133 views 4 secs 0 comments

ਸਤਲੁਜ ਕੰਢੇ ਦੋ ਬਾਬਿਆਂ ਦੀ ਮੁਲਾਕਾਤ

ਲੇਖ
July 05, 2025

ਅੱਜ ਤੋਂ ਸੱਤ ਅੱਠ ਸਦੀਆਂ ਪਹਿਲਾਂ ਸਤਲੁਜ ਦਰਿਆ ਦੇ ਕੰਢੇ ਆਸਾ ਦੇਸ਼ ਵਿਚ ਅਜੋਧਨ ਨਗਰੀ ਲਾਗੇ ਇਕ ਵੱਡਾ ਪੱਤਣ ਸੀ, ਜਿਥੋਂ ਦੀ ਦਰਿਆ ਪਾਰ ਕੀਤਾ ਜਾਂਦਾ ਸੀ ਤੇ ਇਹ ਪੱਤਣ ਬਾਬਾ ਫ਼ਰੀਦ ਵਰਗੇ ਸੂਫ਼ੀ ਦਰਵੇਸ਼ ਦੀ ਚਰਣ-ਛੁਹ ਸਦਕਾ ਪਵਿੱਤਰ ‘ਪਾਕਪਟਨ’ ਕਹਾਇਆ। ਇਸ ਥਾਂ ਬਾਬਾ ਫ਼ਰੀਦ ਨੇ ਕਾਫ਼ੀ ਉਮਰ ਗੁਜ਼ਾਰੀ ਸੀ ਅਤੇ ਆਪਣੀ ਅਧਿਆਤਮਕ ਤੇ ਸਦਾਚਾਰਕ ਸਿੱਖਿਆ ਦਾ ਦਰਿਆ ਵਗਾਇਆ मी।
ਜਦੋਂ ਗੁਰੂ ਨਾਨਕ ਸਾਹਿਬ ਪਾਕਪਟਨ ਪਹੁੰਚੇ ਤਾਂ ਬਾਬੇ ਫ਼ਰੀਦ ਦੀ ਗੱਦੀ ਦਾ ਜਾਨਸ਼ੀਨ ਸ਼ੇਖ਼ ਇਬਰਾਹੀਮ ਸੀ। ਉਹ ਗੁਰੂ ਸਾਹਿਬ ਵਰਗੇ ਉੱਚੇ ਦਰਵੇਸ਼ ਮਹਾਂਪੁਰਸ਼ ਦਾ ਦਰਸ਼ਨ ਕਰ ਕੇ ਬਹੁਤ ਪ੍ਰਸੰਨ ਹੋਇਆ । ਗੁਰੂ ਨਾਨਕ ਸਾਹਿਬ ਰਬਾਬ ਨਾਲ ਤੌਹੀਦ ਦਾ ਇਹ ਰਾਗ ਅਲਾਪ ਰਹੇ ਸਨ :

ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ॥
ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥
(ਵਾਰ ਮਲਾਰ ਕੀ ਮਹਲਾ ੧, ਪੰਨਾ ੧੨੯੧)

ਸ਼ੇਖ਼ ਇਬਰਾਹੀਮ ਨੇ ਸਵਾਲ ਕੀਤਾ ਕਿ ਤੁਸੀਂ ਇਕ ਇਕ ਦੀ ਧੁਨਿ ਲਾ ਰਹੇ ਹੋ, ਪਰ ਹਿੰਦੂ ਆਖਦੇ ਹਨ ਕਿ ਅਸਾਡਾ ਰਾਮ ਹੋਰ ਹੈ ਤੇ ਮੁਸਲਮਾਨ ਕਹਿੰਦੇ ਹਨ ਕਿ ਅਸਾਡਾ ਅੱਲ੍ਹਾ ਹੋਰ ਹੈ । ਇਹ ਤਾਂ ਦੋ ਰੱਬ ਹੋ ਗਏ, ਅਸੀਂ ਕਿਸ ਨੂੰ ਧਿਆਈਏ :

