੰ ਅਬਦਾਲੀ ਦੇ ਸਾਹਮਣੇ ਪੇਸ਼ ਹੋਣ ਦਾ ਸੁਝਾਅ ਦਿੱਤਾ। ਆਲਾ ਸਿੰਘ ਲਈ ਹੋਰ ਕੋਈ ਚਾਰਾ ਨਹੀਂ ਸੀ। ਉਹ ਅਬਦਾਲੀ ਦੇ ਸਾਹਮਣੇ ਪੇਸ਼ ਹੋਇਆ ਜਿਸ ਨੇ ਉਸ ਦੇ ਕੇਸ ਕੱਟੇ ਜਾਣ ਦਾ ਹੁਕਮ ਦਿੱਤਾ। ਆਲਾ ਸਿੰਘ ਨੇ ਸਵਾ ਲੱਖ ਰੁਪਏ ਦੇ ਕੇ ਆਪਣੇ ਕੇਸਾਂ ਦੀ ਰੱਖਿਆ ਕੀਤੀ। ਇਹ ਵੀ ਦੱਸਿਆ ਜਾਂਦਾ ਹੈ ਕਿ ਆਲਾ ਸਿੰਘ ਦੀ ਰਾਣੀ ਬੀਬੀ ਫੱਤੂ ਨੇ ੪ ਲੱਖ ਰੁਪਿਆ ਅਬਦਾਲੀ ਨੂੰ ਹੋਰ ਭੇਂਟ ਕੀਤਾ ਤਾਂ ਜੋ ਉਸ ਨੂੰ ਕੋਈ ਹਾਨੀ ਨਾ ਪਹੁੰਚਾਈ ਜਾਏ। ਅਬਦਾਲੀ ਨੇ ਵੀ ਨਰਮ ਵਤੀਰਾ ਅਪਣਾਇਆ ਅਤੇ ਆਲਾ ਸਿੰਘ ਨੂੰ ਬਖ਼ਸ਼ ਦਿੱਤਾ। ਉਸ ਨੂੰ ਖਿਲਅਤ ਪੇਸ਼ ਕੀਤੀ ਗਈ ਅਤੇ ਸਰਹਿੰਦ ਦੇ ਸੂਬੇਦਾਰ ਦੇ ਨਾਂ ’ਤੇ ਇਕ ਫੁਰਮਾਨ ਜਾਰੀ ਕੀਤਾ ਗਿਆ ਕਿ ਆਲਾ ਸਿੰਘ ਦੀਆਂ ਜਬਤ ਕੀਤੀਆਂ ਹੋਈਆਂ ਜਾਗੀਰਾਂ ਉਸ ਨੂੰ ਮੋੜ ਦਿੱਤੀਆਂ ਜਾਣ। ਆਲਾ ਸਿੰਘ ਨੂੰ ਰਾਜਾ ਦਾ ਖ਼ਿਤਾਬ ਦਿੱਤਾ ਗਿਆ ਅਤੇ ਉਸ ਦੇ ਬਦਲੇ ਵਿਚ ਸਲਾਨਾ ਖਰਾਜ ਦੇਣਾ ਮੰਨ ਲਿਆ। ਆਲਾ ਸਿੰਘ ਨੇ ਸ਼ਾਹ ਦੇ ਨਾਂ ਦਾ ਇਕ ਸਿੱਕਾ ਜਾਰੀ ਕੀਤਾ। ੧੫ ਫਰਵਰੀ, ੧੭੬੨ ਨੂੰ ਅਬਦਾਲੀ ਲਾਹੌਰ ਲਈ ਚੱਲ ਪਿਆ। ਉਹ ਆਪਣੇ ਨਾਲ ਸਿੱਖਾਂ ਦੇ ਸਿਰਾਂ ਦੇ ਪੰਜਾਹ ਗੱਡੇ ਭਰ ਕੇ ਲੈ ਗਿਆ। ਜਿਹੜੇ ਸਿੱਖ ਕੈਦੀ ਬਣਾਏ ਗਏ ਸਨ, ਉਹ ਵੀ ਨਾਲ ਲੈ ਤੁਰਿਆ। ਅਬਦਾਲੀ ੩ ਮਾਰਚ, ੧੭੬੨ ਤੋਂ ੧੭ ਦਸੰਬਰ, ੧੭੬੨ ਤਕ ਲਾਹੌਰ ਰਿਹਾ।

