125 views 7 secs 0 comments

ਸਗ

ਲੇਖ
May 06, 2025
ਸਗ

ਗਿਆਨੀ ਗੁਰਜੀਤ ਸਿੰਘ ਪਟਿਆਲਾ (ਮੁੱਖ ਸੰਪਾਦਕ)

ਫਾਰਸੀ ਭਾਸ਼ਾ ਦਾ ਸ਼ਬਦ ‘ਸਗ’ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਪਾਵਨ ਸ਼ਬਦ ਦੇ ਵਿੱਚ ਕੇਵਲ ਇੱਕੋ ਵਾਰ ਆਇਆ, ਪਹਿਲੇ ਪਾਤਸ਼ਾਹ ਆਪਣੇ ਆਪ ਨੂੰ ਸਗ ਦੇ ਨਾਮ ਨਾਲ ਸੰਬੋਧਨ ਕਰਦੇ ਹਨ:-

ਸਗ ਨਾਨਕ ਦੀਬਾਨ ਮਸਤਾਨਾ ਨਿਤ ਚੜੈ ਸਵਾਇਆ।।
( ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1291)

ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’, ਭਾਈ ਵੀਰ ਸਿੰਘ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ , ਪ੍ਰੋਫੈਸਰ ਸਾਹਿਬ ਸਿੰਘ ‘ਗੁਰਬਾਣੀ ਪਾਠ ਦਰਪਣ’ ਦੇ ਵਿੱਚ ਇਸ ਨੂੰ ਫਾਰਸੀ ਦਾ ਸ਼ਬਦ ਲਿਖ ਕੇ ਅਰਥ ਕੁੱਤਾ ਕਰਦੇ ਹਨ।
ਵੱਖ ਵੱਖ ਥਾਵਾਂ ਦਾ ਮੌਸਮ, ਮਨੁੱਖਾਂ ਦਾ ਰੰਗ, ਰੂਪ ਤੇ ਬੋਲੀ ਅਲੱਗ-ਅਲੱਗ ਹੁੰਦੀ ਹੈ, ਠੀਕ ਇਸੇ ਤਰ੍ਹਾਂ ਦੇ ਨਾਲ ਦੂਸਰਿਆਂ ਨੂੰ ਦੇਖਣ ਦਾ ਨਜ਼ਰੀਆ ਵੀ ਵੱਖਰਾ ਹੁੰਦਾ ਹੈ, ਜਿੱਥੇ ਸੰਸਕ੍ਰਿਤ ਬੋਲਣ ਵਾਲਿਆਂ ਨੇ ਇਹ ਗੁਣ ਦੇਖਿਆ ਕਿ ਇਹ ਆਪਣੇ ਸੁਆਮੀ ਦੀ ਪਹਿਚਾਣ ਕਰਦਾ ਹੈ, ਉਹਨਾਂ ਨੇ ਨਾਮ ਰੱਖਿਆ ਸੁਆਨ। ਉਸੇ ਤਰ੍ਹਾਂ ਦੇ ਨਾਲ ਫ਼ਾਰਸੀ ਬੋਲਣ ਵਾਲਿਆਂ ਨੇ ਗਹਿਰਾਈ ਦੇ ਨਾਲ ਇਹ ਦੇਖਿਆ ਕਿ ਇਹ ਰਾਤ ਨੂੰ ਜਾਗਦਾ ਤੇ ਤੁਰਦਾ ਫਿਰਦਾ ਬਹੁਤ ਹੈ, ਫਾਰਸੀ ਦੇ ਵਿੱਚ ਰਾਤ ਨੂੰ ਸ਼ਬ ਤੇ ਚਲਣ ਫਿਰਨ ਨੂੰ ਗਸ਼ਤ ਕਹਿੰਦੇ ਨੇ:-

ਸਗ = ਸਬ਼ ਗਸ਼ਤ ਦਾ ਸੰਖੇਪ ਹੈ।
ਪਹਿਲੇ ਪਾਤਸ਼ਾਹ ਦੀ ਤਿਲੰਗ ਰਾਗ ਵਿੱਚ ਪਾਵਨ ਬੋਲ ਨੇ:-

ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ।।
ਗਾਹੇ ਨ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ।। ( ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 721)

ਸੂਫੀ ਸ਼ਾਇਰ ਬੁੱਲੇ ਸ਼ਾਹ ਵੀ ਆਪਣੀ ਰੁਬਾਈ ਦੇ ਵਿੱਚ ਸਗ ਦੀ ਇਸ ਕਿਰਿਆ ਦਾ ਜ਼ਿਕਰ ਕਰਦੇ ਨੇ:-
ਰਾਤੀ ਜਾਗੇ ਕਰੇ ਇਬਾਦਤ
ਰਾਤੀ ਜਾਗਣ ਕੁਤੇ ਤੈਥੋਂ ਉੱਤੇ।
ਭੌਂਕਣੋ ਬੰਦ ਮੂਲ ਨਾ ਹੁੰਦੇ
ਜਾ ਰੂੜੀ ‘ਤੇ ਸੁੱਤੇ ਤੈਥੋਂ ਉੱਤੇ ।
ਖਸਮ ਆਪਣੇ ਦਾ ਦਰ ਨਾ ਛਡਦੇ
ਭਾਵੇਂ ਵਜਣ ਜੁੱਤੇ ਤੈਥੋਂ ਉੱਤੇ।
ਬੁੱਲੇ੍ ਸ਼ਾਹ ਕੋਈ ਵਕਤ ਵਿਆਜ ਲੈ ਨਹੀਂ ਤਾਂ
ਬਾਜ਼ੀ ਲੈ ਗਏ ਕੁਤੇ ਤੈਥੋਂ ਉੱਤੇ।