ਏਕ ਸਾਹਿਬ ਤੇ ਦੁਇ ਹਦੀਂ, ਕਿਹੜਾ ਸੇਵੀ ਤੇ ਕਿਹੜਾ ਰੱਦੀ।
ਗੁਰੂ ਸਾਹਿਬ ਦਾ ਜਵਾਬ ਸੀ: ਹਿਕੋ ਸਾਹਿਬੁ ਹਿਕਾ ਹਦਿ, ਹਿਕੇ ਸੇਵਿ ਤੇ ਦੂਜਾ ਰਦਿ।

ਉਸ ਸਮੇਂ ਦੇਸ਼ ਵਿਚ ‘ਵਾਰ’ ਕਾਵਿ-ਰੂਪ ਬੜਾ ਪ੍ਰਚਲਿਤ ਸੀ ਤਾਂ ਸ਼ੇਖ਼ ਨੇ ਕਿਹਾ, “ਅਸਾਨੂੰ ਖ਼ੁਦਾ ਦੀ ਸਿਫ਼ਤਿ ਦੀ ਵਾਰ ਹੀ ਗਾ ਕੇ ਸੁਣਾਓ, ਕਿਉਂਕਿ ਵਾਰ ਰਚਨਾ ਲਈ ਦੁੱਹ ਦਾ ਹੋਣਾ ਜ਼ਰੂਰੀ ਹੈ—ਇਕ ਨਾਇਕ, ਇਕ ਪ੍ਰਤਿਨਾਇਕ। ਤੁਸੀਂ ਆਖਦੇ ਹੋ ਕਿ ਰੱਬ ਇਕ ਹੀ ਹੈ, ਫਿਰ ਜਦ ਵਾਰ ਰਚਨਾ ਕਰੋਗੇ ਤਾਂ ਦੂਜਾ ਕਿਸ ਨੂੰ ਖੜਾ ਕਰੋਗੇ, ਜਦੋਂ ਕਿ ਦੂਜਾ ਕੋਈ ਹੈ ਹੀ ਨਹੀਂ।” ਇਸ ਦੇ ਜਵਾਬ ਵਿਚ ਸਤਿਗੁਰਾਂ ਆਸਾ ਦੀ ਵਾਰ ਇਸੇ ਆਸਾ ਦੇਸ਼ ਦੀ ਧੁਨਿ ਵਿਚ ਗਾ ਕੇ ਉਚਾਰੀ, ਜਿਸ ਤੋਂ ਸ਼ੇਖ਼ ਇਬਰਾਹੀਮ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਨੇ ਆਪਣੇ ਬਜ਼ੁਰਗ ਬਾਬਾ ਫ਼ਰੀਦ ਦਾ ਕਲਾਮ ਵੀ ਸਤਿਗੁਰਾਂ ਦੇ ਭੇਟ ਕੀਤਾ। ਗੁਰੂ ਸਾਹਿਬ ਬਹੁਤ ਖ਼ੁਸ਼ ਹੋਏ, ਕਿਉਂਕਿ ਉਹ ਐਸੇ ਰੂਹਾਨੀ ਕਲਾਮ ਦੀ ਤਲਾਸ਼ ਵਿਚ ਸਨ।