ਲਾਹੌਰ ਵਿਚ ਸਿੱਖਾਂ ਦੇ ਸਿਰਾਂ ਦੇ ਮਿਨਾਰ ਖੜੇ ਕੀਤੇ ਗਏ। ਸ਼ਹਿਰ ਦੀਆਂ ਮਸੀਤਾਂ ਨੂੰ ਸਿੱਖਾਂ ਦੇ ਖ਼ੂਨ ਨਾਲ ਧੋਤਾ ਗਿਆ। ਅਬਦਾਲੀ ਕੁਝ ਮਹੀਨਾ ਲਾਹੌਰ ਟਿਕਿਆ ਤਾਂ ਜੋ ਸਿੱਖ ਮੁੜ ਕੇ ਸਿਰ ਨਾ ਚੁੱਕ ਸਕਣ। ਉਸ ਨੇ ਆਪਣੇ ਖ਼ਜ਼ਾਨੇ ਨੂੰ ਵੀ ਭਰਨ ਦਾ ਯਤਨ ਕੀਤਾ। ਉਸ ਨੇ ਆਪਣੇ ਹਿੰਦੁਸਤਾਨੀ ਸਾਥੀਆਂ ਨੂੰ ਲਿਖਿਆ ਕਿ ਉਹ ਆਪਣੇ ਪ੍ਰਤੀਨਿਧ ਉਸ ਦੇ ਕੋਲ ਭੇਜਣ। ਮਰਹੱਟਿਆਂ ਦੇ ਦਿੱਲੀ ਵਿਚ ਰਹਿੰਦੇ ਰਾਜਦੂਤਾਂ ਬਾਪੂ ਅਤੇ ਪਰਸ਼ੋਤਮ ਨੂੰ ਚਿੱਠੀ ਲਿਖੀ। ਉਹ ਅਬਦਾਲੀ ਦੇ ਦਰਬਾਰ ਵਿਚ ਹਾਜ਼ਰ ਹੋਏ। ਪੇਸ਼ਵਾ ਨਾਲ ਉਨ੍ਹਾਂ ਰਾਹੀਂ ਗੱਲਬਾਤ ਹੋਈ। ਪੇਸ਼ਵਾ ਹਾਜ਼ਰ ਹੋਇਆ ਅਤੇ ਉਸ ਦੇ ਅਧਿਕਾਰਾਂ ਨੂੰ ਮੰਨ ਲਿਆ ਗਿਆ। ਅਬਦਾਲੀ ਅਤੇ ਪੇਸ਼ਵਾ ਵਿਚ ਮਿੱਤਰਤਾ ਹੋ ਗਈ।

੧੦ ਅਪ੍ਰੈਲ, ੧੭੬੨ ਨੂੰ ਲਾਹੌਰ ਤੋਂ ਅਬਦਾਲੀ ਸ੍ਰੀ ਅੰਮ੍ਰਿਤਸਰ ਪਹੁੰਚਿਆ। ਉਸ ਨੇ ਹੁਕਮ ਦਿੱਤਾ ਕਿ ਸ੍ਰੀ ਹਰਿਮੰਦਰ ਨੇ ਸਾਹਿਬ ਨੂੰ ਤੋਪਾਂ ਬੀੜ ਕੇ ਉਡਾ ਦਿੱਤਾ ਜਾਵੇ। ਸ੍ਰੀ ਹਰਿਮੰਦਰ ਸਾਹਿਬ ਉਡਾ ਦਿੱਤਾ ਗਿਆ, ਬੁੰਗੇ ਢਾਹ ਦਿੱਤੇ ਗਏ। ਪਵਿੱਤਰ ਸਰੋਵਰ ਨੂੰ ਪੂਰ ਦਿੱਤਾ ਗਿਆ। ਅਬਦਾਲੀ ਚਾਹੁੰਦਾ ਸੀ ਕਿ ਸਿੱਖਾਂ ਦੀ ਸ਼ਕਤੀ ਦਾ ਸੋਮਾ ਹੀ ਜੜ੍ਹੋਂ ਉਖਾੜ ਦਿੱਤਾ ਜਾਏ। ਦੱਸਿਆ ਜਾਂਦਾ ਹੈ ਕਿ ਜਦ ਅਬਦਾਲੀ ਤੋਪਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਨੂੰ ਉਡਾ ਰਿਹਾ ਸੀ ਤਾਂ ਇਕ ਇੱਟ ਆ ਕੇ ਉਸ ਦੀ ਨੱਕ ‘ਤੇ ਵੱਜੀ ਅਤੇ ਜਿਹੜਾ ਜ਼ਖ਼ਮ ਉਸ ਦੇ ਨੱਕ ‘ਤੇ ਹੋਇਆ ਉਹ ਕੈਂਸਰ ਦਾ ਰੂਪ ਧਾਰਨ ਕਰ ਗਿਆ ਤੇ ਉਸ ਦੇ ਲਈ ਜਾਨ-ਲੇਵਾ ਸਾਬਤ ਹੋਇਆ।

-ਸ. ਸੁਰਿੰਦਰ ਸਿੰਘ
ਡੀ/5, ਸਰਿਤਾ ਵਿਹਾਰ, ਮਥੁਰਾ ਰੋਡ, ਨਵੀਂ ਦਿੱਲੀ-110044