ਪਿਛਲੇ ਦਿਨੀਂ ਇਕ ਪੰਥਕ ਇਕੱਠ ਵਿਚ ਗੁਰੂ ਕੇ ਲੰਗਰ ਚੋਂ ਪ੍ਰਸ਼ਾਦਾ ਛਕ ਉੱਠਣ ਲੱਗਾ ਕਿ ਇਕ ਦਰਸ਼ਨੀ ਸਿੰਘ ਹੱਥ ਚੋਂ ਜੂਠੇ ਥਾਲ ਲੈ ਗਿਆ,ਮੈਂ ਪ੍ਰਭਾਵਿਤ ਹੋਇਆ ਕਿ ਇਸ ਸਿੰਘ ਦੀ ਨਿਮ੍ਰਤਾ ਤੇ ਸਹਿਜ ਬੜੇ ਕਮਾਲ ਦਾ ਹੈ,ਮੇਰੇ ਨਾਲ ਬੈਠੇ ਇਕ ਪੰਥਕ ਆਗੂ ਕਹਿਣ ਲੱਗੇ ਭਾਈ ਸਾਹਿਬ ਜੀ ਪਤਾ ਇਹ ਕੌਣ ਹਨ…?
ਮੈਂ ਕਿਹਾ ਜੀ ਨਹੀ ਕਹਿੰਦੇ ਇਹ ਮੌਜੂਦਾ ਪੀ.ਸੀ.ਐਸ ਭਾਵ ਜੱਜ ਹਨ,ਗੱਲ ਸੁਣ ਮੈਨੂੰ ਹੈਰਾਨਗੀ ਹੋਈ ,ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਕਿ ਪਾਤਸ਼ਾਹ ਤੇਰੇ ਦਰ-ਘਰ ਵਿਚ ਤਾਂ ਦੁਨੀਆਂ ਦਾ ਰਾਜ-ਭਾਗ ਮਾਨਣ ਵਾਲੇ ਵੀ ਟਹਿਲੂ ਹਨ,ਉਨ੍ਹਾਂ ਨਾਲ ਰਸਮੀ ਗੱਲਬਾਤ ਚੋਂ ਮੈਨੂੰ ਮਹਿਸੂਸ ਹੋਇਆ ਕਿ ਉਹ ਸਤਿਗੁਰੂ ਜੀ ਦੇ ਬਹੁਤ ਨੇੜ੍ਹੇ ਨਾਮ ਸਿਮਰਨ ਵਾਲੀ ਰੂਹ ਸਨ ਜਿੰਨਾ ਦਾ ਕਿਰਦਾਰ ਵੇਖ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ “ਮਾਣ ਹੋਂਦੇ ਹੋਇ ਨਿਮਾਣਾ” ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਵਿਤਾ ਦੇ ਬੋਲ “ਮੇਰੀ ਛੁਪੇ ਰਹਿਣ ਦੀ ਚਾਹ” ਯਾਦ ਆਏ।
ਅੱਜ ਰਾਸ਼ਟਰਪਤੀ ਭਵਨ ਚੋਂ ਤਸਵੀਰਾਂ ਵੇਖ ਬਹੁਤ ਖੁਸ਼ੀ ਹੋਈ ਜਦੋਂ ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਅਕੈਡਮੀ ਮਹਿਤਾ ਦੇ ਵਿਦਿਆਰਥੀ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਰਾਸ਼ਟਰਪਤੀ ਵਲੋਂ “ਅਰਜੁਨ ਅਵਾਰਡ” ਨਾਲ ਨਿਵਾਜਿਆ ਗਿਆ।
ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਨੂੰ ਬਹੁਤ ਬਹੁਤ ਵਧਾਈਆਂ ਜਿੰਨਾ ਦੀ ਯੋਗ ਅਗਵਾਈ ਵਿਚ “ਖਾਲਸਾ ਅਕੈਡਮੀ” ਦੇ ਵਿਦਿਆਰਥੀਆਂ ਬੁਲੰਦੀਆਂ ਨੂੰ ਛੂਹਿਆ ਹੈ।
ਡਾਕਟਰ ਹਰਪਾਲ ਸਿੰਘ ਪੰਨੂ ਲਿਖਦੇ ਹਨ ਕਿ “ਅਨੰਤ ਸਹਿਜ ਦੇ ਪ੍ਰਗਟਾਵੇ ਨੂੰ ਗਿਆਨ ਕਿਹਾ ਜਾਂਦਾ” ਕੇਵਲ ਖੱਪ ਨੂੰ ਗਿਆਨ ਮੰਨਣ ਵਾਲੇ ਪੰਥ ਅੰਦਰ ਘੁਸਪੈਠ ਕਰਕੇ ਬੈਠੇ ਹਰ ਵੇਲੇ ਪੰਥ ਨੂੰ ਘਾਟਾਂ ਗਿਣਾਉਣ ਵਾਲੇ ਨਿੰਦਕਾਂ ਨੂੰ ਵੇਖਦਾ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ “ਫਲ੍ਹ ਨੀਵਿਆਂ ਰੁੱਖਾਂ ਨੂੰ ਲੱਗਦੇ” ਸਮੁੱਚੇ ਪੰਥ ਨੂੰ ਬਹੁਤ ਬਹੁਤ ਮੁਬਾਰਕਾਂ ।
ਸ਼ਮਸ਼ੇਰ ਸਿੰਘ ਜੇਠੂਵਾਲ