(ੳ) ਬਾਬਾ ਫ਼ਰੀਦ ਨੇ ਕਿਸੇ ਸਮੇਂ ਚਿੰਤਾਤੁਰ ਹੋ ਕੇ ਲਿਖਿਆ ਸੀ ‘ਕਿ ਜਦੋਂ ਸਮਾਂ ਸੀ, ਉਦੋਂ ਬੇੜਾ ਤਿਆਰ ਨਹੀਂ ਕੀਤਾ। ਹੁਣ ਜਦੋਂ ਦਰਿਆ ਚੜ੍ਹ ਰਿਹਾ ਹੈ ਤੇ ਡਰਾਉਣੀਆਂ ਲਹਿਰਾਂ ਪਾਰ ਜਾਣੋਂ ਵਰਜ ਰਹੀਆਂ ਹਨ ਤਾਂ ਪਰਲੇ ਕਿਨਾਰੇ ਕੌਣ ਪੁੱਜ ਸਕੇਗਾ। ਜੇਕਰ ਆਪਣੇ ਮਾਲਕ ਨਾਲ ਮਿਲਾਪ ਵੀ ਨਾ ਹੋ ਸਕਿਆ ਤਾਂ ਫਿਰ ਕੁੱਖ ਹਰੀ ਨਹੀਂ ਹੋਵੇਗੀ ਤੇ ਛਾਤੀ ਵਿਚ ਦੁੱਧ ਤਾਂ ਕਿਥੋਂ ਆਉਣਾ ਹੈ। ਕੁਝ ਇਸ ਕਿਸਮ ਦੇ ਫ਼ਿਕਰੇ, ਬਾਬੇ ਫ਼ਰੀਦ ਦੇ ਉਸ ਹੂਕਾਂ ਭਰੇ ਗੀਤ ਵਿਚ ਰੂਹ ਨੂੰ ਫ਼ਿਕਰ ਲਾਉਂਦੇ ਦਿਸਦੇ ਸਨ:

ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥
(ਰਾਗੁ ਸੂਹੀ ਬਾਣੀ ਸੇਖ ਫਰੀਦ ਜੀ, ਪੰਨਾ ੭੯੪)

ਗੁਰੂ ਨਾਨਕ ਸਾਹਿਬ ਐਸੀ ਨਿਰਾਸਤਾ ਨੂੰ ਨੇੜੇ ਫਟਕਣ ਨਹੀਂ ਸੀ ਦਿੰਦੇ। ਉਨ੍ਹਾਂ ਆਖਿਆ ਕਿ ਕੋਈ ਗੱਲ ਨਹੀਂ, ਜੇ ਬੇੜਾ ਸਮੇਂ ਸਿਰ ਤਿਆਰ ਨਹੀਂ ਕੀਤਾ ਜਾ ਸਕਿਆ, ਤਾਂ ਹੁਣ ਵੀ ਵੇਲਾ ਹੈ ਕਿ ਇਸ ਬੇੜੇ ਨੂੰ ਬੰਨ੍ਹਣ ਦਾ ਉੱਦਮ ਕੀਤਾ ਜਾਵੇ ਤੇ ਪਾਰ ਬੈਠੇ ਸੱਜਣ ਨੂੰ ਮਿਲਣ ਦਾ ਉਪਰਾਲਾ ਕੀਤਾ ਜਾਵੇ:

ਜਪ ਤਪ ਕਾ ਬੰਧੁ ਬੇੜ੍ਹਲਾ ਜਿਤੁ ਲੰਘਹਿ ਵਹੇਲਾ ॥
ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ॥
(ਸੂਹੀ ਮਹਲਾ ੧, ਪੰਨਾ ੭੨੯)

(ਅ) ਫਿਰ ਬਾਬੇ ਫ਼ਰੀਦ ਨੇ ਤਾੜਨਾ ਕੀਤੀ ਕਿ ਰਾਤ ਦੇ ਪਹਿਲੇ ਪਹਿਰ ਰੂਹਾਨੀਅਤ ਦਾ ਫੁੱਲ ਖਿੜਦਾ ਤੇ ਦੂਜੇ ਪਹਿਰ ਫਲ ਲੱਗਦਾ ਹੈ। ਜੋ ਜਾਗਦੇ ਹਨ; ਕੇਵਲ ਉਹੋ ਇਸ ਦਾਤ ਤੋਂ ਲਾਹਾ ਲੈ ਸਕਦੇ ਹਨ :
ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥
ਜੋ ਜਾਗੰਨਿ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥
(ਸਲੋਕ ਸੇਖ ਫਰੀਦ ਜੀ, ਅੰਗ ੧੩੮੪)

ਬਾਬੇ ਨਾਨਕ ਨੇ ਕਿਹਾ ਕਿ ਮਾਯੂਸ ਹੋਣ ਵਾਲੀ ਕੋਈ ਗੱਲ ਨਹੀਂ। ਠੀਕ ਹੈ ਕਿ ਸਾਰੇ ਲੋਕ ਪਹਿਲੇ ਜਾਂ ਦੂਜੇ ਪਹਿਰ ਜਾਗ ਨਹੀਂ ਸਕਦੇ, ਪਰ ਇਹ ਵੀ ਗੱਲ ਯਾਦ ਰੱਖਣ ਵਾਲੀ ਹੈ ਕਿ ਮਾਲਕ ਬੜਾ ਮਿਹਰਵਾਨ ਹੈ, ਕਈ ਵਾਰ ਉਹ ਸੁੱਤਿਆਂ ਨੂੰ ਹਲੂਣਾ ਦੇ ਕੇ ਖ਼ੁਦ ਉਠਾ ਲੈਂਦਾ ਹੈ ਤੇ ਆਪਣੇ ਨਾਮ ਦਾ ਜਾਪ ਪਿਲਾ ਦਿੰਦਾ ਹੈ। ਇਹ ਉਸ ਦੀ ਦਾਤ ਹੈ, ਸਾਡੇ ਤਪ ਤੇ ਸਾਡੀ ਘਾਲ ਦਾ ਸਿੱਟਾ ਨਹੀਂ:

ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥
ਇਕਿ ਜਾਗੰਦੇ ਨਾ ਲਹਨਿ
ਇਕਨਾ ਸੁਤਿਆ ਦੇਇ ਉਠਾਲਿ ॥੧੧੩॥
(ਸਲੋਕ ਫਰੀਦ ਜੀ, ਅੰਗ ੧੩੮੪)

(ੲ) ਫਿਰ ਬਾਬੇ ਫ਼ਰੀਦ ਨੇ ਆਖਿਆ ਕਿ ਮੈਂ ਆਪਣੇ ਜਿਸਮ ਨੂੰ ਤੰਦੂਰ ਵਾਂਗ ਤਪਾਣ ਲਈ ਤਿਆਰ ਹਾਂ ਤੇ ਇਸ ਵਿਚ ਆਪਣੇ ਹੱਡਾਂ ਦਾ ਬਾਲਣ ਵੀ ਪਾ ਸਕਦਾ ਹਾਂ। ਮੈਂ ਉਸ ਦੀ ਰਾਹ ‘ਤੇ ਪੈਰਾਂ ਦੀ ਥਾਂ ਸਿਰ ਭਾਰ ਹੋ ਕੇ ਵੀ ਚੱਲਣ ਲਈ ਤਿਆਰ ਹਾਂ, ਬਸ਼ਰਤੇ ਕਿ ਮੇਰਾ ਮਹਿਬੂਬ ਮੈਨੂੰ ਮਿਲ ਜਾਵੇ :

ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ ॥
ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿ ॥੧੧੯॥।
(ਸਲੋਕ ਫਰੀਦ ਜੀ, ਅੰਗ ੧੩੮੪)

ਬਾਬੇ ਨਾਨਕ ਨੇ ਕਿਹਾ ਕਿ ਫ਼ਰੀਦ ਜੀ! ਤੁਸੀਂ ਇਤਨੀ ਖੇਚਲ ਕਿਉਂ ਕਰਦੇ ਹੋ। ਇਸ ਤਨ ਨੂੰ ਤੰਦੂਰ ਬਣਾਉਣ ਦੀ ਲੋੜ ਨਹੀਂ ਤੇ ਨਾ ਹੀ ਹੱਡੀਆਂ ਦਾ ਬਾਲਣ ਕਰਨਾ ਸੋਭਦਾ ਹੈ। ਸਾਡੇ ਸਿਰ ਪੈਰ ਨੇ ਕੀ ਵਿਗਾੜਿਆ ਹੈ ਕਿ ਅਸੀਂ ਇਨ੍ਹਾਂ ਨੂੰ ਮਿੱਟੀ ਘੱਟੇ ਰੋਲੀਏ। ਤੁਸੀਂ ਧਿਆਨ ਲਾ ਕੇ ਦੇਖੋ, ਮਾਲਕ ਕਿਤੇ ਬਾਹਰ ਦੂਰ ਨਹੀਂ, ਉਹ ਤਾਂ ਤੁਹਾਡੇ ਅੰਦਰ ਹੀ ਹੈ। ਤੁਸੀਂ ਆਪਣੇ ਅੰਦਰ ਝਾਤੀ ਮਾਰੋ ਤੇ ਤੁਹਾਨੂੰ ਉਸ ਦਾ ਦੀਦਾਰ ਹੋ ਜਾਵੇਗਾ :

ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥ ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥੧੨੦॥
(ਸਲੋਕ ਫਰੀਦ ਜੀ, ਅੰਗ ੧੩੮੪)

(ਸ) ਬਾਬੇ ਫ਼ਰੀਦ ਨੇ ਕਿਹਾ ਕਿ ਮੈਂ ਇਕ ਰਾਤ ਵੀ ਉਸ ਤੋਂ ਵਿਛੜਨਾ ਬਰਦਾਸ਼ਤ ਨਹੀਂ ਕਰ ਸਕਦਾ । ਦੁਹਾਗਣੀਆਂ ਪਤਾ ਨਹੀਂ ਕਿਵੇਂ ਸਮਾਂ ਲੰਘਾਉਂਦੀਆਂ ਹਨ। ਨਾ ਉਨ੍ਹਾਂ ਦੀ ਸਹੁਰੇ ਘਰ ਇੱਜ਼ਤ ਹੈ ਤੇ ਨਾ ਹੀ ਪੇਕੇ ਘਰ। ਪਤੀ ਉਨ੍ਹਾਂ ਨਾਲ ਗੱਲ ਕਰਨ ਲਈ ਵੀ ਤਿਆਰ ਨਹੀਂ। ਫਿਰ ਉਹ ਸੁਹਾਗਣਾਂ ਕਿਵੇਂ ਹਨ:

ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ॥
ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥੩੦॥ ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ॥ ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ ॥੩੧॥
(ਸਲੋਕ ਫਰੀਦ ਜੀ, ਅੰਗ ੧੩੭੯)

ਬਾਬਾ ਨਾਨਕ ਇਸ ਗੁੰਝਲ ਨੂੰ ਸੁਲਝਾਉਂਦੇ ਹੋਏ ਫ਼ੁਰਮਾਉਂਦੇ ਹਨ ਕਿ ਜੋ ਸੁਆਣੀ ਸਹੁਰੇ ਪੇਕੇ ਕੰਤ ਦੀ ਹੀ ਬਣ ਕੇ ਰਹਿੰਦੀ ਹੈ, ਉਸ ਕੰਤ ਦੀ, ਜੋ ਬੇਅੰਤ ਅਗਮ ਅਪਾਰ ਸਿਰਜਣਹਾਰ ਹੈ, ਉਹੋ ਸੱਚੀ ਸੁਹਾਗਣ ਹੈ :

ਸਾਹੁਰੈ ਪੇਈਐ ਕੰਤ ਕੀ ਕੰਤੁ ਅਰੀਮੁ ਅਥਾਹੁ ॥ ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ ॥੩੨॥
(ਸਲੋਕ ਫਰੀਦ ਜੀ, ਅੰਗ ੧੩੭੯)

(ਹ) ਬਾਬਾ ਫ਼ਰੀਦ ਇਕ ਥਾਂ ਆਪਣੀ ਰਾਇ ਜ਼ਾਹਿਰ ਕਰਦੇ ਹਨ ਕਿ ਹੰਸਾਂ ਦੀ ਰੀਸ ਕਰ ਕੇ ਕਈ ਬਗਲੇ ਵੀ ਲੰਮੀ ਤਾਰੀ ਲਾਉਣ ਦਾ ਢੋਂਗ ਰਚਦੇ ਹਨ ਅਰਥਾਤ ਸਾਗਣਾਂ ਵੀ ਸੁਹਾਗਣਾਂ ਦੀ ਨਕਲ ਕਰ ਕੇ ਪਿਰ ਨੂੰ ਰੀਝਾਉਣ ਦਾ ਹੀਲਾ ਕਰਦੀਆਂ
ਹਨ, ਪਰੰਤੂ ਉਨ੍ਹਾਂ ਦੀ ਆਸ ਪੂਰੀ ਨਹੀਂ ਹੁੰਦੀ, ਸਗੋਂ ਮੂਧੇ ਮੂੰਹ ਡਿੱਗ ਕੇ ਖ਼ੁਆਰ ਹੀ ਹੁੰਦੀਆਂ ਹਨ। ਇਸ ਕਰਕੇ ਬਾਬਾ ਫ਼ਰੀਦ ਕਹਿੰਦੇ ਹਨ ਕਿ ਮੈਂ ਤਾਂ ਐਸੇ ਨਕਲੀ ਦਰਵੇਸ਼ਾਂ ਜਾਂ ਪਰਮ ਹੰਸਾਂ ਤੋਂ ਆਪਣਾ ਆਪ ਬਚਾਉਣਾ ਹੀ ਚਾਹੁੰਦਾ ਹਾਂ । ਮੈਨੂੰ ਇਨ੍ਹਾਂ ਦੇ ਸੰਗ ਦੀ ਲੋੜ ਨਹੀਂ:

ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ ॥ ਜੇ ਜਾਣਾ ਬਗੁ ਬਪੁੜਾ ਤੇ ਜਨਮਿ ਨ ਦੇਦੀ ਅੰਗੁ ॥
(ਵਡਹੰਸ ਕੀ ਵਾਰ, ਮਹਲਾ ੩, ਪੰਨਾ ੫੮੫)

ਪਰ ਗੁਰੂ ਨਾਨਕ ਸਾਹਿਬ ਨਿਰਾਸ਼ਾ ਨੂੰ ਆਸ ਵਿਚ ਬਦਲਦੇ ਕਹਿੰਦੇ ਹਨ ਕਿ ਕੀ ਹੰਸ ਤੇ ਕੀ ਬਗਲਾ, ਤੁਸੀਂ ਇਹ ਚਿੰਤਾ ਨਾ ਕਰੋ । ਮਾਲਕ ਚਾਹੇ ਤਾਂ ਕਾਲੇ-ਕਲੂਟੇ ਕਾਂ ਨੂੰ ਵੀ ਹੰਸ ਬਣਾ ਸਕਦਾ ਹੈ । ਸੋ ਦੁਹਾਗਣ ਨੂੰ ਸੁਹਾਗਣ ਬਣਾਉਣਾ ਮਿਹਰਵਾਨ ਮਾਲਕ ਦੀ ਮਿਹਰਬਾਨੀ ਹੈ:

ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ ॥ ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ ॥੧੨੪॥
(ਸਲੋਕ ਫਰੀਦ ਜੀ, ਅੰਗ ੧੩੮੪)

ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਫ਼ਰੀਦ ਬਾਣੀ ਦੇ ਐਸੇ ਸਪੱਸ਼ਟੀਕਰਣ ਦਿੱਤੇ ਹਨ ਕਿ ਜਗਿਆਸੂ ਉਦਾਸੀਨਤਾ ਤਿਆਗ ਕੇ ਆਸ਼ਾਵਾਦੀ ਹੋ ਅੱਗੇ ਵਧਣ ਦਾ ਜਤਨ ਕਰਦਾ ਹੈ।

ਪਿਆਰਾ ਸਿੰਘ ਪਦਮ